ਛਜਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਲਵਾੜ ਦੇ ਕਾਨਿਆਂ ਦੀਆਂ ਤੀਲਾਂ ਦੇ ਬਣੇ ਖੇਤੀ ਸੰਦ ਨੂੰ, ਜਿਹੜੀ ਕਣਕ, ਜੌਂ, ਛੋਲੇ ਆਦਿ ਦੀਆਂ ਫਸਲਾਂ ਦੇ ਸੈਂਡ ਦੀ ਉਡਾਈ ਕਰਕੇ ਬੋਹਲ ਬਣਾਉਣ ਵਿਚ ਕੰਮ ਆਉਂਦੀ ਹੈ, ਛਜਲੀ ਕਹਿੰਦੇ ਹਨ। ਫਸਲ ਦੀਆਂ ਲੱਗੀਆਂ ਧੜਾਂ ਦੀ ਤੰਗਲੀ ਨਾਲ ਉਡਾਈ ਕਰਨ ਤੋਂ ਪਿਛੋਂ ਦਾਣਿਆਂ ਵਿਚ ਜਿਹੜੀਆਂ ਮੋਟੀਆਂ ਘੁੰਡੀਆਂ ਰਹਿ ਜਾਂਦੀਆਂ ਸਨ, ਉਨ੍ਹ ਘੁੰਡੀਆਂ ਸਮੇਤ ਰਹੇ ਦਾਣਿਆਂ ਨੂੰ ਸੈਂਡ ਕਿਹਾ ਜਾਂਦਾ ਹੈ। ਛਜਲੀ ਦੀ ਵਰਤੋਂ ਇਸ ਸੈਂਡ ਵਿਚੋਂ ਘੁੰਡੀਆਂ ਨੂੰ ਬਾਹਰ ਕੱਢਣ ਲਈ ਕੀਤੀ ਜਾਂਦੀ ਸੀ।[1]

ਸੈਂਡ ਨੂੰ ਪਹਿਲਾਂ ਛਜਲੀ ਵਿਚ ਭਰਿਆ ਜਾਂਦਾ ਸੀ। ਫੇਰ ਭਰੀ ਹੋਈ ਛਜਲੀ ਨੂੰ ਕਿਸਾਨ ਆਪਣੇ ਸਿਰ ਉਪਰ ਰੱਖਦਾ ਸੀ। ਫੇਰ ਦੋਹਾਂ ਹੱਥਾਂ ਨਾਲ ਛਜਲੀ ਨੂੰ ਸਿਰ ਤੋਂ ਉਪਰ ਚੁੱਕ ਕੇ, ਇਕ ਹੱਥ ਨੂੰ ਛਜਲੀ ਦੇ ਵਿਚਾਲੇ ਰੱਖ ਕੇ ਤੇ ਦੂਸਰੇ ਹੱਥ ਨੂੰ ਛਜਲੀ ਦੇ ਇਕ ਸਿਰੇ ਨਾਲ ਲਾ ਕੇ ਹਲਾਉਂਦਾ ਰਹਿੰਦਾ ਸੀ। ਚਲਦੀ ਹਵਾ ਨਾਲ ਤੇ ਛਜਲੀ ਨੂੰ ਹਿਲਾਉਣ ਨਾਲ ਦਾਣਿਆਂ ਵਿਚੋਂ ਘੁੰਡੀਆਂ ਬਾਹਰ ਨਿਕਲ ਜਾਂਦੀਆਂ ਸਨ। ਇਕ ਬੰਦਾ ਹੇਠਾਂ ਬੈਠਾ ਘੁੰਡੀਆਂ ਨੂੰ ਬਹੁਕਰ/ਛੂਹਣ ਨਾਲ ਬੋਹਲ ਤੋਂ ਇਕ ਪਾਸੇ ਵੀ ਕਰਦਾ ਰਹਿੰਦਾ ਸੀ। ਇਸ ਤਰ੍ਹਾਂ ਸਾਫ ਦਾਣਿਆਂ ਦਾ ਬੋਹਲ ਬਣ ਜਾਂਦਾ ਸੀ।

ਜੱਟ ਮੱਕੀ ਦੀਆਂ ਛੱਲੀਆਂ ਨੂੰ ਸੋਟਿਆਂ ਨਾਲ ਕੁੱਟਕੇ ਦਾਣੇ ਕੱਢੇ ਜਾਂਦੇ ਸਨ, ਉਸ ਸਮੇਂ ਕੁੱਟੀ ਹੋਈ ਮੱਕੀ ਵਿਚੋਂ ਫੂਸ ਤੇ ਗੁੱਲ੍ਹਾਂ ਦੇ ਰਹੇ ਨਿੱਕ-ਸੁੱਕ ਨੂੰ ਛਜਲੀ ਨਾਲ ਉਡਾਈ ਕਰਕੇ ਹੀ ਬਾਹਰ ਕੱਢਿਆ ਜਾਂਦਾ ਸੀ।

ਛਜਲੀ ਵੀ ਛੱਜ ਦੀ ਤਰ੍ਹਾਂ ਹੀ ਬਣਦੀ ਸੀ। ਫਰਕ ਸਿਰਫ ਇਹ ਸੀ ਕਿ ਛਜਲੀ ਦੀ ਲੰਬਾਈ 3 ਕੁ ਫੁੱਟ ਦੀ ਹੁੰਦੀ ਸੀ ਤੇ ਚੌੜਾਈ 2 ਕੁ ਫੁੱਟ ਦੀ ਹੁੰਦੀ ਸੀ। ਛਜਲੀ ਦੇ ਹੇਠਾਂ ਤੇ ਉੱਪਰ ਛੱਜ ਨਾਲੋਂ ਜ਼ਿਆਦਾ ਥਾਵਾਂ 'ਤੇ ਸਲਵਾੜ ਦੇ ਕਾਨੇ/ਬਾਂਸ ਦੀਆਂ ਛੁੱਟੀਆਂ ਲਾਈਆਂ ਹੁੰਦੀਆਂ ਸਨ ਤਾਂ ਜੋ ਸੈਂਡ, ਦਾਣਿਆਂ ਦੇ ਭਾਰ ਨਾਲ ਛਜਲੀ ਟੁੱਟਣ ਤੋਂ ਬਚੀ ਰਹੇ। ਛਜਲੀ ਦੇ ਪਿਛਲੇ ਭੰਨ ’ਤੇ, ਕਿਨਾਰਿਆਂ ਅਤੇ ਕਈ ਹੋਰ ਥਾਵਾਂ ’ਤੇ ਚੰਮ ਦੇ ਜਾਂ ਸਾਈਕਲ ਦੇ ਟਾਇਰਾਂ ਦੇ ਟੁਕੜੇ ਲਾ ਕੇ ਛਜਲੀ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਸੀ। ਛਜਲੀ ਹੁਣ ਘੱਟ ਵਰਤੀ ਜਾਂਦੀ ਹੈ ਕਿਉਂ ਜੋ ਦਾਣੇ ਹੁਣ ਮਸ਼ੀਨਾਂ ਨਾਲ ਕੱਢੇ ਜਾਂਦੇ ਹਨ। (ਹੋਰ ਵੇਰਵੇ ਲਈ ਵੇਖੋ ਛੱਜ)।[2]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.