ਸਮੱਗਰੀ 'ਤੇ ਜਾਓ

ਪਿਤਾ ਅਤੇ ਪੁੱਤਰ (ਨਾਵਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਿਤਾ ਅਤੇ ਪੁੱਤਰ
ਦੂਸਰੇ ਅਡੀਸ਼ਨ (ਲੀਪਜ਼ਿਗ,ਜਰਮਨੀ, 1880) ਦਾ ਟਾਈਟਲ
ਲੇਖਕਇਵਾਨ ਤੁਰਗਨੇਵ
ਮੂਲ ਸਿਰਲੇਖОтцы и дети (ਓਤਸੀ ਇ ਦੇਤੀ, ਰੂਸੀ ਉਚਾਰਨ: [ɐˈtsɨ i ˈdʲetʲi])
ਦੇਸ਼ਰੂਸ
ਭਾਸ਼ਾਰੂਸੀ
ਵਿਧਾਰਾਜਨੀਤਕ, ਰੋਮਾਂਟਿਕ,ਦਾਰਸ਼ਨਿਕ
ਪ੍ਰਕਾਸ਼ਨ ਦੀ ਮਿਤੀ
ਫਰਵਰੀ 1862
ਸਫ਼ੇ226 (2001 ਮਾਡਰਨ ਲਾਇਬ੍ਰੇਰੀ ਪੇਪਰਬੈਕ ਅਡੀਸ਼ਨ)
ਤੋਂ ਪਹਿਲਾਂਪੂਰਬਲੀ ਸੰਧਿਆ 
ਤੁਰਗਨੇਵ, 1872 (ਚਿਤਰਕਾਰ: ਵਾਸਿਲੀ ਪੇਰੋਵ)

ਪਿਤਾ ਅਤੇ ਪੁੱਤਰ (ਰੂਸੀ :Отцы и дети,ਓਤਸੀ ਇ ਦੇਤੀ), ਰੂਸੀ ਲੇਖਕ ਇਵਾਨ ਤੁਰਗਨੇਵ ਦਾ 1862 ਵਿੱਚ ਲਿਖਿਆ ਵਿਸ਼ਵ ਪ੍ਰਸਿਧ ਨਾਵਲ ਹੈ। ਨਾਵਲ ਦੇ ਰੂਸੀ ਨਾਮ ਦਾ ਹੂਬਹੂ ਸ਼ਾਬਦਿਕ ਅਰਥ 'ਪਿਤਾ ਅਤੇ ਬੱਚੇ' ਹੈ ਪਰ ਕਾਵਿਕ ਸੁਹਜ ਦੇ ਤਕਾਜ਼ਿਆਂ ਤਹਿਤ ਅੰਗਰੇਜ਼ੀ ਅਨੁਵਾਦ 'ਫਾਦਰਜ਼ ਐਂਡ ਸਨਜ਼' ਪ੍ਰਚਲਿਤ ਹੋ ਗਿਆ ਅਤੇ ਇਸੇ ਤੋਂ ਪੰਜਾਬੀ ਪਿਤਾ ਅਤੇ ਪੁੱਤਰ, ਹਿੰਦੀ 'ਪਿਤਾ ਔਰ ਪੁੱਤਰ' ਅਤੇ ਫਾਰਸੀ 'ਪਿਦਰਾਨ ਓ ਪਿਸਰਾਨ'[1] ਅਤੇ ਇਸੇ ਤਰ੍ਹਾਂ ਅਨੁਰੂਪਕ ਅਨੁਵਾਦ ਹੋਰਨਾਂ ਵੱਖ ਵੱਖ ਬੋਲੀਆਂ ਵਿੱਚ ਹੋ ਗਏ।

ਮੁੱਖ ਪਾਤਰ

[ਸੋਧੋ]
  • ਯੇਵਗੇਨੀ ਵਾਸਿਲੀਏਵਿਚ ਬਜ਼ਾਰੋਵ - ਇੱਕ ਨਾਸਤੀਵਾਦੀ ਅਤੇ ਮੈਡੀਕਲ ਵਿਦਿਆਰਥੀ। ਇੱਕ ਨਾਸਤੀਵਾਦੀ ਦੇ ਰੂਪ ਵਿੱਚ ਉਹ ਅਰਕਾਦੀ ਲਈ ਇੱਕ ਰੱਖਿਅਕ, ਅਤੇ ਕਿਰਸਾਨੋਵ ਭਰਾਵਾਂ ਅਤੇ ਆਪਣੇ ਮਾਪਿਆਂ ਦੇ ਪਰੰਪਰਾਗਤ ਰੂਸੀ ਰੂੜ੍ਹੀਵਾਦੀ ਉਦਾਰ ਵਿਚਾਰਾਂ ਲਈ ਇੱਕ ਵੰਗਾਰ ਹੈ।
  • ਅਰਕਾਦੀ ਨਿਕੋਲਾਏਵਿਚ ਕਿਰਸਾਨੋਵ - ਸੇਂਟ ਪੀਟਰਸਬਰਗ ਯੂਨੀਵਰਸਿਟੀ ਤੋਂ ਨਵਾਂ ਨਵਾਂ ਗਰੈਜੁਏਟ ਅਤੇ ਬਜ਼ਾਰੋਵ ਦਾ ਦੋਸਤ। ਉਹ ਵੀ ਇੱਕ ਨਾਸਤੀਵਾਦੀ ਹੈ, ਹਾਲਾਂਕਿ ਉਹ ਬਜ਼ਾਰੋਵ ਦੇ ਪਿਆਰ ਕਰਕੇ ਹੀ ਨਾਸਤੀਵਾਦੀ ਹੋਣ ਦੀ ਕੋਸ਼ਿਸ਼ ਕਰਦਾ ਹੈ।
  • ਨਿਕੋਲਾਈ ਪੇਤਰੋਵਿਚ ਕਿਰਸਾਨੋਵ - ਇੱਕ ਮਕਾਨ ਮਾਲਿਕ, ਇੱਕ ਉਦਾਰ ਪ੍ਰਜਾਤੰਤਰਵਾਦੀ, ਅਰਕਾਦੀ ਦਾ ਪਿਤਾ .
  • ਪਾਵੇਲ ਪੇਤਰੋਵਿਚ ਕਿਰਸਾਨੋਵ - ਨਿਕੋਲਾਈ ਦਾ ਭਰਾ ਅਤੇ ਅਮੀਰੀ ਦਾ ਦੰਭ ਕਰਨ ਵਾਲਾ ਬੁਰਜੁਆ, ਜਿਹੜਾ ਆਪਣੇ ਸੁਥਰੇਪਣ ਉੱਤੇ ਗਰਵ ਕਰਦਾ ਹੈ। ਲੇਕਿਨ ਉਸਦਾ ਭਰਾ ਸੁਧਾਰਵਾਦੀ ਹੈ। ਭਾਵੇਂ ਉਹ ਨਾਸਤੀਵਾਦ ਪ੍ਰਤੀ ਸਹਿਨਸ਼ੀਲ ਹੈ, ਉਹ ਬਜ਼ਾਰੋਵ ਨੂੰ ਨਫਰਤ ਕਰਨ ਤੋਂ ਰਹਿ ਨਹੀਂ ਸਕਦਾ।
  • ਵਸੀਲੀ ਇਵਾਨੋਵਿਚ ਬਜ਼ਾਰੋਵ - ਬਜ਼ਾਰੋਵ ਦਾ ਪਿਤਾ, ਸੇਵਾਮੁਕਤ ਫੌਜੀ ਸਰਜਨ, ਅਤੇ ਚੰਗਾ ਸਿੱਖਿਅਤ ਅਤੇ ਪ੍ਰਬੁੱਧ ਛੋਟਾ ਜਿਹਾ ਜ਼ਿਮੀਦਾਰ ਹੈ। ਐਪਰ, ਉਹ ਕਈ ਹੋਰ ਪਾਤਰਾਂ ਦੀ ਤਰ੍ਹਾਂ ਮਹਿਸੂਸ ਕਰਦਾ ਹੈ ਕਿ ਪੇਂਡੂ ਮਾਹੌਲ ਨੇ ਉਸਨੂੰ ਆਧੁਨਿਕ ਵਿਚਾਰਾਂ ਨਾਲ ਸੰਪਰਕ ਤੋਂ ਬਾਹਰ ਕਰ ਰੱਖਿਆ ਹੈ। ਉਸ ਨੇ ਇੱਕ ਪ੍ਰਕਾਰ ਦੇ ਵਿਸ਼ੇਸ਼ ਪਰੰਪਰਾਵਾਦ ਨਾਲ ਵਫਾਦਾਰੀ ਬਰਕਰਾਰ ਰੱਖੀ ਹੋਈ ਹੈ ਜੋ ਰੱਬ ਦੇ ਪ੍ਰਤੀ ਅਤੇ ਆਪਣੇ ਪੁੱਤਰ ਯੇਵਗੇਨੀ ਲਈ ਸਰਧਾ ਵਿੱਚ ਜ਼ਾਹਰ ਹੁੰਦੀ ਹੈ।
  • ਅਰੀਨਾ ਵਲਾਸੇਵਨਾ ਬਜ਼ਾਰੋਵਾ - ਬਜ਼ਾਰੋਵ ਦੀ ਮਾਂ। 15 ਵੀਂ ਸਦੀ ਦੇ ਮਾਸਕੋਵੀ ਸ਼ੈਲੀ ਦੇ ਅਭਿਜਾਤ ਵਰਗ ਦੀ ਇੱਕ ਬਹੁਤ ਹੀ ਪਰੰਪਰਾਵਾਦੀ ਔਰਤ ਹੈ: ਲੋਕ ਕਥਾਵਾਂ ਅਤੇ ਘੜੀਆਂ ਘੜਾਈਆਂ ਗੱਲਾਂ ਨਾਲ ਉਸਰੇ ਰੂੜ੍ਹੀਵਾਦੀ ਈਸਾਈ ਧਰਮ ਦੀ ਇੱਕ ਸੱਚੀ ਸੁੱਚੀ ਅਨੁਆਈ। ਉਹ ਦਿਲੀ ਗਹਿਰਾਈਆਂ ਵਿੱਚੋਂ ਆਪਣੇ ਬੇਟੇ ਨੂੰ ਪਿਆਰ ਕਰਦੀ ਹੈ, ਲੇਕਿਨ ਉਹ ਉਸਤੋਂ ਅਤੇ ਸਾਰੀਆਂ ਮਾਨਤਾਵਾਂ ਤੋਂ ਉਸ ਦੇ ਮੁਨਕਰ ਹੋਣ ਤੋਂ ਡਰੀ ਹੋਈ ਵੀ ਹੈ।
  • ਅੰਨਾ ਸਰਗੀਏਵਨਾ ਓਡਿੰਤਸੋਵਾ - ਇੱਕ ਧਨੀ ਵਿਧਵਾ ਜੋ ਆਪਣੀ ਜਾਇਦਾਦ ਉੱਤੇ ਆਪਣੇ ਨਾਸਤੀਵਾਦੀ ਦੋਸਤਾਂ ਦੇ ਮਨੋਰੰਜਨ ਆਯੋਜਿਤ ਕਰਦੀ ਹੈ।
  • ਕਾਤੇਰੀਨਾ (ਕਾਤੀਆ) ਸਰਗੀਏਵਨਾ ਲੋਕਤੇਵਾ - ਅੰਨਾ ਦੀ ਛੋਟੀ ਭੈਣ। ਉਹ ਆਪਣੀ ਭੈਣ ਦੇ ਨਾਲ ਸੁਖ ਆਰਾਮ ਨਾਲ ਰਹਿੰਦੀ ਹੈ, ਲੇਕਿਨ ਸਵੈ-ਵਿਸ਼ਵਾਸ ਦੀ ਅਣਹੋਂਦ ਕਾਰਨ ਉਸਨੂੰ ਅੰਨਾ ਸਰਗੀਏਵਨਾ ਦੀ ਛਾਇਆ ਤੋਂ ਬਚਣਾ ਮੁਸ਼ਕਲ ਹੈ। ਇਸੇ ਸ਼ਰਮ ਕਰਕੇ ਉਸਦਾ ਅਤੇ ਅਰਕਾਦੀ ਦਾ ਪਿਆਰ ਹੌਲੀ ਰਫ਼ਤਾਰ ਨਾਲ ਸਾਕਾਰ ਹੁੰਦਾ ਹੈ।
  • ਫੇਦੋਸੀਆ (ਫ਼ੇਨਿਚਕਾ) ਨਿਕੋਲਾਏਵਨਾ - ਨਿਕੋਲਾਈ ਦੀ ਨੌਕਰਾਨੀ ਦੀ ਧੀ, ਜਿਸ ਨਾਲ ਉਸਦਾ ਪਿਆਰ ਹੋ ਜਾਂਦਾ ਹੈ ਅਤੇ ਵਿਆਹ ਕਰਨ ਤੇ ਇੱਕ ਬੱਚੇ ਦਾ ਪਿਤਾ ਬਣਦਾ ਹੈ। ਉਹਨਾਂ ਦੇ ਵਿਆਹ ਦੇ ਅੜਿੱਕੇ ਵਰਗ ਅੰਤਰ ਕਰਕੇ ਹਨ, ਅਤੇ ਸ਼ਾਇਦ ਨਿਕੋਲਾਈ ਦਾ ਪਹਿਲਾ ਵਿਆਹ - ਪਰੰਪਰਾਵਾਦੀ ਮੁੱਲਾਂ ਦਾ ਬੋਝ - ਵੀ ਹੈ।
  • ਵਿਕਟਰ ਸਿਤਨੀਕੋਵ - ਬਜ਼ਾਰੋਵ ਦਾ ਇੱਕ ਹੰਕਾਰੀ ਅਤੇ ਉਜੱਡ ਦੋਸਤ ਜੋ ਲੋਕਵਾਦੀ ਆਦਰਸ਼ਾਂ ਅਤੇ ਸਮੂਹਾਂ ਦੇ ਢਹੇ ਚੜ੍ਹ ਜਾਂਦਾ ਹੈ।
  • ਅਵਦੋਤਿਆ (ਏਵਦੋਕਸੀਆ) ਨੀਕਿਤੀਸ਼ਨਾ ਕੁਕਸ਼ੀਨਾ - ਐਕਸ ਸ਼ਹਿਰ ਵਿੱਚ ਰਹਿੰਦੀ ਇੱਕ ਮੁਕਤ ਔਰਤ। ਕੁਕਸ਼ੀਨਾ ਮੁਕਤ ਤਾਂ ਹੈ ਲੇਕਿਨ ਕੁਝ ਜਿਆਦਾ ਹੀ ਸਨਕੀ ਹੋਣ ਕਰਕੇ, ਆਪਣੀ ਸਮਰੱਥਾ ਦੇ ਬਾਵਜੂਦ ਇੱਕ ਨਮੂਨੇ ਦੀ ਨਾਰੀਵਾਦੀ ਵਜੋਂ ਕਾਬਿਲ ਨਹੀਂ ਹੈ।

ਇਤਹਾਸਕ ਸੰਦਰਭ ਅਤੇ ਟਿੱਪਣੀਆਂ

[ਸੋਧੋ]

ਤੁਰਗਨੇਵ ਨੇ ਇਹ ਨਾਵਲ ਨੂੰ ਉਸ ਦੌਰ ਵਿੱਚ ਲਿਖਿਆ ਸੀ, ਜਦੋਂ ਰੂਸ ਵਿੱਚ ਤਾਨਾਸ਼ਾਹ ਜਾਰ ਨਿਕੋਲਾਈ ਪਹਿਲੇ ਦੇ ਸ਼ਾਸਨ ਦਾ ਅੰਤ ਹੋਇਆ ਸੀ ਅਤੇ ਉੱਥੇ ਸਾਮਾਜਕ ਤਬਦੀਲੀਆਂ ਅੰਗੜਾਈਆਂ ਲੈ ਰਹੀਆਂ ਸਨ। 1830ਵਿਆਂ/1840ਵਿਆਂ ਦੇ ਰੂਸ ਵਿੱਚ ਉਦਾਰਵਾਦੀਆਂ ਵਿੱਚ ਵਧ ਰਹੇ ਪਾੜੇ ਅਤੇ ਨਾਸਤੀਵਾਦੀ ਚੜ੍ਹਤ ਦੇ ਦੌਰ ਦੀ ਨਿਸ਼ਾਨਦੇਹੀ ਇਸ ਨਾਵਲ ਵਿੱਚ ਕਲਮਬੰਦ ਹੈ। ਹਰ ਦੌਰ ਦੀ ਤਰ੍ਹਾਂ ਇਸ ਦੌਰ ਵਿੱਚ ਵੀ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਵਿੱਚ ਇੱਕ ਅੰਤਰ ਦੇਖਣ ਨੂੰ ਮਿਲਦਾ ਹੈ। ਨਵੀਂ ਪੀੜ੍ਹੀ ਹਮੇਸ਼ਾ ਨਵੀਂ ਸੋਚ ਅਤੇ ਨਵੇਂ ਵਿਚਾਰਾਂ ਦੀ ਤਰਫਦਾਰ ਹੁੰਦੀ ਹੈ ਅਤੇ ਪੁਰਾਣੀ ਪੀੜ੍ਹੀ ਉਸਦਾ ਵਿਰੋਧ ਇਹ ਕਹਿਕੇ ਕਰਦੀ ਹੈ ਕਿ ਇਹ ਨੀਤੀਗਤ ਨਹੀਂ ਹੈ। ਨਾਸਤੀਵਾਦੀ ("ਪੁੱਤਰ") ਅਤੇ 1830ਵਿਆਂ/1840ਵਿਆਂ ਦੇ ਰੂਸੀ ਉਦਾਰਵਾਦੀ ਦੋਨੋਂ ਹੀ ਰੂਸ ਵਿੱਚ ਪੱਛਮੀ ਢੰਗ ਦੀਆਂ ਤਬਦੀਲੀਆਂ ਦੇ ਪੱਖੀ ਸਨ। ਇਸ ਤੋਂ ਵੀ ਅੱਗੇ ਇਨ੍ਹਾਂ ਦੋਨਾਂ ਦਾ ਟਕਰਾ ਸਲਾਵਪ੍ਰੇਮੀਆਂ ਨਾਲ ਹੈ, ਜਿਹਨਾਂ ਦਾ ਖਿਆਲ ਸੀ ਕਿ ਰੂਸ ਦਾ ਰਸਤਾ ਇਸਦੀ ਰਵਾਇਤੀ ਰੂਹਾਨੀਅਤ ਵਿੱਚ ਪਿਆ ਹੈ। ਇਸ ਨਾਵਲ ਦੇ ਮੂਲ ਵਿੱਚ ਵੀ ਇਹੀ ਵਿਚਾਰ ਰੱਖਿਆ ਹੋਇਆ ਹੈ।

ਨਾਵਲ ਦੇ ਸਜੀਵ ਪਾਤਰਾਂ ਦੇ ਮਾਧਿਅਮ ਨਾਲ ਉਨੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਰੂਸ ਦੀ ਸਾਮਾਜਕ ਸਥਿਤੀ ਉੱਤੇ ਬਰੀਕੀ ਨਾਲ ਪਰਕਾਸ਼ ਪਾਇਆ ਗਿਆ ਹੈ। ਬਜ਼ਾਰੋਵ, ਅਰਕਾਦੀ ਨਿਕੋਲਾਈ ਪੇਤਰੋਵਿਚ, ਪਾਵੇਲ ਪੇਤਰੋਵਿਚ ਵਰਗੇ ਵੱਖ-ਵੱਖ ਵਿਚਾਰਾਂ ਵਾਲੇ ਪਾਤਰਾਂ ਦੇ ਜਰੀਏ ਇਸ ਗੱਲ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਾਰ ਦੇ ਸ਼ਾਸਨ ਦੇ ਬਾਅਦ ਲੋਕਾਂ ਨੂੰ ਕਿਸ ਕਿਸ ਤਰ੍ਹਾਂ ਦੇ ਵਿਚਾਰਧਾਰਕ ਅਤੇ ਸਾਮਾਜਕ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਭ ਦੇ ਨਾਲ ਨਾਲ ਵੱਖ ਵੱਖ ਘਟਨਾਵਾਂ ਦੇ ਜਰੀਏ ਲੇਖਕ ਨੇ ਕਿਸਾਨਾਂ ਦੀਆਂ ਹਾਲਤਾਂ ਉੱਤੇ ਵੀ ਪ੍ਰਕਾਸ਼ ਪਾਇਆ ਹੈ। ਨਾਵਲ ਦਾ ਕੇਂਦਰੀ ਪਾਤਰ ਬਜਾਰੋਵ ਹੈ, ਜੋ ਰੂਸ ਦੀ ਉਸ ਦੌਰ ਦੀ ਸਾਮਾਜਕ ਅਤੇ ਮਾਨਸਿਕ ਸੋਚ ਦੇ ਬਿਲਕੁੱਲ ਉਲਟ ਹੈ। ਉਹ ਆਪਣੇ ਆਪ ਨੂੰ ਨਾਸਤੀਵਾਦੀ (ਕੁੱਝ ਵੀ ਨਹੀਂ) ਮੰਨਦਾ ਹੈ। ਉਹਦੇ ਵਿਚਾਰ ਆਪਣੇ ਸਮੇਂ ਤੋਂ ਬਹੁਤ ਅੱਗੇ ਹਨ।

ਇਕ ਨਵੇਂ ਦੌਰ ਦੀ ਸ਼ੁਰੂਆਤ

[ਸੋਧੋ]

ਤੁਰਗਨੇਵ ਦਾ ਇਹ ਨਾਵਲ ਵਿਚਾਰਧਾਰਾ ਪੱਖੋਂ ਵਿਸ਼ਵ ਭਰ ਦੇ ਸਾਹਿਤ ਵਿਚ ਇੱਕ ਵੱਖਰਾ ਸਥਾਨ ਰੱਖਦਾ ਹੈ। ਇਸ ਰਚਨਾ ਤੋਂ ਰੂਸੀ ਸਾਹਿਤ ਵਿਚ ਵਿਚਾਰ ਪ੍ਰਧਾਨ ਨਾਵਲਾਂ ਦੀ ਹੋਂਦ ਸਥਾਪਿਤ ਹੋਈ। ਇਸ ਪੱਖੋਂ ਰੂਸੀ ਸਾਹਿਤ ਵਿਚ ਤੁਰਗਨੇਵ ਨੇ ਉਸ ਪ੍ਰੰਪਰਾ ਦੀ ਸ਼ੁਰੂਆਤ ਕੀਤੀ ਜੋ ਅੰਗ੍ਰੇਜੀ ਸਾਹਿਤ ਵਿਚ ਜਾਰਜ ਇਲੀਅਟ ਨੇ ਕੀਤੀ ਸੀ।

ਹਵਾਲੇ

[ਸੋਧੋ]
  1. "پدران و پسران". Archived from the original on 2012-10-25. Retrieved 2012-11-01. {{cite web}}: Unknown parameter |dead-url= ignored (|url-status= suggested) (help)