ਸਮੱਗਰੀ 'ਤੇ ਜਾਓ

ਗ਼ੁਲਾਮ ਫ਼ਰੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਜ਼ਰਤ ਖ਼੍ਵਾਜਾ ਗ਼ੁਲਾਮ ਫ਼ਰੀਦ (1845-1901) (ਸ਼ਾਹਮੁਖੀ:حضرت خواجہ غُلام فرید)- ਹਿੰਦ ਉਪਮਹਾਦੀਪ ਦੀ ਸੂਫ਼ੀ ਪਰੰਪਰਾ ਵਿੱਚ ਸਭ ਤੋਂ ਵਧ ਪੜ੍ਹੇ ਜਾਣ ਵਾਲੇ ਅਤੇ ਆਖਰੀ ਸੂਫ਼ੀ ਫ਼ਕੀਰ ਤੇ ਕਵੀ ਸੀ।

ਜੀਵਨ[ਸੋਧੋ]

ਖ਼ਵਾਜਾ ਗ਼ੁਲਾਮ ਫ਼ਰੀਦ ਦਾ ਜਨਮ 1261 ਹਿਜਰੀ ਦੇ ਆਖ਼ਰੀ ਬੁੱਧਵਾਰ ਸਵੇਰ-ਸਾਰ ਰਿਆਸਤ ਬਹਾਵਲਪੁਰ ਵਿੱਚ ਚਾਚੜਾਂ ਵਿਖੇ ਖ਼ਵਾਜਾ ਖ਼ੁਦਾ ਬਖ਼ਸ ਦੇ ਘਰ ਹੋਇਆ। ਆਪ ਦਾ ਇਤਿਹਾਸਕ ਨਾਮ ਖੁਰਸ਼ੀਦ ਆਮਲ ਦੱਸਿਆ ਜਾਂਦਾ ਹੈ। ਪਿਤਾ ਨੇ ਆਪ ਦਾ ਨਾਮ ਸ਼ੇਖ ਫ਼ਰੀਦੁਦੀਨ ਗੰਜ ਸ਼ੱਕਰ ਦੇ ਨਾਂ ਨੂੰ ਮੁੱਖ ਰੱਖ ਕੇ ਗ਼ੁਲਾਮ ਫ਼ਰੀਦ ਰੱਖਿਆ ਸੀ। ਗ਼ੁਲਾਮ ਫ਼ਰੀਦ ਸੋਲ੍ਹਾਂ ਸਾਲਾਂ ਦੀ ਉਮਰ ਤੱਕ ਵਿੱਦਿਆਂ ਪ੍ਰਾਪਤੀ ਵਿੱਚ ਰੁਝੇ ਰਹੇ। ਦੀਨੀ ਵਿੱਦਿਆ ਪ੍ਰਾਪਤ ਕਰਨ ਲਈ ਅਰਬੀ ਤੇ ਫ਼ਾਰਸੀ ਦਾ ਗਿਆਨ ਤਾਂ ਜਰੂਰੀ ਹੀ ਸੀ। ਇਸ ਤੋਂ ਛੁੱਟ ਆਪ ਨੇ ਉਰਦੂ, ਹਿੰਦੀ, ਬ੍ਰਿਜੀ, ਸਿੰਧੀ ਜਬਾਨਾਂ ਵੀ ਸਿੱਖੀਆਂ।
ਹਿੰਮਤ ਸਿੰਘ ਸੋਢੀ ਅਨੁਸਾਰ, ‘‘ਬਾਬਾ ਫ਼ਰੀਦ ਸ਼ੱਕਰ ਗੰਜ ਜੇ ਪੰਜਾਬ ਦੇ ਸਭ ਤੋਂ ਪਹਿਲੇ ਮਹਾਨ ਕਵੀ ਫ਼ਕੀਰ ਤੇ ਕਵੀ ਹੋਏ ਹਨ, ਤਾਂ ਸੱਤ ਸੌ ਸਾਲ ਬਾਅਦ ਖ਼ਵਾਜਾ ਫ਼ਕੀਰ ਪੰਜਾਬ ਦੀ ਸੂਫ਼ੀ ਪਰੰਪਰਾ ਵਿੱਚ ਸਭ ਤੋਂ ਆਖਰੀ ਮਹਾਨ ਸੂਫ਼ੀ ਫ਼ਕੀਰ ਤੇ ਕਵੀ ਸੀ। ਇਨ੍ਹਾਂ ਦੇ ਜਨਮ ਉੱਤੇ ਕਈ ਸ਼ਾਇਰਾਂ ਨੇ ਸ਼ਰਧਾ ਤੇ ਪ੍ਰੇਮ ਨਾਲ ਸ਼ਿਅਰ ਕਹੇ ਜੋ ਮਨਾਕਬੇ ਫ਼ਰੀਦੀ ਵਿੱਚ ਦਰਜ ਹਨ’’। (1)

‘‘ਜਹੇ ਗੌਹਰ ਖ਼ਾਨਦਾਨੇ ਫ਼ਰੀਦਾ ਵਰ੍ਹੇ ਯਾ ਮਹੇਂ ਕਦਰੋ ਉਮਰਸ ਮਜੀਦ’’।

ਗ਼ੁਲਾਮ ਫ਼ਰੀਦ ਆਪਣੇ ਆਪ ਨੂੰ ਪੀਰ-ਮੁਰਸ਼ਦ ਫ਼ਖਰ-ਜਹਾਂ ਦਾ ਖ਼ਾਸ ਗ਼ੁਲਾਮ ਅਤੇ ਉਸ ਦੇ ਦਰ ਦਾ ਚਾਕਰ ਕਹਿੰਦਾ ਹੈ।

 ‘‘ਖ਼ਾਸ ਗ਼ੁਲਾਮ ਫ਼ਰੀਦ ਫ਼ਖਰ ਦਾ ਬਾਂਦਾ। ਬਰਦਾ ਇਸ ਦੇ ਦਰ ਦਾ
ਬੱਠ ਪਿਆ ਆਸਰਾਂ ਇਲਮੋ ਹੁਨਰ ਦਾ ਤਕੀਆ ਦੋਸਤ ਦੇ ਦਮ ਦਾ ਹੈ’’।
 

ਰਚਨਾ[ਸੋਧੋ]

ਖ਼ਵਾਜਾ ਗ਼ੁਲਾਮ ਫ਼ਰੀਦ ਦੀ ਰਚਨਾ ਸੂਫ਼ੀ ਭਾਂਵਾ ਤੇ ਭਾਵਨਾਵਾਂ ਦੀ ਸ਼ਾਇਰੀ ਹੈ। ਇਹ ਸ਼ਾਇਰੀ ਸੂਫ਼ੀ ਕਾਵਿ ਦਾ ਖਜ਼ਾਨਾ ਹੈ। ਇਹ ਸ਼ਾਇਰੀ ਸੂਫ਼ੀ ਕਾਵਿ ਦੀ ਸਿਖਰ ਨਹੀਂ ਸਗੋਂ ਅੰਤਿਮ ਪੜਾਅ ਦੀ ਕਵਿਤਾ ਹੈ।
ਮੌਲਾ ਬਖ਼ਸ ਕੁਸ਼ਤਾ ਅਨੁਸਾਰ, ‘‘ਇਨ੍ਹਾਂ ਦੀ ਸ਼ਾਇਰੀ ਮੁਲਤਾਨ, ਸਿੰਧ, ਬਹਾਵਲਪੁਰ, ਤੇ ਥੱਲ ਦੇ ਇਲਾਕੇ ਵਿੱਚ ਉਹੀ ਦਰਜਾ ਰੱਖਦੀ ਏ ਜੋ ਬਾਕੀ ਪੰਜਾਬ ਵਿੱਚ ਵਾਰਿਸ਼ ਸ਼ਾਹ ਦੀ ਸ਼ਾਇਰੀ ਨੂੰ ਹਾਸਿਲ ਏ। ਚਾਚੜਾਂ ਸ਼ਰੀਫ ਨਾਲ ਹਿੰਦ, ਸਿੰਧ, ਪੰਜਾਬ ਤੇ ਮਾਰਵਾੜ ਦਾ ਸੰਗਮ ਹੁੰਦਾ ਏ।’’ (2)
ਗ਼ੁਲਾਮ ਫ਼ਰੀਦ ਇੱਕ ਪਾਸੇ ਅਰਬੀ, ਫ਼ਾਰਸੀ, ਉਰਦੂ, ਹਿੰਦੀ, ਸਿੰਧੀ ਭਾਸ਼ਾਵਾਂ ਦਾ ਗਿਆਤਾ ਸੀ ਤੇ ਦੂਜੇ ਪਾਸੇ ਪੰਜਾਬੀ ਵਿੱਚ ਸਭ ਤੋਂ ਵੱਧ ਕਾਫੀਆਂ ਲਿਖਣ ਕਰ ਕੇ ਵੀ ਪਹਿਚਾਣਿਆ ਗਿਆ। ਪੰਜਾਬੀ ਵਿੱਚ ਰਚਨਾ ‘ਦੀਵਾਨਿ-ਫ਼ਕੀਰੀ’ ਚਰਚਿਤ ਹੋਈ। ਇਸ ਤੋਂ ਬਿਨ੍ਹਾਂ ਉਸ ਦੇ 175 ਦੋਹੜੇ ਤੇ ਕੁਝ ਡਿਉਢਾਂ ਮਿਲਦੀਆਂ ਹਨ। ਉਸ ਦੀਆਂ ਕਾਫ਼ੀਆਂ ਸੂਫ਼ੀਆਂ ਦੇ ਮਜ਼ਾਰਾਂ ਉੱਤੇ ਗਾਉਣ ਵਾਲੇ ਕੱਵਾਲਾਂ ਵਿੱਚ ਹਰਮਨ-ਪਿਆਰੀਆਂ ਹਨ।
ਡਾ. ਸਾਧੂ ਰਾਮ ਸ਼ਾਰਦਾ ਅਨੁਸਾਰ, ‘‘ਖ਼ਵਾਜਾ ਗ਼ੁਲਾਮ ਫ਼ਰੀਦ ਦਾ ਸੰਬੰਧ ਚਿਸ਼ਤੀ ਸਿਲਸਿਲੇ ਨਾਲ ਸੀ ਅਤੇ ਉਸ ਦੀਆਂ 272 ਕਾਫ਼ੀਆਂ ‘ਅਸਰਾਰੇ ਫ਼ਰੀਦੀ’ ਤੇ ‘ਦੀਵਾਨੇ ਫ਼ਰੀਦੀ’ ਨਾਮ ਹੇਠ ਛਪੀਆਂ ਹਨ।’’(3)
ਗ਼ੁਲਾਮ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਧਾਰਾ ਦਾ ਅੰਤਿਮ ਚਮਕਦਾ ਸਿਤਾਰਾ ਮੰਨਿਆ ਜਾਂਦਾ ਹੈ। ਉਸਨੂੰ ਬਹੁਤ ਸਾਰੇ ਵਿਦਵਾਨ ਸੂਫ਼ੀ ਕਾਫ਼ੀ ਦਾ ਬਾਦਸ਼ਾਹ ਮੰਨਦੇ ਹਨ। ਇੱਕ ਕਾਫ਼ੀ ਵਿੱਚ ਗ਼ੁਲਾਮ ਫ਼ਰੀਦ ਲਿਖਦਾ ਹੈ:

‘ਮੈਂਡਾ ਇਸ਼ਕ ਵੀ ਤੂੰ ਮੈਂਡਾ ਯਾਰ ਵੀ ਤੂੰ,
ਮੈਂਡਾ ਦੀਨ ਵੀ ਤੂੰ, ਈਮਾਨ ਵੀ ਤੂੰ,

ਡਾ. ਜੀਤ ਸਿੰਘ ਸੀਤਲ ਅਨੁਸਾਰ, ‘‘ ਪੰਜਾਬੀ ਸੂਫ਼ੀ ਕਾਵਿ ਇਤਿਹਾਸ ਵਿੱਚ ਗ਼ੁਲਾਮ ਫ਼ਰੀਦ ਨੇ ਸਭ ਤੋਂ ਵੱਧ ਕਲਾਮ ਰਚਿਆ ਹੈ। ਸਭ ਤੋਂ ਵਧੇਰੇ ਕਾਫ਼ੀਆਂ ਲਿਖੀਆਂ ਹਨ। ਸਭ ਤੋਂ ਚੰਗੇਰੇ ਇਨ੍ਹਾਂ ਵਿੱਚ ਰੰਗ ਭਰੇ ਹਨ। ਸਭ ਤੋਂ ਵੱਧ ਬਹਿਰ ਵਰਤੇ ਹਨ, ਅਲੰਕਾਰਾਂ, ਬਿੰਬਾਂ, ਚਿੰਨ੍ਹਾਂ ਦਾ ਕੋਈ ਅੰਤ ਨਹੀਂ। ਸਾਰੀਆਂ ਕਾਫ਼ੀਆਂ ਵਿੱਚ ਸੂਫ਼ੀ ਰੰਗ ਕਿੱਧਰੇ ਫਿੱਕਾ ਨਹੀਂ ਪੈਂਦਾ।’’ (4)
ਵਿਚਾਰਧਾਰ -ਗ਼ੁਲਾਮ ਫ਼ਰੀਦ ਦੀਆਂ ਕਾਫ਼ੀਆਂ ਵਿੱਚ ਤਿੰਨ ਪੜਾਵਾਂ ਦਾ ਪਤਾ ਮਿਲਦਾ ਹੈ ਜਿਹਨਾਂ ਉੱਤੇ ਚੱਲਣ ਲਈ ਉਹ ਜਗਿਆਸੂ ਨੂੰ ਕਹਿੰਦਾ ਹੈ ਰੱਬੀ ਇਸ਼ਕ ਦੇ ਸੰਬੰਧ ਵਿੱਚ ਸੂਫ਼ੀਆ ਨੇ ਤਿੰਨ ਮੰਜਲਾਂ ਤੈਅ ਕਰਨੀਆਂ ਜਰੂਰੀ ਹਨ ਪਹਿਲੀ ਹੈ ਆਪਣੀ ਹੋਂਦ ਨੂੰ ਆਪਣੇ ਮੁਰਸ਼ਦ ਵਿੱਚ ਲੀਨ ਕਰ ਦੇਣਾ, ਦੂਜੀ ਹੈ ਆਪਣੇ ਆਪ ਨੂੰa ਪਗੰਬਰ ਤੋਂ ਨSkਵਰ ਕਰ ਦੇਣਾ ਆਪਣੀ ਹੋਂਦ ਨੂੰ ਉਸ ਵਿੱਚ ਇੱਕ-ਮਿੱਕ ਕਰ ਦੇਣਾ। ਤੀਸਰੀ ਹੈ ਉਹ ਹਰੇਕ ਸ਼ੈਅ ਵਿੱਚ ਪ੍ਰਮਾਤਮਾ ਨੂੰ ਦੇਖਦਾ ਹੋਇਆ, ਆਪਣੇ ਰੂਪ ਤੇ ਹਸਤੀ ਨੂੰ ਉਸ ਦੇ ਅੰਦਰ ਜਜ਼ਬ ਕਰ ਦੇਵੇ।
ਸੂਫ਼ੀ ਮਾਰਗ ਉੱਤੇ ਚੱਲਣ ਵਾਲੇ ਜਗਿਆਸੂ ਜਾਂ ਮਾਲਕ ਦਾ ਮੁੱਖ ਹਥਿਆਰ ਰੱਬੀ ਇਸ਼ਕ ਹੈ ਜੋ ਰੱਬ ਪ੍ਰਤੀ ਉਸ ਦੇ ਸਨੇਹ ਦਾ ਪ੍ਰਤੀਕ ਹੈ। ਸੂਫ਼ੀ ਮੱਤ ਦਾ ਸਾਰਾ ਢਾਂਚਾ ਹੀ ਇਸ਼ਕ ਉੱਤੇ ਆਧਾਰਿਤ ਹੈ। ਸੂਫ਼ੀ ਇੱਕ ਸੱਚਾ ਆਸ਼ਿਕ ਹੈ ਜੋ ਆਪਣੇ ਪ੍ਰੀਤਮ ਦੀ ਪ੍ਰੇਮ - ਸਾਧਨਾਂ ਵਿੱਚ ਲੀਨ ਰਹਿੰਦਾ ਹੈ। ਇਹ ਪ੍ਰੇਮਾਤਮਕ ਰਹੱਸਵਾਦ ਹੈ ਜਿਸ ਅਨੁਸਾਰ ਰੱਬੀ ਗਿਆਨ ਕੇਵਲ ਉਸ ਨਾਲ ਇਸ਼ਕੀਆ ਸੰਬੰਧ ਸਥਾਪਿਤ ਕਰ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਪ੍ਰੋ. ਹਿੰਮਤ ਸਿੰਘ ਸੋਢੀ ਅਨੁਸਾਰ, ‘‘ਗ਼ੁਲਾਮ ਫ਼ਰੀਦ ਦੀ ਕਵਿਤਾ ਉਸ ਦੀ ਅੰਤਰ ਆਤਮਾਂ ਦੀ ਸ਼ਾਇਰੀ ਸੀ। ਜੋ ਇੱਕ ਖਾਸ ਪੈਗ਼ਾਮ ਦੀ, ਰੱਬੀ ਏਕਤਾ ਦੀ ਸੂਚਕ ਸੀ। ਗ਼ੁਲਾਮ ਫ਼ਰੀਦ ਨੇ ਆਪਣੀਆਂ ਕਾਫ਼ੀਆਂ ਵਿੱਚ ਇਸ਼ਕ ਦੀ ਬਿਖੜੀ ਵਾਟ ਦਾ ਸੁੰਦਰ ਚ੍ਰਿਤਰਣ ਕੀਤਾ ਹੈ। ਇਸ ਵਿੱਚ ਪੈਰ ਪੈਰ ਤੇ ਕਠਿਨਾਈਆਂ ਤੇ ਰੁਕਾਵਟਾਂ ਹਨ, ਪਰ ਕਵੀ ਦੇ ਅੰਦਰ ਤੇ ਬਾਹਰ ਇਸ਼ਕ ਦੀ ਨਹਿਰ ਵਗ ਰਹੀ ਹੈ।’’ (5)

ਇਸ਼ਕ ਤੈਂਡੇ ਦੀ ਨਹਿਰ ਵਗੇ,
ਕਈ ਤਰੀਆਂ ਕਰਮਾਂ ਵਾਲੜੀਆਂ,
ਕਈ ਕੋਝੀਆਂ ਲੰਘ ਪਾਰ ਹੋਈਆਂ,
ਤੇ ਰੋਕਣ ਸ਼ਕਲਾਂ ਵਾਲੜੀਆਂ।

ਗ਼ੁਲਾਮ ਫ਼ਰੀਦ ਵੀ ਇਸ਼ਕ ਮਜਾਜ਼ੀ ਤੋਂ ਇਹੀ ਮੁਰਾਦ ਲੈਂਦੇ ਹਨ। ਗ਼ੁਲਾਮ ਸਾਹਿਬ ਦਾ ਇਸ਼ਕ ਕਿਸੇ ਹੱਡ ਚੰਮ ਰੱਖਣ ਵਾਲੇ ਜਿਸਮ ਨਾਲ ਵੀ ਸੀ, ਕਿਉਂਕਿ ਆਪ ਜੀ ਜ਼ਾਤ ਮਜਾਜ਼ੀ ਇਸ਼ਕ ਤੋਂ ਖਾਲੀ ਨਹੀਂ ਸੀ। ਪਰ ਆਪ ਦਾ ਟੀਚਾ ਇਲਾਹੀ ਇਸ਼ਕ ਹੀ ਸੀ। ਡਾ. ਸ਼ਾਰਦਾ ਅਨੁਸਾਰ, ‘‘ਬਿਹਰਾ ਦੇ ਵਰਨਣ ਵਿੱਚ ਤਾਂ ਗ਼ੁਲਾਮ ਫ਼ਰੀਦ ਚਾਚੜਾਂ ਦਾ ਮੁਕਾਬਲਾ ਹੋਰ ਕੋਈ ਪੰਜਾਬੀ ਸੂਫ਼ੀ ਕਵੀ ਨਹੀਂ ਕਰ ਸਕਦਾ ਹੈ।’’ (6)
ਗ਼ੁਲਾਮ ਫ਼ਰੀਦ ਇਨ੍ਹਾਂ ਮਹਾਨ ਸੂਫ਼ੀ ਕਵੀਆਂ ਦੀ ਕਾਵਿ ਪ੍ਰਾਪਤੀ ਚੋ ਜਿਹੜਾ ਵਿਸ਼ੇਸ਼ ਤੱਤ ਕਬੂਲਿਆ ਹੈ ਉਹ ਹੈ ਇਸ਼ਕ ਤੇ ਬਿਹਰਾ ਦਾ ਸੰਕਲਪ, ਇਸ਼ਕ ਦੀ ਪ੍ਰਧਾਨਤਾ ਤੇ ਬਿਹਰਾਂ ਦੀ ਪੀੜ ਗ਼ੁਲਾਮ ਫ਼ਰੀਦ ਦੇ ਸਮੁੱਚੇ ਕਾਵਿ ਵਿੱਚ ਇਸ ਤਰ੍ਹਾਂ ਸਮੋਈ ਹੋਈ ਹੈ।

‘‘ ਇਸ਼ਕ ਹੀ ਇਸ਼ਕ ਹੈ ਜਹਾਂ ਦੇਖੋ
ਸਾਰੇ ਆਲਮ ਮੇਂ ਭਰ ਰਹਾ ਹੈ ਇਸ਼ਕ’’

ਤਨਵੀਰ ਬੁਖਾਰੀ ਨੇ ਲਿਖਿਆ, ‘‘ਖ਼ਵਾਜਾ ਸਾਹਿਬ ਦੀ ਸ਼ਾਇਰੀ ਵਿੱਚ ਪੀੜ੍ਹਾਂ ਚੀਸਾਂ, ਟੀਸਾਂ, ਦੁੱਖ, ਦਰਦ ਤੇ ਬਿਹਰੋਂ ਦੀਆਂ ਚੀਕਾਂ ਤਾਂ ਮੌਜੂਦ ਨੇ ਪਰ ਉਹਨਾਂ ਦਾ ਸਨੇਹਾ ਬੇਅਮੀਦਾਂ ਸਨੇਹਾਂ ਨਹੀਂ। ਉਹ ਦੱਸਦੇ ਨੇ ਪਈ ਏਸ਼ ਇਸ਼ਕ ਪਿਆਰ ਦੇ ਵਿਹੜੇ ਵਿੱਚ ਇਹ ਸਭੋ ਕੁਝ ਏ, ਏਸ ਪੰਡ ਨੂੰ ਢਾਣਾ ਬੜਾ ਔਖਾ ਕੰਮ ਏ। ਆਸ਼ਕ ਹਮੇਸ਼ਾ ਔਕੜਾਂ, ਮੁਸੀਬਤਾਂ ਤੇ ਇਮਤਿਹਾਨਾਂ ਵਿੱਚ ਈ ਫਾਥੇ ਰਹਿੰਦੇ ਨੇ ਪਰ ਹਿੰਮਤ ਕਦੇ ਨਹੀਂ ਹਾਰਦੇ।’’(7) ਕਲਾ ਗ਼ੁਲਾਮ ਫ਼ਰੀਦ ਨੇ ਸਿੰਧੀ ਸ਼ਬਦ, ਤੁਕਾਂਰਾ ਅਤੇ ‘ਸਾਂਈ’ ਜਿਹੇ ਸ਼ਬਦ ਦੀ ਸੰਬੋਧਨੀ ਤੇ ਵਰਤੋਂ ਆਪਣੀਆਂ ਕਾਫ਼ੀਆਂ ਵਿੱਚ ਕੀਤੀ ਹੈ। ਖ਼ਵਾਜਾ ਸਾਹਿਬ ਦਾ ਇੱਕ ਵੱਡਾ ਗੁਣ ਲੋਕ ਬੋਲੀ ਤੇ ਲੋਕ ਮੁਹਾਵਰੇ ਦੀ ਜਾਣਕਾਰੀ ਦੇ ਨਾਲ ਸੰਗੀਤ ਦੇ ਮਾਹਰ ਹੋਣ ਦਾ ਹੈ। ਆਪ ਦੀਆਂ ਸਾਰੀਆਂ ਕਾਫ਼ੀਆਂ, ਰਾਗਾਂ ਤੇ ਰਾਗਣੀਆਂ ਉੱਤੇ ਆਧਾਰਿਤ ਹਨ। ਪ੍ਰਿੰਸੀਪਲ ਗੁਰਦਿੱਤ ਸਿੰਘ ਪ੍ਰੇਮੀ ਨੇ, ‘‘ਗ਼ੁਲਾਮ ਫ਼ਰੀਦ ਸਾਡਾ ਅੰਤਿਮ ਪੰਜਾਬੀ ਸੂਫ਼ੀ ਕਵੀ ਹੈ। ਇਸ ਦੀ ਮੁਲਤਾਨੀ, ਰੰਗੀ, ਬਹਾਵਲਪੁਰੀ, ਬੋਲੀ ਡਾਢੀ ਮਿੱਠੀ ਹੈ। ਕਾਫ਼ੀਆਂ ਵਿੱਚ ਅਨੇਕਾਂ ਛੰਦ ਤੇ ਤੋਲ ਤੁਕਾਂਤ ਵਰਤੇ ਹਨ। ਪਰ ਕਈ ਥਾਵਾਂ ਫ਼ਾਰਸੀ ਦੀ ਗੂੜੀ ਮਿਸ਼ਰਤ ਹੋ ਗਈ ਹੈ।’’(8) ਗ਼ੁਲਾਮ ਫ਼ਰੀਦ ਦੀ ਕਲਾ ਦੀ ਸਭ ਤੋਂ ਵੱਡੀ ਵਜ੍ਹਾ ਉਹਨਾਂ ਦਾ ਸੰਗੀਤ ਪਿਆਰ ਸੀ। ਉਹ ਸੰਗੀਤ ਕਲਾ ਦੇ ਵੀ ਮਾਹਰ ਸਨ। ਪਸ਼ੂਆਂ ਦੇ ਵੱਗਾਂ ਦੇ ਘੂੰਗਰੂਆਂ ਤੇ ਟੱਲੀਆਂ ਤੇ ਵਾਗੀਆਂ ਦੀਆਂ ਅਵਾਜ਼ਾਂ ਨਾਲ ਜਿਹੜਾ ਸੰਗੀਤ ਵਾਯੂ ਮੰਡਲ ਵਿੱਚ ਪੈਦਾ ਹੁੰਦਾ ਹੈ। ਉਹ ਹੇਠਲੇ ਬੰਦ ਵਿੱਚ ਪੇਸ਼ ਕੀਤਾ। <poem>‘ਮਛਲੀਂ ਪੀਂਗੀਂ ਲਾਮੂੰ ਤਾਰੀਂ। ਚੁਟਕੀਂ ਘਡਰੀ ਹੋਂਗ ਤਵਾਰੀਂ॥ ਸਹਿਜੋ ਗੰਦ ਰਸਾਈ ਵੋ ਯਾਰ।’’<poem> (ਬਰਖਾ ਮਗਰੋਂ ਅਕਾਸ਼ ਉੱਪ ਰੰਗ ਬਰੰਗੀਆਂ ਮੱਛੀਆਂ ਵਾਙ ਇੰਦਰ ਧਨੁਖ ਫੈਲਿਆ ਹੋਇਆ ਹੈ ਤੇ ਦੂਰੋਂ ਦੂਰੋਂ ਪਸ਼ੂਆਂ ਦੇ ਗਲ ਦੀਆਂ ਟੱਲੀਆਂ ਵੱਜਣ ਤੇ ਵਾਗੀਆਂ ਦੇ ਖੰਘੂਰੇ ਦੀਆਂ ਅਵਾਜ਼ਾਂ ਆ ਰਹੀਆਂ ਹਨ ਬਹੁਤ ਘੱਟ ਕਾਫ਼ੀਆਂ ਅਜਿਹੀਆਂ ਵੀ ਹਨ ਜਿੱਥੇ ਇਹ ਪ੍ਰਤੀਕ ਬੜਾ ਰਹੱਸਮਈ ਰੂਪ ਧਾਰਨ ਕਰ ਲੈਂਦਾ ਹੈ ਤੇ ਇਸ਼ਕ-ਹਕੀਕੀ ਦਾ ਇਹ ਮਿਕਨਾਤੀਸ ਇਸ਼ਕ-ਮਜਾਜ਼ੀ ਦੇ ਪ੍ਰਤੀਕਾਂ ਦੇ ਭਾਰ ਹੇਠ ਦੱਬਿਆ ਜਾਂਦਾ ਹੈ)
ਡਾ. ਕਾਲਾ ਸਿੰਘ ਬੇਦੀ ਤੇ ਪ੍ਰੋ. ਗੁਲਵੰਤ ਸਿੰਘ ਅਨੁਸਾਰ, ‘‘ਖ਼ਵਾਜਾ ਗ਼ੁਲਾਮ ਫ਼ਰੀਦ ਆਧੁਨਿਕ ਯੁੱਗ ਦੇ ਮਹਾਨ ਸੂਫ਼ੀ ਕਵੀ ਸਨ। ਆਪ ਜੀ ਦੀ ਕਥਨੀ ਤੇ ਕਰਨੀ ਵਿੱਚ ਇਕਸੁਰਤਾ ਮੌਜ਼ੂਦ ਹੈ। ਕਾਫ਼ੀਆਂ ਵਿੱਚ ਜਿਸ ਵਹਦਤੇ-ਵਜੂਦੀ ਦੀ ਆਪ ਨੇ ਤਾਲੀਮ ਦਿੱਤੀ ਹੈ, ਉਹ ਕੁਝ ਦੋਹੜਿਆਂ ਵਿੱਚ ਸਿੱਖਿਆ ਮਿਲਦੀ ਹੈ। ਸਾਡੇ ਵਿਚਾਰ ਵਿੱਚ ਖ਼ਵਾਜਾ ਸਾਹਿਬ ਵਿੱਚ ਬਾਬਾ ਫ਼ਰੀਦ ਸ਼ੱਕਰਗੰਜ ਦਾ ਸੰਜਮ ਤੇ ਗੰਭੀਰਤਾ, ਸ਼ਾਹ ਹੁਸੈਨ ਦਾ ਬਿਰਹਾ ਤੇ ਬੁੱਲੇ ਸ਼ਾਹ ਦਾ ਇਸ਼ਕ ਹਕੀਕੀ ਦਾ ਸੁਮੇਲ ਹੋ ਰਿਹਾ ਸੀ ਤੇ ਇਸ ਉੱਪਰ ਇਹ ਹੱਕ ਸੀ ਕਿ ਖ਼ਵਾਜਾ ਸਾਹਿਬ ਨੇ ਆਪਣੇ ਜੀਵਨ ਵਿੱਚ ਇਸ਼ਕ ਮਜਾਜ਼ੀ ਦੀਆਂ ਚੋਟਾਂ ਖਾਧੀਆਂ ਸਨ ਤੇ ਬੜੇ ਸਬਰ ਨਾਲ ਇਸ਼ਕ ਮਜਾਜ਼ੀ ਦੇ ਪੜਾਵਾਂ ਨੂੰ ਪਾਰ ਕਰ ਕੇ ਇਸ਼ਕੀ ਹਕੀਕੀ ਦੀ ਮੰਜ਼ਿਲ ਉੱਪਰ ਪੁੱਜੇ ਸਨ ਤੇ ਆਪਣੀ ਜਾਤ ਨੂੰ ਅੱਲ੍ਹਾ ਦੀ ਜ਼ਾਤ ਵਿੱਚ ਫੁਨਾ ਕਰ ਦਿੱਤਾ ਸੀ ਤੇ ਉਹਨਾਂ ਦਾ ਇਹ ਆਪਣਾ ਨਿੱਜੀ ਜੀਵਨ ਆਪ ਦੀ ਰਚਨਾ ਵਿੱਚ ਸਪਸ਼ਟ ਹੈ।’’ (9)