ਪੰਜਾਬੀ ਕੱਪੜੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬੀ ਕੱਪੜੇ ਮੂਲ ਰੂਪ ਵਿਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ। ਜਿਸਮ ਨੂੰ ਕੱਜਣ ਤੇ ਪ੍ਰਾਕਿਰਤਕ ਆਫਤਾਂ ਤੋਂ ਬਚਾਉਣ ਵਿਚ ਸਹਾਈ ਹੁੰਦਾ ਹੈ।ਹਰ ਮਨੁੱਖੀ ਸਮਾਜ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਹਿਰਾਵੇ ਦੀ ਰਵਾਇਤ ਜਰੂਰੀ ਰਹੀ ਹੈ। ਪੰਜਾਬੀ ਕੱਪੜੇ ਪੰਜਾਬ ਨਾਲ ਸੰਬੰਧਿਤ ਲੋਕਾਂ ਦੁਆਰਾ ਪਹਿਨੇ ਜਾਂਦੇ ਲੀੜਿਆਂ ਨੂੰ ਕਿਹਾ ਜਾਂਦਾ ਹੈ।

ਮੁਹੰਮਦ ਲਤੀਫ ਅਨੁਸਾਰ ਪੰਜਾਬ ਦੇ ਕਪੜਿਆਂ ਬਾਰੇ ਆਪਣੀ ਪੁਸਤਕ ‘ਪੰਜਾਬ ਦਾ ਇਤਿਹਾਸ` ਵਿਚ ਲਿਖਦਾ ਹੈ, “ਪੁਰਾਣੇ ਹਿੰਦੂ ਸੂਤੀ ਕੱਪੜਾ ਪਾਉਂਦੇ ਹਨ। ਸੂਤੀ ਕਮੀਜਾਂ ਗੋਡਿਆਂ ਤਕ ਲੰਮੀਆਂ ਹੁੰਦੀਆਂ ਸਨ। ਕਮੀਜ਼ ਦੇ ਉੱਪਰ ਇਕ ਪਟਕਾ ਹੁੰਦਾ ਸੀ। ਜਿਹੜਾ ਖੱਬੇ ਮੋਢੇ ਉੱਪਰ ਤੇ ਸੱਜੇ ਮੋਢੇ ਦੇ ਹੇਠ ਕਰਕੇ ਬੰਨਿਆ ਜਾਂੇਦਾ ਹੈ। ਸਰੀਰ ਦੇ ਇਕ ਪਾਸੇ ਮੋਢੇ ਉੱਤੇ ਚਾਦਰ ਸੁੱਟ ਕੇ ਚਲਿਆ ਜਾਂਦਾ ਸੀ। ਇਹ ਚਾਦਰ ਗੋਡਿਆਂ ਤੱਕ ਲਮਕਦੀ ਰਹਿੰਦੀ ਸੀ। ਸਾਰੇ ਜਣੇ ਧੋਤੀ ਪਹਿਨਦੇ ਸਨ। ਮਰਦਾਂ ਦੀਆਂ ਲੰਮੀਆਂ ਦਾੜ੍ਹੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਉਹ ਲਾਲ ਸ਼ਬਜ, ਪੀਲੀਆਂ ਜਾਂ ਨੀਲੀਆਂ ਰੰਗ ਲੈਂਦੇ ਸਨ। ਤੀਵੀਆਂ ਕੱਪੜਿਆਂ ਨਾਲ ਸੱਜੀਆਂ ਹੁੰਦੀਆਂ। ਉਹ ਤੰਗ ਪੁਸ਼ਾਕ ਨਹੀਂ ਸਨ ਪਾਉਂਦੀਆਂ।"

ਪੰਜਾਬ ਵਿਚ ਅਨੇਕਾਂ ਨਸਲਾਂ ਦੇ ਲੋਕ ਰਹਿੰਦੇ ਹਨ, ਇਸੇ ਲਈ ਇਹਨਾਂ ਦੇ ਪਹਿਰਾਵੇ ਵਿੱਚ ਵੰਨ ਸੁਵੰਨਤਾ ਹੈ। ਸਕੂਲਾਂ ਦੇ ਬੱਚੇ ਕਾਲਜੀਏਟ, ਗਲੀ, ਪਾਲੀ, ਸਾਧੂ, ਫਕੀਰ, ਨਿਹੰਗ ਸਿੰਘ, ਨਾਮਧਾਰੀਏ, ਕਰਮ ਕਾਂਡੀ ਪਾਂਧੇ, ਮਲਵਈ, ਮਝੈਲ ਅਤੇ ਦੁਆਬੀਆਂ ਦੇ ਪਹਿਰਾਵੇ ਵਿਚ ਵੱਖਰਤਾ ਹੈ। ਇਸ ਵੱਖਰਤਾ ਦੇ ਬਾਵਜੂਦ ਵੀ ਪਹਿਰਾਵੇ ਦੇ ਕੁਝ ਅਜਿਹੇ ਅੰਸ਼ ਸਾਂਝੇ ਹਨ। ਜਿਨ੍ਹਾਂ ਦੀ ਵਰਤੋਂ ਸਾਰੇ ਪੰਜਾਬੀ ਕਰਦੇ ਹਨ। ਇਹਨਾਂ ਦਾ ਸੰਬੰਧ ਕਿੱਤੇ ਜਾਂ ਜਾਤ ਧਰਮ ਨਾਲ ਨਹੀਂ ਹੁੰਦਾ ਹੈ।

ਪੰਜਾਬੀ ਪਹਿਰਾਵਾ ਵੈਦਿਕ ਕਾਲ ਤੋਂ ਆਰੰਭ ਹੋ ਕੇ ਕਈ ਪੜਾਅ ਲੰਘ ਕੇ ਇਸ ਰੂਪ ਵਿਚ ਆਇਆ ਹੈ। ਇਸ ਪਹਿਰਾਵੇ ਵਿਚ ਮੁਸਲਮਾਨਾਂ, ਬਾਹਰਲੇ ਹਮਲਾਵਰਾਂ, ਕਰਮਚਾਰੀਆਂ ਦੇ ਪਹਿਰਾਵਿਆਂ ਦਾ ਪ੍ਰਭਾਵ ਹੈ। ਸਿੱਖਾਂ ਦਾ ਵੀ ਪ੍ਰਭਾਵ ਹੈ। ਇਹਨਾਂ ਪ੍ਰਭਾਵਾਂ ਨਾਲ ਪੰਜਾਬੀ ਪਹਿਰਾਵੇ ਦੇ ਕੁਝ ਸਾਂਝੇ ਪਹਿਰਾਵਿਆਂ ਨੂੰ ਬਿਆਨ ਕੀਤਾ ਜਾਂਦਾ ਹੈ।

ਮਰਦਾਂ ਦਾ ਪਹਿਰਾਵਾ[ਸੋਧੋ]

ਪੱਗ[ਸੋਧੋ]

ਪੰਜਾਬ ਦੇ ਮਰਦਾਂ ਦੇ ਪਹਿਰਾਵੇ ਦੀ ਖਾਸੀਅਤ ਪੱਗੜੀ ਹੈ। ਪੰਜਾਬੀ ਪਹਿਰਾਵੇ ਦੀ ਪੱਗੜੀ ਮੁਸਲਮਾਨੀ ਪਹਿਰਾਵੇ ਤੋਂ ਆਇਆ ਹੈ। ਇਸ ਉੱਤੇ ਸਿੱਖਾਂ ਦਾ ਵੀ ਪ੍ਰਭਾਵ ਹੈ। ਇਉਂ ਪੰਜਾਬੀ ਪਹਿਰਾਵੇ ਵਿਚ ਅਨੋਖਾ ਮਟਕਾ ਤੇ ਸੁਹਜ ਸੁਆਦ ਆਇਆ ਹੈ। ਇਕ ਉੱਘੇ ਅਖਾਣ ਅਨੁਸਾਰ ਆਦਮੀ ਆਪਣੀ “ਗੁਫਤਰ, ਰਫਤਾਰ ਤੇ ਦਸਤਾਰ" ਤੋਂ ਪੂਰਣ ਭਾਂਤ ਪਛਾਣਿਆ ਜਾਂਦਾ ਹੈ। ਪਰ ਦਸਤਾਰ ਸਭ ਤੋਂ ਵਧੇਰੇ ਆਦਮੀ ਉਘਾੜਨ ਵਿਚ ਸਹਾਈ ਹੁੰਦੀ ਹੈ, ਤਦੇ ਇਕ ਮੁਟਿਆਰ ਕਹਿੰਦੀ ਹੈ:

“ਖੱਟਣ ਗਿਆ ਖੱਟ ਕੇ ਲਿਆਂਦੇ ਪਾਵੇ,

ਤੇਰੇ ਘਰ ਕੀ ਵੱਸਣਾ ਤੈਨੂੰ ਪੱਗ ਬੰਨ੍ਹਣੀ ਨਾ ਆਵੇ"

ਇਥੇ ਦਸਤਾਰ ਜਾਂ ਪੱਗੜੀ ਦਾ ਸਾਧਾਰਣ ਅਰਥ ਨਹੀਂ, ਸਗੋਂ ਦਸਤਾਰ ਜਾਂ ਪੱਗੜੀ ਸ਼ਬਦ ਵਿਸ਼ਾਲ ਅਰਥਾਂ ਵਿਚ ਵਰਤਿਆ ਗਿਆ ਹੈ। ਉਂਝ ਦਸਤਾਰ ਨੂੰ ਐਨੀ ਮਹੱਤਤਾ ਦੇਣੀ ਵੀ ਸ਼ਾਇਦ ਇਹੋ ਸਿੱਧ ਕਰਦਾ ਹੈ ਕਿ ਆਦਮੀ ਨੇ ਪਹਿਲਾਂ ਸਿਰ ਢੱਕਣਾ ਹੀ ਆਰੰਭਿਆ ਹੋਣਾ ਹੈ ਤੇ ਪੱਗੜੀ ਤੋਂ ਹੀ ਉਸਦੀਆਂ ਚੱਜ ਆਚਾਰ ਰੁੱਚੀਆਂ ਪ੍ਰਗਟ ਹੋ ਸਕਦੀਆਂ ਹਨ। ਪੱਗੜੀ ਇੱਜਤ ਦਾ ਪ੍ਰਤੀਕ ਵੀ ਹੈ, ਜਿਵੇਂ ਪੱਗ ਨੂੰ ਦਾਗ ਨਾ ਲਾਈਂ।

ਕੁੜਤਾ-ਪਜਾਮਾ[ਸੋਧੋ]

ਕੁੜਤੇ ਦੇ ਹਵਾਲੇ 11ਵੀਂ ਸਦੀ ਈ. ਤੋਂ ਮਿਲਦੇ ਹਨ।[1] ਕੁੜਤੇ ਦੀ ਵਰਤੋਂ ਛਾਤੀ ਅਤੇ ਢਿੱਡ ਨੂੰ ਢੱਕਣ ਲਈ ਕੀਤੀ ਜਾਂਦੀ ਹੈ। ਬਟਨਾਂ ਦੀ ਥਾਂ ਤਣੀਆਂ ਲੱਗੀਆਂ ਹੁੰਦੀਆਂ ਸਨ। ਪੁਰਾਤਨ ਪੰਜਾਬੀ ਇਹ ਕੁੜਤਾ ਗੋਡਿਆਂ ਤੱਕ ਪਹਿਨਦੇ ਸਨ। ਪਰ ਅੱਜ ਕੱਲ ਇਹ ਪੈਂਟਾਂ ਤੱਕ ਹੀ ਹੁੰਦਾ ਹੈ। ਕੁੜਤੇ ਦੇ ਬਟਨ ਕਈ ਵਾਰ ਸੋਨੇ ਚਾਂਦੀ ਦੇ ਲਗਵਾ ਲਏ ਜਾਂਦੇ ਹਨ। ਮਰਦਾਂ ਵਿਚ ਜ਼ਿਆਦਾਤਰ ਧੋਤੀ ਪਹਿਨੀ ਜਾਂਦੀ ਸੀ। ਕੁਝ ਕੁ ਪਜ਼ਾਮਾ ਪਹਿਨਦੇ ਸਨ। ਕੁਝ ਲੋਕ ਮੁਸਲਮਾਨਾਂ ਦੇ ਪ੍ਰਭਾਵ ਨਾਲ ਸਲਵਾਰ ਵੀ ਪਹਿਨਣ ਲੱਗੇ। ਅੱਜ ਕਲ ਸ਼ੇਰਵਾਨੀ ਵੀ ਪਹਿਨੀ ਜਾਂਦੀ ਹੈ। ਅੱਜਕਲ ਪੰਜਾਬੀ ਅੰਗਰੇਜ਼ਾਂ ਦੇ ਪ੍ਰਭਾਵ ਨਾਲ ਜੀਨਾਂ ਪਹਿਨਦੇ ਹਨ।

ਔਰਤਾਂ ਦਾ ਪਹਿਰਾਵਾ[ਸੋਧੋ]

ਚੁੰਨੀ[ਸੋਧੋ]

ਪੁਰਾਣੀਆਂ ਸੁਆਣੀਆਂ ਸਿਰ ਤੇ ਦੁਪੱਟਾ ਜਾਂ ਚੁੰਨੀ ਦੀ ਵਰਤੋਂ ਕਰਦੀਆਂ ਸਨ। ਚੁੰਨੀ ਲੈਣ ਦਾ ਕੋਈ ਇੱਕ ਸਟਾਇਲ ਨਹੀਂ ਹੈ। ਪੇਂਡੂ ਔਰਤਾਂ ਚੁੰਨੀ ਸਿਰ ਉੱਤੇ ਰੱਖਦੀਆਂ ਹਨ ਭਾਵ ਸਿਰ ਕੱਜਕੇ ਰੱਖਦੀਆਂ ਹਨ। ਪਰ ਪੜ੍ਹੀਆਂ ਲਿਖੀਆਂ ਮੁਟਿਆਰਾਂ ਅਤੇ ਸ਼ਹਿਰਨਾ ਸਿਰਫ ਗਲ ਵਿੱਚ ਪਾਉਣ ਲਈ ਹੀ ਚੁੰਨੀ ਲੈਂਦੀਆਂ ਹਨ। ਚੁੰਨੀ ਦਾ ਵੀ ਪੱਗ ਜਿੰਨਾ ਹੀ ਸਤਿਕਾਰ ਹੈ। ਦੁਪੱਟਾ (ਦੋ ਪੱਟਾ ਨੂੰ ਜੋੜ ਕੇ ਬਣਾਇਆ ਹੋਇਆ ਤਿੰਨ ਗਜ਼ ਲੰਬਾ ਤੇ ਡੇਢ ਗਜ਼ ਚੌੜਾ) ਜਾਂ ਫੁਲਕਾਰੀ ਉੱਤੇ ਬਾਰੀਕ ਮਲਮਲ ਦਾ ਦੁਪੱਟਾ ਜੋੜਿਆ ਹੋਇਆ ਹੁੰਦੀ ਹੈ। ਜਿਵੇਂ:

“ਬੁੱਕਲ ਮਾਰੋ ਖੇਸ ਦੀ ਵਾਹੁੱਟੀ ਆਈ ਲਾੜੇ ਦੇ ਮੇਚ ਦੀ

ਚੁੰਨੀ ਰੰਗਦੇ ਲਲਾਰੀਆ ਮੇਰੀ ਆਲਸੀ ਦੇ ਫੁੱਲ ਵਰਗੀ"

ਵਾਲਾਂ ਦਾ ਸ਼ਿੰਗਾਰ[ਸੋਧੋ]

ਵਾਲਾਂ ਨੂੰ ਲੁਕਾ ਕੇ ਰੱਖਣਾ ਜ਼ਰੂਰੀ ਨਹੀਂ, ਸਗੋਂ ਗੁੰਦਾ ਕੇ ਰੱਖਣਾ ਜ਼ਰੂਰੀ ਹੈ। ਸਿਰ ਦਾ ਕੋਈ ਵਾਲ ਵੀ ਐਂਵੇ ਨਾ ਰਹੇ ਇਸ ਕਰਕੇ ਪੱਟੀਆਂ ਵਿਚ ਮੋਰਾ ਢਾਲ ਕੇ ਪਾਈ ਜਾਂਦੀ ਸੀ ਕਿ ਵਾਲ ਸਾਰੇ ਬੈਠ ਜਾਣ। ਫੇਰ ਪੱਟੀਆਂ ਤੇ ਬਾਕੀ ਵਾਲਾਂ ਨੂੰ ਪਰਾਂਦਾ ਪਾ ਲੈਂਦੀਆਂ ਸਨ। ਵਿਆਹ ਵਿਚ ਲਾਲ ਪਰਾਂਦਾ ਪਾਇਆ ਜਾਂਦਾ ਸੀ। ਉਂਝ ਕਾਲੇ ਪਰਾਂਦੇ ਦੇ ਸਿਰੇ ਤੇ ਮੋਤੀ ਗੋਟਾ ਆਦਿ ਕਈ ਕੁਝ ਲਾਇਆ ਹੁੰਦਾ ਹੈ।

“ਕਾਲਾ ਪਰਾਂਦਾ ਸੱਜਨ ਨੇ ਲਿਆਂਦਾ, ਚੁੰਮ ਚੁੰਮ ਰੱਖਾਂ ਏਸ ਨੂੰ"

ਅੱਜਕਲ ਕੁੜੀਆਂ ਸਿਰ ਨਹੀਂ ਗੁੰਦਾਉਂਦੀਆਂ। ਸਿੱਧਾ ਸਿਰ ਵਾਹ ਕੇ ਪਿੱਛੇ ਗੁੱਤ ਕਰ ਲੈਂਦੀਆਂ ਹਨ ਤੇ ਰਬੜਾਂ ਪਾ ਲੈਂਦੀਆਂ ਹਨ।

ਕੁੜਤਾ[ਸੋਧੋ]

ਪੰਜਾਬ ਦੀਆਂ ਔਰਤਾਂ ਕੁੜਤੀ ਪਹਿਨਦੀਆਂ ਹਨ। ਉਹ ਉੱਚੀ ਕੁੜਤੀ ਹੀ ਪਹਿਨਦੀਆਂ ਸਨ ਕਿਉਂਕਿ ਉਹ ਇਸ ਨਾਲ ਘੱਗਰੇ ਦੀ ਵਰਤੋਂ ਕਰਦੀਆਂ ਸਨ। ਪਰ ਅੱਜ ਕੱਲ ਜ਼ਿਆਦਾ ਪੰਜਾਬਣਾ ਸਲਵਾਰ ਕਮੀਜ਼ ਹੀ ਪਹਿਨਦੀਆਂ ਹਨ। ਅੰਗਰੇਜ਼ਾਂ ਦੇ ਪ੍ਰਭਾਵ ਨਾਲ ਜੀਨ ਤੇ ਜੈਕਿਟ ਪਾਉਂਦੀਆਂ ਹਨ। ਪੁਰਾਣੀਆਂ ਔਰਤਾਂ ਕੁੜਤਾ ਸੁੱਥਣ, ਕੁੜਤਾ, ਚੂੜੀਆਂ ਵਾਲੀ ਸੁੱਥਣ, ਕਮੀਜ਼ ਸੁੱਥਣ ਆਮ ਪਹਿਨਦੀਆਂ ਸਨ। ਘੱਗਰਾ ਵਿਆਹੀਆਂ ਹੋਈਆਂ ਸੁਆਣੀਆਂ ਦੀ ਇੱਜ਼ਤ ਦਾ ਪ੍ਰਤੀਕ ਸੀ। ਹਰ ਵਿਆਹੀ ਜ਼ਨਾਨੀ ਨੂੰ ਸਹੁਰੀ ਸਾਰੀ ਉਮਰ ਘਰੋਂ ਬਾਹਰ ਜਾਣ ਸਮੇਂ ਘੱਗਰਾ ਪਾਉਣਾ ਜ਼ਰੂਰੀ ਸੀ। ਪੁਰਾਣੇ ਸਮੇਂ ਵਿਚ ਭਾਵੇਂ ਕੁਆਰੀਆਂ ਕੁੜੀਆਂ ਨਿੱਕੀਆਂ ਨਿੱਕੀਆਂ ਘੱਗਰੀਆਂ ਪਾਉਂਦੀਆਂ ਸਨ। ਵੱਡੀਆਂ ਸੁਆਣੀਆਂ ਕਾਲੇ ਸੂਫ ਦਾ ਘੱਗਰਾ ਬਹੁਤ ਚਾਅ ਨਾਲ ਪਾਉਂਦੀਆਂ ਸਨ। ਜੇ ਘੱਗਰਾਾ ਨਾ ਮਿਲੇ ਤਾਂ ਗਾਉਂਦੀਆਂ ਸਨ:

“ਲੰਬੜਦਾਰਾ, ਬੜੇ ਸਰਦਾਰਾ

ਕਾਹਦੀ ਸਰਦਾਰੀ

ਘੱਗਰਾ ਨਾ ਆਇਆ ਸੂਫ ਦਾ।"

ਘੱਗਰਾ ਸੁਆਣੀ ਦੇ ਪਤੀ ਦੀ ਆਰਥਿਕ ਤੇ ਸਮਾਜਿਕ ਮਿਆਰ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਸੀ। ਨੀਵਾਂ ਭਾਵ ਪੈਰਾਂ ਨੂੰ ਲੁਕਾਉਣ ਵਾਲਾ ਘੱਗਰਾ ਵੱਡੇ ਘਰਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ ਤਦੇ ਸੁਆਣੀ ਕਹਿੰਦੀ ਹੈ:

“ਘੱਗਰੇ ਦੀ ਲੌਣ ਮੇਰੇ ਪੈਂਰੀ ਪੈਂਦੀ ਹੈ

ਸ਼ਰੀਕਾਂ ਦਾ ਬੋਲ ਮੇਰੀ ਜੁੱਤੀ ਸਹਿੰਦੀ ਹੈ"

ਜੁੱਤੀ[ਸੋਧੋ]

ਪੁਰਾਣੇ ਆਦਮੀ ਪੈਂਰੀ ਧੌੜੀ ਦੀ ਜੁੱਤੀ ਪਾਉਂਦੇ ਸਨ ਤੇ ਸੁਆਣੀਆਂ ਜ਼ਰੀ ਦੀ ਜੁੱਤੀ ਪਾਉਂਦੀਆਂ ਸਨ। ਅਮੀਰ ਘਰਾਂ ਵਿਚ ਆਦਮੀ ਲੰਬੀਆਂ ਨੋਕਾਂ ਵਾਲੀਆਂ ਤਿੱਲੇ ਵਾਲੀਆਂ ਜੁੱਤੀਆਂ ਪਾਉਂਦੇ ਸਨ। ਜ਼ਨਾਨੀਆਂ ਦੀਆਂ ਵੀ ਤਿੱਲੇ ਵਾਲੀਆਂ ਜੁੱਤੀਆਂ ਹੁੰਦੀਆਂ ਸਨ। ਕਸੂਰ ਦੀ ਜੁੱਤੀ ਬਹੁਤ ਪ੍ਰਸਿੱਧ ਸੀ:

“ਜੁੱਤੀ ਕਸੂਰੀ ਆਈ ਨਾ ਪੂਰੀ ਹਾਏ ਵੇ ਰੱਬਾ ਸਾਨੂੰ ਤੁਰਨਾ ਪਿਆ"

ਅੱਜ ਕੱਲ੍ਹ ਨਵੇਂ ਤਰ੍ਹਾਂ ਦੇ ਸਲੀਪਰ, ਆਮ ਸੈਂਡਲ, ਚੱਪਲਾਂ ਆਦਿ ਪਾਉਂਦੀਆਂ ਹਨ।

ਹਵਾਲੇ[ਸੋਧੋ]

ਸਰੋਤ ਅਤੇ ਟਿੱਪਣੀਆਂ[ਸੋਧੋ]

  1. ਹਾਰ ਸ਼ਿੰਗਾਰ ਤੇ ਪਹਿਰਾਵਾ ਪੰਜਾਬ, ਗੁਲਜ਼ਾਰ ਸਿੰਘ ਸੰਧੂ, ਪੰਨਾ-40, ਪੰਜਾਬੀ ਸਭਿਆਚਾਰ ਸਿਧਾਂਤ ਤੇ ਵਿਹਾਰ, ਬਲਬੀਰ ਸਿੰਘ ਪੁੰਨੀ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 1998, ਪੰਨਾ-72, 73।
  2. ਸੱਭਿਆਚਾਰ ਸਿਧਾਂਤ ਤੇ ਵਿਹਾਰ, ਬਲਬੀਰ ਸਿੰਘ ਪੁੰਨੀ, ਰੂਹੀ ਪ੍ਰਕਾਸ਼ਨ ਅੰਮ੍ਰਿਤਸਰ, 1998, ਪੰਨਾ-79।
  3. ਪੰਜਾਬੀ ਸਭਿਆਚਾਰ ਇਕ ਦ੍ਰਿਸ਼ਟੀਕੋਣ, ਗੁਰਦਿਆਲ ਸਿੰਘ ਫੁੱਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-37।
  4. ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ, ਪਟਿਆਲਾ, 1986, ਪੰਨਾ-188।
  5. ਪੰਜਾਬੀ ਸਭਿਆਚਾਰ ਇਕ ਦ੍ਰਿਸ਼ਟੀਕੋਣ, ਗੁਰਦਿਆਲ ਸਿੰਘ ਫੁੱਲ, ਪਬਲੀਕੇਸ਼ਨ ਬਿਊਰੋ ਭਾਸ਼ਾ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-41
  6. ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ, ਪਟਿਆਲਾ, 1986, ਪੰਨਾ-188।
  7. ਪੰਜਾਬੀ ਸਭਿਆਚਾਰ ਇਕ ਦ੍ਰਿਸ਼ਟੀਕੋਣ, ਗੁਰਦਿਆਲ ਸਿੰਘ ਫੁੱਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-43

ਹਵਾਲਾ ਪੁਸਤਕਾਂ[ਸੋਧੋ]

  1. ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਡਾ. ਜਸਵਿੰਦਰ ਸਿੰਘ , ਗਰੇਸਿਅਸ, 2014।
  2. ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਭੁਪਿੰਦਰ ਸਿੰਘ ਖਹਿਰਾ, ਪੈਪਸੂ ਬੁੱਕ ਡਿਪੂ ਬੁੱਕਸ ਮਾਰਕੀਟ, ਪਟਿਆਲਾ, 2013।
  3. ਪੰਜਾਬੀ ਸਭਿਆਚਾਰ ਇਕ ਦ੍ਰਿਸ਼ਟੀਕੋਣ, ਗੁਰਦਿਆਲ ਸਿੰਘ ਫੁੱਲ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ।
  4. ਪੰਜਾਬੀ ਸਭਿਆਚਾਰ ਸਿਧਾਂਤ ਤੇ ਵਿਹਾਰ, ਬਲਬੀਰ ਸਿੰਘ ਪੁੰਨੀ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, 1998।
  5. ਲੋਕ ਕਲਾ ਅਤੇ ਸਭਿਆਚਾਰ, ਮੁੱਢਲੀ ਜਾਣ ਪਛਾਣ, ਡਾ. ਜੀਤ ਸਿੰਘ ਜੋਸ਼ੀ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ।
  6. ਗੁਲਜ਼ਾਰ ਸਿੰਘ ਸੰਧੂ, ‘ਹਾਰ ਸਿੰਗਾਰ ਤੇ ਪਹਿਰਾਵਾ` ਪੰਜਾਬ।