ਜਠੇਰਿਆਂ ਦੇ ਮੱਥਾ ਟੇਕਣਾ
ਕਿਸੇ ਪਰਿਵਾਰ ਦੇ ਵੱਡੇ ਵਡੇਰੇ ਨੂੰ, ਜੋ ਮਰ ਗਿਆ ਹੋਵੇ, ਪਰ ਉਸ ਦੀ ਘਰ ਵਿਚ ਮਾਣਤਾ ਹੋਵੇ, ਜਠੇਰਾ ਕਹਿੰਦੇ ਹਨ। ਆਮ ਤੌਰ ਤੇ ਜਠੇਰੇ ਦੀ ਮਟੀ ਪਿੰਡ ਦੀ ਫਿਰਨੀ ਉੱਪਰ ਜਾਂ ਉਸ ਪਰਿਵਾਰ ਦੇ ਖੇਤ ਵਿਚ ਬਣਾਈ ਹੁੰਦੀ ਹੈ। ਵਿਆਹ ਤੋਂ ਇਕ ਦਿਨ ਪਿੱਛੋਂ ਜਾਂ ਦੋ ਦਿਨ ਪਿੱਛੋਂ ਲਾੜਾ ਲਾੜੀ ਨੂੰ ਜਠੇਰਿਆਂ ਤੇ ਮੱਥਾ ਟੇਕਣ ਲੈ ਕੇ ਜਾਂਦੇ ਹਨ। ਕਈ ਇਲਾਕਿਆਂ ਵਿਚ ਜਠੇਰਿਆਂ ਦੇ ਮੱਥਾ ਟੇਕਣ ਨੂੰ “ਵਡੇਰਿਆਂ ਦੀ ਪੂਜਾ” ਵੀ ਕਹਿੰਦੇ ਹਨ। ਪਰਿਵਾਰ ਦੀਆਂ ਇਸਤਰੀਆਂ, ਮੇਲਣਾਂ ਤੇ ਸ਼ਰੀਕੇ ਵਾਲੀਆਂ ਜਨਾਨੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਲਾੜੇ ਲਾੜੀ ਨੂੰ ਨਾਲ ਲੈ ਕੇ ਜਠੇਰੇ ਦੀ ਬਣੀ ਸਮਾਧ/ਮਟੀ ਤੇ ਜਾਂਦੀਆਂ ਹਨ। ਮਟੀ ਨੂੰ ਕੱਚੀ ਲੱਸੀ ਨਾਲ ਧੋਤਾ ਜਾਂਦਾ ਹੈ। ਧੂਫ ਦਿੱਤੀ ਜਾਂਦੀ ਹੈ। ਲੱਡੂਆਂ ਦਾ ਪ੍ਰਸ਼ਾਦ ਰੱਖਿਆ ਜਾਂਦਾ ਹੈ। ਫੇਰ ਲਾੜਾ ਲਾੜੀ ਮੱਥਾ ਟੇਕਦੇ ਹਨ। ਉਸ ਤੋਂ ਪਿੱਛੋਂ ਸਾਰੀਆਂ ਇਸਤਰੀਆਂ ਮੱਥਾ ਟੋਕਦੀਆਂ ਹਨ। ਪਰਿਵਾਰ ਦੇ ਵਾਧੇ ਦੀ ਸੁੱਖ ਸੁੱਖਦੇ ਹਨ। ਸਾਰੇ ਇਕੱਠ ਨੂੰ ਸੁੱਕੀ ਪੰਜੀਰੀ ਦਾ ਭੋਗ ਵੰਡਿਆ ਜਾਂਦਾ ਹੈ। ਹੁਣ ਲੋਕ ਪੜ੍ਹ ਗਏ ਹਨ। ਵਹਿਮ-ਭਰਮ ਛੱਡ ਰਹੇ ਹਨ। ਇਸ ਲਈ ਪਹਿਲੇ ਸਮਿਆਂ ਵਿਚ ਜਿੱਥੇ ਹਰ ਜੋੜੀ ਜਠੇਰਿਆਂ ਦੇ ਮੱਥਾ ਟੇਕਦੀ ਸੀ, ਉੱਥੇ ਹੁਣ ਕੋਈ- ਕੋਈ ਜੋੜੀ ਹੀ ਇਹ ਰਸਮ ਕਰਦੀ ਹੈ। ਜਠੇਰੇ ਬਣਾਉਣ ਦਾ ਰਿਵਾਜ ਵੀ ਹੁਣ ਬੰਦ ਹੋ ਗਿਆ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.