ਸਮੱਗਰੀ 'ਤੇ ਜਾਓ

ਦੁੱਧ ਇਕੱਠਾ ਕਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੁੱਧ ਪੰਜਾਬੀਆਂ ਦਾ ਮਨ-ਭਾਉਂਦਾ ਤਰਲ ਪੀਣ ਪਦਾਰਥ ਹੈ। ਪੰਜਾਬੀਆਂ ਦੀ ਚੰਗੀ ਸਿਹਤ ਦਾ ਰਾਜ ਦੁੱਧ, ਦਹੀਂ, ਲੱਸੀ, ਮੱਖਣ, ਘੀ ਅਤੇ ਦੁੱਧ ਤੋਂ ਬਣੇ ਹੋਰ ਪਦਾਰਥ ਹਨ। ਅੱਜ ਤੋਂ ਕੋਈ ਇਕ ਸਦੀ ਪਹਿਲਾਂ ਦੁੱਧ ਵੇਚਣ ਨੂੰ ਪੁੱਤ ਵੇਚਣ ਸਮਾਨ ਸਮਝਿਆ ਜਾਂਦਾ ਸੀ। ਉਸ ਸਮੇਂ ਦੁੱਧ ਹੀ ਪੀਤਾ ਜਾਂਦਾ ਸੀ। ਚਾਹ ਬਾਰੇ ਤਾਂ ਉਸ ਸਮੇਂ ਲੋਕ ਘੱਟ ਹੀ ਜਾਣਦੇ ਸਨ। ਖੇਤੀ ਉਨ੍ਹਾਂ ਸਮਿਆਂ ਵਿਚ ਸਾਰੀ ਮੀਹਾਂ ਤੇ ਨਿਰਭਰ ਸੀ। ਇਸ ਲਈ ਲੋਕਾਂ ਦੀ ਡੰਗ ਟਪਾਈ ਹੀ ਹੁੰਦੀ ਸੀ। ਪਰ ਉਨ੍ਹਾਂ ਸਮਿਆਂ ਵਿਚ ਲੋਕਾਂ ਵਿਚ ਪਿਆਰ ਤੇ ਮਿਲਵਰਤਣ ਬਹੁਤ ਸੀ। ਵਿਆਹ ਅਤੇ ਹੋਰ ਸਾਰੇ ਕਾਰਜ ਸ਼ਰੀਕੇ ਵਾਲੇ, ਭਾਈਚਾਰੇ ਵਾਲੇ ਮਿਲ ਕੇ ਕਰਦੇ ਸਨ। ਮੁੰਡੇ/ਕੁੜੀ ਦੇ ਵਿਆਹ ਵੇਲੇ ਸਾਰੇ ਭਾਈਚਾਰੇ ਵਾਲੇ ਆਪਣੇ ਘਰ ਵਰਤਣ ਜੋਗਾ ਦੁੱਧ ਰੱਖ ਕੇ ਬਾਕੀ ਸਾਰਾ ਦੁੱਧ ਵਿਆਹ ਵਾਲੇ ਪਰਿਵਾਰ ਦੇ ਘਰ ਦੇ ਆਉਂਦੇ ਸਨ। ਦੁੱਧ ਦੇਣ ਦਾ ਇਹ ਸਿਲਸਿਲਾ ਕੜਾਹੀ ਚੜ੍ਹਣ ਵਾਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਸੀ। ਜਿੰਨੇ ਦਿਨਾਂ ਤੱਕ ਬਰਾਤ ਤੇ ਰਿਸ਼ਤੇਦਾਰ ਰਹਿੰਦੇ ਸਨ, ਉਨ੍ਹੇ ਦਿਨ ਹੀ ਦੁੱਧ ਦਿੱਤਾ ਜਾਂਦਾ ਰਹਿੰਦਾ ਸੀ। ਦੁੱਧ ਵਾਲੇ ਭਾਂਡੇ ਵਿਚੋਂ ਦੁੱਧ ਕੱਢ ਕੇ ਉਸ ਭਾਂਡੇ ਵਿਚ ਦੋ ਲੱਡੂ ਪਾ ਕੇ ਦੇਣ ਦਾ ਰਿਵਾਜ ਸੀ। ਦੁੱਧ ਤੋਂ ਹੀ ਸਾਰੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਸਨ। ਪਹਿਲਾਂ ਦੇ ਮੁਕਾਬਲੇ ਦੁੱਧ ਤਾਂ ਹੁਣ ਬਹੁਤ ਵੱਧ ਹੈ, ਪਰ ਲੋਕਾਂ ਵਿਚ ਹੁਣ ਪਹਿਲੇ ਜਿਹੇ ਪ੍ਰੇਮ-ਪਿਆਰ, ਸਾਂਝੇਦਾਰੀ ਨਹੀਂ ਰਹੀ। ਲੋਕਾਂ ਨੇ ਦੁੱਧ ਵੇਚਣਾ ਹੁਣ ਆਪਣਾ ਧੰਦਾ ਬਣਾ ਲਿਆ ਹੈ। ਇਸ ਲਈ ਦੁੱਧ ਹੁਣ ਮੁੱਲ ਮਿਲ ਜਾਂਦਾ ਹੈ।

ਬਹੁਤੇ ਵਿਆਹ ਹੁਣ ਵਿਆਹ ਭਵਨਾਂ ਵਿਚ ਹੁੰਦੇ ਹਨ, ਜਿੱਥੇ ਖਾਣ-ਪੀਣ ਦਾ ਸਾਰਾ ਪ੍ਰਬੰਧ ਵੀ ਕਈ ਵੇਰ ਵਿਆਹ ਭਵਨਾਂ ਵਾਲਿਆਂ ਦਾ ਹੀ ਹੁੰਦਾ ਹੈ। ਇਸ ਲਈ ਵਿਆਹਾਂ ਲਈ ਜਿਵੇਂ ਪਹਿਲੇ ਸਮਿਆਂ ਵਿਚ ਦੁੱਧ ਇਕੱਠਾ ਕੀਤਾ ਜਾਂਦਾ ਸੀ, ਹੁਣ ਬਹੁਤ ਹੀ ਘੱਟ ਇਕੱਠਾ ਕੀਤਾ ਜਾਂਦਾ ਹੈ। ਲੋਕ ਹੁਣ ਲੋੜ ਅਨੁਸਾਰ ਵਿਆਹ ਲਈ ਬਾਜ਼ਾਰ ਵਿਚੋਂ ਵੀ ਦੁੱਧ ਖਰੀਦ ਲੈਂਦੇ ਹਨ। ਸਾਡੀ ਵਿਆਹਾਂ ਦੀ ਇਹ ਭਾਈਚਾਰਕ ਸਾਂਝ ਹੁਣ ਘੱਟਦੀ ਜਾ ਰਹੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.