ਮਾਂ ਸੁਹਾਗਣ ਸ਼ਗਨ ਕਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਂ ਸੁਹਾਗਣ ਸ਼ਗਨ ਕਰੇ  
ਲੇਖਕਡਾ. ਨਾਹਰ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬ ਦੀ ਲੋਕ ਧਾਰਾ,ਮਲਵਈ ਵਿਆਹ ਦੀਆਂ ਰੀਤਾਂ-ਰਸਮਾਂ ਤੇ ਲੋਕਗੀਤਾਂ ਦੀ ਚਿਹਨ ਜੁਗਤ
ਪ੍ਰਕਾਸ਼ਕਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ632

ਮਾਂ ਸੁਹਾਗਣ ਸ਼ਗਨ ਕਰੇ ਡਾ:ਨਾਹਰ ਸਿੰਘ ਦੀ ਲੋਕਧਾਰਾ ਨਾਲ ਸੰਬੰਧਿਤ ਪੁਸਤਕ ਹੈ। ਇਸ ਦੀਆਂ ਪਹਿਲੀਆਂ ਛੇ ਜਿਲਦਾਂ ਛਪ ਚੁੱਕੀਆਂ ਹਨ।ਮਾਂ ਸੁਹਾਗਣ ਸ਼ਗਨ ਕਰੇ ਇਸ ਲੜੀ ਅਧੀਨ ਤਿਆਰ ਕੀਤੀ ਗਈ ਸੱਤਵੀ ਜਿਲਦ ਹੈ। ਇਸ ਜਿਲਦ ਵਿਚ ਵਿਆਹ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤਾਂ ਨੂੰ ਸ਼ਾਮਿਲ ਕਰਨ ਦੇ ਨਾਲ ਨਾਲ ਇਹਨਾਂ ਪ੍ਰਤੀ ਮੌਲਿਕ ਖੋਜ ਵੀ ਪ੍ਰਸਤੁਤ ਕੀਤੀ ਗਈ ਹੈ।ਲੇਖਕ ਨੇ ਇਨ੍ਹਾਂ ਦਾ ਅਧਿਐਨ ਆਧੁਨਿਕ ਚਿਹਨ ਵਿਗਿਆਨ ਦੀਆਂ ਨਵੀਨਤਮ ਲੱਭਤਾਂ ਅਨੁਸਾਰ ਕੀਤਾ ਹੈ।ਇਹ ਰੀਤਾਂ-ਰਸਮਾਂ ਅਤੇ ਲੋਕਗੀਤ ਮਧਕਾਲੀਨ ਪਰੰਪਰਾਵਾਂ ਨਾਲ ਜੁੜੇ ਪੰਜਾਬੀ ਸੱਭਿਆਚਾਰ ਦੀ ਮੂਲ ਪਛਾਣ ਰਹੇ ਹਨ।ਡਾ: ਨਾਹਰ ਸਿੰਘ ਨੇ ਪੂਰੀ ਸੁਹਿਰਦਤਾ ਅਤੇ ਲਗਨ ਨਾਲ ਇਹਨਾਂ ਰੀਤਾਂ-ਰਸਮਾਂ ਅਤੇ ਲੋਕਗੀਤਾਂ ਬਾਰੇ ਪ੍ਰਮਾਣਿਕ ਲੋਕਧਾਰਾ ਨਾਲ ਸੰਬੰਧਿਤ ਸਮੱਗਰੀ ਨੂੰ ਆਪਣੇ ਖੇਤਰੀ ਖੋਜ ਕਾਰਜ ਦੁਆਰਾ ਪ੍ਰਥਮ ਸਰੋਤਾਂ ਤੋਂ ਇਕੱਤਰ ਕਰਕੇ ਸੰਕਲਤ ਕੀਤਾ ਹੈ ਅਤੇ ਇਹਨਾਂ ਦਾ ਅਧਿਐਨ ਬਹੁਤ ਸੂਖਮ ਪੱਧਰਾਂ ਉੱਤੇ ਵੀ ਕੀਤਾ ਹੈ। ਇਹ ਪੁਸਤਕ ਪੰਜਾਬੀ ਲੋਕ-ਪਰੰਪਰਾ ਅਤੇ ਲੋਕ-ਮਨ ਦੀਆਂ ਡੂੰਘੀਆਂ ਜੀਵਨ-ਸੰਕਲਪਨਾਵਾਂ ਤੋਂ ਸਾਨੂੰ ਜਾਣੂੰ ਕਰਵਾਉਂਦੀ ਹੈ।

ਅਧਿਆਇ ਵੰਡ[ਸੋਧੋ]

'ਮਾਂ ਸੁਹਾਗਣ ਸ਼ਗਨ ਕਰੇ' ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆਂ ਹੋਇਆ ਹੈ। ਪਹਿਲੇ ਭਾਗ ਵਿਚ 'ਪੰਜਾਬੀ ਪਿੰਡ, ਭਾਈਚਾਰਾ: ਰੀਤਾਂ-ਰਸਮਾਂ ਅਤੇ ਲੋਕਗੀਤ', 'ਸਾਡੀ ਵਿਆਹ ਸੰਸਥਾ: ਦੂਹਰੇ ਸੰਚਾਰ ਵਾਲੀ ਚਿਹਨ-ਜੁਗਤ', 'ਮੰਗਣੇ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤ: ਚਿਹਨ-ਜੁਗਤ', 'ਵਿਆਹ ਤੋਂ ਪਹਿਲਾਂ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤ: ਚਿਹਨ-ਜੁਗਤ', 'ਵਿਆਹਦੇ ਦੌਰਾਨ ਦੀਆਂ ਰੀਤਾਂ- ਰਸਮਾਂ ਅਤੇ ਲੋਕਗੀਤ: ਚਿਹਨ ਜੁਗਤ', 'ਵਿਆਹ ਉਪਰੰਤ ਦੀਆਂ-ਰਸਮਾਂ ਅਤੇ ਲੋਕਗੀਤ: ਚਿਹਨ ਜੁਗਤ'ਵਿਚ ਡਾ:ਨਾਹਰ ਸਿੰਘ ਨੇ ਸਵਿਸਥਾਰ ਦਿੱਤਾ ਹੈ। ਦੂਜੇ ਭਾਗ ਵਿਚ 'ਵਿਆਹ ਦੀਆਂ ਗੌਣ ਬੈਠਕਾਂ ਦੇ ਲੰਮੇ ਗੌਣ', 'ਮਲਵੈਣਾਂ ਦਾ ਵਿਆਹ ਦਾ ਗਿੱਧਾ', 'ਵਿਆਹ ਵਿਚ ਢਾਣੀ ਦਾ ਗਿੱਧਾ'ਸ਼ਾਮਿਲ ਕੀਤੇ ਹਨ।

ਪੰਜਾਬੀ ਪਿੰਡ, ਭਾਈਚਾਰਾ : ਰੀਤਾਂ-ਰਸਮਾਂ ਅਤੇ ਲੋਕਗੀਤ[ਸੋਧੋ]

ਪੰਜਾਬਣਾਂ ਦੇ ਲੋਕਗੀਤਾਂ ਦਾ ਬਹੁਤ ਵੱਡਾ ਭਾਗ ਦੋ ਪ੍ਰਕਾਰ ਦੇ ਗਾਇਨ ਸਿਰਜਨ ਸੰਦਰਭਾ ਦੀ ਦੇਣ ਹੈ। ਸਾਡੇ ਲੋਕਗੀਤਾਂ ਨੂੰ ਸਾਡੇ ਸਮਾਜਕ ਇਤਿਹਾਸਕ ਸੰਦਰਭਾਂ ਵਿਚ ਵਿਚਰ ਰਹੀ ਔਰਤ ਦੀ ਮਨੋ-ਭਾਵੁਕ ਸਥਿਤੀ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਰੀਤ ਜਾਂ ਰਸਮ ਭਾਈਚਾਰੇ ਦੀ ਜੀਵਨ ਜੁਗਤ ਦੇ ਕੇਂਦਰੀ ਕੋਡ ਦਾ ਅੰਗ ਹੁੰਦੀ ਹੈ।ਹਰ ਇੱਕ ਰੀਤ ਦਾ ਇੱਕ ਨਿਸ਼ਚਿਤ ਸਮਾਂ, ਸਥਾਨ ਅਤੇ ਸੱਭਿਆਚਾਰ ਸੰਦਰਭ ਹੁੰਦਾ ਹੈ। ਰੀਤ ਸੁਭਾਅ ਵਿਚ ਦੋ ਪ੍ਰਕਾਰ ਦੀਆਂ ਹਨ, ਪਹਿਲੀਆਂ ਖੁਸ਼ੀ ਨਾਲ ਸੰਬੰਧਿਤ ਹਨ ਤੇ ਦੂਜੀਆਂ ਗਮੀ ਨਾਲ ਸੰਬੰਧਿਤ। ਰੀਤ ਦੇ ਅਰਥਾਂ ਦੀ ਸਿਰਜਨ ਪ੍ਰਕਿਰਿਆਂ ਨੂੰ ਸਮਝਣ ਲਈ ਹਰ ਰੀਤ ਦੇ ਪੱਖ ਨੂੰ ਦ੍ਰਿਸ਼ਟੀਗੋਚਰ ਕੀਤਾ ਜਾਣਾ ਚਾਹੀਦਾ ਹੈ। ਪੰਜਾਬੀ ਲੋਕ ਕਾਵਿ ਵਿਚ ਵਿਧਾਗਤ, ਰੂਪਗਤ, ਵਿਮਾਗਤ, ਪ੍ਰਕਾਰਜ ਮੂਲਕ ਪੱਧਰਾਂ ਉੱਤੇ ਚਾਕਾਚੌਂਧ ਕਰ ਦੇਣ ਵਾਲੀ ਵੰਨ ਸੁਵੰਨਤਾ ਮਿਲਦੀ ਹੈ। ਸਾਡੇ ਲੋਕ-ਵਿਸ਼ਵਾਸਾਂ ਦੇ ਆਧਾਰ ਤਿੰਨ ਪ੍ਰਕਾਰ ਦੇ ਹਨ। 1, ਤਾਰਕਿਕ(logical 2, ਅਤਾਰਕਿਕ(lllogical) 3, ਪੂਰਵ ਤਾਰਕਿਕ(pre-logical)[1]

ਸਾਡੀ ਵਿਆਹ ਸੰਸਥਾ : ਦੂਹਰੇ ਸੰਚਾਰ ਵਾਲੀ ਚਿਹਨ-ਜੁਗਤ[ਸੋਧੋ]

ਵਿਆਹ ਸਾਕਾਦਾਰੀ ਸੰਬੰਧਾਂ ਦੀ ਆਧਾਰਸ਼ਿਲਾ ਹੈ।ਵਿਆਹ ਦੀ ਸੰਸਥਾ ਦੁਆਰਾ ਔਰਤਾਂ - ਮਰਦਾਂ ਦੇ ਵਟਾਂਦਰੇ ਨੂੰ ਨਿਸ਼ਚਿਤ ਰੂਪ ਦਿੱਤਾ ਜਾਂਦਾ ਹੈ।ਵੀਹਵੀ ਸਦੀ ਦੇ ਚੌਥੇ, ਪੰਜਵੇ, ਛੇਵੇ ਦਹਾਕੇ ਦੇ ਅੰਕੜੇ ਦੱਸਦੇ ਹਨ ਕਿ ਪੰਜਾਬੀ ਵਿੱਚ ਇੱਕ ਹਜਾਰ ਮਰਦਾਂ ਦੇ ਪਿੱਛੇ 830 ਤੋੰ 850 ਤਕ ਔਰਤਾਂ ਹੁੰਦੀਆਂ ਸਨ। ਫਿਰ ਲੋਕ ਖੇਤੀ ਕਰਨ ਤੇ ਪਿੰਡਾਂ ਵਿਚ ਵਸ ਗਏ।ਵੀਹਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਇਹ ਸਿਆਸੀ ਸੱਤਾ ਦਾ ਮੁਜਾਹਰਾ ਵੀ ਬਣਦੀ ਜਾ ਰਹੀ ਹੈ।ਇਸ ਤਰ੍ਹਾਂ ਜਮਾਤੀ ਸਮਾਜ ਦੀਆਂ ਆਦਰਸ਼ਕ ਧਾਰਨਾਵਾਂ ਅਤੇ ਜਗੀਰੂ ਮੁੱਲਾਂ ਨੂੰ ਸੁਚੇਤ ਅਚੇਤ ਵਿਚਾਰਧਾਰਾ ਦੇ ਪੱਧਰ ਉੱਤੇ ਗ੍ਰਹਿਣ ਕਰਦੇ ਹੋਏ ਵੀ ਲੋਕਧਾਰਕ ਸਿਰਜਨਾਵਾਂ ਵਿਚ ਬਹੁਤ ਕੁਝ ਅਜਿਹਾ ਹੁੰਦਾ ਹੈ ਜੋ ਰਾਜ ਕਰਦੀ ਸ਼੍ਰਣੀ ਦੀ ਵਿਚਾਰਧਾਰਾਕ ਛੱਟ ਤੋਂ ਜੇ ਸੁਚੇਤ ਤੌਰ 'ਤੇ ਨਾਬਰ ਨਹੀਂ ਹੁੰਦਾ ਤਾਂ ਉਲਟ ਜਰੂਰ ਭੁਗਤ ਰਿਹਾ ਹੁੰਦਾ ਹੈ।[2]

ਮੰਗਣੇ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤ:ਚਿਹਨ ਜੁਗਤ[ਸੋਧੋ]

ਮੰਗਣਾ ਕਰਨ, ਛੁਹਾਰਾ ਪਾਉਣ, ਰੁਪੱਈਆ ਧਰਨ,ਰੁਪੱਈਆ ਪਾਉਣ, ਰੋਪਨਾ ਪਾਉਣ, ਸ਼ਗਨ ਕਰਨ, ਸਾਕ ਤੋਰਨ, ਰੁਪੱਈਆ ਤੋਰਨ, ਸਾਕ ਕਰਨ, ਰੋਕ ਕਰਨ ਦੇ ਵੱਖੋ ਵੱਖਰੇ ਨਾਵਾਂ ਨਾਲ ਜਾਣੀ ਜਾਣ ਵਾਲੀ ਇਸ ਰੀਤ ਦੇ ਬਹੁਤ ਸਾਰੇ ਰੂਪ ਵੇਖਣ ਨੂੰ ਮਿਲਦੇ ਰਹੇ ਹਨ। ਮੰਗਣੇ ਦੇ ਤਿੰਨ ਪੜਾਅ ਦੱਸੇ ਗਏ ਹਨ, ਪਹਿਲਾ ਅਤੇ ਦੂਜਾ ਮੰਗਣਾ ਮਰਦ ਕੇਂਦਰਤ ਹਨ ਜਦੋਂ ਕਿ ਤੀਜਾ ਮੰਗਣਾ ਔਰਤ ਕੇਂਦਰਤ ਹੈ।ਸਾਡੇ ਬਹੁਤੇ ਪਿੰਡ ਇਕੋ ਗੋਤ ਵਿਚ ਮੋੜਵਾਂ ਵਿਆਹ ਨਹੀਂ ਕਰਦੇ ਸਨ।ਲੋਕ ਵਿਸ਼ਵਾਸ ਅਨੁਸਾਰ ਰੁਪੱਈਏ ਦੇ ਸੋਲ੍ਹਾਂ ਆਨੇ ਵਿਅਕਤੀ ਦੀ ਸੋਲ੍ਹਾਂ ਕਲਾ ਸੰਪੂਰਨ ਹੋਣ ਦੀ ਰੀਝ ਦਾ ਬੋਧਿਕ ਮੰਨੇ ਜਾਂਦੇ ਹਨ। ਮੰਗਣੇ ਅਤੇ ਵਿਆਹ ਦੀਆਂ ਰੀਤਾਂ ਵਿਚ ਵਰਤੀ ਜਾਣ ਵਾਲੀ ਸਮੱਗਰੀ ਅਨੁਸ਼ਠਾਨਿਕ ਅਰਥਾਂ ਵਾਲੀ ਹੁੰਦੀ ਹੈ।ਇਹ ਸਾਰੀਆਂ ਵਸਤਾਂ ਖੁਸ਼ੀ ਅਤੇ ਕਾਮ ਉਤੇਜਨਾ ਦੇ ਸੱਭਿਆਚਾਰਕ ਅਰਥਾਂ ਨੂੰ ਸਾਕਾਰ ਕਰਨ ਵਾਲੀਆਂ ਹੁੰਦੀਆਂ ਹਨ।ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ 'ਮੇਰਾ ਪਿੰਡ'ਵਿਚੋਂ ਪਤਾ ਲਗਦਾ ਹੈ ਕਿ ਮਾਲਵੇ ਵਿਚ ਕੁੜੀਆਂ ਦੀ ਥੁੜ ਕਾਰਨ ਵਿਚੋਲਿਆਂ ਦੇ ਉਮਰ ਭਰ ਦੇ ਅਹਿਸਾਨ ਦਾ ਬੋਝ ਅਤੇ ਭਾਨੀਮਾਰਾਂ ਦੀ ਦਹਿਸ਼ਤ ਦਾ ਰਾਜ ਕਿੰਨਾ ਡਾਢਾ ਹੁੰਦਾ ਸੀ।ਇਨਕਲਾਬ ਉਪਰੰਤ ਪੰਜਾਬੀ ਸਮਾਜ ਅਤੇ ਇਸ ਦੀਆਂ ਸੰਸਥਾਵਾਂ ਵਿਚ ਆਧਾਰ ਭੂਤ ਪਰਿਵਰਤਨ ਆਏ ਹਨ ਜਿਸ ਨਾਲ ਸਾਡੀ ਪਰਿਵਾਰਕ ਬਣਤਰ,ਰਿਸ਼ਤਿਆਂ ਦਾ ਤਵਾਜਨ,ਔਰਤ ਦੀ ਧੀ ਅਤੇ ਨੂੰਹ ਵਜੋਂ ਪਰਿਵਾਰਕ ਸਥਿਤੀ ਵਿਚ ਢੇਰ ਪਰਿਵਰਤਨ ਆਇਆ ਹੈ।[3]

ਵਿਆਹ ਤੋਂ ਪਹਿਲਾਂ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤ:ਚਿਹਨ ਜੁਗਤ[ਸੋਧੋ]

ਮਨੁੱਖ ਦੇ ਸੱਭਿਆਚਾਰਕ ਜੀਵਨ ਵਿਚ ਤਿੰਨ ਅਹਿਮ ਆਉਂਦੇ ਹਨ : ਜਨਮ,ਵਿਆਹ ਅਤੇ ਮੌਤ। ਵਿਆਹ ਦੀਆਂ ਰੀਤਾਂ ਦਾ ਆਰੰਭ ਸਾਹੇ ਚਿੱਠੀ ਤੋਂ ਮੰਨਿਆ ਜਾਂਦਾ ਹੈ। ਸਾਹੇ ਚਿੱਠੀ ਭੇਜਣ ਅਤੇ ਪੜਨ ਦੀ ਸਾਰੀ ਕਾਰਵਾਈ ਤੋਂ ਇਹ ਸਪੱਸ਼ਟ ਹੈ ਕਿ ਇਥੇ ਲਾਗੀ ਜਾ ਵਿਚੋਲੇ ਦੀ ਭੂਮਿਕਾ ਦੂਤ ਵਰਗੀ ਹੁੰਦੀ ਹੈ।ਸੁਹਾਗ ਅਤੇ ਘੋੜੀਆਂ ਵਿਆਹ ਦੇ ਪ੍ਮੁਖ ਗਾਉਣ ਹਨ। ਵਿਆਹ ਵਿਚ ਚੱਕੀਆਂ ਲਾਉਣ ਦੀ ਰਸਮ ਵੀ ਕੀਤੀ ਜਾਂਦੀ ਹੈ। ਜਿਸ ਵਿਚ ਸੱਤ ਸੁਹਾਗਣਾਂ, ਸੱਤ ਸੱਤ ਮੁੱਠੀਆਂ ਅਨਾਜ, ਸੱਤ ਗਲਿਆਂ ਵਿਚ ਪਹਿਦੀਆਂ ਹੋਈਆਂ 'ਚੱਕੀ ਦੇ ਗੀਤ' ਸਾਂਝੀ ਹੇਕ ਵਿਚ ਗਾਉਂਦੀਆਂ ਹਨ।ਵਿਆਹ ਪਹਿਲਾਂ ਮਾਲਵੇ ਵਿਚ ਬਰਾਤਾਂ ਪੰਜ, ਪੰਜ ਜਾਂ ਤਿੰਨ, ਤਿੰਨ ਦਿਨ ਠਹਿਰਦੀਆਂ ਸਨ। ਚੱਕੀਆਂ ਲਾਉਣ, ਕੋਠੀ ਆਟਾ ਪਾਉਣ, ਦਾਲਾਂ ਚੁਗਣ, ਚੌਲ ਛੱਟਣਾ, ਮੌਲੀ ਤਣਨ ਅਤੇ ਵਿਆਹ ਦੀ ਤਿਆਰੀ ਨਾਲ ਸੰਬੰਧਿਤ ਸਾਰੀਆਂ ਰੀਤਾਂ ਸੱਤ ਸੁਹਾਗਣਾਂ ਵੱਲੋਂ ਸਿਰ ਢਕ ਕੇ ਨਿਭਾਈਆਂ ਜਾਂਦੀਆ ਹਨ।ਸਾਡੇ ਸਾਕਾਦਾਰੀ ਸਬੰਧਾ ਵਿਚ ਕੁੜਮਾਚਾਰੀ ਦੇ ਰਿਸ਼ਤੇ ਵਿਚਲੇ ਅਸਮਤੋਲ ਨੂੰ ਸਮਤੋਲ ਵਿਚ ਲਿਆਉਣ ਲਈ ਧਰਮ ਦੀ ਦਿਸ਼ਟੀ ਤੋਂ ਇਸ ਨੂੰ ਪਵਿਤਰ ਕਾਰਜ ਦਾ ਦਰਜਾ ਦੇ ਕੇ ਸਚਿਆਉਣ ਦਾ ਯਤਨ ਕੀਤਾ ਗਿਆ ਹੈ।[4]

ਵਿਆਹ ਦੇ ਦੌਰਾਨ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤ : ਚਿਹਨ ਜੁਗਤ[ਸੋਧੋ]

ਵਿਆਹ ਦੇ ਦੌਰਾਨ ਨਿਭਾਈਆਂ ਜਾਣ ਵਾਲੀਆਂ ਰੀਤਾਂ ਵਿਚ ਅਧਿਆਤਮਕਤਾ ਅਤੇ ਸੰਸਾਰਕਤਾ ਦੇ ਦੋਵੇਂ ਸਰੋਕਾਰ ਸਮਾਨਅੰਤਰ ਚਲਦੇ ਹਨ।ਪੰਜਾਬੀ ਸੱਭਿਆਚਾਰ ਰਿਸ਼ਤਾਨਾਤਾ ਪ੍ਰਣਾਲੀ ਦੇ ਬੜੇ ਹੀ ਜਟਿਲ ਅਤੇ ਬਹੁਪਰਤੀ ਪ੍ਰਬੰਧ ਨਾਲ ਸਬੰਧਤ ਹੈ।ਮਧਕਾਲੀ ਪੰਜਾਬ ਵਿਚ ਇਹਨਾਂ ਸਾਕਾਦਾਰੀ ਸਬੰਧਾਂ ਦੀ ਆਰਥਕ ਸਹਿਯੋਗ ਅਤੇ ਸਮਾਜਕ ਸੁਰੱਖਿਆ ਦੇ ਦੋਵਾਂ ਪੱਖੋਂ ਇਤਿਹਾਸਕ ਭੂਮਿਕਾ ਰਹੀ ਹੈ।ਧਾਨ ਬੀਜਣ ਦੀ ਰਸਮ ਭਾਵ ਕੀ ਕੁੜੀ ਦੇ ਤੁਰਨ ਸਮੇਂ ਚੌਲ ਸੁਟਣੇ ਤੇ ਖੁਸਰਿਆਂ ਨੂੰ ਲਾਗ ਨਾ ਮਿਲਣ ਤੇ ਪੁੱਠੇ ਪਾਸਿਉ ਚੌਲ ਸੁੱਟ ਕੇ ਮੁੰਡੇ ਨਾ ਜੰਮਣ ਦੀ ਧਮਕੀ ਦਿੱਤੀ ਜਾਂਦੀ ਹੈ। ਸ: ਪਿਆਰਾ ਸਿੰਘ ਪਦਮ ਦੀ ਪੁਸਤਕ 'ਪੰਜਾਬੀ ਜੰਞਾਂ' ਅਤੇ ਡਾ: ਗੁਰਦੇਵ ਸਿੰਘ ਸਿੱਧੂ ਦੀ ਪੁਸਤਕ 'ਪੱਤਲ ਕਾਵਿ' ਵਿਚ ਵਿਆਹ ਦੇ ਅਜਿਹੇ ਸੈਂਕੜੇ ਪ੍ਰਸੰਗ ਕਾਵਿ-ਬੱਧ ਕੀਤੇ ਮਿਲਦੇ ਹਨ। ਡਾ. ਵਣਜਾਰਾ ਬੇਦੀ ਦਾ ਮੱਤ ਹੈ ਕਿ ਜੰਨ ਬੰਨਣ ਤੇ ਜੰਨ ਖੋਲਣ ਦੀ ਇਹ ਰਸਮ ਪ੍ਰਚੀਨ ਕਾਲ ਦੇ ਕਿਸੇ ਜਾਦੂ ਟੂਣੇ ਨਾਲ ਸੰਬੰਧਿਤ ਕਰਮ ਕਾਂਡ ਦੀ ਰਹਿੰਦ ਹੈ।ਖੱਟ ਦੀ ਰਸਮ ਵਿਚ ਜਿਥੇ ਕੁੜਮਚਾਰੀ ਦਾ ਆਰਥਕ-ਪਦਾਰਥਕ ਧਰਾਤਲਾਂ ਉੱਤੇ ਜੋੜ ਮੇਲ ਹੁੰਦਾ ਹੈ ਉੱਥੇ ਪੰਜਾਬੀ ਸਾਕਾਦਾਰੀ ਸਬੰਧਾਂ ਦੀਆਂ ਗੰਢਾਂ ਨੂੰ ਇੱਕ ਵਾਰੀ ਫਿਰ ਟੋਹ ਕੇ ਪੱਕਾ ਕੀਤਾ ਜਾਂਦਾ ਹੈ।[5]

ਵਿਆਹ ਉਪਰੰਤ ਦੀਆਂ ਰੀਤਾਂ -ਰਸਮਾਂ ਅਤੇ ਲੋਕਗੀਤ : ਚਿਹਨ ਜੁਗਤ[ਸੋਧੋ]

ਵਿਆਹ ਉਪਰੰਤ ਕੀਤੀਆਂ ਜਾਣ ਵਾਲੀਆਂ ਰੀਤਾਂ ਦਾ ਆਰੰਭ ਅਸੀਂ ਲਾੜੀ ਦੀ ਡੋਲੀ ਦੀ ਵਿਦੈਗੀ ਉਪਰੰਤ ਦੀਆਂ ਰੀਤਾਂ ਤੋਂ ਮਿਥਿਆ ਹੈ।ਸੋ ਜਗੀਰਦਾਰੀ ਯੁਗ ਵਿਚਲੀ ਔਰਤ ਦੀ ਦੂਹਰੀ ਤੀਹਰੀ ਗੁਲਾਮੀ ਦੇ ਬਾਵਜੂਦ ਵੀ ਔਰਤ ਨੂੰ ਮਨੁੱਖਾ ਜਿੰਦਗੀ ਦੀ ਸਿਰਜਕ ਹੋਣ ਦਾ ਮਾਣ ਦਿੱਤਾ ਗਿਆ ਹੈ।ਪੰਜਾਬੀ ਲੋਕਧਾਰਾ ਵਿਚ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਦੋਂ ਕੋਈ ਜਣਾ ਕਰੜੀ ਥਾਂ ਤੋਂ ਵਾਪਸ ਆਉਂਦਾ ਹੈ ਤਾਂ ਉਹ ਘਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲੋਂ ਆਪਣੇ ਉੱਤੇ ਜਲ ਦੇ ਛਿੱਟੇ ਮਾਰ ਲੈਂਦਾ ਹੈ। ਲਾੜੀ ਦੇ ਆੳਣ ਤੋਂ ਦੂਸਰੇ ਦਿਨ ਜਾਂ ਬਾਅਦਲੇ ਦਿਨਾਂ ਵਿਚ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਰਸਮਾਂ ਹਨ : 'ਵਡੇਰਿਆਂ ਦੇ ਮੱਥਾ ਟੇਕਣਾ', 'ਛਿਟੀਆਂ ਖੇਲਣਾ', 'ਗਾਨਾ ਖੋਲ੍ਹਣਾ', 'ਕੰਗਣਾ ਖੇਡਣਾ', 'ਗੋਦ ਭਰਨੀ', 'ਗੋਤ ਕਨਾਲਾ', 'ਨਾਨਕਾ ਮੇਲ ਦੀ ਵਿਦੈਗੀ ਆਦਿ।ਇਹਨਾਂ ਰੀਤਾਂ ਦੇ ਪ੍ਯੋਜਨ ਹਨ : ਲਾੜੇ-ਲਾੜੀ ਵਿਚ ਉਪਜਾਇਕ ਸ਼ਕਤੀ ਦੇ ਵਾਧੇ ਦੀ ਕਾਮਨਾ ਕਰਨਾ, ਲਾੜੀ ਦੇ ਪਹਿਲੇ ਵਿਅਕਤਿਤਵ ਨੂੰ ਮਿਟਾ ਕੇ ਉਸ ਨੂੰ ਨਵੇਂ ਸੱਭਿਆਚਾਰਕ ਅਸਤਿਤਵ ਵਿਚ ਢਾਲਣਾ।ਪੰਜਾਬੀ ਸੱਭਿਆਚਾਰ ਵਿਚ ਹੋ ਚੁਕੇ ਗੁਣਾਤਮਕ ਰੂਪਾਂਤਰਾਂ ਦੇ ਨਾਲ, ਨਾਲ ਸਾਡੇ ਵਿਆਹ-ਪ੍ਰਬੰਧ ਵਿਚ ਆ ਚੁੱਕੇ ਪਰਿਵਰਤਨਾਂ ਦਾ ਲੇਖਾ ਜੋਖਾ ਅਤੇ ਇਨ੍ਹਾਂ ਪਰਿਵਰਤਨਾਂ ਦੇ ਸਾਰ ਤੇ ਸੁਭਾਅ ਨੂੰ ਸਮਝਣ ਲਈ ਇੱਕ ਵੱਖਰੀ ਪੁਸਤਕ ਲੋੜੀਂਦੀ ਹੈ।[6]

ਵਿਆਹ ਦੀਆਂ ਗੌਣ ਬੈਠਕਾਂ ਦੇ ਲੰਮੇ ਗੌਣ[ਸੋਧੋ]

ਲੋਕਗੀਤ ਸਾਡੇ ਭਾਈਚਾਰਕ ਜੀਵਨ ਦੇ ਨਾਲ, ਨਾਲ ਚਲਦੇ ਹਨ।ਇਹਨਾਂ ਗੀਤਾਂ ਦੇ ਗਾਇਨ-ਸੰਦਰਭ ਲਗਭਗ ਨਿਸ਼ਚਿਤ ਹੁੰਦੇ ਹਨ।ਇਹ ਲੰਮੇ ਗੌਣ ਆਮ ਕਰਕੇ ਵਿਆਹੁਤਾ ਔਰਤ ਦੀਆਂ ਭਾਵਨਾਵਾਂ ਅਤੇ ਜੀਵਨ ਸਥਿਤੀਆਂ ਨਾਲ ਸੰਬੰਧਿਤ ਹਨ।ਵਿਆਹ ਦੇ ਗਾਉਣ ਬਿਠਾਉਣ ਦਾ ਸਿਲਸਿਲਾ 'ਸਾਹੇ ਚਿੱਠੀ' ਤੋਂ ਹੀ ਸ਼ੂਰੁ ਹੋ ਜਾਂਦਾ ਹੈ।ਇਹਨਾਂ ਗੀਤਾਂ ਵਿਚ ਮਾਂ ਦੀ ਮਮਤਾ, ਰੱਬ ਵਰਗੇ ਬਾਬਲ ਦੇ ਧਰਵਾਸੇ, ਵੀਰਾਂ ਦਾ ਪਿਆਰ ਅਤੇ ਬਹਾਦਰੀਆਂ, ਸੱਸਾਂ ਦੇ ਕਲੇਸ਼, ਨਣਦਾਂ ਦੀ ਸਰਦਾਰੀ, ਘਰ ਵਿਚ ਤੰਗੀਆਂ, ਲਾਮਾਂ ਉੱਤੇ ਗਏ ਪਤੀਆਂ ਦੇ ਝੋਰੇ, ਭਗਵੇਂ ਕੱਪੜਿਆਂ ਵਾਲੇ ਸਾਧਾਂ ਅਤੇ ਜਟਾਧਾਰੀ ਜੋਗੀਆਂ ਨਾਲ ਫਰਜ਼ੀ ਸੰਵਾਦ ਦੀਆਂ ਸਥਿਤੀਆਂ ਬੜੇ ਵੈਰਾਗਮਈ ਅੰਦਾਜ਼ ਵਿਚ ਪੇਸ਼ ਕੀਤੀਆਂ ਜਾਂਦੀਆਂ ਹਨ।ਔਰਤ ਦੇ ਪਰਿਵਾਰਕ ਜੀਵਨ ਵਿਚ ਦੁੱਖਾਂ ਦਾ ਸਿਲਸਿਲਾ ਫੌਜੀ ਭਰਤੀ ਦਾ ਹੋਕਾ ਆਉਣ ਉਪਰੰਤ ਸ਼ੁਰੂ ਹੁੰਦਾ ਹੈ।ਇਹ ਗੀਤ ਸਾਡੀਆਂ ਉਲਾਰ ਸੱਭਿਆਚਾਰਕ ਮਾਨਤਾਵਾਂ ਦਾ ਸ਼ਿਕਾਰ ਬਣਾਈ ਗਈ ਬੇਬਸ ਔਰਤ ਨੂੰ ਦਰਸਾਉਂਦਾ ਹੈ।ਇਤਿਹਾਸਕ ਤੱਥ ਲੋਕਗੀਤ ਵਿਚ ਆ ਕੇ ਲੋਕਧਾਰਕ ਜਾਂ ਮਿੱਥਕ ਰੰਗ ਅਖਤਿਆਰ ਕਰ ਲੈਂਦਾ ਹੈ।ਲੰਮੇ ਗੌਣਾਂ ਦਾ ਮੱਖ ਸਰੋਕਾਰ ਪੇਕੇ ਤੋਂ ਸੌਹਰੇ ਘਰ ਆ ਕੇ ਔਰਤ ਦੀ ਬਦਲ ਚੁੱਕੀ ਸਥਿਤੀ ਦਾ ਵੇਦਨਾਮਈ ਸੁਰ ਵਿਚ ਪ੍ਗਟਾਵਾ ਹੈ।ਇਹਨਾ ਗੀਤਾਂ ਵਿਚ ਔਰਤ ਭੋਗ ਅਤੇ ਗਹਿਸਤ ਦਾ ਸਾਕਾਰ ਰੂਪ ਹੈ।[7]

ਮਲਵੈਣਾਂ ਦਾ ਵਿਆਹ ਦਾ ਗਿੱਧਾ[ਸੋਧੋ]

ਮਲਵੈਣਾਂ ਵੱਲੋਂ ਵਿਆਹ ਦੇ ਮੌਕੇ ਉੱਤੇ ਪਾਏ ਜਾਣ ਵਾਲੇ ਗਿੱਧੇ ਦੀ ਆਪਣੀ ਇੱਕ ਨਿਰਾਲੀ ਪਿਰਤ ਹੈ।ਖੁੱਲ੍ਹਮ ਖੁੱਲ੍ਹੀਆਂ ਬੋਲੀਆਂ ਪਾ ਕੇ ਮਨ ਦੇ ਗੁਭ ਗੁਭਾਟ ਲਾਹੇ ਜਾਂਦੇ ਹਨ।ਔਰਤਾਂ ਵੱਲੋਂ ਗਿੱਧਾ ਤੀਆਂ ਦੇ ਤਿਉਹਾਰ, ਮੁੰਡੇ ਦੀ ਛਟੀ ਦੀ ਰਸਮ ਤੇ, ਮੁੰਡੇ ਦੀ ਪਹਿਲੀ ਲੋਹੜੀ ਵੇਲੇ, ਮੁੰਡੇ ਜਾਂ ਕੁੜੀ ਦੇ ਵਿਆਹ ਵੇਲੇ, ਮੁੰਡੇ ਦੇ ਮੰਗਣੇ ਵੇਲੇ ਆਦਿ ਵੇਲੇ ਪਾਇਆ ਜਾਂਦਾ ਹੈ।ਇਸ ਲਈ ਇਨ੍ਹਾਂ ਦੋਹਾਂ ਮੌਕਿਆਂ ਉੱਤੇ ਪਾਇਆ ਜਾਣ ਵਾਲਾ ਗਿੱਧਾ ਕਿਸੇ ਵੀ ਕਿਸਮ ਦੇ ਸੱਭਿਆਚਾਰ ਸੈਂਸਰ ਤੋਂ ਮੁਕਤ ਹੁੰਦਾ ਹੈ।ਮਲਵਈ ਵਿਆਹ ਨਾਲ ਸੰਬੰਧਿਤ ਗਿੱਧੇ ਦੇ ਚਾਰ ਨਿਵੇਕਲੇ ਪੱਖ ਰਹੇ ਹਨ : ਜਾਗੋ ਕੱਢਣਾ, ਗਿੱਧੇ ਵਿਚ ਨਾਨਕਾ-ਦਾਦਕਾ ਮੇਲਣਾਂ ਦਾ ਸੰਵਾਦ, ਛੱਜ ਤੋੜਨਾ ਅਤੇ ਗਿੱਧੇ ਵਿਚ ਵਧੇਰੇ ਕਾਮਕ ਸਾਂਗ ਜਾਂ ਤਮਾਸ਼ੇ ਰਚਣਾ।ਜਾਗੋ ਦਾ ਸੱਭਿਆਚਾਰਕ ਮਹੱਤਵ ਜਿੱਥੇ ਗਭਰੂਆਂ ਵਾਸਤੇ ਔਰਤ ਦੇ ਹੁਸਨ ਦੀ ਖੁੱਲ੍ਹੀ ਪ੍ਦਰਸ਼ਨੀ ਵਜੋਂ ਹੁੰਦਾ ਸੀ ਉਥੇ ਮੁਟਿਆਰਾਂ ਵਾਸਤੇ ਇਸ ਦੇ ਅਰਥ ਡੂੰਘੇ ਹੁੰਦੇ ਹਨ।ਜਾਗੋ ਔਰਤ ਦੇ ਅਚੇਤ ਮਨ ਦੀ ਜਾਗ ਹੈ।ਵਿਆਹ ਤੋਂ ਕੁਝ ਦਿਨ ਪਹਿਲਾਂ ਅਤੇ ਵਿਆਹ ਦੇ ਦਿਨਾਂ ਵਿਚ ਜੁੜਨ ਵਾਲੀਆਂ ਗੌਣ-ਬੈਠਕਾਂ ਵਿਚ ਸੁਹਾਗ, ਘੋੜੀਆਂ,ਬਿਰਹੜੇ ਅਤੇ ਹੋਰ ਲੰਮੇ ਗੌਣ ਬੜੇ ਮੰਗਲਮਈ ਅਤੇ ਸੰਜੀਦਾ ਰੰਗ-ਢੰਗ ਵਿਚ ਗਾਏ ਜਾਂਦੇ ਹਨ।[8]

ਵਿਆਹ ਵਿਚ ਢਾਣੀ ਦਾ ਗਿੱਧਾ[ਸੋਧੋ]

ਮਾਲਵੇ ਵਿਚ ਮੁੰਡੇ ਦੇ ਵਿਆਹ ਵਿਚ ਢਾਣੀ ਦਾ ਗਿੱਧਾ ਪਵਾਉਣ ਲਈ ਇਨ੍ਹਾਂ ਢਾਣੀ ਵਾਲਿਆਂ ਨੂੰ ਉਚੇਚ ਨਾਲ ਸੱਦਿਆ ਜਾਂਦਾ ਹੈ।ਗਿੱਧਾ ਭਾਵੇਂ ਔਰਤਾਂ ਦਾ ਹੋਵੇ ਭਾਵੇਂ ਮਰਦਾਂ ਦਾ, ਇਸ ਵਿਚ ਦੋ ਵਿਸ਼ੇਸ਼ ਪਾਤਰਾਂ ਦਾ ਜ਼ਿਕਰ ਆਉਣਾਸ਼ਹੀ ਹੁੰਦਾ ਹੈ।ਇਸੇ ਤਰ੍ਹਾਂ ਛੜਾ ਤੀਵੀਆਂ ਦੇ ਭੋਖੜੇ ਦਾ ਸ਼ਿਕਾਰ ਦੁਰਕਾਰਿਆ ਪਾਤਰ ਹੈ।ਦੋਹਾਂ ਜਹਾਨਾਂ ਵਿਚੋਂ ਗਿਆ ਗੁਜਰਿਆ।ਮਾਲਵੇ ਵਿਚ ਕਿਸੇ ਵੇਲੇ ' ਮੁੱਲ ਦੇ ਵਿਆਹ' ਦੀ ਕੁਰੀਤੀ ਰਹੀ ਹੈ।ਭਰ ਜੋਬਨ ਮੁਟਿਆਰ ਕੁੜੀ ਨੂੰ ਕਿਸੇ ਬੁੱਢੇ ਜਾਂ ਕਜ ਹੱਥੇ ਬੰਦੇ ਨਾਲ ਵਿਆਹ ਦਿੱਤਾ ਜਾਂਦਾ ਸੀ।ਇਸੇ ਤਰ੍ਹਾਂ ਬਹੁਤ ਸਾਰੀਆਂ ਬੋਲੀਆਂ ਵਿਚ ਬੋਲੀਕਾਰ ਆਪਣੀ ਬੋਲੀ ਸਿਰਜਣ ਬਾਰੇ ਜਾਂ ਤੁਰੰਤ ਫੁਰਤ ਬੋਲੀ ਜੋੜਨ ਦੀ ਸਮਰਥਾ ਬਾਰੇ ਸਵੈ-ਕਥਨ ਕਰਦੇ ਹਨ।ਮਾਲਵੇ ਦੇ ਖੁਰਦਰੇ, ਖੁਸ਼ਕ, ਇਕਰੰਗਤਾ ਵਾਲੇ ਪੇਂਡੂ ਜੀਵਨ ਵਿਚ ਇਹ ਕਲਾਕਾਰ ਦੋ ਘੜੀਆਂ ਲਈ ਰੁਮਾਂਸ ਭਰ ਦਿੰਦੇ ਸਨ, ਬਿਲਕੁਲ ਏਵੇਂ ਜਿਵੇਂ ਹਾੜ੍ਹ ਦੇ ਪਹਿਲੇ ਮੀਂਹ ਨਾਲ ਮਾਲਵੇ ਦੇ ਤਪਦੇ ਰੇਤਲੇ ਟਿੱਬਿਆਂ ਦੀ ਬਰੇਤੀ ਕੁਝ ਸਮਿਆਂ ਲਈ 'ਠਰ' ਜਾਂਦੀ ਸੀ।ਉਹਨਾਂ ਸਮਿਆਂ ਵਿਚ ਗਿੱਧੇ ਦਾ ਕਲਾਕਾਰ ਹੋਣਾ ਨਿਸ਼ਚੇ ਹੀ ਇੱਕ ਮਾਣਯੋਗ ਪ੍ਪਤੀ ਹੁੰਦੀ ਸੀ।[9]

ਹਵਾਲੇ[ਸੋਧੋ]

[10]

  1. ਡਾ: ਨਾਹਰ ਸਿੰਘ, ਮਾਂ ਸੁਹਾਗਣ ਸ਼ਗਨ ਕਰੇ, ਪੰਜਾਬੀ ਪਿੰਡ, ਭਾਈਚਾਰਾ: ਰੀਤਾਂ-ਰਸਮਾਂ ਅਤੇ ਲੋਕਗੀਤ(ਲੇਖ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਿਸਿਟੀ, ਪਟਿਆਲਾ, ਪੰਨਾ-17
  2. ਡਾ: ਨਾਹਰ ਸਿੰਘ, ਮਾਂ ਸੁਹਾਗਣ ਸ਼ਗਨ ਕਰੇ, ਸਾਡੀ ਵਿਆਹ ਸੰਸਥਾ: ਦੂਹਰੇ ਸੰਚਾਰ ਚਿਹਨ-ਜੁਗਤ(ਲੇਖ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ, ਪੰਨਾ-28
  3. ਡਾ: ਨਾਹਰ ਸਿੰਘ, ਮਾਂ ਸੁਹਾਗਣ ਸ਼ਗਨ ਕਰੇ, ਮੰਗਣੇ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤ : ਚਿਹਨ-ਜੁਗਤ(ਲੇਖ),ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-86
  4. ਡਾ: ਨਾਹਰ ਸਿੰਘ, ਮਾਂ ਸੁਹਾਗਣ ਸ਼ਗਨ ਕਰੇ, ਵਿਆਹ ਤੋਂ ਪਹਿਲਾਂ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤ : ਚਿਹਨ-ਜੁਗਤ,(ਲੇਖ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-115
  5. ਡਾ: ਨਾਹਰ ਸਿੰਘ, ਮਾਂ ਸੁਹਾਗਣ ਸ਼ਗਨ ਕਰੇ,ਵਿਆਹ ਦੇ ਦੌਰਾਨ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤ : ਚਿਹਨ-ਜੁਗਤ(ਲੇਖ),ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-185
  6. ਡਾ: ਨਾਹਰ ਸਿੰਘ, ਮਾਂ ਸੁਹਾਗਣ ਸ਼ਗਨ ਕਰੇ, ਵਿਆਹ ਉਪਰੰਤ ਦੀਆਂ ਰੀਤਾਂ-ਰਸਮਾਂ ਅਤੇ ਲੋਕਗੀਤ : ਚਿਹਨ-ਜੁਗਤ(ਲੇਖ),ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ, ਪੰਨਾ-295
  7. ਡਾ: ਨਾਹਰ ਸਿੰਘ, ਮਾਂ ਸੁਹਾਗਣ ਸ਼ਗਨ ਕਰੇ, ਵਿਆਹ ਦੀਆਂ ਗੌਣ ਬੈਠਕਾਂ ਦੇ ਲੰਮੇ ਗੌਣ(ਲੇਖ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-326
  8. ਡਾ: ਨਾਹਰ ਸਿੰਘ, ਮਾਂ ਸੁਹਾਗਣ ਸ਼ਗਨ ਕਰੇ, ਮਲਵੈਣਾਂ ਦਾ ਵਿਆਹ ਦਾ ਗਿੱਧਾ(ਲੇਖ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ, ਪੰਨਾ-485
  9. ਡਾ: ਨਾਹਰ ਸਿੰਘ, ਮਾਂ ਸੁਹਾਗਣ ਸ਼ਗਨ ਕਰੇ, ਵਿਆਹ ਵਿਚ ਢਾਣੀ ਦਾ ਗਿੱਧਾ(ਲੇਖ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ, ਪੰਨਾ-551
  10. ਡਾ:ਨਾਹਰ ਸਿੰਘ,ਮਾਂ ਸੁਹਾਗਣ ਸ਼ਗਨ ਕਰੇ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ