ਸਮੱਗਰੀ 'ਤੇ ਜਾਓ

ਮੇੜ੍ਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਜਰਾ, ਜੁਆਰ ਦੇ ਛਿੱਟਿਆਂ ਨੂੰ ਗਾਹੁਣ ਲਈ, ਕਣਕ, ਜੌਂ, ਛੋਲਿਆਂ ਦੇ ਸੈਡ ਨੂੰ ਗਾਹੁਣ ਲਈ, ਸਰ੍ਹੋਂ, ਤਾਰਾਮੀਰਾ ਦੀਆਂ ਫਸਲਾਂ ਨੂੰ ਗਾਹੁਣ ਲਈ ਬਲਦਾਂ ਨੂੰ ਕੱਠੇ ਕਰ ਕੇ ਜੋੜਨ ਨੂੰ ਮੋੜ੍ਹ ਕਹਿੰਦੇ ਹਨ। ਮੇੜ੍ਹ ਪਾ ਕੇ ਗਾਹੀ ਕਰਨ ਪਿਛੋਂ ਹੀ ਇਨ੍ਹਾਂ ਫਸਲਾਂ ਦੇ ਬੋਹਲ ਬਣਾਏ ਜਾਂਦੇ ਸਨ। ਮੇੜ੍ਹ ਆਮ ਤੌਰ 'ਤੇ 4/5 ਬਲਦਾਂ ਤੱਕ ਦੀ ਪਾਈ ਜਾਂਦੀ ਸੀ। ਕਈ ਵੇਰ ਮੇੜ ਵਿਚ ਬਲਦਾਂ ਦੇ ਨਾਲ ਗਾਈਆਂ, ਵੱਛੀਆਂ, ਮੱਝਾਂ, ਕੱਟੀਆਂ ਨੂੰ ਵੀ ਵਰਤ ਲਿਆ ਜਾਂਦਾ ਸੀ।

ਮੇੜ੍ਹ ਪਾਉਣ ਲਈ ਇਕ ਲੰਮਾ ਸਾਰਾ ਰੱਸਾ ਲਿਆ ਜਾਂਦਾ ਸੀ। ਉਸ ਰੱਸੇ ਨਾਲ ਜਿੰਨੇ ਬਲਦਾਂ ਦੀ ਮੇੜ੍ਹ ਪਾਉਣੀ ਹੁੰਦੀ ਸੀ, ਸਭ ਦੇ ਗਲਾਂ ਵਿਚ ਪਾ ਕੇ ਗੱਠਾਂ ਦੇ ਦਿੱਤੀਆਂ ਜਾਂਦੀਆਂ ਸਨ। ਬਣੀ ਮੇੜ੍ਹ ਨੂੰ ਫੇਰ ਜਿਹੜੀ ਫਸਲ ਦਾ ਸੈਂਡ ਗਾਹੁਣਾ ਹੁੰਦਾ ਸੀ, ਛਿੱਟਿਆਂ ਨੂੰ ਗਾਹੁਣਾ ਹੁੰਦਾ ਸੀ, ਫਸਲ ਨੂੰ ਗਾਹੁਣਾ ਹੁੰਦਾ ਸੀ, ਉਸ ਵਿਚ ਪਾ ਦਿੰਦੇ ਸਨ। ਇਕ ਬੰਦਾ ਮੇੜ੍ਹ ਨੂੰ ਹੱਕਦਾ ਰਹਿੰਦਾ ਸੀ। ਮੇੜ੍ਹ ਗੇੜੇ ਦੇ ਦੇ ਕੇ ਚਲਦੀ ਰਹਿੰਦੀ ਸੀ। ਮੇੜ੍ਹੇ ਦੇ ਅੰਦਰਲੇ ਪਾਸੇ ਜਿਹੜਾ ਬਲਦ ਜੋੜਿਆ ਜਾਂਦਾ ਸੀ, ਉਸ ਨੂੰ ਤੋਨੀ ਕਹਿੰਦੇ ਸਨ। ਤੋਨੀ ਆਮ ਤੌਰ ਤੇ ਬੜੀ ਉਮਰ ਦੇ ਬਲਦ ਨੂੰ (ਮੌਲੇ ਬਲਦ) ਬਣਾਇਆ ਜਾਂਦਾ ਸੀ। ਜੇ ਕਰ ਤੋਨੀ ਠੀਕ ਨਹੀਂ ਚਲਦਾ ਹੁੰਦਾ ਸੀ ਤਾਂ ਤੋਨੀ ਬਲਦ ਦੀ ਨੱਥ ਵਿਚ ਰੱਸਾ ਪਾ ਕੇ ਕੱਸ ਕੇ ਉਸ ਦੀ ਪੂਛ ਨਾਲ ਹੀ ਬੰਨ੍ਹ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਕਰਨ ਨਾਲ ਫੇਰ ਤੋਨੀ ਐਂਡ ਉਪਰ ਠੀਕ ਚਲਦਾ ਰਹਿੰਦਾ ਸੀ। ਇਸ ਤਰ੍ਹਾਂ ਮੇੜ੍ਹ ਤੋਂ ਕੰਮ ਲਿਆ ਜਾਂਦਾ ਸੀ। ਮੇੜ੍ਹ ਦੀ ਗਾਹੀ ਤੋਂ ਪਿਛੋਂ ਫਸਲ ਦੇ ਬੋਹਲ ਬਣਾਏ ਜਾਂਦੇ ਸਨ। ਹੁਣ ਤਾਂ ਸਾਰੀਆਂ ਫਸਲਾਂ ਨੂੰ ਮਸ਼ੀਨਾਂ ਨਾਲ ਵੱਢਿਆ ਤੇ ਕੱਢਿਆ ਜਾਂਦਾ ਹੈ। ਇਸ ਲਈ ਅੱਜ ਦੀ ਪੀੜ੍ਹੀ ਮੇੜ੍ਹ ਬਾਰੇ ਬਿਲਕੁਲ ਅਣਜਾਣ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.