ਢਾਂਗਾ
ਆਮ ਤੌਰ 'ਤੇ 14 ਕੁ ਫੁੱਟ ਅਤੇ ਉਸ ਤੋਂ ਲੰਮੇ ਬਾਂਸ ਨੂੰ ਢਾਂਗਾ ਕਹਿੰਦੇ ਹਨ। ਢਾਂਗੇ ਜ਼ਿਆਦਾ ਮੁਟਾਈ ਵਾਲੇ ਵੀ ਹੁੰਦੇ ਹਨ, ਘੱਟ ਮੁਟਾਈ ਵਾਲੇ ਵੀ ਹੁੰਦੇ ਹਨ। ਬਾਂਸ ਇਕ ਪਤਲੇ ਲੰਮੇ ਘਾਹ ਦੀ ਜਾਤ ਦੇ ਬੂਟੇ ਨੂੰ ਕਹਿੰਦੇ ਹਨ ਜਿਸ ਦਾ ਤਣਾ ਗੰਢਦਾਰ ਤੇ ਲੰਮਾ ਹੁੰਦਾ ਹੈ ਅਤੇ ਵਿਚੋਂ ਪੋਲਾ ਹੁੰਦਾ ਹੈ।ਢਾਂਗੇ ਦੀ ਕਈ ਤਰ੍ਹਾਂ ਨਾਲ ਵਰਤੋਂ ਕੀਤੀ ਜਾਂਦੀ ਸੀ/ਹੈ। ਜਦ ਊਠ ਨੂੰ ਹਲਟ ਤੇ ਖਰਾਸ ਜੋੜਿਆ ਜਾਂਦਾ ਸੀ . ਤਾਂ ਉਸ ਦੇ ਗਲ ਹੇਠ ਢਾਂਗੇ ਦੇ ਇਕ ਸਿਰੇ ਨੂੰ ਬੰਨ੍ਹ ਕੇ ਦੂਜੇ ਸਿਰੇ ਨੂੰ ਗਰਧਨ/ਗਾਧੀ ਦੇ ਮੁੱਢ ਵਿਚ ਬੰਨ੍ਹਿਆ ਜਾਂਦਾ ਸੀ। ਢਾਂਗੇ ਨੂੰ ਇਸ ਤਰ੍ਹਾਂ ਬੰਨ੍ਹਣ ਨਾਲ ਊਠ ਖੂਹ/ ਖਰਾਸ ਦੀ ਪੈੜ ਦੇ ਵਿਚ ਵਿਚ ਹੀ ਚਲਦਾ ਰਹਿੰਦਾ ਸੀ। ਐਧਰ-ਓਧਰ ਨਹੀਂ ਜਾ ਸਕਦਾ ਸੀ। ਕਈ ਵੇਰ ਲਾਂਗਾ ਢੋਣ ਲਈ ਢਾਂਗਿਆਂ ਨਾਲ ਗੱਡੇ ਦਾ ਆਰਜੀ ਵਿੱਢ ਵੀ ਬਣਾ ਲਿਆ ਜਾਂਦਾ ਸੀ। ਢਾਂਗੇ ਦੇ (ਢਾਂਗੀ) ਇਕ ਸਿਰੇ ਨਾਲ ਲੋਹੇ ਦੀ ਦਾਤ ਜੜ੍ਹਕੇ ਰੁੱਖਾਂ ਦੀਆਂ ਟਾਹਣੀਆਂ ਨੂੰ ਕੱਟਿਆ ਜਾਂਦਾ ਸੀ। ਆਜੜੀ ਢਾਂਗੇ (ਢਾਂਗੀ) ਨਾਲ ਬੇਰੀਆਂ ਦੇ ਪੱਤੇ, ਕਿੱਕਰਾਂ ਦੀ ਲੰਗ, ਤੱਕ ਅਤੇ ਹੋਰ ਰੁੱਖਾਂ ਦੇ ਪੱਤੇ ਝਾੜ ਕੇ ਬੱਕਰੀਆਂ, ਭੇਡਾਂ ਨੂੰ ਖਵਾਉਂਦੇ ਸਨ। ਕਈ ਵੇਰ ਮੁੰਡੇ ਢਾਂਗੇ (ਢਾਂਗੀ) ਨਾਲ ਬੇਰੀਆਂ ਦੇ ਬੇਰ ਵੀ ਝਾੜ ਲੈਂਦੇ ਸਨ। ਢਾਂਗਿਆਂ ਨਾਲ ਘਰ ਦੀ ਉਸਾਰੀ ਕਰਨ ਸਮੇਂ ਪੈੜਾਂ ਬਣਾਈਆਂ ਜਾਂਦੀਆਂ ਹਨ। ਪੈੜਾਂ ਵਾਲੇ ਢਾਂਗਿਆਂ ਦੀ ਲੰਬਾਈ ਕਈ ਵੇਰ 17/ 18 ਫੁੱਟ ਤੱਕ ਦੀ ਹੁੰਦੀ ਹੈ। ਇਹ ਮੋਟੇ ਹੁੰਦੇ ਹਨ।
ਹੁਣ ਖੂਹ ਹੀ ਨਹੀਂ ਰਹੇ ਨਾ ਹੀ ਖਰਾਸ ਰਹੇ ਹਨ, ਇਸ ਲਈ ਊਠਾਂ ਨੂੰ ਹਲਟ ਤੇ ਖਰਾਸ ਤੇ ਜੋੜਨ ਤੇ ਢਾਂਗੇ ਦੀ ਵਰਤੋਂ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨਾ ਹੁਣ ਗੱਡੇ ਰਹੇ ਹਨ, ਨਾ ਹੁਣ ਭੇਡਾਂ, ਬੱਕਰੀਆਂ ਰਹੀਆਂ ਹਨ। ਢਾਂਗਿਆਂ ਦੀ ਵਰਤੋਂ ਤਾਂ ਹੁਣ ਜ਼ਿਆਦਾ ਪੈੜਾਂ ਬਣਾਉਣ ਵਿਚ ਹੀ ਹੁੰਦੀ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.