ਸਮੱਗਰੀ 'ਤੇ ਜਾਓ

ਪਿੱਪਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੇਕਰਡ ਫਿਗ
Ficus religiosa
ਪਿੱਪਲ ਦਾ ਤਣਾ ਅਤੇ ਪੱਤੇ
Scientific classification
Kingdom:
ਵਨਸਪਤੀ
Division:
ਮੈਗਨੋਲੀਉਫਾਈਟਾ
Class:
ਮੈਗਨੋਲੀਉਸਾਈਡਾ
Order:
ਰੋਜਾਲੇਸ
Family:
ਮੋਰਾਸਏ
Genus:
ਫਿਗਸ
Species:
ਐਫ. ਰੇਲੀਜੀਓਸਾ
Binomial name
ਫਿਗਸ ਰੇਲੀਜੀਓਸਾ

ਪਿੱਪਲ (ਅੰਗਰੇਜ਼ੀ: ਸੇਕਰਡ ਫਿਗ, ਸੰਸਕ੍ਰਿਤ: ਅਸ਼ਵੱਥ) ਭਾਰਤ, ਨੇਪਾਲ, ਸ਼੍ਰੀ ਲੰਕਾ, ਚੀਨ ਅਤੇ ਇੰਡੋਨੇਸ਼ੀਆ ਵਿੱਚ ਪਾਇਆ ਜਾਣ ਵਾਲਾ ਬੋਹੜ, ਜਾਂ ਗੂਲਰ ਦੀ ਜਾਤੀ ਦਾ ਇੱਕ ਵਿਸ਼ਾਲ-ਆਕਾਰ ਰੁੱਖ ਹੈ ਜਿਸ ਨੂੰ ਭਾਰਤੀ ਸੰਸਕ੍ਰਿਤੀ ਵਿੱਚ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ ਅਤੇ ਅਨੇਕ ਪੁਰਬਾਂ ਉੱਤੇ ਇਸ ਦੀ ਪੂਜਾ ਕੀਤੀ ਜਾਂਦੀ ਹੈ। ਬੋਹੜ ਅਤੇ ਗੂਲਰ ਰੁੱਖ ਦੀ ਭਾਂਤੀ ਇਸ ਦੇ ਪੁਸ਼ਪ ਵੀ ਗੁਪਤ ਰਹਿੰਦੇ ਹਨ। ਇਸ ਲਈ ਇਸਨੂੰ ਗੁਹਿਅਪੁਸ਼ਪਕ ਵੀ ਕਿਹਾ ਜਾਂਦਾ ਹੈ। ਹੋਰ ਕਸ਼ੀਰੀ (ਦੁੱਧ ਵਾਲੇ) ਰੁੱਖਾਂ ਦੀ ਤਰ੍ਹਾਂ ਪਿੱਪਲ ਵੀ ਦੀਰਘ-ਆਯੂ ਹੁੰਦਾ ਹੈ। ਇਸ ਦੇ ਫਲ ਬੋਹੜ - ਗੂਲਰ ਦੀ ਤਰ੍ਹਾਂ ਬੀਜਾਂ ਨਾਲ ਭਰੇ ਅਤੇ ਸਰੂਪ ਪੱਖੋਂ ਮੁੰਗਫ਼ਲੀ ਦੇ ਛੋਟੇ ਦਾਣਿਆਂ ਵਰਗੇ ਹੁੰਦੇ ਹਨ। ਇਹਦੇ ਬੀਜ ਰਾਈ ਦੇ ਦਾਣੇ ਦੇ ਵੀ ਅੱਧੇ ਅਕਾਰ ਦੇ ਹੁੰਦੇ ਹਨ। ਪਰ ਇਨ੍ਹਾਂ ਤੋਂ ਪੈਦਾ ਰੁੱਖ ਵਿਸ਼ਾਲਤਮ ਰੂਪ ਧਾਰਨ ਕਰ ਕੇ ਅਣਗਿਣਤ ਸਾਲਾਂ ਤੱਕ ਖੜਾ ਰਹਿੰਦਾ ਹੈ। ਪਿੱਪਲ ਦੀ ਛਾਂ ਬੋਹੜ ਨਾਲੋਂ ਘੱਟ ਹੁੰਦੀ ਹੈ, ਫਿਰ ਵੀ ਇਸ ਦੇ ਪੱਤੇ ਜਿਆਦਾ ਸੁੰਦਰ, ਕੋਮਲ ਅਤੇ ਚੰਚਲ ਹੁੰਦੇ ਹਨ। ਬਸੰਤ ਰੁੱਤ ਵਿੱਚ ਇਸ ਉੱਤੇ ਧਾਨੀ ਰੰਗ ਦੀਆਂ ਨਵੀਆਂ ਕਰੂੰਬਲਾਂ ਆਉਣ ਲੱਗਦੀਆਂ ਹਨ। ਬਾਅਦ ਵਿੱਚ, ਉਹ ਹਰੀਆਂ ਅਤੇ ਫਿਰ ਗੂੜ੍ਹੀਆਂ ਹਰੀਆਂ ਹੋ ਜਾਂਦੀਆਂ ਹਨ। ਪਿੱਪਲ ਦੇ ਪੱਤੇ ਜਾਨਵਰਾਂ ਨੂੰ ਚਾਰੇ ਵਜੋਂ ਖਿਲਾਏ ਜਾਂਦੇ ਹਨ, ਖਾਸ਼ ਕਰ ਹਾਥੀਆਂ ਲਈ ਇਨ੍ਹਾਂ ਨੂੰ ਉੱਤਮ ਚਾਰਾ ਮੰਨਿਆ ਜਾਂਦਾ ਹੈ। ਪਿੱਪਲ ਦੀ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ ਪਰ ਇਹ ਕਿਸੇ ਇਮਾਰਤੀ ਕੰਮ ਜਾਂ ਫਰਨੀਚਰ ਲਈ ਅਨੁਕੂਲ ਨਹੀਂ ਹੁੰਦੀ।[1] ਸਿਹਤ ਲਈ ਪਿੱਪਲ ਨੂੰ ਅਤਿ ਲਾਭਦਾਇਕ ਮੰਨਿਆ ਗਿਆ ਹੈ। ਪੀਲਿਆ, ਰਤੌਂਧੀ, ਮਲੇਰੀਆ, ਖੰਘ ਤੇ ਦਮੇ ਅਤੇ ਸਰਦੀ ਤੇ ਸਿਰ ਦਰਦ ਵਿੱਚ ਪਿੱਪਲ ਦੀ ਟਹਿਣੀ, ਲੱਕੜੀ, ਪੱਤਿਆਂ, ਕਰੂੰਬਲਾਂ ਅਤੇ ਸੀਕਾਂ ਦੇ ਪ੍ਰਯੋਗ ਦਾ ਚਰਚਾ ਮਿਲਦਾ ਹੈ।ਸਭ ਤੋਂ ਪੁਰਾਣਾ ਦਰਖੱਤ ਹੋਣ ਦਾ ਮਾਣ ਹਾਸਲ ਹੈ ਅਤੇ ਦਵਾਈਆਂ ਵਿੱਚ ਵਿਆਪਕ ਪੱਧਰ ਉੱਤੇ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਦਿਲ ਦੇ ਆਕਾਰ ਵਾਲੇ ਪਿੱਪਲ ਦੇ ਪੱਤੇ ਜ਼ਖ਼ਮਾਂ ਨੂੰ ਠੀਕ ਕਰਨ ਲਈ ਲੇਪ ਵਜੋਂ ਵਰਤੇ ਜਾਂਦੇ ਹਨ। ਪਿੱਪਲ ਦੇ ਫਲਾਂ ਨੂੰ ਪਪੀਸੀਆਂ ਆਖਦੇ ਹਨ। ਪੱਕਣ ’ਤੇ ਇਨ੍ਹਾਂ ਦਾ ਰੰਗ ਜਾਮਣੀ ਹੋ ਜਾਂਦਾ ਹੈ। ਪਿੱਪਲ : ਹਜ਼ਾਰ ਸਾਲ ਤੋਂ ਵੀ ਜ਼ਿਆਦਾ ਉਮਰ ਵਾਲੇ ਅਤੇ ਲੂੰ ਰਹਿਤ ਸਲੇਟੀ ਛਿੱਲ ਵਾਲੇ ਇਸ ਰੁੱਖ ਦਾ ਵਿਗਿਆਨਕ ਨਾਂ ਫ਼ਾਈਕਸ ਰਿਲੀਜਿਓਸਾ (Ficus religiosa) ਹੈ ਅਤੇ ਮੋਰੇਸੀ (Moraceae) ਕੁਲ ਨਾਲ ਸਬੰਧਤ ਹੈ। ਇਸ ਦੇ ਪੱਤੇ ਚਮਕਦਾਰ ਅਤੇ ਲਹਿਰੇਦਾਰ ਕਿਨਾਰੇ ਵਾਲੇ ਹੁੰਦੇ ਹਨ। ਅਪ੍ਰੈਲ ਵਿਚ ਪਿਪਲੀਆਂ (ਫਲ) ਨਿਕਲਦੀਆਂ ਹਨ ਜਿਹੜੀਆਂ ਜੂਨ ਦੇ ਅਖੀਰ ਵਿਚ ਪੱਕੇ ਕੇ ਗੂੜ੍ਹੇ ਜਾਮਨੀ ਰੰਗ ਦੀਆਂ ਹੋ ਜਾਂਦੀਆਂ ਹਨ। ਇਸ ਦੇ ਪੱਤੇ ਅਤੇ ਟਾਹਣੀਆਂ ਹਾਥੀਆਂ ਦਾ ਚਾਰਾ ਹਨ। ਇਸ ਦਾ ਰਸ (ਦੁੱਧ) ਪੈਰ ਦੀਆਂ ਬਿਆਈਆਂ ਠੀਕ ਕਰਨ ਅਤੇ ਟਾਇਰਾਂ ਦੇ ਛੋਟੇ ਛੋਟੇ ਛੇਕ ਬੰਦ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੀ ਲੱਕੜ ਸਿਲ੍ਹੀਆਂ ਅਤੇ ਠੰਡੀਆਂ ਥਾਵਾਂ ਵਿਚ ਵੀ ਖਰਾਬ ਨਹੀਂ ਹੁੰਦੀ। ਇਸ ਲਈ ਮਾਚਸਾਂ, ਪੇਟੀਆਂ ਅਤੇ ਪਹੀਏ ਦਾ ਬਾਹਰਲਾ ਹਿੱਸਾ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਦੀਆਂ ਪਿਪਲੀਆਂ ਪਿੱਤ ਵਿਕਾਰ ਦੂਰ ਕਰਨ ਅਤੇ ਦਿਲ ਅਤੇ ਖੂਨ ਦੀਆਂ ਬੀਮਾਰੀਆਂ ਦੂਰ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਸ ਦੀ ਜੜ੍ਹ ਦੀ ਛਿੱਲ ਫੋੜੇ ਸਾਫ਼ ਕਰਨ ਅਤੇ ਲਿਊਕੋਰੀਆ ਸੁਕਾਉਣ ਲਈ ਵਰਤੀ ਜਾਂਦੀ ਹੈ। ਇਸ ਦੀ ਛਿੱਲ ਨੂੰ ਸਾੜਨ ਉਪਰੰਤ ਪਾਣੀ ਵਿਚ ਭਿਉਂ ਕੇ ਵਰਤਣ ਨਾਲ ਹਿਚਕੀ ਦੂਰ ਹੁੰਦੀ ਹੈ। ਇਸ ਦੇ ਪੱਤੇ ਸੱਪ ਦੇ ਡੰਗ ਦੇ ਇਲਾਜ ਲਈ ਵਰਤੇ ਜਾਂਦੇ ਹਨ। ਲਾਖ ਦਾ ਕੀੜਾ ਇਸ ਰੁੱਖ ਉੱਤੇ ਪਲਦਾ ਹੈ। ਬੁੱਧ ਅਤੇ ਹਿੰਦੂ ਧਰਮ ਵਿਚ ਪਿਪਲ ਨੂੰ ਬੜਾ ਸ਼ੁਭ ਮੰਨਿਆ ਜਾਂਦਾ ਹੈ। ਹਿੰਦੂ ਮਤ ਵਾਲੇ ਪਿਪਲ ਵਿਚ ਤ੍ਰੈਮੂਰਤੀ ਦਾ ਨਿਵਾਸ ਮੰਨਦੇ ਹਨ :

         ਪੱਤੇ ਪੱਤੇ ਗੋਵਿੰਦ ਬੈਠਾ, ਟਾਹਣੀ ਟਾਹਣੀ ਦਿਉਤਾ।
         ਮੁੱਢ ਤੇ ਸ੍ਰੀ ਕ੍ਰਿਸ਼ਨ ਬੈਠਾ, ਧਨ ਬ੍ਰਹਮਾ ਦਿਉਤਾ।

ਰਵਾਇਤ ਅਨੁਸਾਰ ਇਸ ਦੀ ਜੜ੍ਹ ਵਿਚ ਬ੍ਰਹਮਾ ਜੀ, ਤਣੇ ਵਿਚ ਵਿਸ਼ਨੂੰ ਜੀ ਅਤੇ ਟਾਹਣੀਆਂ ਵਿਚ ਸ਼ਿਵ ਜੀ ਦਾ ਨਿਵਾਸ ਹੈ। ਕਿਹਾ ਜਾਂਦਾ ਹੈ ਕਿ ਵਿਆਸ ਰਿਸ਼ੀ ਨੇ ਇਸ ਦੇ ਪੱਤਿਆਂ ਨੂੰ ਆਪਣੇ ਮੱਥੇ ਨਾਲ ਬੰਨ੍ਹਿਆ ਅਤੇ ਇਸ ਲਈ ਇਸ ਦੇ ਪੱਤੇ ਜਾਂ ਟਾਹਣੀਆਂ ਨੂੰ ਪਵਿੱਤਰ ਸਮਝ ਕੇ ਪਸ਼ੂਆਂ ਦੇ ਖਾਣ ਜਾਂ ਬਾਲਣ ਲਈ ਨਹੀਂ ਵਰਤਿਆ ਜਾਂਦਾ। ਹਿੰਦੂ ਲੋਕ ਪਿੱਪਲ ਉੱਤੇ ਕੁਹਾੜਾ ਨਹੀਂ ਚਲਾਉਂਦੇ ਅਤੇ ਤੀਵੀਆਂ ਇਸ ਦੀ ਜੜ੍ਹ ਵਿਚ ਕੱਚੀ ਲੱਸੀ ਪਾ ਕੇ ਪੂਰਬ ਵੱਲ ਮੂੰਹ ਕਰ ਕੇ 108 ਪਰਿਕਰਮਾ ਕਰਦੀਆਂ ਹਨ। ਪੂਜਾ ਕਰਨ ਉਪਰੰਤ ਤਾਂਬੇ ਦਾ ਸਿੱਕਾ, ਜਨੇਊ ਅਤੇ ਮਠਿਆਈ ਆਦਿ ਵੀ ਰੱਖੀ ਜਾਂਦੀ ਹੈ। ਕਈ ਹਿੰਦੂਆਂ ਵਿਚ ਬੱਚੇ ਜਨੇਊ ਪਾਉਣ ਲੱਗਿਆਂ ਜਾਂ ਮਕਾਨ ਦੀ ਨੀਂਹ ਰੱਖਣ ਲੱਗਿਆਂ ਵੀ ਪਿੱਪਲ ਦੀ ਪੂਜਾ ਕੀਤੀ ਜਾਂਦੀ ਹੈ। ਨਿਰਸੰਤਾਨ ਇਸਤਰੀਆਂ ਸੂਰਜ ਚੜ੍ਹਦੇ ਸਾਰ 40 ਦਿਨ ਇਸ ਦੀ ਜੜ੍ਹ ਵਿਚ ਪਾਣੀ ਪਾ ਕੇ ਆਪਣੀ ਜੜ੍ਹ ਹਰੀ ਹੋਈ ਮੰਨਦੀਆਂ ਹਨ। ਧਾਰਨਾ ਹੈ ਕਿ ਐਤਵਾਰ ਨੂੰ ਲਛਮੀ ਇਸ ਰੁੱਖ ਉੱਤੇ ਟਿਕਦੀ ਹੈ। ਇਸ ਲਈ ਧਨ ਦੌਲਤ ਦੇ ਚਾਹਵਾਨ ਐਤਵਾਰ ਨੂੰ ਇਸ ਦੀ ਪੂਜਾ ਕਰਦੇ ਹਨ। ਪਿੱਪਲ ਦੇ ਰੁੱਖ ਨੇੜੇ ਝੂਠ ਬੋਲਣਾ, ਧੋਖਾ ਕਰਨਾ ਜਾਂ ਕਿਸੇ ਦੀ ਜਾਨ ਲੈਣੀ ਮਹਾਪਾਪ ਸਮਝਿਆ ਜਾਂਦਾ ਹੈ। ਇਸ ਲਈ ਬਾਣੀਏ ਪਿੱਪਲ ਹੇਠਾਂ ਬੈਠ ਕੇ ਕਦੇ ਵੀ ਕਿਸੇ ਨਾਲ ਹਿਸਾਬ ਕਿਤਾਬ ਨਹੀਂ ਕਰਦੇ। ਕਈਆਂ ਵਿਚ ਪਿੱਪਲ ਰਾਹੀਂ ਪਿਤਰਾਂ ਨੂੰ ਪਾਣੀ ਪਹੁੰਚਾਣ ਦੀ ਪ੍ਰਥਾ ਹੈ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਵੱਡਾ ਪੁੱਤਰ ਜਾਂ ਭਰਾ ਛੇਦੇ ਹੋਏ ਘੜੇ ਵਿਚ ਪਾਣੀ ਭਰ ਕੇ ਪਿੱਪਲ ਦੇ ਰੁੱਖ ਦੀ ਕਿਸੇ ਟਾਹਣੀ ਉੱਤੇ ਇਸ ਵਿਸ਼ਵਾਸ ਨਾਲ ਲਟਕਾਂਦਾ ਹੈ ਕਿ ਇਹ ਮ੍ਰਿਤਕ ਦੀ ਆਤਮਾ ਨੂੰ ਪਹੁੰਚੇਗਾ। ਮਹਿੰਜੋਦਰੋ ਅਤੇ ਹੜ੍ਹਪਾ ਦੀਆਂ ਥੇਹਾਂ ਵਿਚੋਂ ਪ੍ਰਾਪਤ ਕੁਝ ਠੀਕਰਾਂ ਮੋਹਰਾਂ ਉੱਤੇ ਪਿੱਪਲ ਸਬੰਧੀ ਮਿਲੇ ਨਿਸ਼ਾਨ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਪੰਜਾਬ ਵਿਚ ਪੁਰਾਣੇ ਸਮੇਂ ਤੋਂ ਇਸ ਦੀ ਪੂਜਾ ਹੁੰਦੀ ਆ ਰਹੀ ਹੈ। ਰਿਗ ਵੇਦ ਦੀਆਂ ਕਥਾਵਾਂ ਵਿਚ ਕਈ ਥਾਈਂ ਇਸ ਰੁੱਖ ਦਾ ਜ਼ਿਕਰ ਆਇਆ ਹੈ। ਪੰਜਾਬੀ ਲੋਕ ਗੀਤਾਂ ਵਿਚ ਪਿੱਪਲਾਂ ਉੱਤੇ ਪੀਂਘ ਝੂਟਦੀਆਂ ਕੁੜੀਆਂ ਅਤੇ ਚਹਿਚਹਾਉਂਦੇ ਪੰਛੀਆਂ ਦਾ ਜ਼ਿਕਰ ਹੈ। ਪ੍ਰਸਿੱਧ ਕਵੀ ਪ੍ਰੋ. ਮੋਹਨ ਸਿੰਘ ਨੇ ਵੀ ਇਸ ਦਾ ਬਿੰਬ ਪੁਰਾਤਨ ਅਤੇ ਨਵੀਨਤਾ ਦਾ ਅੰਤਰ ਦਰਸਾਉਣ ਲਈ ਵਰਤਿਆ ਹੈ :

         ਪਿੱਪਲ ਦਿਆ ਪੱਤਿਆ ਵੇ ਕੇਹੀ ਖੜਖੜ ਲਾਈ ਆ।
         ਪੱਤ ਝੱੜ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ।

ਦੇਸੀ ਨਾਂ

[ਸੋਧੋ]

ਹਿੰਦ ਉੱਪ-ਮਹਾਂਦੀਪ ਦੀਆਂ ਭਾਸ਼ਾਵਾਂ ਵਿੱਚ ਅਨੇਕ ਅੱਡ ਅੱਡ ਨਾਂ ਪ੍ਰਚਲਿਤ ਹਨ:

ਲੋਕਧਾਰਾ ਵਿੱਚ ਪਿੱਪਲ

[ਸੋਧੋ]
ਧੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ,
ਬਾਗਾਂ ਬਾਝ ਫੁਲਾਹੀਆਂ,
'ਧੰਨ ਭਾਗ ਮੇਰੇ' ਆਖੇ ਪਿੱਪਲ
ਕੁੜੀਆਂ ਨੇ ਪੀਂਘਾਂ ਪਾਈਆਂ


ਹਵਾਲੇ

[ਸੋਧੋ]
  1. "पीपल". भृगु ज्योतिष अनुसन्धान केन्द्र. {{cite web}}: Cite has empty unknown parameter: |1= (help)