ਸਮੱਗਰੀ 'ਤੇ ਜਾਓ

ਪੰਜਾਬੀ ਸੂਫ਼ੀ ਕਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ।

ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ।

ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ. ਵਿੱਚ ਸ਼ੇਖ ਫ਼ਰੀਦ ਦੇ ਜਨਮ ਨਾਲ ਸੂਫ਼ੀਵਾਦ ਵਿੱਚ ਹੋਰ ਪਕਿਆਈ ਆ ਜਾਂਦੀ ਹੈ। ਸ਼ੇਖ ਫ਼ਰੀਦ ਅਤੇ ਇਸ ਤੋਂ ਬਾਅਦ ਹੋਣ ਵਾਲੇ ਸੂਫ਼ੀ ਕਵੀਆਂ ਨੇ ਸਾਦਗੀ, ਨਿਮਰਤਾ, ਰੱਬ ਦੀ ਰਜ਼ਾ ਵਿੱਚ ਰਹਿਣ, ਆਪਣੇ ਗੁਰੂ ਦੇ ਦੱਸੇ ਰਾਹਾਂ ਤੇ ਚੱਲਣ ਦਾ ਜ਼ਿਕਰ ਆਪਣੀ ਬਾਣੀ ਜਾਂ ਸ਼ਾਇਰੀ ਵਿੱਚ ਕੀਤਾ। ਮਸਤੀ ਭਰੇ ਜੀਵਨ ਵਿੱਚ ਵਿਚਰੇ ਇਹਨਾਂ ਸੂਫ਼ੀ ਕਵੀਆਂ ਬਾਰੇ ਅਸੀਂ ਹੇਠ ਲਿਖੇ ਅਨੁਸਾਰ ਜਾਣ-ਪਛਾਣ ਕਰਾਂਗੇ।

ਬਾਬਾ ਫ਼ਰੀਦ (ਸ਼ੇਖ ਫਰੀਦੁੱਦੀਨ ਮਸਊਦ ਗੰਜਿ-ਸ਼ੰਕਰ) ਦਾ ਜਨਮ ਜ਼ਿਲ੍ਹਾ ਮੁਲਤਾਨ ਦੇ ਪਿੰਡ ਖੋਤਵਾਲ ਵਿੱਚ 1173 ਈ: ਨੂੰ ਰਮਜ਼ਾਨ ਮਹੀਨੇ ਦੀ ਪਹਿਲੀ ਤਾਰੀਖ ਨੂੰ ਜਮਾਲੁਦੀਨ ਸੁਲੇਮਾਨ ਤੇ ਬੀਬੀ ਕ੍ਰਸੂਮ ਦੇ ਘਰ ਹੋਇਆ। ਪਿਤਾ ਵੱਲੋਂ ਆਪ ਗ਼ਜਨੀ ਦੇ ਸ਼ਾਹੀ ਖਾਨਦਾਨ ਨਾਲ ਸੰਬੰਧਿਤ ਸਨ ਅਤੇ ਮਾਤਾ ਵੱਲੋਂ ਹਜ਼ਰਤ ਅਬਾਸ ਅਤੇ ਹਜ਼ਰਤ ਅਲੀ ਦੇ ਪਵਿੱਤਰ ਘਰਾਣੇ ਨਾਲ।

ਫ਼ਰੀਦ ਜੀ ਦੀ ਸਮੁੱਚੀ ਸ਼ਖਸ਼ੀਅਤ ਨੂੰ ਉਸਾਰਨ ਵਿੱਚ ਆਪ ਜੀ ਦੀ ਮਾਤਾ ਜੀ ਦਾ ਬਹੁਤ ਵੱਡਾ ਹੱਥ ਸੀ। ਆਪਣੀ ਮਾਤਾ ਜੀ ਦੀ ਪਵਿੱਤਰ ਤੇ ਬੰਦਗੀ ਵਾਲੀ ਸ਼ਖਸ਼ੀਅਤ ਦੇ ਪ੍ਰਭਾਵ ਥੱਲੇ ਫ਼ਰੀਦ ਜੀ ਬਚਪਨ ਵਿੱਚ ਹੀ ਪੱਕੇ ਨਮਾਜ਼ੀ ਬਣ ਗਏ ਸੀ ਅਤੇ ਪ੍ਰਭੂ ਭਗਤੀ ਵਿੱਚ ਲਿਵਲੀਨ ਹੋ ਗਏ ਸੀ। ਪਿੰਡ ਵਿੱਚ ਆਪ ਨੂੰ ‘ਕਾਜ਼ੀ ਬੱਚਾ ਦੀਵਾਨਾ` ਕਿਹਾ ਜਾਂਦਾ ਸੀ। ਫ਼ਰੀਦ ਜੀ ਦੀ ਮੁੱਢਲੀ ਵਿੱਦਿਆ ਪਿੰਡ ਦੇ ਹੀ ਮਦਰੱਸੇ ਵਿੱਚ ਮੌਲਾਨਾ ਮਿਨਹਾਜ਼-ਉਦ-ਦੀਨ ਤੋਂ ਸ਼ੁਰੂ ਹੋਈ। ਪਰ ਅਗਲੇਰੀ ਧਾਰਮਿਕ ਵਿੱਦਿਆ ਮੁਲਤਾਨ ਦੇ ਇੱਕ ਮਦਰੱਸੇ ਵਿੱਚ ਹੋਈ ਜਿਥੇ ਆਪ ਖ਼ਵਾਜਾ ਕੁੱਤਬੱਦੀਨ ਬਖਤਿਆਰ ਕਾਕੀ ਦੇ ਸੰਪਰਕ ਵਿੱਚ ਆਏ ਅਤੇ ਆਪ ਬਖ਼ਤਿਆਰ ਕਾਕੀ ਦੇ ਮੁਰੀਦ ਬਣ ਗਏ। ਇਸ ਤੋਂ ਬਾਅਦ ਆਪ ਨੇ ਰੂਹਾਨੀ ਸਫ਼ਰ ਦੀ ਯਾਤਰਾ ਸ਼ਰੂ ਕੀਤੀ। ਆਪਣੇ ਮੁਰਸ਼ਦ ਦੇ ਦੇਹਾਂਤ ਤੋਂ ਬਾਅਦ ਆਪ ਚਿਸ਼ਤੀ ਸਿਲਸਿਲੇ ਦੇ ਖ਼ਲੀਫਾ ਬਣੇ। ਆਪ ਜੀ ਦਾ ਸਾਰਾ ਜੀਵਨ ਫ਼ਕੀਰੀ, ਬੰਦਗੀ, ਸਾਦਗੀ, ਸੰਜਮ, ਸਬਰ, ਸ਼ੁਕਰ ਦੀ ਸਖਸ਼ੀਅਤ ਵਾਲਾ ਸੀ। ਬਾਬਾ ਫ਼ਰੀਦ ਜੀ ਦੀ ਮੌਤ 93 ਸਾਲ ਦੀ ਉਮਰ ਵਿੱਚ 1266 ਈ: ਵਿੱਚ ਹੋਈ। ਆਪ ਚਿਸ਼ਤੀ ਸੂਫ਼ੀ ਸਿਲਸਿਲੇ ਦੀ ਪਹਿਚਾਣ ਅਤੇ ਰੂਹਾਨੀ ਮਹਾਨਤਾ ਵਾਲੇ ਫ਼ਕੀਰ ਸਨ। ਜਿਸ ਕਾਰਨ ਅੱਜ ਵੀ ਲੱਖਾਂ ਲੋਕ ਸ਼ੇਖ ਫਰੀਦੁੱਦੀਨ ਮਸਊਦ ਦੀ ਜਨਮ ਤੇ ਮੰਥਨ-ਭੂਮੀ ਨੂੰ ‘ਬਹਿਸ਼ਤੀ ਦਰਵਾਜਾ` ਆਖ ਕੇ ਪਾਕਪਟਨ ਵਿੱਚ ਆਪ ਜੀ ਦੀ ਮਜ਼ਾਰ ਉੱਤੇ ਮੱਥੇ ਟੇਕਦੇ ਤੇ ਦੁਆਵਾਂ ਮੰਗਦੇ ਹਨ।

ਬਾਬਾ ਫ਼ਰੀਦ ਜੀ ਮਹਾਨ ਸੂਫ਼ੀ ਕਵੀ ਸਨ। ਆਪ ਜੀ ਦੇ 112 ਸਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ | 2 ਸ਼ਬਦ ਰਾਗ ਆਸਾ ਵਿੱਚ ਹਨ ਅਤੇ ਦੋ ਸ਼ਬਦ ਰਾਗ ਸੂਹੀ ਵਿੱਚ ਹਨ। ਆਪ ਜੀ ਦੀ ਬਾਣੀ ਦੇ ਮੁੱਖ ਵਿਸ਼ੇ ਸਰੀਰ ਦੀ ਨਾਸ਼ਮਾਨਤਾ, ਮੁਰਸ਼ਦ ਦੀ ਲੋੜ, ਆਪੇ ਦੀ ਪਛਾਣ, ਸਹਿਣਸ਼ੀਲਤਾ,ਨਿਮਰਤਾ, ਪਰਮਾਤਮਾ ਪ੍ਰੇਮ, ਭਾਣਾ ਮੰਨਣ ਉੇੱਤੇ ਜ਼ੌਰ, ਸਾਦਾ ਜੀਵਨ ਜਿਉਣ ਵਾਲੇ ਹਨ।

ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ॥
ਗੁਨਹੀ ਭਰਿਆ ਮੈ ਫਿਰਾ ਲੋਕ ਕਹੈ ਦਰਵੇਸੂ॥1॥
ਫਰੀਦਾ ਚਾਰਿ ਗਵਾਟਿਾ ਹੰਢਿ ਕੇ ਚਾਰਿ ਗਵਾਇਆ ਸੰਮਿ॥
ਲੇਖਾ ਰਬ ਮੰਗੇਸੀਆ ਤੂੰ ਆਹੋ ਕੇਰੇ ਕੰਮਿ॥ 29॥

ਪੰਜਾਬੀ ਸੂਫ਼ੀ ਕਵੀਆਂ ਵਿਚੋਂ ਸ਼ੇਖ ਫ਼ਰੀਦ ਜੀ ਤੋਂ ਬਾਅਦ ਪ੍ਰਸਿੱਧ ਸੂਫ਼ੀ ਕਵੀ ਸ਼ਾਹ ਹੂਸੈਨ ਹੋਇਆ। ਸ਼ਾਹ ਹੁਸੈਨ ਉਹਨਾਂ ਰਹੱਸਵਾਦੀ ਸੂਫ਼ੀਆਂ ਵਿਚੋਂ ਹੈ, ਜਿਹਨਾਂ ਨੂੰ ਰੂਹਾਨੀਅਤ ਦੇ ਨਸ਼ੇ ਵਿੱਚ ਦੀਨ-ਦੁਨੀਆਂ ਬੇਅਰਥ ਲੱਗਦੀ ਹੈ। ਸ਼ਾਹ ਹੁਸੈਨ ਦਾ ਜਨਮ 1539 ਈ: ਨੂੰ ਲਾਹੌਰ ਵਿੱਚ ਹੋਇਆ। ਉਸਦਾ ਦਾਦਾ ਕਲੂਸ ਇੱਕ ਹਿੰਦੂ ਸੀ ਅਤੇ ਉਸਦਾ ਪਿਤਾ ਨਉਸੈਖ ਉਸਮਾਨ ਜੁਲਾਹੇ ਦਾ ਕੰਮ ਕਰਦਾ ਸੀ। ਛੋਟੀ ਉਮਰ ਵਿਚ ਹੀ ਸ਼ਾਹ ਹੁਸੈਨ ਨੂੰ ਅਬੂ-ਬਕਰ ਪਾਸ ਪੜਨੇ ਪਾਇਆ ਗਿਆ ਤੇ ਆਪ ਕੁਰਾਨ ਦੇ ਹਾਫ਼ਜ ਬਣ ਗਏ। ਇਸ ਤੋਂ ਬਾਅਦ ਸ਼ਾਹ ਹੁਸੈਨ, ਬਹਿਲੋਲ ਸ਼ਾਹ ਦਾ ਮੁਰੀਦ ਬਣ ਗਿਆ। ਬਹਿਲੋਲ ਸ਼ਾਹ ਦੇ ਕਹਿਣ ਉੇਤੇ ਹੀ ਸ਼ਾਹ ਹੂਸੈਨ ਨੇ ਲਾਹੌਰ ਵਿਚੇ ਦਾਤਾ ਗੰਜ ਬੱਖ਼ਸ਼ ਦੇ ਦੇ ਮਜ਼ਾਰ ਉੱਤੇ ਸਖ਼ਤ ਸਾਧਨਾ ਕੀਤੀ। ਸ਼ਾਹ ਹੁਸੈਨ ਆਪਣੇ ਸਮੇਂ ਲਾਲ ਹੁਸੈਨ ਤੇ ਮਾਧੋ ਲਾਲ ਹੁਸੈਨ ਦੇ ਨਾਂ ਨਾਲ ਵੀ ਪਹਿਚਾਣੇ ਜਾਂਦੇ ਸਨ। ਸ਼ਾਹ ਹੁਸੈਨ ਨੇ ਮੁੱਢਲੇ 26 ਸਾਲ ਇਸਲਾਮੀ ਰਹਿਤ-ਮਰਾਯਾਦਾ ਤੇ ਕੁਰਾਨੀ ਅਧਿਐਨ ਵਿਚ ਬਿਤਾਏ। ਇਸ ਸਮੇਂ ਵਿਚ ਉਹ ਕੁਰਾਨ-ਸ਼ਰੀਫ ਦੀ ਰੂਹਾਨੀ ਵਿਆਖਿਆ ਪੜਦਿਆਂ ‘ਹਾਲ` ਦੀ ਅਵੱਸਥਾ ਵਿੱਚ ਪਹੁੰਚ ਗਿਆ ਜਿਸ ਤੋਂ ਬਾਅਦ ਹਮੇਸ਼ਾ ਲਈ ਉਹ ਮਸਤੀ ਦੇ ਆਲਿਮ ਵਿੱਚ ਰਹਿਣ ਲੱਗਾ। ਉਹ ਅਕਸਰ ਕੱਵਾਲਾਂ ਦੀ ਸੰਗਤ ਵਿੱਚ ਨੱਚਣ ਤੇ ਗਾਉਣ ਤੋਂ ਬਾਅਦ ਵਜਦ ਦੀ ਅਵੱਸਥਾ ਵਿਚ ਪਹੁੰਚ ਗਿਆ ਮਹਿਸੂਸ ਕਰਦਾ। ਇਸ ਤੋਂ ਬਾਅਦ ਦੀ ਅਵਸਥਾ ਵਿੱਚ ਸ਼ਾਹ ਹੁਸੈਨ ਨੂੰ ਸ਼ਰੀਅਤ ਦੀ ਅਵਸਥਾ ਵਿੱਚ ਕੀਤੀਆਂ ਜਾਂਦੀਆਂ ਧਾਰਮਿਕ ਰਸਮਾਂ ਤੇ ਰਵਾਇਤਾਂ ਬੇਅਰਥ ਲੱਗਣ ਲੱਗੀਆਂ ਤੇ ਉਸ ਦੀ ਇਸੇ ਮਾਨਸਿਕ ਤਬਦੀਲੀ ਨੇ ਉਸ ਨੂੰ ‘ਮਲਾਮਤੀ ਸੂਫ਼ੀ` ਵਜੋਂ ਸਥਾਪਿਤ ਕੀਤਾ। ਮਲਾਮਤੀ ਸੂਫ਼ੀ ਵਜੋਂ ਉਸ ਨੂੰ ਕੱਟੜਪੰਥੀ ਮੁਲਾਣਿਆਂ, ਕਾਜ਼ੀਆਂ ਦਾ ਵਿਰੋਧ ਵੀ ਸਹਿਣਾ ਪਿਆ, ਪਰ ਸ਼ਾਹ ਹੁਸੈਨ ਨੇ ਬੇਪ੍ਰਵਾਹੀ ਤੇ ਮਸਤੀ ਦਾ ਪੱਲਾ ਨਾ ਛੱਡਿਆ। ਕੱਟੜ ਧਰਮੀ ਉਸ ਨੂੰ ‘ਦੀਵਾਨਾ` ਕਹਿੰਦੇ ਸਨ।ਕਿਉਂਕਿ ਉਸਨੂੰ ਨਮਾਜ਼, ਰੋਜ਼ੇ ਦਾ ਖਿਆਲ ਨਹੀਂ ਸੀ ਰਿਹਾ।

ਸ਼ਾਹ ਹੁਸੈਨ ਦੀਆਂ ਪੰਜਾਬੀ ਵਿੱਚ 164 ਕਾਫ਼ੀਆਂ ਲੱਭਦੀਆਂ ਹਨ। ਇਨ੍ਹਾਂ ਕਾਫ਼ੀਆਂ ਵਿੱਚ ਸ਼ਾਹ ਹੁਸੈਨ ਅੱਲ੍ਹਾ ਦੇ ਸੱਚੇ ਰਿਸ਼ਤੇ ਨੂੰ ਮਹੱਤਵ ਦਿੰਦਾ ਹੈ ਤੇ ਨਾਸ਼ਵਾਨ ਸੰਸਾਰ ਦੀ ਕਪਟੀ ਦੁਨੀਆ ਦੇ ਕਪਟੀ ਵਿਵਹਾਰ ਤੋਂ ਮੂੰਹ ਫੇਰਦਾ ਹੈ।

ਅੰਦਰ ਤੂੰ ਹੈ ਬਾਹਰ ਤੂੰ ਹੈ, ਰਮੋ ਰੋਮ ਵਿਚ ਤੂੰ
ਤੂੰ ਹੀ ਤਾਣਾ, ਤੂੰ ਹੀ ਬਾਣਾ, ਸੱਭ ਕਿਛ ਮੇਰਾ ਤੂੰ
ਕਹੇ ਹੁਸੈਨ ਫ਼ਕੀਰ ਨਿਮਾਣਾ, ਮੈਂ ਨਾਹੀਂ ਸੱਭ ਤੂੰ।

ਸ਼ਾਹ ਹੁਸੈਨ ਦਾ ਦੇਹਾਂਤ 6 ਜਨਵਰੀ 1600 ਈ: ਨੂੰ ਲਾਹੌਰ ਵਿੱਚ ਹੀ ਹੋਇਆ, ਇਥੇ ਉਸਦਾ ਮਜ਼ਾਰ ਰਾਵੀ ਕੰਢੇ (ਸ਼ਾਹਦਰਾ) ਸਥਾਪਿਤ ਹੋਇਆ, ਜ਼ੋ ਦਰਿਆ ਵਿੱਚ ਆਏ ਕਿਸੇ ਹੜ੍ਹ ਕਾਰਨ ਵਹਿ ਗਿਆ। ਪਿੱਛੋਂ ਇਹ ਮਜ਼ਾਰ ਬਾਗ਼ਬਾਨਪੁਰਾ (ਲਾਹੌਰ) ਵਿੱਚ ਬਣਾਇਆ ਗਿਆ।  

ਨੌਸ਼ੁਹ ਗੰਜ ਬਖਸ਼ (1552-1654)

[ਸੋਧੋ]

ਨੌਸ਼ੁਹ ਗੰਜ ਬਖ਼ਸ਼ ਕਾਦਿਰੀ ਸੂਫੀਆਂ ਵਿਚੋਂ ਸੀ। ਉਸਦਾ ਜਨਮ 1552 ਈ: ਵਿੱਚ ਤਹਿਸੀਲ ਫ਼ਾਲੀਏ ਦੇ ਪਿੰਡ ਘੋਗਾਵਾਲੀ ਵਿੱਚ ਹੋਇਆ। ਮੁੱਢਲੀ ਕੁਰਾਨੀ ਵਿੱਦਿਆ ਮਦਰੱਸੇ ਵਿਚੋਂ ਲੈਣ ਬਾਅਦ ਉਸਨੇ ਸ਼ਾਹ ਸੁਲੇਮਾਨ ਨੂਰੀ ਨੂੰ ਭਲਵਲ ਵਿਖੇ ਆਪਣਾ ਮੁਰਸ਼ਿਦ ਧਾਰਨ ਕੀਤਾ। ਅਧਿਆਤਮ ਅਗਵਾਈ ਲੈਣ ਤੋਂ ਬਾਅਦ ਮੁਰਸ਼ਿਦ ਦੀ ਇੱਛਾ ਅਨੁਸਾਰ ਨੌਸ਼ਹਿਰਾ ਤਾਰੜਾ (ਸਾਹਨੇਵਾਲ) ਵਿੱਚ ਜਾ ਟਿਕਾਣਾ ਲਾਇਆ ਅਤੇ ਇਥੇ ਹੀ ਸਮੁੱਚਾ ਜੀਵਨ ਇਸਲਾਮ ਤੇ ਕਾਦਿਰੀ ਸਿਲਸਿਲੇ ਦੇ ਪ੍ਰਚਾਰ ਵਿੱਚ ਬਿਤਾਉਣ ਤੋਂ ਬਾਅਦ 17 ਜਨਵਰੀ, 1654 ਈ: ਨੂੰ ਅਕਾਲ-ਚਲਾਣਾ ਕਰ ਗਏ।

ਨੌਸ਼ੁਹ ਗੰਜ ਬਖ਼ਸ਼ ਦੀ ਕਾਵਿ ਰਚਨਾ ‘ਗੰਜਿ ਸ਼ਰੀਫ਼` ਨਾਮ ਦੀ ਪੁਸਤਕ ਦੇ ਰੂਪ ਵਿੱਚ ਮਿਲਦੀ ਹੈ। ਇਸ ਵਿੱਚ ਉਸਦੀ ਉਰਦੂ ਤੇ ਸਿੰਧੀ ਭਾਸ਼ਾ ਵਿੱਚ ਰਚੀ ਸ਼ਾਇਰੀ ਵੀ ਸ਼ਾਮਿਲ ਹੈ। ਪੰਜਾਬੀ ਸ਼ਾਇਰੀ ਵਿੱਚ ਠੇਠ ਪੰਜਾਬੀ ਮੁਹਾਵਰਾ ਤੇ ਲਹਿਜਾ ਹੈ। ਨੌਸ਼ੁਹ ਗੰਜ ਬਖ਼ਸ਼ ਲਈ ਦੀਨ/ਈਮਾਨ ਜਾਨ ਤੋਂ ਵੱਡੀ ਗੱਲ ਹੈ ਤੇ ਇਸ ਦੀ ਖ਼ਾਤਿਰ ਕੁਰਬਾਨੀ ਤੋਂ ਨਹੀਂ ਡਰਨਾ ਚਾਹੀਦਾ।ਉਹ ਮਨਮੁੱਖੀ ਗਿਆਨੀਆਂ (ਮੌਲਾਣਿਆ) ਨੂੰ ਰੱਬ ਤੋਂ ਦੂਰ ਮੰਨਦਾ ਹੈ। ਜਿਹੜੇ ਲੋਕਾਂ ਨੂੰ ਰੱਬ ਦੇ ਨਾ ਤੇ ਲੜਾਉਣ ਤੇ ਫਿਰਕਾਪ੍ਰਸਤੀ ਫੈਲਾਉਣ ਵਾਲੇ ਫ਼ਤਾਵੇ ਦਿੰਦੇ ਹਨ।

ਨੋਸ਼ਹੁ ਦੀਨ ਨ ਛੱਡੀਏ, ਛੱਡੀਏ ਦੇਹ ਪ੍ਰਾਨ।
ਅੱਗੇ ਪਿੱਛੇ ਮਰਨਾ, ਕਿਉਂ ਛੱਡੀਏ ਈਮਾਨ।
ਨੌਸ਼ਹੁ ਦੀਨੋਂ ਬਦਲਿਆਂ, ਉਮਰ ਨਾ ਵੱਡੀ ਹੋਇ।
ਮੁਰਸ਼ਿਦ ਸੰਦੀ ਰਾਹ ਮਰ, ਸੱਚ ਤੇ ਸੱਚ ਖੜੋਇ।

ਸ਼ਾਹ-ਸ਼ਰਫ਼ ਬਟਾਲਵੀ ਦਾ ਜਨਮ 1640 ਈ: ਵਿੱਚ ਬਟਾਲਾ ਜਿਲ੍ਹਾਂ ਗੁਰਦਾਸਪੁਰ ਵਿੱਚ ਹੋਇਅ। ਉਸਦਾ ਦਾਦਾ ਇੱਕ ਹਿੰਦੂ ਸੀ ਅਤੇ ਕਾਨੂੰਨਗੋ ਦੇ ਤੌਰ ਤੇ ਸਰਕਾਰੀ ਮੁਲਾਜ਼ਮ ਸੀ।ਪਰਿਵਾਰਕ ਕਲੇਸ਼ ਨੇ ਉਸਦਾ ਮਨ ਉਚਾਟ ਕਰ ਦਿੱਤਾ ਅਤੇ ਉੋਸ ਨੇ ਫ਼ਕੀਰੀ ਧਾਰਨ ਕਰ ਲਈ। ਉਸ ਨੇ ਲਾਹੌਰ ਜਾ ਕੇ ਸ਼ਹਿਰ ਦੇ ਕਾਦਰੀ ਸੂਫ਼ੀ ਸ਼ੇਖ ਮੁਹੰਮਦ ਫ਼ਾਜਿ਼ਲ ਨੂੰ ਮੁਰਸ਼ਿਦ ਧਾਰਨ ਕਰ ਲਿਆ। ਇਥੇ ਹੀ ਮੁਰਸ਼ਦ ਦੀ ਅਗਵਾਈ ਵਿੱਚ ਇਬਾਦਤ ਦੇ ਨਾਲ-ਨਾਲ ਪੰਜਾਬੀ ਸ਼ਾਇਰੀ ਵਿਚ ਰੱਬ ਨਾਲ ਪ੍ਰੇਮ, ਸਿਮਰਨ ਸੇਵਾ ਤੇ ਦੁਨੀਆਂ ਦੀ ਨਾਸ਼ਮਾਨਤਾ ਜਿਹੇ ਸੂਫ਼ੀਆਨਾ ਖਿ਼ਆਲ ਪ੍ਰਗਟ ਕਰਦੇ ਰਹੇ।

ਉਸਦੀਆਂ ਪੰਜਾਬੀ ਰਚਨਾਵਾਂ ਵਿੱਚ ਵਿਚੋਂ ਸ਼ੁੱਤਰਨਾਮਾ, ਦੋਹੜੇ, ਕਾਫ਼ੀਆਂ ਲੱਭਦੀਆਂ ਹਨ। ਇਨ੍ਹਾਂ ਰਚਨਾਵਾਂ ਵਿਚੋਂ ਸਿੱਧ ਹੁੰਦਾ ਹੈ ਕਿ ਉਹ ਉੱਚੇ-ਦਰਜੇ ਦਾ ਸੂਫ਼ੀ ਵਿਦਵਾਨ ਸੀ। ਸ਼ਾਹ ਸਰਫ਼ ਰੱਬ ਦੀ ਪ੍ਰਾਪਤੀ ਲਈ ਇਸ ਨਾਸ਼ਵਾਨ ਦੁਨੀਆਂ ਵਿਚ ਦੁਨਿਆਵੀ ਖਾਹਿਸ਼ਾਂ ਨੂੰ ਮਾਰ ਕੇ ‘ਮਰ-ਮਰ ਜੀਵਨ` ਦਾ ਅਧਿਆਤਮਕ ਸੰਕਲਪ ਦਿੰਦਾ ਹੈ। ਉਸ ਅਨੁਸਾਰ ਰੱਬ ਨੂੰ ਪਾਉਣ ਲਈ ਰੂਈਂ ਵਾਂਗ ਜੀਵਨ ਨੂੰ ਤੂੰਬਾ-ਤੂੰਬਾ ਕਰਨਾ ਪੈਂਦਾ ਹੈ। 1724. ਈ ਵਿੱਚ ਸ਼ਾਹ-ਸ਼ਰਫ਼ ਦਾ ਦੇਹਾਂਤ ਲਾਹੌਰ ਵਿਖੇ ਹੀ ਹੋਇਆ। ਉਸਦਾ ਮਜ਼ਾਰ ਲਾਹੌਰ ਜ਼ੇਲ੍ਹ ਦੇ ਨਜ਼ਦੀਕ ਹੁਣ ਤੀਕ ਮੌਜ਼ੂਦ ਹੈ।

ਇੳਂ ਪ੍ਰੇਮ ਪਿਆਲਾ ਪੀਵਣਾ, ਜਗ ਅੰਦਰ ਮਰ ਮਰ ਜੀਵਣਾ।
ਵਿਚ ਆਰਣ ਤਾਵਣ ਤਾਈ, ਅਤੇ ਅਹਿਰਣ ਸੱਟ ਸਹਾਈਐ।

ਸੁਲਤਾਨ ਬਾਹੂ ਅਰਬੀ ਫ਼ਾਰਸੀ ਦਾ ਇੱਕ ਸਿਰਕੱਢ ਸੂਫ਼ੀ ਵਿਦਵਾਨ ਪ੍ਰਵਾਨਿਤ ਹੋਣ ਤੋਂ ਇਲਾਵਾ ਪੰਜਾਬ ਤੇ ਪੰਜਾਬੀ ਦਾ ਵੀ ਇੱਕ ਹਰਮਨ-ਪਿਆਰਾ ਸੂਫ਼ੀ ਕਵੀ ਹੋ ਨਿਬੜਿਆ। ਉਸ ਦੀ ਪੰਜਾਬੀ ਰਚਨਾ ਵਿਚਲੀ ‘ਹੂ` ਅੱਜ ਤੱਕ ਪੰਜਾਬੀਆਂ ਦੇ ਦਿਲਾਂ ਦੀ ਹੂਕ ਬਣੀ ਹੋਈ ਹੈ।

ਸੁਲਤਾਨ ਬਾਹੂ ਦਾ ਜਨਮ 1629 ਈ: ਨੂੰ ਤਹਿਸੀਲ ਸ਼ੇਰਕੋਟ, ਜਿਲ੍ਹਾ ਝੰਗ ਦੇ ਪਿੰਡ ਆਵਾਣ ਵਿੱਚ ਜ਼ਿਮੀਦਾਰ ਬਾਜ਼ੀਦ ਮੁਹੰਮਦ ਦੇ ਘਰ ਹੋਇਆ। ਮਾਤਾ ਰਾਸਤੀ ਦੀਆਂ ਧਾਰਮਿਕ ਰੁਚੀਆਂ ਨੇ ਉਸ ਨੂੰ ਸ਼ੁਰੂ ਤੋਂ ਹੀ ਅਧਿਆਤਮਿਕ ਰੂਚੀਆਂ ਵਾਲ ਬਣਾ ਦਿੱਤਾ। ਮੁੱਢਲੇ ਜੀਵਨ ਵਿੱਚ ਖੇਤੀਬਾੜੀ ਕਰਨ ਤੋਂ ਬਾਅਦ ਮੁਲਤਾਨ ਦੇ ਸੂਫ਼ੀ ਬਹਾਉ-ਉਲ-ਹੱਕ ਦੇ ਮਜ਼ਾਰ ਵਿੱਚ ਚਾਲੀ ਦਿਨ ਦਾ ਚਿੱਲਾ ਕੱਟਿਆ ਤੇ ਅਖੀਰ ਕਾਦਿਰੀ ਸਰਵਰੀ ਸਿਲਸਿਲੇ ਦੇ ਪੀਰ ਅਬਦੁੱਲ ਰਹਿਮਾਨ ਨੂੰ ਦਿੱਲੀ ਵਿਖੇ ਮੁਰਸ਼ਿਦ ਧਾਰਨ ਕੀਤਾ। ਸਾਧਨਾਂ-ਮਾਰਗ ਦੀਆਂ ਮੰਜਿ਼ਲਾ ਪਾਰ ਕਰਦਿਆਂ ਉਸਨੇ ਅਰਬੀ ਤੇ ਫਾਰਸੀ ਦਾ ਗਿਆਨ ਹਾਸਿਲ ਕੀਤਾ ਤੇ ਇਸ ਗਿਆਨ ਆਸਰੇ ਤਸੱਵੁੱਫ਼ ਉੱਤੇ ਅਨੇਕਾਂ ਕਿਤਾਬਾਂ ਲਿਖੀਆਂ।

‘ਤਵਾਰੀਖ਼ ਸੁਲਤਾਨ ਬਾਹੂ` ਅਨੁਸਾਰ ਸੁਲਤਾਨ ਬਾਹੂ ਦੀਆਂ ਫ਼ਾਰਸੀ ਤੇ ਅਰਬੀ ਵਿੱਚ 140 (ਇਕ ਸੌ ਚਾਲੀ) ਦੇ ਕਰੀਬ ਰਚਨਾਵਾਂ ਹਨ। ਪੰਜਾਬੀ ਵਿੱਚ ਸੁਲਤਾਨ ਬਾਹੂ ਦੀਆਂ ਸੀਹਰਫੀਆਂ ਬੜੀਆਂ ਪ੍ਰਚਲਿਤ ਹਨ। ਹਰ ਤੁਕ ਦੇ ਅੰਤ ਵਿੱਚ ‘ਹੂ` ਸ਼ਬਦ ਦਾ ਆਉਣਾ ਉਸਦੀ ਰਚਨਾ ਵਿੱਚ ਸਰੌਦੀ ਹੂਕ ਵੀ ਭਰ ਦਿੰਦਾ ਹੈ ਅਤੇ ਉਸ ਨੂੰ ਦੂਸਰਿਆਾਂ ਨਾਲੋਂ ਵੱਖਰਾ ਵੀ ਕਰ ਦਿੰਦਾ ਹੈ। ਬੋਲੀ ਬੜੀ ਠੇਠ ਤੇ ਸਾਦਾ ਹੈ ਅਤੇ ਅਲੰਕਾਰ ਬੇਹੱਦ ਢੁੱਕਵੇਂ ਹਨ। ਸੁਲਤਾਨ ਬਾਹੂ ਵੀ ਇਸ਼ਕ-ਹਕੀਕੀ ਦਾ ਪਹੁਤਾ-ਪਾਂਧੀ ਹੈ। ਉਹ ਰੱਬੀ ਇਸ਼ਕ ਦੀ ਪ੍ਰਾਪਤੀ ਨੂੰ ਸਾਧਨਾ-ਮਾਰਗ ਦੀ ਉੱਚੀ ਮੰਜ਼ਿਲ ਕਹਿੰਦਾ ਹੈ, ਜਿਥੇ ਪਹੁੰਚਣਾ ਹਰ ਸੱਚੇ ਆਸ਼ਿਕ ਦਾ ਟੀਚਾ ਹੈ। ਹਜ਼ਰਤ ਸੁਲਤਾਨ ਬਾਹੂ ਦਾ ਮੱਤ ਹੈ ਕਿ ਇਸ਼ਕ-ਹਕੀਕੀ ਨੂੰ ਸਮਝਣ ਲਈ ਦੁਨੀਆਦਾਰੀ ਛੱਡ ਕੇ ਫ਼ੱਕਰ ਬਣਨਾ ਪੈਂਦਾ ਹੈ ਅਤੇ ਇੱਕ ਫ਼ੱਕਰ ਵਾਂਗ ਜੀਵਨ ਜਿਉਣ ਲਈ ਕਈ ਵਾਰ ਜਿਉਂਦਿਆਂ ਮਰਨਾ ਪੈਂਦਾ ਹੈ।

ਸੁਲਤਾਨ ਬਾਹੂ 60 ਸਾਲ ਦੀ ਉਮਰ ਭੋਗ ਕੇ 1691 ਈ: ਵਿੱਚ ਪਰਲੋਕ ਸਿਧਾਰ ਗਏ। ਇਸ ਸਮੇਂ ਤੱਕ ਉਸਦੀਆਂ ਚਾਰ ਸ਼ਾਦੀਆਂ ਹੋ ਚੁੱਕੀਆਂ ਸਨ, ਜਿਨ੍ਹਾਂ ਤੋ ਅੱਠ ਪੁੱਤਰਾਂ ਨੇ ਜਨਮ ਲਿਆ।ਸੁਲਤਾਨ ਬਾਹੂ ਦਾ ਮਜ਼ਾਰ ਸ਼ੇਰਕੋਟ ਵਿੱਚ ਹੀ ਸਥਾਪਿਤ ਹੈ।

ਅਲਫ਼, ਅੱਲ੍ਹਾ ਚੰਬੇ ਦੀ ਬੂਟੀ, ਮੁਰਸ਼ਦ ਮਨ ਮੇਰੇ ਵਿਚ ਲਾਈ ਹੂ
ਨਫ਼ੀ ਇਸਬਾਤ ਦਾ ਪਾਣੀ, ਮਿਲਿਆ, ਹਰ ਰੰਗੇ ਵਿਚ ਜਾਈ ਹੂ

ਬੁੱਲ੍ਹੇ ਸ਼ਾਹ ਪੰਜਾਬੀ ਦਾ ਪ੍ਰਸਿੱਧ ਸੂਫ਼ੀ ਕਵੀ ਹੋਇਆ ਹੈ। ਬੁੱਲ੍ਹੇ ਸ਼ਾਹ ਦਾ ਜਨਮ ਜਿਲ੍ਹਾ ਲਾਹੌਰ ਵਿੱਚ ਕਸੂਰ ਦੇ ਨੇੜੇ ਪਿੰਡ ਪਾਂਡੋਕੇ ਵਿਖੇ, 1680 ਈ: ਵਿੱਚ ਹਇਆ। ਬੁੱਲ੍ਹੇ ਸ਼ਾਹ ਨੇ ਸੱਯਦ ਘਰਾਣੇ ਵਿਚ ਜਨਮ ਲਿਆ ਅਤੇ ਉਸਦੇ ਪਿਤਾ ਦਾ ਨਾਂ ਸੱਯਦ ਮੁਹੰਮਦ ਦਰਵੇਸ਼ ਸੀ। ਸ਼ੁਰੂ ਵਿੱਚ ਬੁਲੇ੍ਹ ਸ਼ਾਹ ਦਾ ਨਾਂ ਅਬਦੁੱਲਾ ਸੀ। ਬੁੱਲ੍ਹਾ, ਸ਼ਾਹ ਅਨਾਇਤ ਕਾਦਰੀ ਦਾ ਮੁਰੀਦ ਬਣਿਆ।

ਪੰਜਾਬੀ ਵਿਚ ਬੁੱਲ੍ਹੇ ਸ਼ਾਹ ਨੇ 156 ਕਾਫ਼ੀਆਂ, 49 ਦੋਹੜੇ, 40 ਗੰਢਾਂ, 3 ਸੀ-ਹਰਫ਼ੀਆਂ, ਇੱਕ ਬਾਰਾਮਾਂਹ ਅਤੇ ਇੱਕ ਅਠਵਾਰਾ/ਸਤਵਾਰਾ ਦੀ ਰਚਨਾ ਕੀਤੀ। ਉਸਨੇ ਸਮਕਾਲੀ ਸਮੇਂ ਦੇ ਸੱਭਿਆਚਾਰ ਅਤੇ ਸਮਾਜਿਕ ਪੱਖ ਦੀ ਤਸਵੀਰ ਵੀ ਆਪਣੀ ਰਚਨਾ ਵਿੱਚ ਪੇਸ਼ ਕੀਤੀ ਅਤੇ ਇਤਿਾਸਿਕ। ਮਿਥਿਹਾਸਿਕ ਹਵਾਲਿਆਂ ਦੁਆਰਾ ਆਪਣੇ ਭਾਵਾਂ ਨੂੰ ਪ੍ਰਭਾਵਸ਼ਾਲੀ ਬਣਾਇਆ।

ਬੁੱਲ੍ਹੇ ਸ਼ਾਹ ਦੀ ਜ਼ਿਆਦਾ ਰਚਨਾ ਉਸ ਸਮੇਂ ਦੀ ਹੈ ਜਦ ਉਹ ਆਪਣੇ ਮੁਰਸ਼ਿਦ ਸ਼ਾਹ ਅਨਾਇਤ ਕਾਦਰੀ ਦੇ ਮਿਲਾਪ ਬਾਅਦ ਵਿਯੋਗ-ਅਵਸਥਾ ਵਿਚ ਸੀ। ਉਸ ਨੇ ਮੁਰਸ਼ਿਦ ਦੇ ਦੁਬਾਰਾ ਮੇਲ ਲਈ ਜੋ ਉਪਰਾਲੇ ਕੀਤੇ ਉਹਨਾਂ ਦਾ ਵਰਣਨ ਵਿਸਥਾਰ ਵਿੱਚ ਉਸਦੀਆਂ ਰਚਨਾਵਾਂ ਵਿੱਚ ਮਿਲਦਾ ਹੈ। ਗੁਰੂ ਤੋਂ ਵਿਛੜੇ ਚੇਲੇ ਦੀ ਜੋ ਸਥਿਤੀ ਹੁੰਦੀ ਹੈ, ਬੁੱਲ੍ਹੇ ਸ਼ਾਹ ਨੇ ਉਸਨੂੰ ਬੜੀ ਸ਼ਿੱਦਤ ਨਾਲ ਆਪਣੀ ਕਵਿਤਾ ਵਿੱਚ ਪੇਸ਼ ਕੀਤਾ ਹੈ। ਜਦ ਬੁੱਲ੍ਹੇ ਸ਼ਾਹ ਦਾ ਰੁੱਸਿਆ ਹੋਇਆ ਮੁਰਸ਼ਦ ਮੰਨ ਗਿਆ ਤਾਂ ਬੁੱਲ੍ਹੇ ਅੰਦਰ ਫਿਰ ਤੋਂ ਰੂਹਾਨੀ ਮਸਤੀ ਨੱਚਣ ਲੱਗ ਪਈ। ਬੁੱਲ੍ਹੇ ਸ਼ਾਹ ਨੇ 1759 ਈ: ਤੱਕ ਜੀਵਨ ਬਤੀਤ ਕੀਤਾ। ਉਸਦਾ ਮਜ਼ਾਰ ਕਸੂਰ ਵਿਚ ਸਥਾਪਿਤ ਹੈ।

ਰਾਂਝਾ-ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ।

ਅਲੀ ਹੈਦਰ 18 ਵੀਂ ਸਦੀ ਦਾ ਹਰਮਨ-ਪਿਆਰਾ ਸੂਫ਼ੀ ਕਵੀ ਹੋਇਆ ਹੈ। ਉਸਦਾ ਜਨਮ ਪਿੰਡ ਕਾਜ਼ੀਆਂ, ਜਿਲ੍ਹਾ ਮੁਲਤਾਨ ਵਿੱਚ 1690 ਈ: ਵਿੱਚ ਹੋਇਆ। ਅਲੀ ਹੈਦਰ ਨੇ ਕਾਦਰੀ ਸੂਫ਼ੀ ਖ਼ਵਾਜਾ ਫ਼ੱਖਰੁਦੀਨ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ। ਅਲੀ ਹੈਦਰ ਨੇ ਸਾਈਂ ਬੁੱਲੇ ਸ਼ਾਹ ਵਾਲੀ ਬੇਬਾਕੀ ਤੇ ਪੰਜਾਬੀ ਠੇਠਤਾ ਨੂੰ ਅਪਣਾ ਕੇ ਸਮੁੱਚੀ ਜਿ਼ੰਦਗੀ ਸੂਫ਼ੀਆਨਾ ਸ਼ਾਇਰੀ ਕੀਤੀ। ਉਸ ਨੇ ਸ਼ਾਇਰੀ ‘ਸੀ-ਹਰਫ਼ੀਆਂ` ਦੇ ਰੂਪ ਵਿੱਚ ਕੀਤੀ। ਇਹਨਾਂ ਸੀਰਫ਼ੀਆਂ ਵਿੱਚ ਕਿੱਤੇ-ਕਿੱਤੇ ਹੂਕ ਤੇ ਵਲਵਲਾ ਤੀਖਣ ਹੈ ਅਤੇ ‘ਵਲੇ` ਆਦਿ ਸ਼ਬਦਾਂ ਦੀ ਵਰਤੋਂ ਚੰਗਾ ਸਰੋਦੀ ਰੰਗ ਬੰਨਦੀ ਹੈ।

ਅਲੀ ਹੈਦਰ ਦੀ ਕੁਝ ਹੋਰ ਰਚਨਾ ‘ਨਾਅਤਾਂ` ਤੇ ‘ਦੀਵਾਨਾ` ਦੇ ਰੂਪ ਵਿੱਚ ਮਿਲਦੀ ਹੈ ਜਿਸ ਵਿੱਚ ਅੱਲ੍ਹਾ ਨਾਲ ਇਕਸੁਰਤਾ ਪੈਦਾ ਕਰਨ ਦੀ ਕੋਸ਼ਿਸ ਹੈ। ਬਾਕੀ ਕਾਦਰੀਆਂ ਵਾਂਗ ਅਲੀ ਹੈਦਰ ਵੀ ‘ਵਹਦਤ-ਉਲ-ਵਜੂਦਾ` ਦੇ ਸਿਧਾਂਤ ਦਾ ਪ੍ਰਚਾਰ ਕਰਦਾ ਹੈ ਅਤੇ ਸੱਭ ਪਾਸੇ ਇੱਕ ਰੱਬ ਦੇਖਦਾ ਹੈ ਅਲੀ ਹੈਦਰ ਅਨੁਸਾਰ ਅੱਲ੍ਹਾ ਦੀ ਮਿਹਰ ਤੇ ਰਜ਼ਾ ਵਿੱਚ ਮਨੁੱਖੀ ਹੋਣੀ ਬਦਲ ਸਕਦੀ ਹੈ। ਇਸ ਲਈ ਉਸਦੇ ਨਾਮ ਦਾ ‘ਜਿ਼ਕਰ` ਕਾਮਿਲ-ਮੁਰਸ਼ਿਦ ਦੀ ਅਗਵਾਈ ਵਿੱਚ ਕਰਨਾ ਚਾਹੀਦਾ ਹੈ। ਇਹ ਸਾਰੇ ਵਿਸ਼ੇ ਅਲੀ ਹੈਦਰ ਦੀਆਂ ਸੀ-ਹਰਫ਼ੀਆਂ ਅਤੇ ਫੁਟਕਲ ਰਚਨਾਵਾਂ ਵਿੱਚ ਆਉਂਦੇ ਹਨ।

ਹੈਦਰ ਮੁੱਲਾਂ ਨੂੰ ਫਿ਼ਕਰ ਨਮਾਜ਼ ਦਾ ਏ,
ਇਹਨਾਂ ਆਸ਼ਿਕਾਂ ਤਲਬ ਦੀਦਾਰ ਦਾ ਏ।

ਫ਼ਰਦ ਫ਼ਕੀਰ ਦਾ ਜਨਮ ਸਤਾਰਵੀਂ ਸਦੀ ਦੇ ਪਹਿਲੇ ਦਹਾਕੇ 1704 ਈ ਵਿੱਚ ਗੁਜਰਾਤ ਵਿਖੇ ਹੋਇਆ। ਫ਼ਰਦ ਫ਼ਕੀਰ ਅਲੀ ਹੈਦਰ, ਬੁੱਲ੍ਹੇ ਸ਼ਾਹ, ਗੁਲਾਮ ਜੀਲਾਨੀ ਰੋਹਤਕੀ ਅਤੇ ਵਾਰਸਸ਼ਾਹ ਦਾ ਸਮਕਾਲੀ ਸੀ। ਜਿਸਦੀ ਰਚਨਾ ਵਿਚੋਂ ਸ਼ਰੀਅਤ ਦਾ ਰੰਗ ਉਘੜਦਾ ਹੈ ਉਸ ਦੀ ਰਹਿਣੀ-ਬਹਿਣੀ ਕਿਸੇ ਵੀ ਪ੍ਰਕਾਰ ਦੇ ਦਿਖਾਵੇ ਤੋਂ ਬਿਨ੍ਹਾਂ ਸਾਦਾ ਅਤੇ ਸਾਫ਼ ਹੈ। ਉਸ ਦੀਆਂ ਰਚਨਾਵਾਂ ‘ਕਸਬਨਾਮਹ ਬਾਫਿੰਦਗਾਂ` ਤੇ ‘ਕਸਬਨਾਮਹ ਹਮਾਮਾਂ` ਦੇ ਆਧਾਰ ਤੇ ਕੁੱਝ ਵਿਦਵਾਨ ਉਸ ਨੂੰ ‘ਜੁਲਾਹਿਆਂ ਅਤੇ ਨਾਈਆਂ ਦਾ ਪੀਰ` ਦੱਸਦੇ ਹਨ। ਪਰ ਉਸ ਦੀਆਂ ਹੋਰ ਰਚਨਾਵਾਂ ‘ਰੌਸ਼ਨ ਦਿਲ`, ‘ਸੀ-ਹਰਫ਼ੀ ਨਸੀਹਤ` ਤੇ ‘ਬਾਰਾ ਮਾਹ` ਨੂੰ ਦੇਖੀਏ ਤਾਂ ਉਸਦੇ ਮਹਾਨ ਫ਼ਕੀਰ ਹੋਣ ਦੇ ਸਬੂਤ ਮਿਲਦੇ ਹਨ।

ਫ਼ਰਦ ਫ਼ਕੀਰ ਦੀਆਂ ਰਚਨਾਵਾਂ ਵਿੱਚ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਚੋਖੀ ਮਾਤਰਾ ਵਿੱਚ ਮਿਲਦੀ ਹੈ ਪਰ ਉੇਸਦੇ ਦੇ ਕਲਾਮ ਵਿੱਚ ਰਵਾਨੀ, ਪਕਿਆਈ ਅਤੇ ਖਿ਼ਆਲਾਂ ਦੀ ਉਚੱਤਾ ਦੇ ਝਲਕਾਰੇ ਮਿਲਦੇ ਹਨ। ਫ਼ਰਦ ਫ਼ਕੀਰ ਦੀ ਵਿਚਾਰਧਾਰਾ ਬੁੱਲ੍ਹੇਸ਼ਾਹ ਤੇ ਸ਼ਾਹ ਹੁਸੈਨ ਤੋਂ ਵੱਖਰੀ ਹੈ ਅਤੇ ਉੁਹ ਬਾਬਾ ਫ਼ਰੀਦ ਦੀ ਵਿਚਾਰਧਾਰਾ ਦੇ ਨੇੜੇ ਹੈ ਫ਼ਰਦ ਫ਼ਕੀਰ ਭੇਖੀ ਸ਼ਰਾ੍ਹ ਤੇ ਇਸ ਨੂੰ ਪ੍ਰਚਾਰਨ ਵਾਲਿਆਂ ਦਾ ਵਿਰੋਧੀ ਸੀ।

ਕਾਫ਼-ਕਲਾਮ ਖ਼ੁਦਾਇ ਦਾ, ਮੁੱਲਾ ਪੜ੍ਹਨ ਫ਼ਕੀਰ।
ਬੋਲਣ ਝੂਠ ਤੇ ਖਾਣ ਹਰਾਮ, ਕਿਆ ਹੋਵੇ ਤਾਸੀਰ।

ਅਬਦੁੱਲ ਵਹਾਬ (1740-1826)

[ਸੋਧੋ]

ਅਬਦੁੱਲ ਵਹਾਬ ਬੇਹੱਦ ਹਰਮਨ-ਪਿਆਰਾ ਸੂਫ਼ੀ ਕਵੀ ਸੀ, ਜਿਹੜਾ ਕੱਵਾਲਾਂ ਦੇ ਮੂੰਹੋ ‘ਸੱਚਲ ਸਰਮਸਤ` (ਸੱਚੇ ਰਸਤੇ ਦਾ ਮਤਵਾਲਾ) ਦੇ ਨਾਮ ਹੇਠ ਸਿੰਧ ਵਿੱਚ ਚਰਚਿਤ ਹੋਇਆ ਸੱਚਲ ਤੇ ਸਰਮਸਤ ਉਸ ਦੇ ਅਧਿਆਤਮਿਕ ਲਕਬ ਸਨ। ‘ਸੱਚਲ` ਤਖੱਲਸ ਰਾਹੀਂ ਉਸ ਦੇ ਘੁੰਮੱਕੜ ਸੂਫ਼ੀ ਹੋਣੀ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਤੇ ‘ਸਰਮਸਤ` ਰਾਹੀਂ ਉਹ ਅੱਲ੍ਹਾ ਦੇ ਇਸ਼ਕ ਵਿੱਚ ‘ਮਤਵਾਲਾ` ਹੋਣ ਦਾ ਸੂਚਕ ਹੈ। ਵਿਦਵਾਨ ਉਸਦੇ ਖਾਨਦਾਨ ਦਾ ਪਿਛੋਕੜ ਸ਼ੇਖ ਸ਼ਿਹਾਬੂੱਦੀਨ ਅਲ-ਸੁਹਰਵਰਦੀ ਨਾਲ ਜੋੜਦੇ ਹਨ। ਅਬੱਦੁਲ ਵਹਾਬ ਦੇ ਚਾਚਾ ਮੀਆਂ ਅਬਦੁੱਲ ਹੱਕ ਫਾਰੂਕੀ, ਜਿਸਦਾ ਵਾਸਤਾ ਕਾਦਿਰੀ ਸਿਲਸਿਲੇ ਨਾਲ ਸੀ, ਆਪ ਦੇ ਮੁਰਸ਼ਿਦ ਸਨ।

ਅਬਦੁੱਲ ਵਹਾਬ ਦੀ ਕਾਵਿ-ਰਚਨਾ ਪੰਜਾਬੀ ਦੇ ਇਲਾਵਾ ਹਿੰਦੀ, ਸਿੰਧੀ, ਫ਼ਾਰਸੀ ਵਿੱਚ ਵੀ ਮਿਲਦੀ ਹੈ ਸੱਚਲ ਸਰਮਸਤ ਦੀ ਬਹੁਤੀ ਰਚਨਾ ਕਾਫ਼ੀਆਂ ਦੇ ਰੂਪ ਵਿੱਚ ਹੈ। ਜਿਸ ਅੰਦਰ ਅਕਸਰ ਹੀਰ-ਰਾਂਝੇ ਦੇ ਪ੍ਰਤੀਕਾਂ ਰਾਹੀਂ ਇਸ਼ਕ-ਹਕੀਕ ਦੇ ਮੁਰਸ਼ਿਦ-ਪੇ੍ਰਮ ਨੂੰ ਰੂਪਮਾਨ ਕੀਤਾ ਗਿਆ ਹੈ। ਅਕਸਰ ਇਨ੍ਹਾਂ ਕਾਫ਼ੀਆਂ ਵਿੱਚ ਬਿਰਹਾ ਦਾ ਰੰਗ ਜ਼ਿਆਦਾ ਪ੍ਰਭਾਵਿਤ ਰਿਹਾ ਹੈ। ਅਬਦੁੱਲ ਵਹਾਬ ਦੀਆਂ ਬਹੁਤ ਸਾਰੀਆਂ ਕਵਿ-ਸਤਰਾਂ ਉਤੇ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਦਾ ਸਪੱਸ਼ਟ ਪ੍ਰਭਾਵ ਦਿੱਸਦਾ ਹੈ।

ਨਾਂਹ ਮੈਂ ਸੁੰਨੀ, ਨਾਂਹ ਮੈਂ ਸ਼ੀਆ, ਨਾਂਹ ਮੈਂ ਡੂਹ ਸਵਾਬ।
ਨਾਂਹ ਮੈਂ ਸ਼ੱਰਈ, ਨਾਂਹ ਮੈਂ ਵਰਈ, ਨਾਂਹ ਮੈਂ ਰੰਗ ਰਵਾਬ।
ਨਾਂਹ ਮੈਂ ਮੁੱਲਾਂ, ਨਾਂਹ ਮੈਂ ਕਾਜ਼ੀ, ਨਾਂਹ ਮੈਂ ਸ਼ੋਰ ਸ਼ਰਾਬ।
ਜਾਤ ਸੱਚਾਲ ਦੀ ਕੇਹੀ ਪੁੱਛਦਾ ਏ, ਨਾਲੇਂ ਤਾਂ ਨਾ ਬਾਬ।

ਸੱਯਦ ਮੀਰਾਂ ਸ਼ਾਹ ਜਲੰਧਰੀ (1839-1925)

[ਸੋਧੋ]

ਮੀਰਾਂ ਸ਼ਾਹ ਪੰਜਾਬੀ ਦਾ ਉੱਘਾ ਵਿਦਵਾਨਾ ਤੇ ਸੂਫ਼ੀ ਕਵੀ ਹੋਇਆ ਹੈ। ਉਹ ਜਲੰਧਰ ਦਾ ਰਹਿਣ ਵਾਲਾ ਸੀ। ਉੋਸਦੇ ਪਿਤਾ ਦਾ ਨਾਂ ਵਲੀ ਮੁਹੰਮਦ ਸੀ। ਇਸ ਨੇ ਬਾਬਾ ਸ਼ੇਖ ਫ਼ਰੀਦ ਵਾਂਗ ਗ੍ਰਹਿਸਤੀ ਜੀਵਨ ਬਤੀਤ ਕੀਤਾ। ਮੀਰਾਂ ਸ਼ਾਹ ਜਲੰਧਰੀ ਨੇ ਪੀਰ ਮਸਤਾਨ ਸ਼ਾਹ ਕਾਬਲੀ ਨੂੰ ਮੁਰਸ਼ਿਦ ਧਾਰਨ ਕੀਤਾ।

ਮੀਰਾਂ ਸ਼ਾਹ ਦੀ ਕਾਵਿ-ਰਚਨਾਂ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਉਰਦੂ ਵਿੱਚ ਦੋਹੜੇ, ਸੀ-ਹਰਫ਼ੀਆਂ, ਕਾਫ਼ੀਆਂ ਗੀਤਾਂ ਤੇ ਡਿੳਢਾ ਦੇ ਰੂਪ ਵਿੱਚ ਮਿਲਦੀ ਹੈ। ਉਸ ਦੀ ਰਚਨਾ ‘ਗੁਲਦਸਤਾਂ ਮੀਰਾਂ ਸ਼ਾਹ` ਵਿੱਚ ਪੰਜਾਬੀ ਕਾਫ਼ੀਆਂ, ਸੀ-ਹਰਫ਼ੀਆਂ ਤੇ ਬੈਂਤਾਂ ਤੋਂ ਬਿਨ੍ਹਾਂ ਕੁਝ ਉਰਦੂ ਗਜ਼ਲਾਂ ਵੀ ਇੱਕਤਰ ਕੀਤਆਂ ਗਈਆਂ ਹਨ। ਇਸੇ ਤਰ੍ਹਾਂ ਉਸ ਨੇ ਕਿੱਸਾ ‘ਹੀਰ ਰਾਂਝਾ` ਤੇ ‘ਮਿਰਜਾ ਸਾਹਿਬਾ` ਲਿਖ ਕੇ ਵੀ ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਸਬੰਧੀ ਆਪਣੇ ਸੂਫ਼ੀਆਨਾ ਵਿਚਾਰਾਂ ਦੀ ਤਰਜਮਾਨੀ ਕੀਤੀ ਹੈ।

ਸੱਯਦ ਮੀਰਾਂ ਸ਼ਾਹ ਜਲੰਧੀ ਦੇ ਕਲਾਮ ਵਿੱਚ ਇਸ਼ਕ ਆਦਿ ਤੋਂ ਅੰਤ ਤੱਕ ਇੱਕ ਸੂਤਰ ਵਜੋਂ ਸਮਾਇਆ ਹੋਇਆ ਹੈ। ਉਸ ਲਈ ਇਸ਼ਕ ਹਾਦੀ ਹੈ; ਇਸ਼ਕ ਆਸਰਾ ਹੈ; ਇਸ਼ਕ ਦੁਆਰਾ ਰੂਹਾਨੀ ਭੇਤ ਖੁੱਲ੍ਹਦੇ ਹਨ...ਇਸ਼ਕ ਸਾਕੀ ਹੈ, ਇਸ਼ਕ ਤਿਆਗ ਤੇ ਕੁਰਬਾਨੀ ਸਿਖਾਉ਼ਂਦਾ ਹੈ।”

ਤੁਸੀਂ ਇਸ਼ਕੋਂ ਮਹਿਰੂਮ ਮੂਲ ਨਹੀਂ, ਬਿਨ ਇਸ਼ਕੋਂ ਕੁਝ ਹਸੂਲ ਨਹੀਂ।
ਵਿਚ ਇਲਮ ਗਰੂਰ ਕਬੂਲ ਨਹੀਂ, ਤੁਸੀਂ ਹਸਤੀ ਖ਼ੁਦੀ ਵਿਸਾਰੋ ਜੀ।

ਗ਼ੁਲਾਮ ਫ਼ਰੀਦ ਚਾਚੜਾਂ (1843-1901

[ਸੋਧੋ]

ਗੁਲਾਮ ਫ਼ਰੀਦ ਦਾ ਜਨਮ ਪਿੰਡ ਚਾਚੜਾਂ ਵਿੱਚ (ਬਹਾਵਲਪੁਰ) ਹੋਇਆ। ਉਸਦੇ ਪਿਤਾ ਦਾ ਨਾਂ ਖ਼ੁਦਾ ਬਖ਼ਸ਼ ਸੀ। ਚਿਸਤੀ ਸੂਫ਼ੀ ਖੁਆਜਾ ਗੁਲਾਮ ਫ਼ਰੀਦ ਇੱਕ ਪਾਸੇ ਅਰਬੀ, ਫ਼ਾਰਸੀ, ਉਰਦੂ, ਹਿੰਦੀ, ਸਿੰਧੀ, ਤੇ ਮਾਰਵਾੜੀ ਭਾਸ਼ਾਵਾਂ ਦਾ ਗਿਆਤਾ ਸੀ। ਤੇ ਦੂਜੇ ਪਾਸੇ ਪੰਜਾਬੀ ਵਿੱਚ ਸੱਭ ਤੋਂ ਵੱਧ ਕਾਫੀਆਂ ਲਿਖਣ ਕਰਕੇ ਵੀ ਪਹਿਚਾਣਿਆ ਗਿਆ। ਉਸ ਦੀਆਂ 272 ਕਾਫ਼ੀਆਂ ਮਿਲਦੀਆਂ ਹਨ। ਜਿਹੜੀਆਂ ‘ਅਸਰਾਰੇ ਫ਼ਰੀਦੀ` ਅਤੇ ‘ਦੀਵਾਨ ਫ਼ਰੀਦੀ` ਨਾਂ ਹੇਠ ਪ੍ਰਕਾਸ਼ਿਤ ਹੋਈਆਂ ਹਨ। ਇਸ ਦੇ ਬਿਨ੍ਹਾਂ ਉੋਸ ਦੇ 175 ਦੋਹੜੇ ਤੇ ਕੁੱਝ ਡਿਓਢਾਂ ਮਿਲਦੀਆਂ ਹਨ। ਉਸ ਦੀਆਂ ਕਾਫ਼ੀਆਂ ਸੂਫ਼ੀਆਂ ਦੇ ਮਜਾਂਰਾਂ ਉਤੇ ਗਾਣ ਵਾਲੇ ਕੱਵਾਲਾਂ ਵਿੱਚ ਬੇਹੱਦ ਹਰਮਨ ਪਿਆਰੀਆਂ ਹਨ, ਕਿਉਂਕਿ ਇਨ੍ਹਾਂ ਵਿਚੋਂ ਸੂਫ਼ੀ ਦਰਸ਼ਨ ਦੇ ਹਰ ਮਸਲੇ ਨੂੰ ਛੂਹਿਆ ਗਿਆ ਹੈ। ਗੁਲਾਮ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ-ਧਾਰਾ ਦਾ ਅੰਤਿਮ ਚਮਕਦਾ ਸਿਤਾਰਾ ਮੰਨਿਆ ਜਾਂਦਾ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਅੱਲ੍ਹਾ ਅੱਗੇ ਸਮਰਪਣ ਕਰਨ `ਤੇ ਜ਼ੋਰ ਦਿੰਦਾ ਹੈ।

ਯਾਰ ਰਿਝਾਵਣ ਸਿਖ ਵੇ ਮੁੱਲਾਂ ! ਅਤੇ ਸੁੱਟ ਘੱਤ ਸੱਭ ਦਲੀਲਾਂ।
ਇਸ਼ਕ ਮਜ਼ਾਜੀ ਮੁਸ਼ਕਿਲ ਬਾਜ਼ੀ, ਏਹ ਕੰਮ ਨਹੀਂ ਬਖੀਲਾਂ।

ਅਣਗੌਲੇ ਪੰਜਾਬੀ ਸੂਫ਼ੀ ਕਵੀ

[ਸੋਧੋ]

ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਜਦੋਂ ਅਸੀਂ ਪੰਜਾਬੀ ਸੂਫ਼ੀ ਕਵੀਆਂ ਦੀ ਗੱਲ ਕਰਦੇ ਹਾਂ ਤਾਂ ਕੁੱਝ ਕੁ ਸੂਫ਼ੀ ਕਵੀਆਂ ਦਾ ਜ਼ਿਕਰ ਹੀ ਵਾਰ-ਵਾਰ ਕੀਤਾ ਜਾਂਦਾ ਹੈ। ਜਿਵੇ: ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੁੂ, ਬੁੱਲੇ ਸ਼ਾਹ, ਅਲੀ ਹੈਦਰ, ਗੁਲਾਮ ਫਰੀਦ ਆਦਿ। ਪਰ ਕੁਝ ਅਜਿਹੇ ਵੀ ਸੂਫ਼ੀ ਕਵੀ ਹੋਏ ਹਨ, ਜਿਨ੍ਹਾਂ ਉਪਰ ਜ਼ਿਆਦਾ ਖੋਜ਼ ਨਹੀਂ ਕੀਤੀ ਗਈ ਅਤੇ ਉਹਨਾਂ ਨੂੰ ਹਮੇਸ਼ਾ ਅਣਗੌਲੇ ਜਾਂ ਫੁਟਕਲ ਕਵੀਆਂ ਵਿਚ ਹੀ ਰੱਖਿਆ ਗਿਆ ਹੈ। ਇਹਨਾਂ ਕਵੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਉੋੋਸਨੂੰ ਹੇੇਠ ਲਿਖੇ ਅਨੁਸਾਰ ਪੇਸ਼ ਕੀਤਾ ਗਿਆ ਹੈ।

ਬਹਾਦਰ

[ਸੋਧੋ]
ਡਾ. ਹਾਫਿ਼ਜ-ਉਰ-ਰਹਿਮਾਨ ਦੇ ਪੁਸਤਕਾਲੇ ਵਿੱਚ ਮੋਜ਼ੁਦ ਇੱਕ ਹੱਥ ਲਿਖਤ ਖਰੜੇ ਦੇ ਕੁੱਲ ਕੁ ਸੁੱਰਖਿਅਤ ਪੰਨਿਆਂ ਵਿਚ ਬਹਾਦਰ ਨਾਮੀ ਇਕ ਕਵੀ ਦੀਆਂ ਕੁਝ ਕਵਿਤਾਵਾਂ ਸ਼ਾਮਿਲ ਹਨ। ਉਸ ਦੀ ਕਵਿਤਾ ਦੀ ਭਾਸ਼ਾ ਅਤੇ ਉਸਦੇ ਸੂਫ਼ੀ ਵਿਸ਼ਵਾਸਾਂ ਤੋ ਅਸੀ ਇਹ ਅੰਦਾਜਾ ਲਗਾ ਸਕਦੇ ਹਾਂ ਕਿ ਇਹ ਅਗਿਆਤ ਸੂਫ਼ੀ ਕਵੀ 1750 ਈ. ਦੇ ਦਰਮਿਆਨ ਕਿਧਰੇ ਹੋਇਆ ਹੋਵੇਗਾ ਉਹ ਦਸਦਾ ਹੈ। ਕਿ ਬੇਹੱਦ ਜ਼ਜਬਾਤੀ ਮਨੁੱਖ ਹੋਣ ਕਰਕੇ ਦੋਸਤ ਵੀ ਦੁਸ਼ਮਣ ਬਣ ਗਏ ਅਤੇ ਉਸ ਨੂੰ ਹਰ ਰੋਜ਼ ਬੇਆਬਰੂ ਹੋਣਾ ਪਿਆ। ਤਦੋ ਉਸ ਦਾ ਮਿਲਾਪ ਉੋਸਦੇ ਮੁਰਸ਼ਦ ਪੀਰ ਮੁਹੰਮਦ ਨਾਲ ਹੋਇਆ ਜਿਸ ਨੇ ਉਸਦੇ ਬੀਤੇ `ਤੇ ਪਰਦਾ ਪਾਉਂਦਿਆਂ ਉਸਨੂੰ ਰੱਬੀ-ਪਿਆਰ ਦੇ ਮਾਰਗ ਉੱਤੇ ਤੋਰਿਆ। ਉਦੋਂ ਤੋ ਉਹ ਇੱਕ ਘੁੱਮਕੜ ਫਕੀਰ ਹੋ ਗਿਆ ਅਤੇ ਇਸੇ ਕਰਕੇ ਉਹ ਆਪਣੇ ਆਪ ਨੂੰ ‘ਗੰਦੀਲਾ ਜਾਂ ਖਾਨਾਬਦੋਸ਼ ਕਹਿੰਦੇ ਹੈ; ਜਿਵੇਂ
-

ਮੇਰੀ ਜਤਾ ਗੰਦੀਲੀ ਆਹੀ ਹਰਦਮ ਮੰਗਦੀ ਫਜਲ ਇਲਾਹੀ ਅਸੀ ਗੰਦੀਲੇ ਜਾਤ ਕਮੀਨੇ ਸਭ ਕੋਈ ਸਾਥੋ ਡਰਦਾ ਮੰਗਣ ਖੈਰ ਜਾਈਏ ਜਿਸ ਵਿਹੜੇ ਦੁਰ ਦੁਰ ਡੁਰ-2 ਕਰਦਾ ਆਪੇ ਝਿੜਕੇ ਆਪੇ ਦੇਵੇ, ਸਾਥੋ ਕੁਝ ਨਾ ਸਰਦਾ।

ਜਿਵੇਂ ਕਿ ਉਸਦੀ ਕਵਿਤਾ ਤੋ ਸਪਸ਼ਟ ਹੈ ਕਵੀ ਬਹਾਦਰ ਵੇਦਾਂਤ ਦੇ ਫ਼ਲਸਫੇ ਤੋ ਬਹੁਤ ਪ੍ਰਭਾਵਿਤ ਸੀ, ਪਰੰਤੂ ਇਹ ਪ੍ਰਭਾਵ ਕਚ ਘਰੜ ਰੂਪ ਵਾਲਾ ਸੀ। ਉਸ ਦੇ ਜਾਤੀ ਸੂਫ਼ੀ ਅਕੀਦਿਆਂ ਨੂੰ (ਕਰਮ ਯਗ` ਅਤੇ ‘ਮਾਇਆ`) ਆਦਿ ਦੂਜ਼ੇ ਹਿੰਦੂ ਸੰਕਲਪਾਂ ਨੇ ਵੀ ਪ੍ਰਭਾਵਿਤ ਕੀਤਾ। ਅੋਪਰ ਮਾਇਆ ਦਾ ਸੰਸਾਰ ਦੀ ਉਤਪਤੀ ਦਾ ਸਿਧਾਂਤ ਬਹਾਦਰਹ ਦਾ ਸਭ ਤੋਂ ਪਿਆਰਾ ਅਕੀਦਾ ਹੈ, ਉਹ ਮਾਇਆ ਨੂੰ ‘ਬੰਗਾਲਣ` ਕਹਿੰਦਾ ਹੈ, ਬੰਗਾਲਣ ਤੋ ਉੋੋਸਦੀ ਮੁਗਦ ਬੰਗਾਲ ਦੀ ਜਾਦੂਗਰਨੀ ਤੋ ਹੈ, ਇਸ ਵਿਸੇ ਉਪਰ ਲਿਖੀ ਉਸਦੀ ਰਚਨਾ ਦਾ ਸਿਰਲੇਖ- ਬੰਗਾਲਣ-ਨਾਮਾ8 ਹੈ। ਮਹਿਜ਼ ਦੋ ਸਰੱਖਿਆਤ ਪੰਨਿਆਂ ਦੇ ਆਧਾਰ ਉਤੇ ਕਵੀ ਬਹਾਦਰ ਦੇ ਮਾਇਆ ਦੇ ਸਿਧਾਂਤ ਬਾਰੇ ਨਿਰਣਾ ਕਰਨਾਹ ਸਿਆਣਪ ਨਹੀ ਹੋਵੇਗੀ।। ਇਥੇ ਇਹ ਸੰਕੇਤ ਕਰਨਾ ਕੁਥਾਵਾਂ ਨਹੀ ਹੋਵੇਗਾ ਕਿ ਕਵੀ ਦੀ ਮਾਇਆ ਤੋ ਕੀ ਮੁਗਦ ਹੈ ਉਸ ਅਨੁਸਾਰ ਮਾਇਆ ਇਕਕ ਗੁੱੱਝੀ ਸ਼ਕਤੀ ਹੈ ਜ਼ੋ ਮਨੁੱਖ ਦੀ ਸਰੀਰਕ ਤੇ ਰੂਹਾਨੀ ਸਮੱਰਥਾ ਨਾਲ ਖਿਲਵਾੜ ਕਰ ਸਕਦੀ ਹੈ ਪਰੰਤੂ ਇਹ ਭਰਮਾਉੂ ਅਤੇ ਦੁਰਾਕਰਮੀ ਹੀ ਹੋਵੇ। ਇਹ ਜਰੂਰੀ ਨਹੀ। ਉਸਨੇੇ ਇੱਕ ਰਾਜੇ ਦੇ ਧਾਕੜ ਜਿੱਤ ਲਈ ਮੋਹ ਅਤੇ ਮਾਇਆ ਰੂਪੀ ਬੰਗਾਲਣ ਦੀ ਬੰਸਰੀ ਦੀ ਧੁਨ `ਤੇ ਮੁਗਧਾ ਹੋ ਕੇ ਸੰਸਾਰੀ ਵੱਲੋ ਪੂਰੀ ਤਦਾ ਬੇਨਿਆਜੀ ਦੀ ਭਾਵਨਾ ਨੂੰ ਰੱਬੀ-ਪਿਆਰਾ ਦਾ ਸੁਭਾਅ ਦੱਸਿਆ। ਕਵੀ ਬਹਾਦਰ ਦਾ ਖੁਦਾ ਨਾਲ ਏਕਤਾ ਤੇ ਮੁਕਾਮ ਦੀ ਪ੍ਰਾਪਤੀ ਬਾਰੇ ਵਿਚਾਲੇ ਦੋਹੇ ਵਿਚ ਪ੍ਰਗਟਾਇਅ ਗਿਆ ਹੈ। ਸਾਗ ਸਬਦ ਗੁਦੈਲਾ ਕਲਮਾਂ ਗੁਰ ਇ ਸਾਜ ਬਤਾਇਆ ਕਸਰਤ ਬੰਦ ਨਮਾਜ ਧੰੁਦਾਲਿਓ ਗਹ ਵਹਿਦਤ ਤੇ ਲਾਇਆ।

ਬਹਾਦਰ ਦੀ ਸ਼ੈਲੀ ਭਾਵੇਂ ਜਾਹਰਾ ਤੋਰ ਤੇ ਸਾਦਾ ਤੇ ਸਰਲ ਹੋ ਪਰ ਅਸਲੋਂ ਕੁਝ ਜਟਿਲ ਹੋ। ਉਹ ਆਮ ਪ੍ਰਚਲਿਤ ਸਬਦ ਤੇ ਪਦ ਵਰਤਦਾ ਹੈ।ਪਰ ਇਨ੍ਹਾ ਦੇ ਅਰਥ ਬਹੁਤ ਸੂਖਮ ਤੇ ਮਹੀਨ ਦੰਦੇ ਹਨ। ਇਹ ਤੱਥ ਅਕਸਰ ਸ਼ਾਬਦਿਕ ਤਰਜਮੇ ਸਮੇਂ ਮੁਸ਼ਕਿਲ ਪੈਦਾ ਕਰਦਾ ਹੈ। ਉਹ ਬਹੁਤ ਗਹਿਰ ਗੰਭੀਰ ਨਹੀਂ ਅਤੇ ਸੂਫ਼ੀ ਵਾਦੀ ਦੀ ਸਮਝ ਕਚ ਘਰੜ ਪਰੰਤੂ ਵਿਵਹਾਰਿਕ ਜਾਪਦੀ ਹੈ ਉਸ ਬਾਰੇ ਬਹੁਤਾ ਕੁਝ ਕਹਿਣਾ ਉਚਿਤ ਨਹੀਂ ਕਿਉੱ਼਼ਕਿ ਉਸ ਦੇ ਸੀਮਤ ਜਿਹੇ ਨਮੂਨੇ ਹੀ ਹਨ।

ਇਕ ਅਗਿਆਤ ਕਵੀ:

[ਸੋਧੋ]

ਇਕ ਹੋਰ ਸੁੱਰਖਿਅਤ ਹੱਥ ਲਿਖਤ ਖਰੜੇ ਦੇ ਕੁਝ ਪੰਨੇ ਸੂਫ਼ੀ ਕਵਿਤਾ ਦੇ ਅਧਿਅਨ ਲਈ ਸਾਡੀ ਮੱਦਦ ਕਰਦੇ ਹਨ। ਇਨ੍ਹਾਂ ਪੰਨਿਆਂ ਵਿਚ ਪ੍ਰਾਪਤ ਕਵਿਤਾਵਾ ਦੀ ਭਾਸ਼ਾ ਦੱਖਣ-ਪੂਰਬੀ ਪੰਜਾਬ ਵਿਚ ਬੋਲੀ ਜਾਣ ਵਾਲੀ ਪੰਜਾਬਹੀ ਹੈ, ਜ਼ੋ ਹਿੰਦੀ ਅਤੇ ਫ਼ਾਰਸੀ ਦੇ ਸ਼ਬਦਾਂ ਨਾਲ ਉਤਪੋਤ ਹੈ। ਇਸ ਰਚਨਾ ਵਿਚ ਲੇਖਕ ਬਾਰੇ ਕੋਈ ਸੰਕੇਤ ਨਹੀ ਅਤੇ ਨਾ ਹੀ ਰਚਨਾ ਦੇ ਕਾਲ ਅਤੇ ਸਥਾਨ ਬਾਰੇ ਕੋਈ ਜਾਣਕਾਰੀ ਹੈ। ਇਸ ਦੇ ਰਚਨਾ-ਕਾਲ ਦਾ ਇਕੋ ਇਕ ਸੰਕੇਤ ਇਸ ਦੀ ਸ਼ੈਲੀ ਹੈ। ਜੋ ਇਸ ਦਾ ਅਠਾਰਵੀਂ ਸਦੀ ਵਿਚ ਲਿਖੇ ਜਾਣਾ ਦਰਸਾਉਂਦੀ ਹੈ। ਆਪਣੀ ਭਾਂਤ ਦੀਆਂ ਇਹ ਕਵਿਤਾਵਾਂ ਵਿਚ ਦਰਸਾਉਂਦੀਆਂ ਹਨ। ਕਿ ਉਸ ਸਮੇਂ (18 ਵੀ ਸਦੀ) ਪੰਜਾਬ ਵਿਚ ਸੂਫੀ ਸਿਧਾਂਤਾ ਨੂੰ ਕਿਵੇਂ ਸਮਝਿਆ ਜਾਂਦਾ ਸੀ। ਇਸ ਪੂਰੀ ਤਦਾ ਨਾ ਪੜੀ ਜਾ ਸਕਣ ਵਾਲੀ ਕਵਿਤਾ ਵਿਚ ਲੇਖਕ ਕਹਿੰਦਾ ਹੈ। ਕਿ (ਖਸ਼ਮਾ ਦਾ ਲੇਖਕ ਉਸਨੂੰ ਜਾਣਦਾ ਹੈ। ਇਸ ਤੋਂ ਅਸੀ ਇਹ ਨਤੀਜਾ ਕੱਢ ਸਕਦੇ ਹਾਂ ਕਿ ਇਸ ਅਗਿਆਤ ਕਵੀ ਦੀ ਕਵਿਤਾ ਦਾ ਲੇਖਕ ਜਰੂਰ ਕੋਈ ਕਾਦਰੀ ਸੂਫੀ ਸੀ। ਇਸ ਦਾ ਲੇਖਕ ਚਾਹੇ ਕਈ ਵੀ ਰਿਹਾ ਹੋਵੇ ਪਰ ਇਹ ਕਵਿਤਾ ਬਹੁਤ ਮਹੱਤਵਪੂਰਨ ਹੈ ਹੇਠਲੀ ਕਵਿਤਾ ਵਿਚ ਉਸ ਮੋਲਿਕ ਸੂਫ਼ੀ ਵਿਸ਼ਵਾਸ ਨੂੰ ਦਰਸਾਇਆ ਗਿਆ ਹੈ। ਜਿਸ ਅਨੁਸਾਰ ਜਦੋ ਦੈਵੀ ਆਤਮਾ ਮਨੁੱਖੀ ਰੂਹ ਨਾਲ ਅਤੇਦ ਹੋ ਜਾਂਦੀ ਹੈ ਤਾਂ ਮਨੁੱਖੀ ਆਤਮਾਹ ਦਿੱਬ-ਸੱਤਾ ਵਿਚ ਸਮਾ ਜਾਂਦੀ ਹੈ ਅਤੇ ਅਨਲ-ਹੱਕ ਦੇ ਮਕਾਮ ਨੂੰ ਪਹੁੰਚ ਜਾਂਦੀ ਹੈ।

ਮਹਾਂਮਥ ਕੋ ਮਨ ਮੇਂ ਧਾਰੋ, ਯਾਨੀ ਹੱਕ ਕੋ ਹੱਕ ਮੈਂ ਡਾਰੋ
ਜੋ ਐਸੀ ਕਰਨੀ ਕਰੇ ਤਬ ਜਨ ਹੱਕ ਮੇਂ ਕਲੀ 14 ਧਰੇ
ਜਿਸ ਨੇ ਐਸੋ ਧਿਆਨ ਲਗਾਇਆ ਉਹ ਹਰ ਹਰ ਮੇਂ ਸਮਾਇਆ

ਇਸਲਾਮਕ ਅਕੀਦੇ ਵਿਚ ਸੂਫ਼ੀ ਜਗਿਆਸੂ ਲਈ ਪੀਰ ਦੀ ਮੱਦਦ ਜਰੂਰੀ ਸੀ। ਭਾਰਤ ਵਿਚ ਗੁਰੂ-ਪ੍ਰਥਾ ਦੇ ਪ੍ਰਭਾਵ ਕਰਕੇ ਸਹਾਇੱਤਾ ਅਤੇ ਅਗਵਾਈ ਲਈ ਪੀਰ ਦੀ ਕੋਈ ਜਰੂਰਤ ਨਹੀ ਰਹਿ ਗਈ, ਪਰੰ਼ਤੂ ਉਸਦੀ ਲੋੜ ਸ਼ਗਿਰਦ ਖਾਤਰ ਪੀਰ ਦੁਆਰਾ ਰੱਬ ਦੀ ਨੁਮਾਇੰਦਗੀ ਕਰਨ ਕਰਕੇ ਸੀ। ਜਿੰਨੀ ਦੇਰ ਤੱਕਦੀ ਮੁਰੀਦ ਆਪਣੇ ਨਿਜ-ਆਪੇ ਨੂੰ ਆਪਣੇ ਪੀਰ ਦੀ ਆਤਮਾ ਨਾਲ ਅਭੇਦ ਨਹੀ ਕਰਦਾ ਉਹ ਮਹਾਨ-ਆਤਮਾ ਨਾਲ ਵਿਸਾਲ ਪ੍ਰਾਪਤ ਨਹੀ ਕਰ ਸਕਦਾ ਇਨ੍ਹਾਂ ਸਤਰਾਂ ਵਿਚ ਇਸ ਮਤ ਦੀ ਹੀ ਵਿਆਖਿਆ ਹੈ। ਤਨ ਮਨ ਗੁਰ ਮੇਂ ਮਾਰ ਕੇ ਗੁਰ ਅਪਨਾ ਮਾਰੋ ਮਹਾਮਥ ਮੋ ਡਾਰ ਕੇ ਅਹੰਗ 15 ਪੁਕਾਰੋ।

ਕਵੀ, ਕੁਝ ਹੋਰ ਸੰਕਲਪਾਂ ਅਤੇ ਧਰਮ-ਸਿਧਾਤਾਂ ਦੀ ਵਿਆਖਿਆਹ ਲਈ ਅੱਗੇ ਚਲਦਾ ਹੈ। ਪਰ ਇਸ ਹੱਥ-ਲਿਖਤ ਦਾ ਬਹੁਤ ਹਿੱਸਾ ਉਠਾਲਣ ਯੌਗ ਨਹੀ। ਅਸੀ ਬਾਕੀ ਦੋ ਪੜੀਆਂ ਜਾ ਸਕਣ ਯੋਗ ਹਨ ਜੋ ਕਵੀ ਦੇ ਰਹੱਸਵਾਦ ਵਿਚਾਰਾਂ ਨੂੰ ਦਰਸਾਉਂਦੀਆਂ ਹਨ। ਜਦੋਂ ਇਕ ਜਗਿਆਸੂੂ ਦਾ ਆਪਣਾ ਆਪਾ ਉਸ ਵਿਸ਼ਾਲ ਦੈਵੀ ਆਤਮਾ ਵਿਚ ਗੁੰਮ ਜਾਂਦਾ ਹੈ। ਤਾਂ ਉਹ ਧਰਮ ਨੂੰ ਕਿਵੇ ਧਾਰਣ ਕਰਦਾ ਹੈ। ਇਸ ਦਾ ਵਰਣਨ ਇਨ੍ਹਾਂ ਸੱਤਰਾਂ ਵਿਚ ਹੈ। ਨੂਰ ਅਹਿਮਦੀ ਕੀਆ ਪਸਾਰਾ ਕਯਾ ਪ੍ਰਿਥੀ ਕਯਾ ਅੰਬਾਰ ਜਬ ਸੁੱਨਾ ਦਾ ਭੁਰਨ ਭੁਰਿਆ ਅੱਵਲ ਨੂਰ ਮੁੰਮਦ ਉੜਿਆ ਯਾਨੀ ਹੋ ਵੋਹ ਖਤਰ-ਉਲਾਹ ਅਨਫਾਸ ਅਵਲ ਹੈ ਕੁੱਲ ਦਾ ਮੋਲਾ।

ਅਕਬਰ ਛਿਦਰਵੀ (1835-1934)

[ਸੋਧੋ]

ਅਕਬਰ ਮੂਲ ਤੌਰ ਤੇ ਰਾਜਪੂਤਾਂ ਦੇ ਭੁਚਰ ਕਬੀਲੇ ਨਾ ਸੰਬੰਧਿਤ ਸੀ। ਇਹ ਕਬੀਲਾ ਦਰਿਆ ਸਿੰਧ ਦੇ ਕਿਨਾਰੇ ਆਬਾਦ ਰਿਹਾ ਪਰ ਫੇਰ ਉਥੋਂ ਪ੍ਰਸਥਾਨ ਕਰਕੇ ਥਲ ਦੇ ਜੰਗਲ ਵਿਚ ਆ ਵਸਿਆ। ਕਬੀਲੇ ਵਾਲੇ ਆਜੜੀ ਸਨ ਤੇ ਗੰਜਿਆਲ ਦੇ ਵਾੀ ਸਨ।ਹੁਣ ਗੰਜਿਆਲ ਜਿਲ੍ਹਾਂ ਖਸਾਬ (ਪਾਕਿਸਤਾਨ) ਵਿਚ ਹੈ। ਅਕਬਰ ਅਜੇ ਦੋ ਤਿੰਨ ਸਾਲਾ ਦਾ ਬਾਲਕ ਸੀ ਜਦੋ ਉਸ ਦਾ ਪਿਤਾ ਸੈਫਲ ਪਰਿਵਾਰ ਸਮੇਤ ਗੰਜਿਆਲ ਛਿਦਰਣ ਆਗਿਆ ਆਜਬੀ-ਕਬੀਲਿਆਂ ਵਿਚ ਅਜਿਹਾ-ਇਕ ਥਾ ਛੱਡ ਕੇ ਦੂਜ਼ੇ ਥਾਂ ਆਉਣ-ਜਾਣ ਬਣਿਆ ਰਹਿੰਦਾ ਸੀ ; ਸ਼ਾਇਦ ਇਸ ਦਾ ਕਾਰਣ ਭੇਡਾਂ ਬੱਕਰੀਆਂ ਲਈ ਚਾਰੇ ਦੀ ਵਾਧ-ਘਾਟ ਹੋਵੇ,- ਅਰਥਾਤ ਜਿੱਥੇ ਚਾਰਾ ਬਹੁਤ ਭੇਡਾਂ ਲੈ ਕੇ ਆਜੜੀ ਉਪਰ ਤੁਰ ਗਏ ਅਕਬਰ ਛਿਦਰਵੀ ਗਲੀ ਨੋ ਸਾਲ ਦੇ ਕਿ ਮਾਤਾ ਨਿਕਲ ਆਈ ਜਿਸ ਕਰਕੇ ਦੋਹਾਂ ਅੱਖਾਂ ਦੀ ਰੋਸ਼ਨੀ ਚਲੀ ਗਈ। ਆਪ ਦੀ ਮੰਗਣੀ ਹੋ ਚੁਕੀ ਸੀ। ਪਰ ਜਦੋਂ ਕੁੜੀਆਂ ਵਾਲਿਆਂ ਨੁੂੰ ਆਪ ਦੇ ਮਨਾਖੇ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਕੁੜੀ ਕਿਧਰੇ ਹੋਰ ਵਿਆਹ ਦਿੱਤੀ। ਇਹ ਦੂਜ਼ਾ ਸਦਮਾ ਸੀ ਜਿਸ ਨੇ ਅਕਬਰ ਨੂੰ ਬੇਹਦ ਉਦਾਸ ਕਰ ਦਿੱਤਾ ਇਕ ਦਿਨ ਘਰ ਕੋਈ ਨਹੀ ਸੀ। ਸਾਰੇ ਕਣਕਾਂ ਦੀ ਵਾਢੀ ਕਰਨ ਗਏ ਸਨ; ਘਰ ਚਿੜੀਆਂ ਨੇ ਆਲ੍ਹਣਾ ਪਾਇਆ ਹੋਇਆ ਸੀ। ਜਿੰਨ੍ਹਾਂ ਦੀ (ਚੀ,ਚੀ,) ਬੱਸ ਆਪ ਦੀ ਸਾਥੀ ਸੀ। ਜਿਸ ਨੇ ਆਪ ਦੀ ਵੱਢ ਵੱਖ ਖਾਂਦੀ ਇੱਕਲ ਨੂੰ ਦੂੂਰ ਕੀਤਾ ਤੇ -ਵਲੀ ਮੁਹੰਮਤਦ ਅੰਜੂਮ (30) ਦੀ ਦੇਸ ਮੁਤਾਬਿਕ ਆਪਨੇ ਸ਼ਾਇਰੀ-ਜਿੰਦਗੀ ਦਾ ਆਗਾਜ਼ ਇਸ ਸਿਅਰ ਤੋਂ ਕੀਤਾ ਜਿਸ ਨੇ ਮਗਰੋਂ ਪੁੂਰੀ ਕਾਫ਼ੀ ਦਾ ਰੂਪ ਧਾਰਿਆਂ:- ਚਿੜੀ ਲਗਦੀ ਹੋਂ ਤੇ ਪਿਆਰੀ। ਲੁੱਗੀ, ਕੋਠੀ ਆਈ ਇਸੇ ਵਾਰੀ।

ਕਾਫੀਆਂ

[ਸੋਧੋ]

ਆਪ ਨੇ ਮੁੱਢਲੀ ਸਿਖਿਆ ਪਿੰਡ ਦੀ ਮਸਜਿਦ ਦੇ ਮਦਰਾਸੇ ਤੋਂ ਪ੍ਰਾਪਤ ਕੀਤੀ, ਛੋਟੇ ਭਰਾ ਦੇ ਫੋਤ ਹੋ ਜਾਣ ਨਾਲ ਆਪਣੀ ਵਿਧਵਾ ਭਰਜਾਈ ਜਾਨੋ ਨਾਲ ਨਿਕਾਹ ਕੀਤਾ ਤੇੇ ਆਪਣੇ ਤਿੰਨ ਭਤੀਤਜੀਆਂ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਆਪ ਦੇ ਪਿਤਾ ਆਪ ਨੂੰ ਬਚਪਨ ਵਿਚ ਹੀ ਸਦਾ ਲਈ ਛੱਡ ਗਏ ਸਨ ਅਰਥਾਤ ਅਲਾਹ ਨੂੰ ਪਿਆਰੇ ਗਏ ਸਨ ਇਸ ਸਭ ਕੁਝ ਨੇ ਆਪ ਨੂੰ ਅੰਦਰਵਤੀ ਬਣਾ ਦਿੱਤਾ। ਆਪ ਦੇ ਅੰਦਰਲਾ ਕਵੀ ਜਿਨ੍ਹਾਂ ਰੂਪਾਂ ਵਿਚ ਪ੍ਰਗਟ ਹੋਇਆਾਂ ਉਹ ਇਹ ਸਨ:-

  1. ਕਾਫ਼ੀਆਂ, ਜਿਨ੍ਹਾ ਦੀ ਗਿਣਤੀ 107 ਹੈ
  2. ਵਾਰਾਂ, ਇਨ੍ਹ੍ਹਾਂ ਦੀ ਗਿਣਤੀ 3 ਹੈ।
  3. ਕਸ਼ੀਦੇ ਕੁੱਲ ਗਿਣਤੀ 7 ਹੈ।
  4. ਸਿਠਣੀਆਂ ਗਿਣਤੀ ਵਿਚ 5 ਹਨ।

ਅਗਲੀਆਂ ਸਤਰਾਂ ਵਿਚ ਆਪ ਦੇ ਸੂਤੀ-ਕਲਾਮ, ਕਾਫ਼ੀਆਂ ਨੂੰ ਹੀ ਵਿਚਾਰ ਅਧੀਨ ਕੀਤਾ ਜਾਵੇਗ। ਆਪ ਦੇ ਸੂਫੀ ਕਾਵਿ ਤੇ ਚਿੰਤਨ ਬਾਰੇ ਵਲੀ ਅੰਜੂਮ ਦਾ ਕਥਨ ਹੈ ਕਿ ਅਕਬਰ ਛਿਦਰਵੀ ਨਮਾਜ਼ ਦਾ ਸਦਾ ਪਾਬੰਦ ਰਹੇ। ਕੋਈ ਪਲ ਅਜਿਹਾ ਨਹੀ ਜਿਸ ਪਨ ਅੰਦਰ ਅਕਬਰ ਦਾ ਹਿਰਦਾ ਆਪਦੇ ਮਹਿਬੂੂਬ ਹੀਕੀਕ ਦੇ ਇਸ਼ਕ ਤੋ ਸੱਖਣਾ ਰਿਹਾ ਹੋਵੇ; ਹਰਪਲ ਉਸ ਦੀ ਸੁਹਣੀ ਸੂਰਤ ਦਾ ਤੱਸਵਰ ਨਾ ਸੌਣ ਦਿੰਦਾ ਹੈ। ਉਸ ਦੀ ਰੂਹ ਪੁਨਰ-ਯਾਰ ਦੇ ਨਾਲ ਜਾਣ ਲਈ, ਉਤਾਵਲੀ ਹੈ ਤੇ ਉਸ ਦਾ ਸੰਗ ਪ੍ਰਾਪਤ ਕਰਨ ਲਈ ਉਸ ਦੇ ਵਾਰੇ-ਵਾਰੇ ਜਾਂਦੀ ਹੈ। ਜਦੋ ਸੰਗ ਪ਼੍ਰਾਪਤੀ ਨਹੀਂ ਦੰਦਾ ਤਾਂ ਰੂਹ ਆਪਣੇ ਉੋਸ ਵੇਲੇ ਦੇ ਜਾਂ ਆਦਿ ਕਾਲ ਦੇ ਹਿਜਰ ਨੂੰ ਯਾਦ ਕਰਦੀ ਹੈ। ਜਦੋ ਉਸ ਨੂੰ ਇਸ ਮਾਤ ਲੋਕ ਵਿੱਚ ਘੱਲ ਦਿੱਤਾ ਗਿਆ ਸੀ। ਅਕਬਰ ਨੇ ਇਸ ਨੂੰ, ‘ਪਹਿਲੇ ਡੇਹ ਦੀ ਗਈ ਮਾਰੀ ਆਂ), ਕਿਹਾ ਹੈ। ਇਹ ਵੀ ਕਿਹਾ ਹੈ ਕਿ ਸ਼ੈਤਾਨ ਬਾਰ-ਬਾਰ ਉਸ ਨੂੰ ਰਹਿਮਾਨ ਦੀ ਯਾਦ ਤੋਂ ਰੋਕੇਗਾ ਤੇ ਉਸ ਨੇ ਉਸ ਤੋਂ ਸਾਵਧਾਨ ਰਹਿਣਾ ਹੈ। ਤੇ ਰਹਿਮਾਨ ਦਾ ਸਿਮਰਨ ਕਰਨਾ ਹੈ। ਸੂੱਤ-ਕੱਤਣ ਦੇ ਰੂਪਕ ਦੁਆਰਾ, ਇਸ ਰੂਹਾਨੀ ਸਥਿਤੀ ਦਾ ਬਿਆਨ ਅਕਬਰ ਨੇ ਇੰਜ ਕੀਤਾ ਹੈ:- ਹਿਕ ਝੱਟ ਨਾਂਗ ਗਾਫਿ ਵੇਤ ਸੂਤਰ ਸਹਣਾ ਕੱਤੀ। ਸੂਤਰ ਕੱਤੀ ਨਿੱਕਾ, ਵਿੱਚ ਗੁੰਢਲ4 ਮੂਲ ਨਾਂਹ ਘੱਤੀ॥

ਵਲੀ ਮੁਹੰਮਦ ਅੰਜੂਮ ਨੇ, ਅਕਬਰ ਛਿਦਰਵੀ ਦੇ ਸੂਫ਼ੀ-ਕਲਾਮ ਬਾਰੇ ਆਪਣੇ ਵਿਚਾਰ ਸਾਡੇ ਨਾ ਸਾਂਝਿਆਂ ਕਰਦਿਆਂ ਫਰਮਾਇਆ ਹੋ ਕਿ, ਅਕਬਰ ਇਕ ਸੂਫ਼ੀ-ਸ਼ਾਇਰ ਸੀ। ਜਿਹੜਾ ਮਹਿਬੂਤ ਹਕ਼ੀਕੀ ਦੇ ਹਿਜਰ-ੳ-ਵਿਸਾਲ ਵਿਚ ਕੂਕਦਾ ਏਸ ਦੁਨੀਆਂ ਨੂੰ ਛੱਡ, ਆਪਣੇ ਮਹਿਬੂਬ ਕੋਲ ਜਾਂ ਅੱਪੜਿਆਂ।

ਡਾ. ਮੋਹਨ ਸਿੰਘ ਦੀਵਾਨਾ ਨੇ ਗੁਲਾਮ ਜੀਲਾਨੀ ਨੂੰ 20 ਸਦੀ ਦਾ ਕਵੀ ਮੰਨਿਆ ਹੈ। ਜੋ ਕਰਤਾ ਹੀਰ-ਨਵੀਨ (49) ਤੇ ‘ਹੀਰ-ਨਵੀਨ` ਵਿਚੋਂ ਉਸ ਦੀਆਂ ਕਈ ਕਾਫ਼ੀਆਂ ਦਾ ਹਵਾਲਾ ਦਿੱਤਾ ਹੈ। ਜ਼ੋ ਉਸ ਨੂੰ ਕਿੱਸਾਕਾਰ ਦੀ ਥਾ ਇਕ ਸੂਫੀ ਵਜੋੋਂ ਉਜਾਗਰ ਵਧੇਰੇ ਕਰਦੀਆਂ ਹਨ। ਆਪ ਦਾ ਜੀਵਨ ਹਨੇਰੇ ਵਿਚ ਹੈ। ਉਹ ਸੂਫ਼ੀਆ ਦੀ ਉਸ ਧਾਰਨਾ ਦੀ ਗੱਲ ਕਰਦਾ ਹੈ, ਜਿਸ ਨੂੰ ਕੁਰਾਨ ਸ਼ਰੀਫ ਵਿਚ ਰੂਹਾਨੀ ਜਗਤ ਦੇ (ਸਮਨ, ਬੁਕਸਨ ਤੇ ਉਸ ਲੋਕਾਂ ਬਾਰੇ ਕਿਹਾ ਗਿਆ ਹੈ ਤੇ ਜਿਸ ਬਾਰੇ ਮੋਲਾਨਾ ਰੂਮ) (ਲਬ ਬੰਦ-ਉ-ਚਸ਼ਮ ਬੰਦ-ਓ-ਗੋਸ਼ ਬਰਬੰਦ) ਦਾ ਸਬਦ ਦਿੰਦਾ ਹੈ। ਗੁਲਾਮ ਜੀਲਾਨੀ ਦਾ ਫੁਰਮਾਨ ਹੈ। ਕਿ ਉਸ ਦੀ ਗੱਲ ਸੁਣਨ ਲਈ ਬਾਹਰਲੇ ਕੰਨ ਬੰਦ ਕਰਨੇ ਪੈਂਦੇ ਹਨ, ਉਸ ਨਾਲ ਗੱਲ ਕਰਨ ਲਈ ਬੁੱਲ ਬੰਦ ਕਰਨੇ ਪੈੇਂਦੇ ਹਨ ਤੇ ਉਸ ਦੀ ਦੀਦਾਰ ਲਈ ਬਾਹਰਲੀਆਂ ਅੱਖਾ ਬੰਦ ਕਰਲੀਆਂ ਪੈਂਦੀਆਂ ਹਨ। ਜ਼ੋ ਕਲ ਕਰਨਾ, ਕਰ ਅੱਜ ਕੁੜੇ। ਹੋਰ ਛੱਡ ਦੇ, ਸਾਰੇ ਪੱਜ ਕੁੜੇ। ਸੁਮਨ, ਬਕੁਮਨ, ਉਸੀ ਰਹੀਏ ਦਿਲ ਆਪਣੇ ਵੱਲ ਮੁੂੰਹ ਕਰ ਬਹੀਏ। ਫੈਦਾ ਕੀ ਹੈ। ਪਾਇਆ ਗੱਜ ਕੁੜੇ। ਹੋਰ ਛੱਡ ਦੇ ਸਾਰੇ ਪੱਜ ਕੁੜੇ। ...........

ਵਜਦ, ਇਸ਼ਕ, ਆਜਿਜ਼ੀ, ਬੇਕਮੀ, ਕੁਰਾਨ ਦੀਆਂ ਆਇਤਾਂ ਜੋ ਚਲ ਰਹੇ ਇਸ਼ੇ ਅਨੁਕੁੂਲ ਹਨ, ਦਾ ਨਿਬਾਹ ਆਦਿ ਬੜਾ ਕੁਝ ਹੈ ਗੁਲਾਮ ਜੀਲਾਨੀ ਦੀਆਂ ਕਾਫੀਆਂ ਵਿਚ ਹੈ।

ਵਲਾਇਤ ਸ਼ਾਹ

[ਸੋਧੋ]
ਵਲਾਇਤ ਸ਼ਾਹ ਦੇ ਕਲਾਮ ਤੋਂ ਦੋ ਸੰਕੇਤ ਅਜਿਹੇ ਮਿਲਦੇ ਹਨ। ਜਿਨ੍ਹਾਂ ਤੋਂ ਉਸ ਦੇ ਚਾਚੜਾਂ ਦੇ ਪ੍ਰਸਿੱਧ ਸੂਫ਼ੀ ਖਵਾਜ਼ਾ ਗੁਲਾਮ ਫਰੀਦ ਦਾ ਮੁਰੀਦ ਹੋਣ ਦਾ ਪ੍ਰਮਾਣ ਸੈ ਸਿੱਧ ਹੋ ਜਾਂਦਾ ਹੈ। ਸੰਕੇਤ ਹਨ
ਪਹਿਲਾਂ ਉਹ ਪੁਰਵਾਈ ਹੱਕ ਸੁਨੇਹਾ ਘਲਦਾ ਹੈ ਕਿ
ਸਬਾ ਵੱਲ ਚਾਚੜੀ ਲਾਵੀ।
ਬਹਾਂ ਬੱਧ ਅਰਜ਼ ਸੁਣਵਾਈ।

ਅਰਥਾਤ ਐ ਪੁਰਵਾਈ ! ਤੂੰ ਚਾਚੜਾਂ ਵੱਲ ਜਾ ਕੇ ਹੱਥ ਬੰਨ੍ਹ ਕੇ ਬੇਨਤੀ ਕਹਿ ਸੁਣਾਵੀ। ਫੇਰ, ਕਿਹਾ ਜਾਂਦਾ ਹੈਕਿ ਗੁਲਾਮ ਫ਼ਰੀਦ ਦਾ ਕਹਿਣ ਸਹਿਣ ਸ਼ਾਹਾਨਾ ਹੋਣ ਕਰਕੇ ਉਸ ਨੂੰ ਜਲਾਲੀ ਫ਼ਕੀਰ ਕਿਹਾ ਜਾਂਦਾ ਸੀ। ਤੇ ਏਸੇ ਕਰਕੇ ਵਲਾਇਤ ਸ਼ਾਹ ਵੀ ਆਖਦਾ ਹੈ।

ਅਦਬ ਦੇ ਨਾ ਪੇਸ਼ ਆਵੀ।
ਉਹ ਹੋ ਦਰਬਾਰਾ ਸ਼ਾਗਨਾ।

ਆਪਣੇ ਮੁਰਸ਼ਦ ਤੋਂ ਵਲਾਇਤ ਸ਼ਾਹ ਸਦ ਕੁਰਬਾਨ ਜਾਂਦਾ ਹੈ। ਉਹ ਉਸ ‘ਦਿਲਬਰ` ਬਾਰੇ ਆਖਦੇ ਹੈ ਕਿ ‘ਕਦੀ ਸ਼ਾਹ ਹੈ` ‘ਕਦੀ ਬਰਦਾ` ਹੈ, ਤੇ ਕਦੀ ਕਦੀ ਸਿਰ ਤੇ ਢੋਲਕ ਧਰ ਕੇ ਤੁਰਦਾ ਫਿਰਦਾ ਦੇਖੀਦਾ ਹੈ। ਕਦੀ ਤਗਨੇ ਗਾਉਂਦਾ ਫਿਰਦਾ ਹੈ ਤੇ ਕਦੀ ਮੋਖਾਨੇ ਦੀ ਰੋਣਕ ਬਣ ਕੇ ਬੈਠਾ ਹੰੁੰਦਾ ਹੈ। ਉਹ ਸ਼ਮਾਅ ਹੈ ਤੇ ਮੁਰੀਦ ਪਰਵਾਨਾ ਜਾ ਉਹੀ ਸਿੱਧੀ ਹੈ ਤੇ ਮੁਗਦ ਇਸ ਵਿਚ ਪਲ ਰਿਹਾ ਮੋਤੀ:-

ਸਮਾਅ ਪਰ ਹੂੰੰ ਮੈਂ ਪਰਵਾਨਾ 2
ਸਦਫ 3 ਕੇ ਬੀਚ ਦੁਰ-ਦਾਨਾ 4

ਆਪਣੇ ਆਪ ਨੂੰ ਰਿੰਦੀ ਮੰਨ ਕੇ ਚਲਦਾ ਹੈ ਕਵੀ । ਇਹੀ ਸੱਚੇ ਸੂਫ਼ੀ ਦੀ ਪਛਾਣ ਹੈ ਕਿ ਉਹ ਪੀਂਦਾ ਰੋਜ਼ ਹੈ ਪਰ ਇਹ ਸੋਅ ਗਿਆਨ ਤੇ ਭਗਤੀ ਦੀ ਉਹ ਨਾਮ-ਖੁਮਾਰੀ ਹੈ ਜੋ ਇਕ ਵਾਰ ਚੜ ਜਾਵੇ ਤਾਂ ਫੇਰ ਕਦੀ ਨਹੀਂ ਉੱਤਰਦੀ, ਜਾਹਿਦ ਤੇ ਮੁਲਾਂ ਵਰਗੇ ਲੋਕਾਂ ਵਿਚ ਗਿਣੇ ਜਾਣ ਦੀ ਥਾਂ ਇਹ ਸੂਫ਼ੀ ਆਪਣੇ ਰਿੰਦਾਨਨਾ ਮਸ਼ਰਬ ਨੂੰ ਤਰਜੀਹ ਦਿੰਦਾ ਹੈ।

ਮੱਈਅਦ ਖਾਮੋਸ਼ ਥੀ ਭਾਈ।
ਨਾ ਕਰ ਐਡੀ ਤੂ ਚੁਤਰਾਈ।
ਮੁਲਾਂ ਫਿਰਦੇ ਛੁਰੀਆਂ ਚਾਈ।
ਵੱਢਣ ਮਨਸੂਰ ‘ਦਾ ਗਾਨਾ।

ਇਹ ਤੁਕਾਂ ਸੋ ਸੰਬੋਧਨੀ ਹਨ। ਜਿਨ੍ਹਾ ਦੁਆਰਾ ਕਵੀ ਨੇ ਚਤੁਰਾਈ ਤੋ ਆਪਣੇੇ ਆਪ ਨੂੰ ਬਾਜ਼ ਰਹਿਣ ਦੀ ਤਾੜਨਾ ਕੀਤੀ ਹੈ ਤੇ ਮੁਲਾਂ ਦੀ ਛੁਰੀ ਤੋਂ ਬਚੱਣ ਲਈ ਇਸ ਚੁਤਰਾਈ ਨੂੰ ਸਾਵਧਾਨ ਕੀਤਾ ਹੈ ਕਿ ਮਨਸੂਰ ਦੀ ਸ਼ਹਾਦਤ ਦੀ ਗੱਲ ਨੂੰ ਯਾਦ ਰੱਖਣਾ ਕਿਧਰੇ ਤੈਨੂੰੰ ਵੀ ਉਸ ਵਾਂਗ ਇਨ੍ਹਾਂ ਮੁਲਾਣਿਆਂ ਦੀ ਛੁਰੀ ਦਾ ਸ਼ਿਕਾਰ ਨਾ ਹੋਣਾ ਪੈ ਜਾਵੇ।

ਅਕਬਰ ਸ਼ਾਹ

[ਸੋਧੋ]

ਅਕਬਰ ਸ਼ਾਹ ਦਾ ਸੰਬੰਧ ਸੂਫ਼ੀਆ ਦੇ ਮਦਾਰੀ ਸਿਲਸਿਲੇ ਨਾਲ ਹੋ। ਜਿਸ ਦਾ ਸੰਕੇਤ ਉਨ੍ਹਾਂ ਦੇ ਕਲਾਮ ਦੀ ਅੰਦਰਲੀ ਗਵਾਈ ਤੋ ਇਸ ਪ੍ਰਕਾਰ ਮਿਲਦਾ ਹੈ।

ਰੋਕ ਰੁਪਯੱਾ ਤੈਨੂੰ ਡੇਸਾਂ ਮਜ਼ਦੂਰੀ।
ਮੇਲਾ ਡੇਖੂੰ ਸ਼ਾਹ ਮਦਾਰ ਦਾ।

ਅਰਥਾਤ:- ਮੈਂ ਤੈਨੂੰ ਨਕਦ ਰੁਪਿਆ ਮਜਦੂਰੀ ਦਾ ਦੇਵਾਂ ਸ਼ਾਂਹ ਮਦਾਰ ਦਾ ਮੇਲਾ ਦੇਖ ਲਵਾਂ। ਸ਼ਾਹ ਮਦਾਰ ਦੇ ਨਾ ਤੇ ਇੱਕ ਸੂਫੀ ਸਿਲਸਿਲਾ ਪ੍ਰਸਿੱਧ ਹੋਇਆ ਜਿਸ ਦਾ ਨਾਂ ਮਦਾਰੀ ਸਿਲਲਿਸਾ ਹੈ ਤੇ ਜ਼ਿਸ ਬਾਰੇ ਪਿੱਛੇ ਸੂਫ਼ੀ ਸਿਲਸਿਲਿਆਂ ਦੇ ਅੰਤਰਗਤ ਵਿਚਾਰ ਕਰ ਆਏ ਹਾਂ ਸ਼ਾਹਹ ਮਦਾਰ ਦਾ ਸਲਾਨਾ ਉਰਸ਼ ਮਕਨਪੁਰ ਵਿਖੇ ਮਨਾਇਆ ਜਾਂਦਾ ਹੈ ਜਿੱਥੇ ਇਸ ਸਿਲਸਿਲੇ ਨਾਲ ਸੰਬੰੰਧਿਤ ਅਨੇਕਾ ਸੂਫ਼ੀ ਆਉਦੇ ਹਨੇ ਤੇ ਮੇਲੇ ਵਿਚ ਸ਼ਾਮਿਲ ਦੰਦੇ ਹਨ। ਅਕਬਰ ਸ਼ਾਹ ਦਾ ਸੰਕੇਤ ਏਸੇ ਮੇਲ ਵੱਲ ਹੈ। ਇਹ ਸੂਫ਼ੀ ਲਹਿੰਦੇ ਪੰਜਾਬ ਦਾ ਲਗਦਾ ਹੈ। ਕਿਉਂਕ ਦੇਖੀ ਨੂੰ ‘ਡੇਖੀ` ਲਿਖਦਾ ਹੈ ਤੇ ‘ਦੇਸ਼ਾਂ` ਨੂੰ ‘ਡੇਸਾਂ` ਆਦਿ ਮਾਨਵੀ ਸ੍ਰੀਰ ਨੂੰ ਅਕਬਰ ਸ਼ਾਹ ਦੇ ਯਾਰ ਦੇ ਦੁੱਪਟੇ ਦੇ ਰੂਪਕ ਦੁਆਰਾ ਬਿਆਨ ਕੀਤਾ ਹੈ ਜਿਸ ਦਾ ਧੋਣਹਾਰਾ ਮੁਰਸ਼ਿਦ ਕਾਮਿਲ ਜਾਂ ਪੂਰਣ ਗੁਰੂ ਹੈ। ਇਸ ਮੁਰਸ਼ਦ ਨੇ ਇਸ਼ਕ ਦੀ ਥਾਰ ਪਾ ਕੇ ਇਸ ਨੂੰ ਰੇਮ-ਨਗਰ ਦੀ ਅਜਿਹੀ ਖੁੰਬ ਚਾੜ੍ਹਨਾ ਹੈੇ। ਇਸ ਦੇ ਨੋਵਾਂ ਦੇ ਟੌਭੇ ਵਿਚ ਦਰਦਾਂ ਦਾ ਅਜਿਹਾ ਜਾਲ ਭਰਨਾ ਹੈ। ਇਸ ਨੂੰ ਇਤਗਫਾਰਜ ਦੇ ਸਾਬਣ ਨਾਲ ਇੰਜ਼ ਧੋਣਾ ਹੈ ਕਿ ਇ ਪਿਆਰੇ ਦੇ ਮਾਣਨ ਯੋਗ ਹੋ ਸਕੇ ਤੇ ਉਸ ਦੀ ਕਰਮ ਫਰਮਾਈ ਪ੍ਰਾਪਤ ਕਰ ਸਕੇ। ਅਕਬਰ ਸ਼ਾਹ ਨੇ ਬਾਤਨੀ ਸਫਾਈ, ਇਸ਼ਕ, ਸੋਜ਼, ਤੋਬਾ, ਜ਼ੁੂਹਦ, ਜਿਆਰਤ, ਰਸਕ, ਰੱਬੀ, ਕਰਮ ਆਦਿ ਅਨੇਕਾ ਸਾਧਾਨਾ ਤੇ ਉਪਾਸਨਾ ਨਾਲ ਸੰਬੰਧਿਤ ਸੂਫ਼ੀ ਰਮਜਾਂ ਬਾਰੇ ਕਲਾਮ ਰਚਿਆ ਹੈ।

ਜਿਵੇਂ ਨਾਂ ਤੋਂ ਸਪੱਸ਼ਟ ਹੋ ਇਕ ਮੁਸਲਮਾਨ ਔਰਤ ਜਾਪਦੀ ਹੈ। ਪਰ ਦਰਵੇਸ਼ੀ ਦੇ ਰੰਗ ਵਿਚ ਏਨੀ ਰੱਤੀ ਹੋਈ ਹੈ ਕਿ ਉਸ ਲਈ ਜਾਤਾਂ ਪਾਤਾਂ ਦੇ ਭਿੰਨ ਭੇਦ ਲਿਰਮੂਲ ਹੋ ਗਏ ਹਨ। ਉਹ ਪੂਰਬੀ ਭਾਰਤੀ ਦੀ ਵਾਸੀ ਜਾਪਦੀ ਹੈ ਕਿਉਂਕਿ ਉਸ ਦੇ ਆਪਣੇ ਬੋਲ ਹਨ:

ਪੀਰੋ ਬੋਲੀ ਪੂਰਬੀ, ਸਮਲੇ ਨਹੀ ਕੋਈ।
ਜੋ ਪੂਰਬ ਕਾ ਹੋ ਵਸੀ, ਮਲਮੇਗਾ ਸੋਈ।
ਖਾਬ ਜਿਵੇਂ ਮੈਂ ਜਾਣਿਆਂ, ਸਭ ਮੈਥੋਂ ਹੋਈ।
ਖਲਕਤ ਸਾਰੀ ਆਪ ਤਿਉ ਲਾ ਮੈਂ ਬਿਨ ਕੋਈ।

ਪੀਰੋ ਦਾ ਮੁਰਸ਼ਦ ਦਾਸ ਨਾਂ ਦਾ ਹੀ ਫਕੀਰ ਹੈ ਪੀਰੋ ਨੇ ਸੰਸਾਰ ਨੂੰ ਸਮੁੰਦਰ, ਖੁਦ ਨੂੰ ਜਹਾਜ ਤੇ ਗੁਰੂ ਨੂੰ ਜਹਾਜ਼ਰਾਨ ਕਿਹਾ ਹੈ। ਪੀਰੋ ਨੂੰ ਅਗਿਆਨ ਦੀ ਨੀਂਦ ਤੋਂ ਜਗਾਉਣ ਲਈ ਇੱਕ ਸੱਚੇ ਸਿਰ ਦੀ ਲੋੜ ਸੀ। ਤੇ ਇਹ ਸਾਂਈ ਉੋਸ ਦੇ ਐਨ ਨੇੜੇ ਸੀ ਤੇ ਉਸ ਨੂੰ ਪਤਾ ਹੀ ਨਾ ਲੱਗਾ। ਇਸ ਦਾ ਪਤਾ ਮੁਰਸ਼ਦ ਨੇ ਦਿੱਤਾ, ਮੁਰਸ਼ਦ ਜ਼ੋ ਨਾ ਹਿੰਦੂ ਹੈ ਨਾ ਮੁਸਲਮਾਨ, ਨਾ ਨਰ ਹੈ, ਨਾ ਨਾਰ,- ਬਲਕਿ ਸਭ ਹੱਦਾਂ ਬੰਨੇ ਟੱਪ ਕੇ ਇਹ ਬੇਹੱਦ ਹੋ ਗਿਆ ਹੋਇਆ ਹੈ ਤੇ ਸਾਈ ਰੂਪ ਹੀ ਹੋ ਗਿਆ ਹੋਇਆ ਹੈ।

ਸਾਈ ਮੇਰਾ ਅਜਾਤਿ ਹੈ ਨਾ ਹਿੰਦੂ ਤੁਰਕਾ।
ਜਨਮ ਮਰਨ ਤੇ ਬਾਹਿਰਾ ਨਾ ਨਾਰੀ ਪੁਰਖਾ।

ਪੀਰੋ ਇਉ ਲਗਦਾ ਹੈ ਜਿਵੇ ਕੋਈ ਗਬਿਆ ਬਸਰੇ ਦੀ ਬਜਾਏ ਏਥੇ ਪੂਰਬੀ-ਭਾਰਤ ਵਿਚ ਪੁਨਰ ਜਨਮ ਲੈ ਕੇ ਆ ਗਈ ਹੋਵੇ ਜਾ ਕੋਈ ਮੀਰਾ ਆਪਣੇ ਗਿਰਧਰ ਦੇ ਪ੍ਰੇਮ ਵਿਚ ਮਤਵਾਲੀ ਹੋ ਕੇ ਫੇਰ ਪਰਤ ਆਈ ਹੋਵੇ, - ਪੀਰੋ ਦੇ ਪਿਆਰੇ ਬੋਲਾਂ ਤੋ ਤਾਂ ਇਹੀ ਲਗਦਾ ਹੈ ਉਸ ਦੇ ਇਕ ਥਾ ਬੋਲ ਹਨ:-

ਪੀਰੋ ਖੁਦ ਖੁਦਾ ਹੀ ਹਉ ਤਾਲਿਬ ਕੋਈ।
ਨਾ ਡਿੱਠਾ ਮੁਸਲਾਨ ਕੋ ਨਾ ਹਿੰਦੂ ਕੋਈ

ਵਾਦੀ-ਇ-ਤਲਬ ਤੋ ਉਹ ਨਿਕਲ ਕੇ ਜਦੋ ਵਾਦੀ ਈ-ਤਲਾਸ਼ ਵਿਚ ਗਈ ਤੇ ਸਾਰੀਆਂ ਬਦੀਆਂ ਟੱਪਦੀਆਂ-ਟੱਪਦੀਆਂ ਫਲਾਂ ਤੇ ਬਕਾਂ ਤਕ ਰਸਾਹਈ ਕਰ ਗਈ, ਇਸ ਕਾਮੇ ਦੀ ਥਹੁ ਉਸ ਦੇ ਕਲਾਮ ਵਿਚੋਂ ਸੰਕੇਤ-ਰੂਪ ਵਿਚ ਮਿਲ ਜਾਂਦੀ ਹੈ।

ਸੂਫ਼ੀ

[ਸੋਧੋ]

ਸੂਫ਼ੀ ਨਾਂ ਦੇ ਕਵੀ ਨੇ ਇਸ ਸੰਸਾਰ ਨੂੰ ਇੱਕ ਖੇਡ ਕਿਹਾ ਹੈ। ਇਸ ਵਿਚ ਪ੍ਰਾਣੀ ਖੇਡਦਾ-ਖੇਡਦਾ ਭੁੱਲ ਜਾਂਦਾ ਹੈ। ਕਿ ਉਸ ਦੇ ਦਰਗਾਹਿ ਆਲੀ ਜਾਂ ਅਕਾਲ ਪੁਰਖ ਦੇ ਹਜੂਰ ਜਾਣ ਲਈ ਕੋਈ ਚੱੜ ਆਚਾਰ ਵੀ ਸਿੱਖਣਾ ਹੋ। ਰੱਬੀ ਦਰਗਾਹ ਵਿਚ ਜਾ ਕੇ ਤਾਂ ਇਹ ਦਸੱਣਾ ਪਵੇਗਾ। ਕਿ ਏਥੋਂ ਵਾਸਤੇ ਕੀ ਖੱਟਿਆ ਤੇਕੀ ਵੱਟਿਆ ਹੈ। ਇਸ ਸਭ ਕੁਝ ਨੂੰ ਸੂਫ਼ੀ ਨੇ ਸ਼ਾਹ ਦੋਸੋਨੀ ਅੰਦਾਜ਼ ਵਿਚ ਸੂਤ ਕੱਤਣ ਵਾਲੀ ਕੁੜੀ ਤੇ ਇਸ ਸੂਤ ਨਾਲ ਸੰੰਬੰਧ ਸਾਰੇ ਰੂਪਕ ਲੈ ਕੇ ਆਪਣੇ ਰਹਮ-ਪੁਰਣ ਅਨੁਭਵ ਨੂੰ ਸਾਡੇ ਨਾਲ ਸਾਂਝਿਆਂ ਕਰਦਿਆਂ ਕਿਹਾਹੈ ਕਿ:

ਤੂੰ ਕੇਹੀ ਖੇਡਾਂ ਵਾਨੇਲੀ !।1। ਰਹਾਉ
ਕੱਤਣ ਸਿੱਖ ਨੀ ਵੱਲਲੀਏ ਕੁੜੀਏ !
ਧਿਰ ਲੋੜੇਈਆ ਛੋਲੀ ।2।
ਗੱਡਾ ਮਰੋੜੀ ਕੋਈ ਨਾ ਪਾਈ, ਕੱਢੀ, ਤੰਦ ਸੁੱਵਲੀ
ਸੂਫੀ ਮਾਈਂ ਦੇ ਦਰ ਵੈਸੇਂ, ਹੋਸੀਆ ਜਾਨ ਇੱਕਲੀ।

ਆਕਿਲ ਸ਼ਾਹ

[ਸੋਧੋ]

ਆਕਿਲ ਸ਼ਾਹ ਦਾ ਕਲਾਮ ਵੀ ਸਾਰੇ ਦਾ ਸਾਰਾ ਭਾਰਤੀ ਕਲਾਸਕੀ ਰਾਗਾਂ ਅਨੁਸਾਰ ਤਖਲੀਕ ਹੋਇਆ ਜਾਂ ਸਿਰਜਿਆ ਮਿਲਦਾ ਹੈ। ਇਕ ਪਾਸੇ ਸਨ। ਦੀ ਚੰਚਲਤਾ ਹੋ ਤੇ ਦੂਜੇ ਪਾਸੇ ਦਾਨਾਈ ਜਾਂ ਸੂਝ ਦਾ ਸੰਸਾਰ ਹੈ, ਮਨ ਨੂੰ ਸਮਝਾਇਆ ਹੈ ਕਿ ਮੂਰਖਾਂ ਦਾ ਸਾਥ ਛੱਡ ਕੇ ਦਾਨਾਈ ਦਾ ਲੜ ਫੱੜੇ ਕਿਉਂਕਿ ਦਾਨਾਈ ਹੀ ਰੂਹਾਨੀ-ਜਗਤ ਦੀ ਸੌਝੀ ਕਰਵਾ ਸਕਦੀ ਹੈ। ਇਸ ਸਾਰੀ ਸਮੱਝਉਣੀ ਨੂੰ ਰਾਗ ਵਡਹੰਸ ਦੀ ਕਾਟੀ ਵਿਚ ਸ਼ਬਦਾਂ ਦੇ ਦੁਹਰਾਉ, ਤੀਹਰਾਓ ਦੁਆਰਾ ਇਸ ਰਾਗ-ਵਿਸ਼ੇਸ ਨੂੰ ਅਨੁਮਾਨਿਤ ਕੀਤਾ ਗਿਆ ਹੈ।ਹੋੜ,ਹੋੜ, ਹੋੜ ਜਾ ਛੋੜ, ਛੋੜ, ‘ਮੋੜ, ਮੋੜ, ਮੋੜ ਤੇ (ਤੋੋੜ, ਤੋੜ ਤੋੜਾਂ ਨੂੰ ਨੇਹੁੰ ਦੀ ਪੁਖਤਰੀ ਨੂੰ ਅਕਲ ਦੁਆਰਾ ਸਿਖਰਾਂ ਤਕ ਲੈ ਜਾਣ ਦਾ ਸਬਕ ਦਿੰਦੇ ਹਨ। ਆਕਿਲ ਸ਼ਾਹ । ਹੀਰ ਤੇ ਰਾਂਝੇ ਦੀ ਪਰਸਧਰ ਰੂਹਾਨੀ ਸਾਂਝ ਨੂੰ ਆਸਰਾ ਬਣਾ ਕੇ ਵੀ ਆਕਿਲ ਸਾਨ ਨੇ ਕੁਝ ਗੱਲਾ ਕੀਤੀਆਂ ਹਨ ਜੋ ਉਨ੍ਹਾਂ ਦੀ ਰੁੂਹਾਨੀ ਕੋਫੀਅਤ ਦਸਾਂ ਨੂੰ ਸਮੂਰਤ ਕਰਦੀਆਂ ਹਨ।

ਮੈ ਗੰਝਣ ਤਖਤ ਹਜ਼ਾਰੇ ਦੇ ਸਾਈਆਂ
ਚਾਟ ਕੇਹੀ ਸਾਨੂੰ ਲਾਈਆ ਵੋ 1910 ਰਹਾਉ
ਪਿਨਹ ਆਤਿਸ਼ ਚਕਮਕ ਵਾਲੀ ਜ਼ਾਹਿਰ ਕਰਿ ਦਿਖਲਾਈਆਂ
ਆਕਿਲ ਪਾਕ ਮੁੱਹਬਤ ਬੂਟੀ, ਪਾਲ ਜਿਵੇਂ ਤਉ ਲਾਈਆਂ ਵੋ।


ਸਹਾਇਕ ਪੁਸਤਕ ਸੂਚੀ:

[ਸੋਧੋ]
  1. ਡਾ. ਹਿਰਦੇਜੀਤ ਸਿੰਘ ਭੋਗਲ, ਸੂਫ਼ੀ ਲੋਕ, ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
  2. ਡਾ. ਸਾਧੂ ਰਾਮ ਸ਼ਾਰਧਾ, ਸੂਫ਼ੀ ਮਤ ਅਤੇ ਪੰਜਾਬੀ ਸੂਫ਼ੀ ਸਾਹਿਤ, ਭਾਸ਼ਾ ਵਿਭਾਗ ਪੰਜਾਬ
  3. ਬਿਕਰਮ ਸਿੰਘ ਘੁੰਮਣ, ਸੂਫ਼ੀਮਤ ਅਤੇ ਪੰਜਾਬੀ ਸੂਫ਼ੀ ਕਾਵਿ, ਵਾਰਿਸ਼ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ
  4. ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੌਬਿੰਦ ਸਿੰਘ ਲਾਂਬਾ, ਪੰਜਾਬੀ ਸਹਿਤ ਦੀ ਉਤਪੱਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ
  5. ਡਾ. ਗੁਰਦੇਵ ਸਿੰਘ(ਸੰਪਾਦਕ), ਫ਼ਰਦ ਫ਼ਕੀਰ ਦਾ ਕਲਾਮ, ਪਬਲੀਕੇਸ਼ਨ ਬਿਉੂਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ
  6. ਪ੍ਰੋ: ਰਤਨ ਸਿੰਘ ਜੱਗੀ, ਖੋਜ਼ ਪਤ੍ਰਿਕਾ, ਸੂਫ਼ੀ-ਕਾਵਿ ਅੰਕ-33, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
  7. ਡਾ.ਲਾਜਵੰਤੀ ਰਾਮ ਕ੍ਰਿਸ਼ਨ, ਪੰਜਾਬੀ ਸੂਫ਼ੀ ਕਵੀ (1460-1900) ਅਨੁਵਾਦ ਅਤੇ ਸੰਪਾਦਕ ਡਾ. ਸੁਖਦੇਵ ਸਿੰਘ
  8. ਗੁਰਦੇਵ ਸਿੰਘ, ਪੰਜਾਬੀ ਸੂਫੀ ਕਾਵਿ ਦਾ ਇਤਿਹਾਸ ਪੰਜਾਬੀ ਅਕਾਦਮੀ, ਦਿਲੀ 2005
  9. ਡਾ. ਮਨਮੋਹਨ ਸਿੰਘ, ਸੂਫੀਮਤ ਅਤੇ ਧਾਰਮਮਿਕ ਨਹਿਰਾਂ, ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ (1993)
  10. ਡਾ. ਪ੍ਰਮਿੰਦਰ ਸਿੰਘ ਕਿਰਪਾਲ ਸਿੰਘ ਕਮੇਲ, ਡਾ.ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਲਾਹੌਰ ਬੁੱਕ ਸ਼ਾਪ 2-ਲਾਜਪਤ ਰਾਏ ਮਾਰਕਿਟ ਨੇੜੇ ਸੁੁਸਾਇਟੀ ਸਿਨੇਮਾ, ਲੁਧਿਆਣਾ।