ਬਲਖ਼
ਬਲਖ਼, ਅਫ਼ਗਾਨਿਸਤਾਨ ਦਾ ਇੱਕ ਪੁਰਾਤਨ ਸ਼ਹਿਰ ਹੈ ਜੋ 3,000 ਸਾਲ ਪੁਰਾਣਾ ਹੈ। ਇਹ ਉਜ਼ਬੇਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਤੇ ਮਜ਼ਾਰ-ਏ-ਸ਼ਰੀਫ ਤੋਂ 20 ਕਿਲੋਮੀਟਰ ਦੂਰ ਹੈ। ਕਿਸੇ ਸਮੇਂ ਇਹ ਬੁੱਧ ਅਤੇ ਪਾਰਸੀ ਧਰਮ ਦਾ ਉੱਘਾ ਕੇਂਦਰ ਸੀ। ਇਸ ’ਤੇ ਸਮੇਂ ਸਮੇਂ ਯੂਨਾਨੀਆਂ, ਹੂਣਾਂ, ਅਰਬਾਂ, ਮੰਗੋਲਾਂ, ਇਰਾਨੀਆਂ, ਉਜ਼ਬੇਕਾਂ ਅਤੇ ਅਫ਼ਗਾਨਾਂ ਦਾ ਕਬਜ਼ਾ ਰਿਹਾ ਹੈ। ਇਸ ਦਾ ਪ੍ਰਾਚੀਨ ਨਾਮ ਬਖ਼ਤਰੀ ਸੀ ਜੋ ਹੌਲੀ ਹੌਲੀ ਵਿਗੜ ਕੇ ਬਲਖ ਬਣ ਗਿਆ। ਸਿਕੰਦਰ ਮਹਾਨ ਨੇ ਇਸ ’ਤੇ 327 ਈਸਾ ਪੂਰਵ ਕਬਜ਼ਾ ਕੀਤਾ ਸੀ ਤੇ ਇੱਥੋਂ ਦੇ ਰਾਜੇ ਦੀ ਧੀ ਰੁਖਸਾਨਾ ਨਾਲ ਵਿਆਹ ਕੀਤਾ ਸੀ। ਇਹ ਸ਼ਹਿਰ ਕਿਸੇ ਸਮੇਂ ਬਹੁਤ ਅਮੀਰ ਸੀ ਅਤੇ ਸ਼ਾਨਦਾਰ ਸਮਾਰਕਾਂ ਨਾਲ ਭਰਪੂਰ ਸੀ, ਪਰ ਸਦੀਆਂ ਦੀ ਲੁੱਟਮਾਰ ਅਤੇ ਅਫ਼ਗਾਨਿਸਤਾਨ ਦੀ ਘਰੇਲੂ ਜੰਗ ਨੇ ਇਸ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਹੁਣ ਇਸ ਵਿੱਚ ਥੋੜ੍ਹੇ ਜਿਹੇ (60,000) ਲੋਕ ਵੱਸਦੇ ਹਨ। ਅੱਜ ਇਹ ਸ਼ਹਿਰ ਨਾਲੋਂ ਮਲਬੇ ਦਾ ਢੇਰ ਵੱਧ ਲੱਗਦਾ ਹੈ। ਇਸ ਦੇ ਚੰਗੇ ਦਿਨਾਂ ਵਿੱਚ ਇਸ ਨੂੰ ਸੱਭਿਆਚਾਰਕ ਅਤੇ ਗਿਆਨ ਦੀ ਰਾਜਧਾਨੀ ਮੰਨਿਆ ਜਾਂਦਾ ਸੀ। ਇਸ ਨੇ ਮੌਲਾਨਾ ਰੂਮੀ, ਅਮੀਰ ਖੁਸਰੋ ਦੇਹਲਵੀ, ਸ਼ਹੀਦ ਬਲਖੀ, ਐਵੀਸੀਨਾ ਅਤੇ ਫ਼ਾਰਸੀ ਦੀ ਪਹਿਲੀ ਸ਼ਾਇਰਾ ਰਾਬੀਆ ਬਲਖ਼ੀ ਵਰਗੇ ਵਿਦਵਾਨ ਸੰਸਾਰ ਦੀ ਝੋਲੀ ਪਾਏ ਸਨ। ਰੇਸ਼ਮੀ ਰਾਹ (ਸਿਲਕ ਰੂਟ) ਉੱਪਰ ਹੋਣ ਕਾਰਨ ਵਪਾਰੀਆਂ ਦੇ ਕਾਫ਼ਲੇ ਇੱਥੇ ਰੌਣਕ ਲਗਾਈ ਰੱਖਦੇ ਸਨ। ਇਸ ਕਾਰਨ ਇਹ ਸ਼ਹਿਰ ਬਹੁਤ ਦੌਲਤਮੰਦ ਬਣ ਗਿਆ ਸੀ।[1]
ਹਵਾਲੇ
[ਸੋਧੋ]- ↑ ਬਲਰਾਜ ਸਿੰਘ ਸਿੱਧੂ (2018-08-25). "ਬਲਖ਼ ਤੇ ਬੁਖ਼ਾਰੇ ਦਾ ਜਾਦੂ". ਪੰਜਾਬੀ ਟ੍ਰਿਬਿਊਨ. Retrieved 2018-08-26.
{{cite news}}
: Cite has empty unknown parameter:|dead-url=
(help)[permanent dead link]