ਸਮੱਗਰੀ 'ਤੇ ਜਾਓ

ਫਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਂਸ ਜਾਂ ਸ਼ਤੀਰ ਦੀਆਂ ਫੱਟੀਆਂ ਦੇ ਲੰਬਾਈ ਵਿਚ ਜ਼ਿਆਦਾ ਤੇ ਚੌੜਾਈ ਵਿਚ ਘੱਟ ਬਣੇ ਫਰੇਮ ਵਿਚ ਬੇਰੀ ਜਾਂ ਜੰਡੀ ਦੇ ਰੁੱਖ ਦੀਆਂ ਝਿੰਗਾਂ ਲਾ ਕੇ ਕਣਕ, ਜੌਂ ਦੀ ਫਸਲਾਂ ਦੀ ਗ਼ਾਹੀ ਕਰਨ ਵਾਲੇ ਖੇਤੀ ਸੰਦ ਨੂੰ ਫਲ੍ਹਾ ਕਹਿੰਦੇ ਹਨ।

ਫਲ੍ਹੇ ਦੋ ਕਿਸਮ ਦੇ ਹੁੰਦੇ ਸਨ। ਇਕ ਛੋਟਾ ਫਲ੍ਹਾ ਹੁੰਦਾ ਸੀ ਜਿਸ ਨੂੰ ਬਲਦਾਂ ਦੀ ਇਕ ਜੋੜੀ ਖਿੱਚਦੀ ਸੀ। ਇਕ ਬੜਾ ਫਲ੍ਹਾ ਹੁੰਦਾ ਸੀ ਜਿਸ ਨੂੰ ਬਲਦਾਂ ਦੀਆਂ ਦੋ ਜੋੜੀਆਂ ਖਿੱਚਦੀਆਂ ਸਨ। ਇਸ ਫਲ੍ਹੇ ਨੂੰ ਚੌਖੜਾ ਵੀ ਕਹਿੰਦੇ ਸਨ। ਬੜੇ ਫਲ੍ਹੇ ਨੂੰ ਕਈ ਵੇਰ ਇਕ ਬਲਦਾਂ ਦੀ ਜੋੜੀ ਦੇ ਨਾਲ ਇਕ ਊਠ/ਬੋਤਾ ਖਿੱਚਦਾ ਸੀ। ਫਲ੍ਹੇ ਚਲਦੇ ਸਮੇਂ ਪਸ਼ੂਆਂ ਦਾ ਗੋਹਾ ਪੈਲੀ ਵਿਚ ਨਹੀਂ ਡਿੱਗਣ ਦਿੱਤਾ ਜਾਂਦਾ ਸੀ। ਵਿਸ਼ਵਾਸ਼ ਹੈ ਕਿ ਅੰਨ ਵਿੱਚ ਡਿੱਗਿਆ ਗੋਹਾ ਮਾੜਾ ਹੁੰਦਾ ਹੈ।

ਛੋਟਾ ਫਾਲਾ ਬਣਾਉਣ ਲਈ ਬਾਂਸ ਜਾਂ ਸ਼ਤੀਰ ਦੀਆਂ ਫੱਟੀਆਂ ਦਾ 5/6 ਕੁ ਫੁੱਟ ਲੰਮਾ ਤੇ 4 ਕੁ ਫੁੱਟ ਚੌੜਾ ਫਰੇਮ ਬਣਾਇਆ ਜਾਂਦਾ ਸੀ। ਇਸ ਫਰੇਮ ਵਿਚ ਬੇਰੀ ਦੀਆਂ ਜਾਂ ਜੰਡੀ ਦੇ ਰੁੱਖ ਦੀਆਂ ਝਿੰਗਾਂ ਪਾਈਆਂ ਜਾਂਦੀਆਂ ਸਨ। ਇਨ੍ਹਾਂ ਝਿੰਗਾਂ ਦੇ ਉਪਰ ਕਈ ਜਿਮੀਂਦਾਰ ਤਾਂ ਕਪਾਹ ਜਾਂ ਨਰਮੇ ਦੀਆਂ ਛਿਟੀਆਂ ਪਾ ਦਿੰਦੇ ਸਨ। ਕਈ ਜਿਮੀਂਦਾਰ ਪਹਿਲਾਂ ਛੋਟੀਆਂ ਝਾੜੀਆਂ ਦੀਆਂ ਝਿੰਗਾਂ ਜਾਂ ਛੋਲਿਆਂ ਦਾ ਟਾਂਗਰ ਪਾ ਕੇ ਫੇਰ ਉਪਰ ਕਪਾਹ ਜਾਂ ਨਰਮੇ ਦੀਆਂ ਛਿਟੀਆਂ ਪਾਉਂਦੇ ਸਨ। ਫੇਰ ਬੇਰੀ/ਜੰਡੀ ਦੀਆਂ ਝਿੰਗਾਂ ਉਪਰ ਪਾਈਆਂ ਕਪਾਹ/ਨਰਮੇ ਦੀਆਂ ਛਿਟੀਆਂ ਨੂੰ ਹੇਠਲੇ ਫਰੇਮ ਨਾਲ ਕਈ ਥਾਵਾਂ ਤੋਂ ਚੰਗੀ ਤਰ੍ਹਾਂ ਰੱਸੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਇਸ ਪਾਈ ਰੱਸੀ ਨੂੰ ਤੜਾਗੀ ਕਹਿੰਦੇ ਸਨ। ਇਸ ਤਰ੍ਹਾਂ ਛੋਟਾ ਫਲ੍ਹਾ ਬਣਦਾ ਸੀ।

ਬੜੇ ਦੋ ਜੋੜੀਆਂ ਨਾਲ ਚੱਲਣ ਵਾਲੇ ਫਲ੍ਹੇ ਦੀ ਬਣਤਰ ਵੀ ਛੋਟੇ ਫਲ੍ਹੇ ਵਰਗੀ ਹੀ ਹੁੰਦੀ ਸੀ। ਪਰ ਬੜੇ ਫਲ੍ਹੇ ਦਾ ਫਰੇਮ 10/12 ਕੁ ਫੁੱਟ ਤੱਕ ਲੰਮਾ ਹੁੰਦਾ ਸੀ ਤੇ ਚੌੜਾਈ 4 ਕੁ ਫੁੱਟ ਤੱਕ ਹੁੰਦੀ ਸੀ। ਇਸ ਤਰ੍ਹਾਂ ਫਲ੍ਹੇ ਬਣਦੇ ਸਨ। ਹੁਣ ਫਲ੍ਹੇ ਸਾਡੀ ਖੇਤੀ ਵਿਚੋਂ ਬਿਲਕੁਲ ਹੀ ਅਲੋਪ ਹੋ ਗਏ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.