ਸਮੱਗਰੀ 'ਤੇ ਜਾਓ

ਬਾਂਦਰ ਕਿੱਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਂਦਰ ਕਿੱਲਾ

[1]ਬਾਂਦਰ ਕਿੱਲਾ ਖੇਡ ਟੋਲੀ ਦੇ ਰੂਪ ਵਿੱਚ ਖੇਡੀ ਜਾਂਦੀ ਹੈ। ਇਸ ਟੋਲੀ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਪਹਿਲਾਂ ਇਸ ਖੇਡ ਨੂੰ ਖੇਡਣ ਵਾਸਤੇ ਸਿਰਾਂ ਉਪਰ ਬੰਨੇ ਪਰਨਿਆਂ ਦੇ ਕੋਟਲੇ ਵੱਟ ਲਏ ਜਾਂਦੇ ਸਨ। ਇਕ ਖਿਡਾਰੀ ਨੂੰ ਕਿੱਲੇ ਦੇ ਰੂਪ ਵਿੱਚ ਬੈਠਾ ਕੇ ਪੱਗ ਦਾ ਜਾਂ ਲੰਬੇ ਪਰਨੇ ਜਾਂ ਰੱਸੇ ਦੇ ਇੱਕ ਸਿਰੇ ਨੂੰ ਉਸ ਹੱਥ ਵਿੱਚ ਫੜਾ ਦਿੱਤਾ ਜਾਂਦਾ ਸੀ ਤੇ ਦੂਜਾ ਸਿਰਾ ਵਾਰੀ ਜਾਂ ਦਾਈ ਦੇਣ ਵਾਲੇ ਦੇ ਹੱਥ ਹੁੰਦਾ ਸੀ। ਵੱਟੇ ਹੋਏ ਕੋਟਲੇ ਕਿੱਲੇ ਦੇ ਕੋਲ ਰੱਖ ਦਿੱਤੇ ਜਾਂਦੇ ਸਨ।

ਪਰ ਹੁਣ ਖੇਡਣ[2] ਤੋਂ ਪਹਿਲਾਂ ਇਸ ਖੇਡ ਦਾ ਗਰਾਊਂਡ ਤਿਆਰ ਕੀਤਾ ਜਾਂਦਾ ਹੈ। ਕੋਈ ਲਗਪਗ ਤਿੰਨ ਫੁੱਟ ਅਰਧ ਵਿਆਸ ਦਾ ਇੱਕ ਚੱਕਰ ਵਾਹਿਆ ਜਾਂਦਾ ਹੈ। ਚੱਕਰ ਦੇ ਕੇਂਦਰ ਵਿੱਚ ਇੱਕ ਲੱਕੜ ਦਾ ਕਿੱਲਾ ਠੋਕਿਆ ਜਾਂਦਾ ਹੈ। ਇੱਕ ਕਿੱਲੇ ਨਾਲ ਇੱਕ ਰੱਸੀ ਬੰਨ੍ਹੀ ਜਾਂਦੀ ਹੈ। ਰੱਸੀ ਦੀ ਲੰਬਾਈ ਇੰਨੀ ਹੁੰਦੀ ਹੈ ਕਿ ਜਿਸ ਨੂੰ ਫੜ ਕੇ ਵਾਰੀ (ਦਾਈ) ਦੇਣ ਵਾਲਾ ਖਿਡਾਰੀ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦਾ। ਸਭ ਤੋਂ ਪਹਿਲਾਂ ਵਾਰੀ ਕੌਣ ਦੇਵੇਗਾ, ਇਸ ਦਾ ਫੈਸਲਾ ਇੱਕ ਛੋਟੇ ਜਿਹੇ ਟੈਸਟ ਰਾਹੀਂ ਕੀਤਾ ਜਾਂਦਾ ਹੈ। ਜਦੋਂ ਸਾਰੇ ਬੱਚੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਸਾਰੇ ਜਣੇ ਆਪਣੀਆਂ ਜੁੱਤੀਆਂ, ਚੱਪਲਾਂ ਆਦਿ ਲਾਹ ਕੇ ਚੱਕਰ ਵਿੱਚ ਕਿੱਲੇ ਦੇ ਨਾਲ ਰੱਖ ਦਿੰਦੇ ਹਨ। ਵਾਰੀ ਦੇਣ ਵਾਲਾ ਰੱਸੀ ਨੂੰ ਫੜ ਕੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ। ਵਾਰੀ ਦੇਣ ਵਾਲੇ ਦਾ ਮੁੱਖ ਕੰਮ ਇਹ ਹੁੰਦਾ ਹੈ, ਕਿ ਉਸ ਨੇ ਹਰ ਤਰੀਕੇ ਨਾਲ ਜੁੱਤੀਆਂ ਨੂੰ ਚੱਕਰ ਤੋਂ ਬਾਹਰ ਜਾਣ ਤੋਂ ਰੋਕਣਾ ਅਤੇ ਇਸ ਦੇ ਉਲਟ ਜੋ ਬੱਚੇ ਚੱਕਰ ਦੇ ਬਾਹਰ ਹੁੰਦੇ ਹਨ, ਉਹ ਵਾਰੀ ਦੇਣ ਵਾਲੇ ਨੂੰ ਭੁਲੇਖੇ ਵਿੱਚ ਪਾ ਕੇ ਜੁੱਤੀਆਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਜੇ ਜੁੱਤੀਆਂ ਨੂੰ ਬਾਹਰ ਕੱਢਦੇ ਸਮੇਂ ਵਾਰੀ ਦੇਣ ਵਾਲਾ ਕਿਸੇ ਬੱਚੇ ਨੂੰ ਛੂਹ ਲਵੇ ਤਾਂ ਉਸ ਨੂੰ ਵਾਰੀ ਦੇਣੀ ਪੈਂਦੀ ਹੈ। ਜੇ ਬਾਹਰਲੇ ਬੱਚੇ ਸਾਰੀਆਂ ਜੁੱਤੀਆਂ ਚੁੱਕ ਕੇ ਚੱਕਰ ਤੋਂ ਪਾਰ ਕਰ ਲੈਂਦੇ ਹਨ ਤਾਂ ਉਸ ਨੂੰ ਹੀ ਦੁਬਾਰਾ ਦਾਈ ਦੇਣੀ ਪੈਂਦੀ ਹੈ। ਇਸ ਵਿੱਚ ਦਾਈ ਵਾਲੇ ਨੂੰ ਹੋਰ ਵੀ ਸਜ਼ਾ ਮਿਲਦੀ ਹੈ। ਉਸ ਨੂੰ ਇੱਕ ਨਿਸਚਿਤ ਦੂਰੀ ਤੱਕ ਭੱਜਣਾ ਪੈਂਦਾ ਹੈ ਅਤੇ ਬਾਹਰਲੇ ਬੱਚੇ ਉਸ ਨੂੰ ਉਹ ਜੁੱਤੀਆਂ ਮਾਰਦੇ ਹਨ, ਜੋ ਉਹਨਾਂ ਚੱਕਰ ਤੋਂ ਬਾਹਰ ਕੱਢੀਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚਲਦੀ ਰਹਿੰਦੀ ਹੈ। ਇਹ ਖੇਡ ਜਿੱਥੇ ਸਰੀਰਕ ਵਿਕਾਸ ਕਰਦੀ ਹੈ, ਉੱਥੇ ਦਿਮਾਗੀ ਸੰਤੁਲਨ ਬਣਾਉਣਾ ਵੀ ਸਿਖਾਉਂਦੀ ਹੈ।[3]

  1. admin (2014-01-15). "ਬਾਂਦਰ ਕੀਲਾ". ਰੰਗ ਪੰਜਾਬੀ (in ਅੰਗਰੇਜ਼ੀ (ਅਮਰੀਕੀ)). Retrieved 2024-05-06.
  2. admin. "ਬਾਂਦਰ ਕਿੱਲਾ" (in ਅੰਗਰੇਜ਼ੀ (ਅਮਰੀਕੀ)). Retrieved 2024-05-06.
  3. "ਬਾਂਦਰ ਕਿੱਲਾ - ਪੰਜਾਬੀ ਪੀਡੀਆ". punjabipedia.org. Retrieved 2024-05-06.