ਮੁਗੋਵਾਲ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਮੁਗੋਵਾਲ: ਮੁਗੋਵਾਲ ਪਿੰਡ ਮਾਈ ਮੰਗੋ ਦੇ ਨਾਂਅ 'ਤੇ ਚਾਰ ਕੁ ਸਦੀਆਂ ਪਹਿਲਾ ਇਹ ਪਿੰਡ ਵਸਾਇਆ ਸੀ। ਇਹ ਪਿੰਡ ਹੈ ਗ਼ਦਰੀ ਬਾਬੂ ਮੰਗੂ ਰਾਮ ਬਾਨੀ ਤਨਜ਼ੀਮ 'ਆਦਿ-ਧਰਮ ਮੰਡਲ' ਦੀ ਜੰਮਣ-ਭੋਂਇ 'ਮੂਗੋਵਾਲ'। ਇਸ ਪਿੰਡ ਦਾ ਇਹੋ ਇੱਕੋ-ਇਕ ਦੇਸ਼ ਭਗਤ ਨਹੀਂ ਸੀ ਹੋਰ ਵੀ ਬਹੁਤ ਸਾਰੇ ਸਨ। ਪਰ ਜ਼ਿਆਦਾ ਉੱਘਾ ਇਹੋ ਹੋਇਆ।
ਇਤਿਹਾਸ
[ਸੋਧੋ]ਗੱਲ ਸੋਲਵੀਂ ਸਦੀ ਦੀ ਹੈ। ਮਾਲਵਾ ਖਿੱਤੇ ਦੇ ਪਿੰਡ ਡਰੋਲੀ ਭਾਈ (ਮੋਗਾ), ਜਿਹੜਾ ਬਾਅਦ 'ਚ ਛੇਵੇਂ ਸਿੱਖ ਗੁਰੂ ਹਰਗੋਬਿੰਦ ਦੇ ਸਾਂਢੂ ਦੇ ਪਿੰਡ ਵਜੋਂ ਮਸ਼ਾਹੂਰ ਹੋਇਆ, ਤੋਂ ਉੱਠ ਕੇ ਸੰਘਾ ਨਾਂਅ ਦੇ ਬਜ਼ੁਰਗ, ਜੋ ਢਿੱਲੋਂ, ਮੱਲ੍ਹੀ, ਢੱਡਾ, ਦੁਸਾਂਝ ਹੁਰਾਂ ਦਾ ਪੰਜਵਾਂ ਭਾਈ ਸੀ, ਦੀ ਔਲਾਦ ਦੇ ਕੁੱਝ ਨਾਮਵਰ ਜਿਹੜੇ ਕਿ ਡੰਗਰਾਂ ਦੇ ਵਪਾਰੀਨੁਮਾ ਪਾਲੀ ਸਨ, ਨਵੀਆਂ ਚਰਗਾਹਾਂ ਮੱਲਣ ਲਈ ਹੁਣ ਦੇ ਕਪੂਰਥਲਾ ਖਿੱਤੇ ਵਿਚ ਆ ਪੁੰਹਚੇ। ਉਨ੍ਹਾਂ ਦੇ ਇੱਕ ਧੜਵੈਲ ਕਾਲਾ ਨੇ ਜਿਸ ਪਿੰਡ ਦੀ ਮੋੜ੍ਹੀ ਗੱਡੀ ਉਹ ਅੱਜ ਦਾ ਮਸ਼ਾਹੂਰ ਪਿੰਡ ਕਾਲਾ ਸੰਘਿਆ ਹੈ।ਕੁੱਝ ਅਰਸਾ ਬਾਅਦ ਇੱਥੋਂ ਦੇ ਕੁੱਝ ਵਸ਼ਿੰਦੇ ਆਪਣੇ ਇੱਕ ਨਾਮਵਰ ਜੰਡੂ ਦੀ ਅਗਵਾਈ ਹੇਠ ਆ ਟਿੱਕੇ ਜਲੰਧਰ ਦੀ ਜੂਹ ਵਿਚ। ਜਿਸ ਪਿੰਡ ਦੀ ਨੀਂਹ ਉਸ ਰੱਖੀ ਉਹ ਅੱਜ ਜਲੰਧਰ-ਹੁਸ਼ਿਆਰਪੁਰ ਸ਼ਾਹਰਾਹ 'ਤੇ ਘੁੱਗ ਵੱਸਦੀ ਕਸਬਾ ਨੁਮਾ ਵਸੇਬ ਜੰਡੂ ਸਿੰਘਾ ਹੈ।
ਇੱਥੋਂ ਹੀ ਇੱਕ ਪਹਿਲਵਾਨ ਨੁਮਾ ਪਰ ਫੱਕਰ ਤਬੀਅਤ, ਸੰਘਿਆ ਦਾ ਹੀ ਇੱਕ ਆਗੂ, ਉਹਨੀਂ ਵਕਤੀਂ ਹੁਣ ਵਾਲੇ ਹੁਸ਼ਿਆਰਪੁਰ ਜ਼ਿਲੇ ਦੇ ਮਾਹਿਲਪੁਰ ਇਲਾਕੇ ਨੂੰ ਹੋ ਤੁਰਿਆ। ਕਾਰਨ ਇਹ ਸੀ ਕਿ ਨੋਜਵਾਨ ਉਮਰ ਦੇ ਇਸ ਉੱਦਮੀ, ਜਿਸਦਾ ਨਾਂਅ ਸੀ ਬਾਬਾ ਭਰੋ, ਨੂੰ ਸਬਜ਼ ਖਿੱਤੇ ਦੀ ਲੋੜ ਸੀ ਅਤੇ ਲੋਅਰ ਸ਼ਿਵਾਲਿਕ ਦੇ ਪੈਰਾਂ ਹੇਠ ਪੈਂਦੇ ਇਸ ਖੇਤਰ ਵਿਚ ਸਨ ਉਦੋਂ ਹਰੀਆਂ-ਭਰੀਆਂ ਚਰਗਾਹਾਂ ਅਤੇ ਲਬਾਲਬ ਜਲਸੋਮੇ।
ਬਾਬਾ ਭਰੋ ਦੀਆਂ ਦੋ ਤ੍ਰੀਮਤਾਂ ਸਨ, ਮਾਈ ਸ਼ਕਰੋ ਅਤੇ ਬੀਬੀ ਮੰਗੋ।ਇਧਰਲੇ ਜੰਗੀ ਸਰਦਾਰ ਦੀ ਆਗਿਆ ਨਾਲ ਉਸ ਆਪਣੀ ਠਹਿਰ ਦੁਆਲੇ ਘੋੜਾ ਫੇਰ ਕੇ ਬਗਲੀ ਜ਼ਮੀਨ ਵਿਚ ਜਿਸ ਡੇਰੇ ਨੂੰ ਬੰਨਿਆ ਉਹ ਅੱਜ ਦਾ ਉੱਘਾ ਪਿੰਡ ਸਕਰੂਲੀ ਹੈ।ਉਸਦੀ ਅਗਲੀ-ਅਗਲੇਰੀ ਪੀੜ੍ਹੀ ਨੇ, ਜਿਹੜੀ ਬੀਬੀ ਮੰਗੋ ਦੀ ਅੰਸ਼-ਬੰਸ਼ ਸੀ,ਨੇ ਸਥਿਤੀਆਂ-ਪ੍ਰਸਥਿਤੀਆਂ ਵੱਸ ਇਸ ਸਕਰੂਲੀ ਦੀ ਉੱਤਰੀ-ਪੂਰਬੀ ਗੁੱਠ, ਮਾਹਿਲਪੁਰ -ਗੜ੍ਹਸ਼ੰਕਰ ਸੜਕ ਉੱਤਲੀ ਮਾਲਕੀ ਵਾਲੇ ਰਕਬੇ,ਵਿਚ ਮਾਈ ਮੰਗੋ ਦੇ ਨਾਂਅ 'ਤੇ, ਚਾਰ ਕੁ ਸਦੀਆਂ ਪਹਿਲਾ, ਜਿਹੜਾ ਪਿੰਡ ਵਸਾਇਆ, ਉਹ ਹੈ ਗ਼ਦਰੀ ਬਾਬੂ ਮੰਗੂ ਰਾਮ ਬਾਨੀ ਤਨਜ਼ੀਮ 'ਆਦਿ-ਧਰਮ ਮੰਡਲ' ਦੀ ਜੰਮਣ-ਭੋਂਇ 'ਮੂਗੋਵਾਲ'।ਹਾਂ; ਇਸ ਪਿੰਡ ਦਾ ਇਹੋ ਇੱਕੋ-ਇਕ ਦੇਸ਼ ਭਗਤ ਨਹੀਂ ਸੀ ਹੋਰ ਵੀ ਬਹੁਤ ਸਾਰੇ ਸਨ।ਪਰ; ਜ਼ਿਆਦਾ ਉੱਘਾ ਇਹੋ ਹੋਇਆ।
ਸਿਆਸੀ ਤੋਰ 'ਤੇ ਇਹ ਪਿੰਡ ਪਹਿਲਾਂ ਤੋਂ ਹੀ ਵੱਖ-ਵੱਖ ਤਨਜ਼ੀਮਾਂ ਦਾ ਮਿਲਗੋਭਾ ਤੁਰਿਆ ਆ ਰਿਹਾ ਹੈ।ਸੰਨ 1943 ਵਿਚ ਕੰਢੀ ਅਤੇ ਬੀਤ ਸਮੇਤ ਦੋਆਬ ਦੀ ਜਲ-ਸਮੱਸਿਆ ਨੂੰ ਮੁੱਖ ਰੱਖਕੇ ਇਥੋਂ ਵੀ ਇਕ ਮੋਰਚਾ ਵਿੱਢਿਆ ਗਿਆ ਸੀ। ਉੱਘੀ ਸੁਤੰਤਰਤਾ ਸੰਗਰਾਮਣ ਸਰੋਜਨੀ ਨਾਇਡੂ ਨੇ 1945-46 ਵਿਚ ਨਾਮਣੇ ਵਾਲੇ ਆਗੂਆਂ ਸਮੇਤ ਇਥੋਂ ਦੀ ਇਕ ਸਿਆਸੀ ਕਾਨਫਰੰਸ ਵਿਚ ਸ਼ਮੂਲੀਅਤ ਕਰਕੇ ਇਸ ਪਿੰਡ ਦੀ ਅਹਿਮੀਅਤ ਦਰਸਾਈ ਸੀ।ਇਹ ਪਿੰਡ ਬੱਬਰ ਅਕਾਲੀਆਂ, ਕਿਰਤੀਆਂ, ਲਾਲ ਪਾਰਟੀ ਦਾ ਬੜਾ ਭਰੋਸੇਯੋਗ ਅੱਡਾ ਰਿਹਾ ਪਰ ਇਸਤੋਂ ਵੀ ਕਿਤੇ ਪਹਿਲਾਂ, 1935-36 'ਚ,ਅਮਰੀਕਾ ਦੀਆਂ ਸੁੱਖ-ਸਹੂਲਤਾਂ ਨੂੰ ਠੋਕਰ ਮਾਰ ਕੇ ਮੁੜੇ ਗ਼ਦਰੀਆਂ ਦੇ ਇੱਕ ਰੁਕਨ ਗੰਗਾ ਸਿੰਘ ਲੁਹਾਰ, ਜਿਹੜਾ ਇਸੇ ਮੁਗੋਵਾਲ ਦਾ ਜਾਇਆ ਸੀ, ਨੇ ਆਪਣੇ ਅਤੇ ਲਾਗਲੇ ਇਲਾਕੇ ਵਿਚ ਗ਼ਦਰੀ ਕਵਿਤਾਵਾਂ ਨਾਲ ਅਜਿਹੀ ਪ੍ਰਚਾਰ ਮੁਹਿੰਮ ਅਰੰਭੀ ਕਿ ਉਸ ਨੂੰ ਫੜ੍ਹ ਕੇ ਜੂਹ ਬੰਦ ਕਰਨ ਤੱਕ ਦੇਸ਼ ਭਗਤੀ ਵਿਚ ਮੁਗੋਵਾਲ ਦੀ ਤੂਤੀ ਬੋਲਣ ਲੱਗ ਪਈ।
ਪ੍ਰੰਤੂ; ਜੋ ਕਾਰਜ ਮੁਗੋਵਾਲ ਦੇ ਸਪੂਤ ਬਾਬੂ ਮੰਗੂ ਰਾਮ[1] ਉਰਫ ਗ਼ਦਰੀ ਨਿਜ਼ਾਮੂਦੀਨ ਨੇ 'ਆਦਿ ਧਰਮ ਅੰਦੋਲਨ' ਤਹਿਤ ਕਰ ਵਿਖਾਇਆ, ਉਹ ਬੇ-ਮਿਸਾਲ ਸੀ,ਉਸਨੇ ਮੁਗੋਵਾਲ[2] ਨੂੰ ਵੀ ਕੌਮਾਂਤਰੀ ਪ੍ਰਸਿੱਧੀ ਦਵਾਈ। ਦਰ-ਹਕੀਕਤ; ਵੀਹਵੀਂ ਸਦੀ ਦੇ ਤੀਜੇ ਦਹਾਕੇ ਪੈਦਾ ਹੋਇਆ 'ਆਦਿ ਧਰਮ' ਨਾਮ ਤੋਂ ਬੇਸ਼ਕ ''ਧਰਮ'' ਸੀ ਪਰ; ਵਿਵਹਾਰ ਵਿਚ ਇਹ ਧਰਮ ਨਾ ਹੋ ਕੇ ਇੱਕ ਸੱਭਿਆਚਾਰਕ/ਸਮਾਜਿਕ ਅੰਦੋਲਨ ਹੋ ਨਿਬੜਿਆ ਜਿਹੜਾ ਅਸਮਾਨਤਾ ਦੇ ਸਮਾਜ ਵਿਚੋਂ ਤੂਫਾਨ ਦੀ ਤਰ੍ਹਾਂ ਉੱਠਿਆ। ਉਸ ਨੇ ਮੁਗੋਵਾਲ ਦੀ ਧਰਤੀ 'ਤੇ, 1925-26 ਨੂੰ, ਮਾੜੀਆਂ-ਧੀੜੀਆਂ ਜਾਤਾਂ ਦੇ ਉਦਾਰ ਅਤੇ ਹੱਕਾ ਲਈ,ਬੇ-ਮਿਸਾਲ ਅਛੂਤ ਕਾਨਫਰੰਸ ਕਰਕੇ ਸਿਰਜੇ 'ਆਦਿ-ਧਰਮ ਮੰਡਲ' ਰਾਹੀਂ ਅਜਿਹਾ ਨਰਸਿੰਘਾ ਵਜਾਇਆ ਕਿ ਉਸ ਦੀਆਂ ਨਾਦ-ਗੂੰਜ਼ਾਂ ਦੀ ਸੂਹੀ 'ਵਾਜ਼ ਅੱਜ ਵੀ ਫਿਜ਼ਾ ਵਿਚੋਂ ਮੱਠੀ ਨਹੀਂ ਪਈ।
ਹਵਾਲੇ
[ਸੋਧੋ]- ↑ "ਮੰਗੂ ਰਾਮ: ਗਦਰੀ ਬਾਬਾ ਜਿਸ ਨੂੰ ਜਦੋਂ 'ਅਛੂਤ' ਹੋਣ ਕਾਰਨ ਸਕੂਲ ਛੱਡਣਾ ਪਿਆ ਸੀ". BBC News ਪੰਜਾਬੀ. 2024-04-22. Retrieved 2024-05-07.
- ↑ ਗੜ੍ਹਸ਼ੰਕਰ ਦੇ ਪਿੰਡ ਮੁਗੋਵਾਲ ਵਿਖੇ ਪੰਚਾਇਤ ਨੇ ਕੀਤਾ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ, retrieved 2024-05-07