ਗੋਪੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੋ ਲੰਮੀਆਂ ਰੱਸੀਆਂ ਦੇ ਇਕ ਸਿਰਿਆਂ ਵਿਚ ਚੰਮ ਦੀ ਵੱਧਰੀ ਬੰਨ੍ਹ ਕੇ, ਵੱਧਰੀ ਦੇ ਵਿਚਾਲੇ ਛੋਟਾ ਰੋੜਾ ਰੱਖ ਕੇ, ਦੋਵਾਂ ਰੱਸੀਆਂ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਘੁੰਮਾ ਕੇ, ਫਸਲਾਂ ਨੂੰ ਨੁਕਸਾਨ ਕਰ ਰਹੇ ਪੰਛੀਆਂ ਨੂੰ ਉਡਾਉਣ ਲਈ ਬਣੇ ਸੰਦ ਨੂੰ ਗੋਪੀਆ ਕਹਿੰਦੇ ਹਨ। ਗੋਪੀਏ ਦੀ ਵਰਤੋ ਬਾਜਰਾ, ਜੁਆਰ, ਕਣਕ, ਮੱਕੀ ਆਦਿ ਦੀਆਂ ਫਸਲਾਂ ਵਿਚੋਂ ਚਿੜੀਆਂ, ਤੋਤੇ, ਕਾਂ, ਕਬੂਤਰ, ਗੁਟਾਰਾਂ ਆਦਿ ਪੰਛੀਆਂ ਨੂੰ ਉਡਾਉਣ ਲਈ ਤੇ ਫਸਲ ਨੂੰ ਉਜਾੜੇ ਤੋਂ ਬਚਾਉਣ ਲਈ ਕੀਤੀ ਜਾਂਦੀ ਸੀ।[1]

ਗੋਪੀਆ ਬਣਾਉਣ ਲਈ ਦੋ ਰੱਸੀਆਂ ਇਕ 3 ਕੁ ਫੁੱਟ ਦੀ ਤੇ ਦੂਜੀ 24 ਕੁ ਫੁੱਟ ਦੀ ਲਈ ਜਾਂਦੀ ਸੀ। 8 ਕੁ ਇੰਚ ਲੰਮੀ ਤੇ 4 ਕੁ ਇੰਚ ਚੌੜੀ ਇਕ ਚੰਮ ਦੀ ਟੁਕੜੀ ਲਈ ਜਾਂਦੀ ਸੀ। ਇਸ ਟਕੜੀ ਦੇ ਵਿਚਾਲੇ ਅੱਧੀ ਇੰਚ ਕੁ ਦੀ ਗਲੀ ਕੱਢੀ ਜਾਂਦੀ ਸੀ। ਟੁਕੜੀ ਦੇ ਦੋਵੇਂ ਪਾਸਿਆਂ ਦੇ ਕਿਨਾਰਿਆਂ ਦੇ ਨੇੜੇ ਇਕ ਇਕ ਮੋਰੀ ਕੱਢੀ ਜਾਂਦੀ ਸੀ। ਇਨ੍ਹਾਂ ਮੋਰੀਆਂ ਵਿਚ ਰੱਸੀਆਂ ਦੇ ਇਕ ਇਕ ਸਿਰੇ ਨੂੰ ਬੰਨ੍ਹਿਆ ਜਾਂਦਾ ਸੀ। ਵੱਡੀ ਰੱਸੀ ਦੇ ਦੂਸਰੇ ਸਿਰੇ ਨੂੰ ਗੰਢ ਮਾਰ ਦਿੱਤੀ ਜਾਂਦੀ ਸੀ। ਛੋਟੀ ਰੱਸੀ ਦਾ ਸਿਰਾ ਬਿਨਾਂ ਗੰਢ ਤੋਂ ਰੱਖਿਆ ਜਾਂਦਾ ਸੀ। ਚੰਮ ਦੀ ਟੁਕੜੀ ਦੇ ਵਿਚਾਲੇ ਰੱਖੀ ਮੋਰੀ ਉਪਰ ਛੋਟਾ ਰੋੜਾ ਰੱਖਿਆਜਾਂਦਾ ਸੀ। ਫੇਰ ਰੱਸੀ ਦੇ ਦੋਵੇਂ ਸਿਰਿਆਂ ਨੂੰ ਸੱਜੇ ਹੱਥ ਵਿਚ ਫੜ ਕੇ ਗੋਪੀਏ ਨੂੰ ਚੰਗੀ ਤਰ੍ਹਾਂ ਘੁੰਮਾ ਕੇ ਫਸਲ ਵਿਚ ਬੈਠੇ ਪੰਛੀਆਂ ਵੱਲ ਸੇਧ ਕਰ ਕੇ ਰੋੜਾ ਛੱਡ ਦਿੱਤਾ ਜਾਂਦਾ ਸੀ, ਜਿਸ ਨਾਲ ਪੰਛੀ ਉੱਡ ਜਾਂਦੇ ਸਨ। ਵੱਡੀ ਰੱਸੀ ਵਿਚ ਗੰਢ ਲੱਗੀ ਹੋਣ ਕਰਕੇ ਗੋਪੀਆ, ਗੋਪੀਆ ਚਲਾਉਣ ਵਾਲੇ ਦੇ ਹੱਥ ਵਿਚ ਰਹਿ ਜਾਂਦਾ ਸੀ।

ਕਈ ਗੋਪੀਈਆਂ ਵਿਚ ਚੰਮ ਦੀ ਟੁਕੜੀ ਦੀ ਥਾਂ ਉਨ੍ਹੀ ਹੀ ਲੰਮੀ ਚੌੜੀ ਬਰੀਕ ਛੇਕਦਾਰ ਸੁਣ ਦੀ ਬਣੀ ਜਾਲੀ ਲਾਈ ਜਾਂਦੀ ਸੀ। ਇਸ ਤਰ੍ਹਾਂ ਗੋਪੀਆ ਬਣਦਾ ਸੀ ਤੇ ਗੋਪੀਏ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਕੋਈ ਵੀ ਜਿਮੀਂਦਾਰ ਗੋਪੀਆ ਨਹੀਂ ਬਣਾਉਂਦਾ। ਹੁਣ ਫ਼ਸਲਾਂ ਨੂੰ ਨੁਕਸਾਨ ਕਰ ਰਹੇ ਪੰਛੀਆਂ ਨੂੰ ਫਸਲਾਂ ਵਿਚੋਂ ਉਡਾਉਣ ਲਈ ਕਈ ਹੋਰ ਢੰਗ ਵਰਤੇ ਜਾਂਦੇ ਹਨ।[2]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.