ਗੁਰੂ ਗੋਬਿੰਦ ਸਿੰਘ ਜੀ: ਰਚਨਾ,ਕਲਾ ਤੇ ਵਿਚਾਰਧਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਸ਼ਵ ਦੇ ਇਤਿਹਾਸ ਵਿੱਚ ਸਰੀਰਕ ਰੂਪ ਵਿੱਚ ਸਿੱਖਾਂ ਦੇ ਦਸਵੇ ਤੇ ਅੰਤਿਮ ਗੁਰੂ ਗੋਬਿੰਦ ਸਿੰਘ ਇੱਕ ਲਾਸਾਨੀ ਨਾਇਕ ਹੋਏ ਹਨ। ਗੁਰੂ ਗੋਬਿੰਦ ਸਿੰਘ ਦਾ ਜਨਮ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੁਖੋਂ 22 ਦਸੰਬਰ 1666 ਈ. ਵਿੱਚ ਪਟਨਾ (ਬਿਹਾਰ) ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪਤਾ ਲੱਗਦਾ ਹੈ ਉਹ ਅਧਿਆਤਮਕ ਆਗੂ, ਸੈਨਾਪਤੀ ਤੇ ਅਮਰ ਸਾਹਿਤਕਾਰ ਵੀ ਹੋਏ ਹਨ।[1][2]

ਰਚਨਾ[ਸੋਧੋ]

ਗੁਰੂ ਗੋਬਿੰਦ ਸਿੰਘ ਰਚਨਾਤਮਿਕ ਪ੍ਰਤਿਭਾ ਵਾਲੀ ਇੱਕ ਇਲਾਹੀ ਸ਼ਖਸੀਅਤ ਸਨ। ਨਿਸ਼ਚੇ ਹੀ ਉਹ ਉਚ ਕੋਟਿ ਦੀ ਰੂਹਾਨੀ ਪ੍ਰਾਪਤੀ ਅਤੇ ਧਰਮ ਨਿਰਪੱਖਤਾ ਦਾ ਅਨੂਠਾ ਸੁਮੇਲ ਹੈ। ਗੁਰੂ ਜੀ ਦੀ ਬਹੁਤੀ ਰਚਨਾ ਗੈਰ ਪੰਜਾਬੀ ਰੰਗਤ ਵਾਲੀ ਹੈ। ਉਹਨਾ ਨੇ ਪੰਜਾਬੀ ਵਿੱਚ ਸ਼ਿਰਫ ਦੋ ਸ਼ਬਦ ਤੇ ਇੱਕ ‘ਚੰਡੀ ਦੀ ਵਾਰ` ਲਿਖੀ ਹੈ ਬਾਕੀ ਰਚਨਾ ਬ੍ਰਿਜ ਭਾਸ਼ਾ ਵਿੱਚ ਰਹੀ ਤੇ ਉਹਨਾਂ ਨੇ ਸੰਸਕ੍ਰਿਤ, ਅਰਬੀ ਤੇ ਫਾਰਸੀ ਅਨੇਕਾਂ ਭਾਸ਼ਾਵਾਂ ਵਿੱਚ ਰਚਨਾਵਾਂ ਕੀਤੀਆਂ ਹਨ। ਆਪ ਜੀ ਦਾ ਸਾਹਿਤ ‘ਦਸਮ ਗ੍ਰੰਥ` ਵਿੱਚ ਰਚਿਆ ਹੋਇਆ ਹੈ। ਆਪਨੇ ਜਾਪ ਸਾਹਿਬ, ਅਕਾਲ ਉਸਤਤਿ, ਬਚਿਤ੍ਰ ਨਾਟਕ, ਚੰਡੀ ਚਰਿਤ੍ਰ (ਉਕਤਿ ਬਿਲਾਸ), ਚੰਡੀ ਚਰਿਤ੍ਰ ਦੂਜਾ, ਵਾਰ ਸ੍ਰੀ ਭਗੳਤੀ ਜੀ ਕੀ (ਚੰਡੀ ਦੀ ਵਾਰ), ਗਿਆਨ ਪ੍ਰਬੰਧ, ਸਵੈਯ, ਸਬਦ, ਚੌਪਈ ਸਾਹਿਬ, ਆਦਿ ਵਰਣਨ ਯੋਗ ਹਨ। ਆਪ ਦੀ ਰਚਨਾ ਬਾਰੇ ਪ੍ਰੋ: ਪ੍ਰਿਤਪਾਲ ਕਹਿੰਦੇ ਹਨ “ਧਰਮ ਦਾ ਵਿਸਤਾਰ ਤੇ ਜਾਤ-ਪਾਤ ਦਾ ਵਿਨਾਸ ਆਪ ਦੀ ਬਾਣੀ ਦਾ ਮੁੱਖ ਧੁਰਾ ਹੈ।"[3]

ਜਾਪੁ ਸਾਹਿਬ[ਸੋਧੋ]

‘ਜਾਪੁ ਸਾਹਿਬ` ਦਸਮ ਗ੍ਰੰਥ ਦੇ ਕੇਂਦਰੀ ਬਾਣੀ ਹੈ। ਜਿਸ ਤਰ੍ਹਾਂ ਜਪੁ ਜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਬੀਜ ਮੌਜੂਦ ਹੈ ਉਸੇ ਤਰ੍ਹਾਂ ਜਾਪੁ ਸਾਹਿਬ ਸੂਤਰ ਰੂਪ ਵਿੱਚ ਦਸਮ ਗ੍ਰੰਥ ਦਾ ਆਧਾਰ ਹੈ। ਇਸਦੇ ਅੰਤ ਤੇ ਛੰਦਾਂਕ 199 ਦਿੱਤਾ ਹੈ ਭਾਵ ਇਸ ਬਾਣੀ ਦੇ 199 ਬੰਦ ਹਨ। ਇਸ ਵਿੱਚ ਦਸ ਤਰ੍ਹਾਂ ਦੇ ਛੰਦ ਵਰਤੇ ਗਏ ਹਨ ਪਹਿਲੇ ਛੰਦ ਵਿੱਚ ਪ੍ਰਮਾਤਮਾ ਦਾ ਸਰੂਪ ਬਿਆਨ ਕਰਦੇ ਹੋਏ ਲਿਖਦੇ ਹਨ।[4]

ਚੱਕ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨਾ ਸਕਤ ਕਿਹ॥
ਅਚਲ ਮੂਰਤਿ, ਅਨਭਓ ਪ੍ਰਕਾਸ, ਅਮਿਤੋਜ ਕਹਿਜੈ॥
ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ॥

ਸ਼ੈਲੀ ਦੇ ਪੱਖੋਂ ਵੀ ਇਹ ਇੱਕ ਲਾਸਾਨੀ ਰਚਨਾ ਹੈ ਜੇ ਕਿਸੇ ਬੰਦ ਵਿੱਚ ਸੰਸਕ੍ਰਿਤ ਪ੍ਰਧਾਨ ਹੈ ਤਾਂ ਅਗਲੇ ਹੀ ਬੰਦ ਵਿੱਚ ਫਾਰਸੀ ਸ਼ਬਦਾਵਲੀ ਦਾ ਪ੍ਰਯੋਗ ਕਰ ਕੇ ਸੰਤੁਲਨ ਨੂੰ ਬਰਕਰਾਰ ਕਰ ਦਿੱਤਾ ਹੈ।

ਅਕਾਲ ਉਸਤਤਿ[ਸੋਧੋ]

ਇਹ ਕ੍ਰਮ ਵਿੱਚ ਦੂਜੀ ਥਾਂ ਦਰਜ ਹੈ। ਇਸ ਵਿੱਚ ਅਕਾਲ ਪੁਰਖ ਤੇ ਉਸ ਵੱਲੋਂ ਪੈਦਾ ਕੀਤਾ ਗਏ ਸੰਸਾਰਕ ਪਸਾਰੇ ਦੀ ਮਹਿਮਾ ਗਾਈ ਗਈ ਹੈ। ‘ਤ੍ਰੈ ਪ੍ਰਸਾਦਿ ਸੱਵਏ` ਵੀ ਇਸ ਬਾਣੀ ਵਿੱਚ ਆਉਂਦੇ ਹਨ। ਜਿਹਨਾਂ ਵਿੱਚ ਪ੍ਰਾਮਤਮਾ ਦੀ ਸਿਫ਼ਤ ਦੇ ਨਾਲ ਨਾਲ ਵਹਿਮਾ ਭਰਮਾਂ ਤੇ ਪਾਖੰਡ ਦਾ ਵਿਰੋਧ ਕੀਤਾ ਗਿਆ ਹੈ। ਆਰੰਭ ਵਿੱਚ ਚਾਰ ਤੁਕਾਂ ਹੇਠ ਲਿਖੇ ਅਨੁਸਾਰ ਹਨ:-[5]

ਅਕਾਲ ਪੁਰਖ ਕੀ ਰਛਾ ਹਮਨੈ।
ਸਰਬ ਲੋਹ ਕੀ ਰਛਿਆ ਹਮਨੈ।
ਸਰਬ ਕਾਲ ਜੀ ਕੀ ਰਛਿਆ ਹਮਨੈ।
ਸਰਬ ਲੋਹ ਜੀ ਕੀ ਸਦਾ ਰਛਿਆ ਹਮਨੈ।

ਇਸ ਵਿੱਚ ਬਾਰਾਂ ਕਿਸਮ ਦੇ ਛੰਦ ਵਰਤੇ ਗਏ ਹਨ ਅਤੇ 17 ਵਾਰ ਛੰਦ ਪਰਿਵਰਤਨ ਹੋਇਆ ਹੈ। ਇਸਦੇ ਆਦਿ ਤੋਂ ਅੰਤ ਤਕ ਦੋਹਰੀ ਛੰਦ-ਗਿਣਤੀ ਹੈ।

ਬਚਿਤ੍ਰ-ਨਾਟਕ[ਸੋਧੋ]

ਇਸ ਵਿੱਚ ਗੁਰੂ ਸਾਹਿਬ ਦੇ ਪਿਤਰੀ ਤੇ ਪੂਰਵ ਜਨਮਾਂ ਦੀ ਜੀਵਨ ਕਥਾ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ।

ਅਬ ਮੈਂ ਅਪਨੀ ਕਥਾ ਬਖਾਨੋ॥
ਤਪ ਸਾਧਤ ਜਿਹ ਬਿਧ ਮੁਹਿ ਆਨੋ॥

ਇਹ ਰਚਨਾ ਵੱਡ ਅਕਾਰੀ ਹੋਣ ਕਾਰਨ ਚੌਦਾਂ ਅਧਿਆਵਾਂ ਵਿੱਚ ਵੰਡੀ ਹੋਈ ਹੈ। ਇਸ ਵਿੱਚ 471 ਛੰਦ ਹਨ ਤੇ ਬੋਲੀ ਬ੍ਰਿਜ ਹੈ। </poem> ਜੋ ਹਮ ਕੋ ਪਰਮੇਸਰ ਉਚਰਹੈ॥ ਸੋ ਜਨ ਨਰ ਨਰਕ ਕੁੰਡ ਮਹਿ ਪਰਹੈ॥ ਮੈਂ ਹੋ ਪਰਮ ਪੁਰਖ ਕੋ ਦਾਸਾ॥ ਦੇਖਨ ਆਯੋ, ਜਗਤ ਤਮਾਸਾ॥</poem> ਇਸ ਕਵਿਤਾ ਵਿੱਚ ਬੀਰ-ਰਸ ਪ੍ਰਧਾਨ ਅਤੇ ਕਿਧਰੇ ਕਿਧਰੇ ਅਦਭੁਤ ਰਸ ਤੇ ਰੌਧਰ ਰਸ ਵੀ ਪੈਦਾ ਹੁੰਦਾ ਹੈ।

ਸ਼ਬਦ ਤੇ ਸਵੱਯੇ[ਸੋਧੋ]

ਸ਼ਬਦਾਂ ਵਿੱਚ ਗੁਰੂ ਸਾਹਿਬ ਨੇ ਸਮਾਜ ਵਿੱਚ ਮੌਜੂਦ ਵਹਿਮਾਂ ਭਰਮਾ ਦਾ ਖੰਡਨ ਤੇ ਅਕਾਲ ਪੁਰਖ ਦੀ ਉਸਤਤਿ ਗਾਈ ਹੈ। ਬੇਨਤੀ; ਚੌਪਈ ਤੇ ਅੰਤ ਉੱਤੇ ਦਿੱਤੇ ਸਵੱਯੇ ਵਿੱਚ ਘੜੀ ਸਪੱਸ਼ਟਤਾ ਨਾਲ ਆਪਣੇ ਭਾਵਾਂ ਨੂੰ ਪ੍ਰਗਟਾਇਆ ਹੈ ਤੇ ਦੱਸਿਆ ਹੈ ਕਿ ਅਕਾਲ ਪੁਰਖ ਦੀ ਪ੍ਰਾਪਤੀ ਕੇਵਲ ਉਸ ਨਾਲ ਪ੍ਰੇਮ ਕਰਨ ਦੁਆਰਾ ਹੋ ਸਕਦੀ ਹੈ। ਉਹਨਾਂ ਦਾ ਕਥਨ ਹੈ: </poem>ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ।।</poem>

ਚੰਡੀ ਦੀ ਵਾਰ[ਸੋਧੋ]

ਚੰਡੀ ਚਰਿਤ੍ਰ 1 ਅਤੇ ਚੰਡੀ ਚਰਿਤ੍ਰ 2 ਜੋ ਕਿ ਕ੍ਰਮਵਾਰ ਹਿੰਦੀ ਤੇ ਬ੍ਰਜ ਭਾਸ਼ਾ ਵਿੱਚ ਹੈ ਅਤੇ ਚੰਡੀ ਦੀ ਵਾਰ ਵਿੱਚ ਇਸੇ ਕਥਾ ਨੂੰ ਪੰਜਾਬੀ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਰਚਨਾ ਦੇ ਕੁੱਲ 55 ਬੰਦ ਹਨ ਤੇ ਇਹ ਪੰਜਾਬੀ ਵਾਰ ਕਾਵਿ ਵਿੱਚ ਪ੍ਰਮਾਣਿਕ ਨਮੂਨਾ ਪੇਸ਼ ਕਰਦੀ ਹੈ। ਇਸ ਵਿਾਰ ਵਿੱਚ ਚੰਡੀ ਦੇ ਕਾਰਨਾਮਿਆਂ ਦਾ ਅਤਿ ਸ਼ੂਖਮ ਵਰਣਨ ਹੋਇਆ ਹੈ। ਇਹ ਰਚਨਾ ਬੀਰ ਰਸੀ ਤੇ ਇਸਨੂੰ ਪੜ੍ਹ ਕੇ ਸਿਰਲੱਖ ਸਿੰਘ ਅੱਜ ਵੀ ਬੀਰ ਰਸੀ ਭਾਵਾਂ ਨੂੰ ਪ੍ਰਚੰਡ ਕਰਦੇ ਹਨ। ਇਸ ਦੀ ਪਹਿਲੀ ਪਾਉੜੀ ਮੰਗਲ ਸੂਚਕ ਹੈ ਜਿਸ ਵਿੱਚ ਪਹਿਲੇ ਨੌ ਗੁਰੂ ਸਾਹਿਬਾਨ ਨੂੰ ਸਿਮਰਿਆ ਤੇ ਬ੍ਰਹਮਾ, ਵਿਸ਼ਣੂ ਤੇ ਸਿਵ ਨੂੰ ਸਿਰਜ ਕੇ ਫਿਰ ਕੁਦਰਤ ਦੀ ਲੀਲਾ ਰਚੀ ਗਈ। ਕਹਿੰਦੇ ਹਨ ਇਹ ਸਿਰਖੰਡੀ ਛੰਦ ਵਿੱਚ ਰਚਿਆ ਗਿਆ ਹੈ। </poem> ਪ੍ਰਿਥਮੈ ਖੰਡਾ ਸਾਜਿ ਕੈ, ਜਿਨ ਸਭ ਸੈਸਾਰੁ ਉਪਾਇਆ॥ ਬ੍ਰਹਮਾ ਬਿਸਨ ਮਹੇਸ ਸਾਜਿ ਕੁਦਰਤਿ ਦਾ ਖੇਲ ਰਚਾਇ ਬਣਾਇਆ॥ </poem>

ਗਿਆਨ ਪ੍ਰਬੰਧ[ਸੋਧੋ]

ਗਿਆਨ ਪ੍ਰਬੰਧ ਦਸਮ ਗ੍ਰੰਥ ਦੀਆ ਗਿਆਨ ਵਰਧਕ ਬਾਣੀਆਂ ਵਿੱਚੋ ਇੱਕ ਪ੍ਰਤੀਨਿਧ ਬਾਣੀ ਹੈ। ਇਹ ਭਾਰਤੀ ਧਰਮਾਂ ਦੇ ਵਿਚਾਰਧਾਰਕ ਪਰਿਪੇਖ ਨੂੰ ਪੇਸ਼ ਕਰਦੀ ਹੈ। ਇਸ ਰਚਨਾ ਦਾ ਦੂਜਾ ਭਾਗ ‘ਪ੍ਰਬੰਧ ਕਾਵਿ` ਹੈ ਜਿਸ ਵਿੱਚ ਧਰਮ ਅਰਥ, ਕਾਮ ਤੇ ਮੋਕਸ਼ ਆਦਿਕ ਪੱਖਾਂ ਬਾਰੇ ਕਾਵਿ ਸਿਰਜਨਾ ਕੀਤੀ ਗਈ ਹੈ। ਗੁਰੂ ਸਾਹਿਬ ਨੇ ਆਪਣੀ ਕਵਿਤਾ ਬਹੁਤ ਸਾਰੇ ਛੰਦਾਂ ਵਿੱਚ ਰਚੀ ਹੈ ਪ੍ਰੰਤੂ ਇਹਨਾਂ ਦੀ ਕਵਿਤਾ ਵਿੱਚ ਰਾਗ, ਲੈਅ ਤੇ ਅੰਤਰੀਵ ਅਨੁਪ੍ਰਾਸ ਦਾ ਖਿਆਲ ਬੜੀ ਚਤੁਰਤਾ ਤੇ ਕਾਵਿ ਕੌਸ਼ਲਤਾ ਨਾਲ ਰੱਖਿਆ ਗਿਆ ਹੈ। ਨਾਦ ਚਿੱਤ੍ਰ ਅਤੇ ਦ੍ਰਿਸ਼ ਚਿੱਤਰ ਇਹਨਾਂ ਦੀ ਕਵਿਤਾ ਵਿੱਚ ਵੱਡੀ ਮਾਤਰਾ ਵਿੱਚ ਮਿਲਦੇ ਹਨ ਹਰ ਗੱਲ ਦੀ ਡੂੰਘਾਈ, ਨੀਝ, ਵਿਸਥਾਰ ਅਤੇ ਵਿਸ਼ਾਲਤਾ ਨਾਲ ਵਿਆਖਿਆ ਕੀਤੀ ਗਈ ਹੈ। ਬਣਤਰ ਤੇ ਤਕਨੀਕ ਪੱਖੋਂ ਪੰਜਾਬੀ ਦੀਆਂ ਸਭ ਤੋਂ ਉੱਚੀਆਂ ਵਾਰਾਂ ਵਿੱਚੋਂ ਚੰਡੀ ਦੀ ਵਾਰ ਇੱਕ ਮਹਾਨ ਰਚਨਾ ਮਿਲਦੀ ਹੈ। ਬੀਰ ਰਸੀ ਸ਼ਬਦਾਵਲੀ, ਢੁਕਵੇਂ ਅਲੰਕਾਰ, ਕਾਵਿ ਮਈ ਉੱਚਤਾ ਤੇ ਗੁਣਾਂ ਕਰਕੇ ਆਪ ਦੀਆਂ ਰਚਨਾਵਾਂ ਪ੍ਰਭਾਵਸ਼ਾਲੀ ਹਨ। ਇਹਨਾਂ ਦੀ ਰਚਨਾ ਵੱਖਰੀ ਧਾਰਾ ਵਿੱਚ ਆਉਂਦੀ ਹੈ ਕਿਉਂ ਜੋ ਅਧਿਆਤਮਕ ਅਨੁਭਵ, ਰਹੱਸ ਨੂੰ ਛੱਡ ਕੇ, ਬਾਹਰਮੁਖੀ ਬਿਰਤੀਆਂ ਤੇ ਰੁਮਾਂਟਿਕ ਘੇਰੇ ਵਿੱਚ ਆਉਂਦੀ ਹੈ।

ਵਿਚਾਰਧਾਰਾ[ਸੋਧੋ]

ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰਮਤਿ ਵਿਚਾਰਧਾਰਾ ਦਾ ਨਿਰੰਤਰ ਅਤੇ ਸਹਿਜ ਵਿਕਾਸ ਹੋਇਆ ਹੈ। ਸੁਲਤਾਨਪੁਰ ਲੋਧੀ ਵਿਖੇ ਵੇਈਂ ਨਦੀ ਵਿੱਚ ਇਸ਼ਨਾਨ ਦੀ ਸਾਖੀ ਤੋਂ ਉਪਰੰਤ ਗੁਰੂ ਜੀ ਨੇ ‘ਨਾ ਕੋ ਹਿੰਦੂ ਨਾ ਮੁਸਲਮਾਨ` ਦਾ ਜੋ ਸੰਕਲਪ ਪੇਸ਼ ਕੀਤਾ, ਉਸ ਦਾ ਪ੍ਰਯੋਜਨ ਪੰਜਾਬ ਵਿੱਚ ਇੱਕ ਸੰਤੁਤਰ ਕੌਮ ਦੀ ਸਿਰਜਨਾ ਕਰਨਾ ਹੀ ਸੀ। ਇਸ ਤਰ੍ਹਾਂ ਪਹਿਲੇ ਗੁਰੂ ਤੋਂ ਲੈ ਕੇ ਨੌਵੇ ਗੁਰੂ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਅਨੁਭਵ ਕੀਤਾ ਕਿ ਤਿਆਰੀ ਮੁਕੰਮਲ ਹੋ ਗਈ ਹੈ ਤਾਂ ਉਹਨਾਂ ਨੇ 1699 ਈ. ਵਿੱਚ ਵਿਸਾਖੀ ਵਾਲੇ ਦਿਨ ‘ਖਾਲਸਾ ਪੰਥ` ਦੀ ਸਾਜਨਾ ਕੀਤੀ। ਜਿਹੜੀਆਂ ਪਰੰਪਰਾਵਾਂ, ਦਸਤੂਰ ਤੇ ਸੰਸਥਾਵਾਂ ਦੀ ਗੁਰੂ ਜੀ ਨੇ ਨੀਂਹ ਰੱਖੀ, ਉਸ ਨਾਲ ਜਾਤ ਪਾਤ ਤੇ ਆਧਾਰਿਤ ਭਾਰਤੀ ਸਮਾਜਕ ਢਾਂਚੇ ਨੂੰ ਕਰਾਰੀ ਚੋਟ ਲੱਗੀ ਅਤੇ ਉਹਨਾਂ ਨੇ ਸਮੁੱਚੇ ਮਨੁੱਖੀ ਭਾਈਚਾਰੇ ਦੀ ਬਰਾਬਰੀ ਤੇ ਜ਼ੋਰ ਦਿੱਤਾ। ਉਹਨਾਂ ਅਜਿਹੀ ਕੌਮ ਦੀ ਸਿਰਜਣਾ ਕੀਤੀ ਜੋ ਸੁਤੰਤਰ, ਸਵੈਮਾਨ ਸਮਾਨਤਾ ਵਰਗੇ ਮੂਲਭੂਤ ਮਾਨਵੀ ਅਧਿਕਾਰਾਂ ਦੀ ਪ੍ਰਾਪਤੀ ਲਈ ਡੱਟ ਕੇ ਖਲੋ ਜਾਵੇ ਤੇ ਕਦੇ ਵੀ ਕਿਸੇ ਜਬਰ ਦੀ ਅਧੀਨਗੀ ਨੂੰ ਪ੍ਰਵਾਨ ਨਾ ਕਰੇ। ਦਸਮ ਗੁਰੂ ਅਨੁਸਾਰ ਸਾਰਾ ਸੰਸਾਰ ਇੱਕ ਖੇਲ ਤਮਾਸ਼ਾ ਹੈ। ਉਹਨਾਂ ਨੇ ਦੱਸਿਆ ਕਿ ਕੋਈ ਬੈਰਾਗੀ ਹੈ ਤੇ ਕੋਈ ਸੰਨਿਆਸੀ, ਕੋਈ ਹਿੰਦੂ ਹੈ ਤੇ ਕੋਈ ਤੁਰਕ, ਪਰ ਮੂਲ ਰੂਪ ਵਿੱਚ ਇਹ ਸਾਰੇ ਮਨੁੱਖ ਹਨ ਅਤੇ ਇਨ੍ਹਾਂ ਸਭ ਦਾ ਕਰਤਾ ਇੱਕ ਪਰਮਾਤਮਾ ਹੀ ਹੈ। ਇਸ ਵਿਚਾਰ ਨੂੰ ਅੱਗੇ ਤੋਰਦਿਆਂ ਗੁਰੂ ਜੀ ਨੇ ਵਖਵਾਦ ਨੂੰ ਤੁੱਛ ਮੰਨ ਕੇ ਸਥਾਪਿਤ ਕੀਤਾ ਹੈ ਕਿ ਮੰਦਿਰ ਅਤੇ ਮਸਜਿਦ, ਪੂਜਾ ਅਤੇ ਨਮਾਜ਼, ਸਭ ਇੱਕ ਸਮਾਨ ਹਨ। ਸ਼ਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਲਈ ਸਰਵਸ਼੍ਰੇਸ਼ਠ ਸਾਧਨ ਪ੍ਰੇਮ ਹੈ। ਇਹ ਭਾਵਨਾ ‘ਆਦਿ ਗ੍ਰੰਥ` ਦੀ ਪ੍ਰੇਮ ਭਗਤੀ ਦਾ ਹੀ ਵਿਸਥਾਰ ਹੈ।

ਹਵਾਲੇ[ਸੋਧੋ]

  1. ਪੰਜਾਬੀ ਸਾਹਿਤ ਦਾ ਸਰੋਤ- ਮੂਲ ਇਤਿਹਾਸ, ਭਾਗ ਦੂਜਾ (ਪੂਰਵ ਮੱਧਕਾਲ), ਡਾ. ਰਤਨ ਸਿੰਘ ਜੱਗੀ
  2. ਪੰਜਾਬੀ ਸਾਹਿਤ ਦਾ ਇਤਿਹਾਸ (ਆਦਿ ਕਾਲ ਤੋਂ 1700 ਈ. ਤੱਕ), ਡਾ. ਪਰਮਿੰਦਰ ਸਿੰਘ
  3. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ (ਆਦਿ ਕਾਲ ਤੋਂ ਸਮਕਾਲ ਤੱਕ), ਡਾ ਰਜਿੰਦਰ ਸਿੰਘ ਸੇਖੋਂ
  4. ਗੁਰੂ ਗੋਬਿੰਦ ਸਿੰਘ ਜੀ ਸਾਧਨਾ ਤੇ ਸਾਹਿਤ, ਭਾਈ ਕਿਰਪਾਲ ਸਿੰਘ
  5. ਗੁਰੂ ਗੋਬਿੰਦ ਸਿੰਘ ਜੀਵਨ ਤੇ ਸੰਦੇਸ਼, ਬ੍ਰਹਮਜਗਦੀਸ਼ ਸਿੰਘ