ਬਾਸੀਅੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸਤਰੀਆਂ ਦੇ ਇਕ ਤਿਉਹਾਰ ਨੂੰ, ਜੋ ਫੱਗਣ ਅਤੇ ਚੇਤ ਮਹੀਨੇ ਦੇ ਹਨੇਰੇ ਪੱਖ ਦੇ ਪਹਿਲੇ ਮੰਗਲਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ, ਬਾਸੀਅੜਾ ਕਹਿੰਦੇ ਹਨ। ਕਈ ਇਸ ਨੂੰ ਬਾਹਿੜਾ ਵੀ ਕਹਿੰਦੇ ਹਨ। ਇਹ ਤਿਉਹਾਰ ਇਸ ਲਈ ਮਨਾਇਆ ਜਾਂਦਾ ਹੈ ਤਾਂਕਿ ਬੱਚਿਆਂ ਦੇ ਚੇਚਕ/ਮਾਤਾ ਨਾ ਨਿਕਲੇ।ਜੇਕਰ ਨਿਕਲ ਆਵੇ ਤਾਂ ਕੋਈ ਨੁਕਸਾਨ ਨਾ ਕਰੇ। ਇਸ ਕਰਕੇ ਹੀ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਬਾਸੀਅੜਾ ਮਨਾਉਣ ਲਈ ਸੋਮਵਾਰ ਦੀ ਸ਼ਾਮ ਨੂੰ ਗੁਲਗੁਲੇ, ਮੱਠੀਆਂ, ਮਿੱਠੀਆਂ ਰੋਟੀਆਂ, ਕੜਾਹ, ਕਚੌਰੀਆਂ, ਖਿੱਚੜੀ, ਮਿੱਠੇ ਚੌਲ ਆਦਿ ਬਣਾਏ ਜਾਂਦੇ ਹਨ।ਸੋਮਵਾਰ ਦੀ ਰਾਤ ਨੂੰ ਹੀ ਬਰੂੜ ਭਿਉਂਤੇ ਜਾਂਦੇ ਹਨ। ਮੋਠ, ਮੂੰਗੀ, ਮਾਂਹ, ਕਣਕ, ਛੋਲੇ, ਜੌਂਅ ਜਾਂ ਜਿਹੜੀ ਵੀ ਫਸਲ ਦੇ ਦਾਣੇ ਘਰ ਹੁੰਦੇ ਹਨ, ਉਨ੍ਹਾਂ ਨੂੰ ਪਾਣੀ ਵਿਚ ਰਾਤ ਨੂੰ ਭਿਉਂ ਕੇ ਰੱਖਿਆ ਜਾਂਦਾ ਹੈ। ਇਨ੍ਹਾਂ ਨੂੰ ਬਰੂੜ ਕਹਿੰਦੇ ਹਨ। ਮੰਗਲਵਾਰ ਨੂੰ ਸਵੇਰੇ ਉੱਠ ਕੇ ਸੀਤਲਾ ਦੇਵੀ ਨੂੰ ਪਕਾਏ ਪਕਵਾਨਾਂ ਅਤੇ ਬਰੂੜਾਂ ਦਾ ਮੱਥਾ ਟੇਕਿਆ ਜਾਂਦਾ ਹੈ। ਸੀਤਲਾ ਦੇਵੀ ਦਾ ਸਥਾਨ (ਛੋਟੀਆਂ ਛੋਟੀਆਂ ਮਟੀਆਂ) ਕਿਸੇ ਸਾਂਝੇ ਥਾਂ ਤੇ ਬਣਾਇਆ ਹੁੰਦਾ ਹੈ। ਸੀਤਲਾ ਦੇਵੀ ਦਾ ਵਾਹਨ/ਸਵਾਰੀ ਖੋਤਾ ਹੈ। ਇਸ ਲਈ ਪਕਾਏ ਪਕਵਾਨ ਅਤੇ ਬਰੂੜ ਖੋਤੇ ਨੂੰ ਵੀ ਚਾਰੇ ਜਾਂਦੇ ਹਨ।ਮੌਕੇ ਤੇ ਬੈਠੇ ਮਰਾਸੀਆਂ ਅਤੇ ਹੋਰ ਗਰੀਬ ਗੁਰਬੇ ਨੂੰ ਵੀ ਵੰਡੇ ਜਾਂਦੇ ਹਨ। ਘਰ ਆ ਕੇ ਪਰਿਵਾਰ ਦੇ ਜੀਅ ਬਾਸੀਅੜਾ ਖਾਂਦੇ ਹਨ।

ਇਸ ਤਿਉਹਾਰ ਨੂੰ ਬਾਸੀਅੜਾ ਏਸ ਕਰਕੇ ਵੀ ਕਹਿੰਦੇ ਹਨ ਕਿਉਂ ਜੋ ਪੂਜਾ ਦਾ 'ਸਾਮਾਨ ਸੋਮਵਾਰ ਦੀ ਸ਼ਾਮ ਨੂੰ ਬਣਾਇਆ ਜਾਂਦਾ ਹੈ ਤੇ ਮੰਗਲਵਾਰ ਨੂੰ ਸਵੇਰੇ ਮੱਥਾ ਟੇਕਣ ਤੋਂ ਪਿੱਛੋਂ ਖਾਧਾ ਜਾਂਦਾ ਹੈ। ਇਸ ਤਰ੍ਹਾਂ ਇਹ ਪਕਵਾਨ ਬਾਸੀ/ਬੇਹਾ ਹੁੰਦਾ ਹੈ।ਹੁਣ ਵਿਦਿਆ ਅਤੇ ਮੈਡੀਕਲ ਵਿੱਦਿਆ ਦਾ ਪਸਾਰ ਹੋਣ ਕਰਕੇ ਇਹ ਅੰਧਵਿਸ਼ਵਾਸ ਅਤੇ ਤਰਕਹੀਨ ਤਿਉਹਾਰ ਮਨਾਉਣਾ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ।[1]

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)