ਮੱਲਾਂ ਦੇ ਘੋਲ
ਮੱਲਾਂ/ਭਲਵਾਨਾਂ ਦੀ ਜ਼ੋਰ ਅਜ਼ਮਾਈ/ਲੜਾਈ ਨੂੰ ਘੋਲ ਕਹਿੰਦੇ ਹਨ। ਮੱਲਾਂ ਦੀ ਇਹ ਲੜਾਈ ਕੋਈ ਡਾਂਗ ਸੋਟੇ ਵਾਲੀ ਨਹੀਂ ਹੁੰਦੀ। ਇਸ ਲੜਾਈ ਲਈ ਨਿਯਮ ਨਿਰਧਾਰਤ ਹੁੰਦੇ ਹਨ। ਇਸ ਲੜਾਈ/ਘੋਲ ਲਈ ਇਕ ਸਾਲਸ ਨਿਯੁਕਤ ਹੁੰਦਾ ਹੈ ਜਿਸ ਨੂੰ ਤੁਸੀਂ ਰੈਫਰੀ ਕਹਿ ਸਕਦੇ ਹੋ। ਘੋਲ ਨੂੰ ਕਈ ਇਲਾਕਿਆਂ ਵਿਚ ਕੁਸ਼ਤੀ, ਕਈਆਂ ਵਿਚ ਛਿੰਜ ਕਹਿੰਦੇ ਹਨ। ਪਹਿਲੇ ਸਮਿਆਂ ਦੇ ਘੋਲ ਇਕ ਹੀ ਕਿਸਮ ਦੇ ਹੁੰਦੇ ਹਨ। ਜਿਹੜਾ ਮੁੱਲ ਘੁਲਣ ਸਮੇਂ ਦੂਜੇ ਮੱਲ ਦੀ ਪੂਰੀ ਪਿੱਠ/ਦੋਵੇਂ ਮੋਢੇ ਧਰਤੀ 'ਤੇ ਲਾ ਦਿੰਦਾ ਸੀ, ਉਹ ਜਿੱਤ ਜਾਂਦਾ ਸੀ। ਘੋਲ ਸਮੇਂ ਮੁੱਲਾਂ ਦੇ ਇਕੱਲਾ ਜਾਂਘੀਆ ਹੀ ਪਾਇਆ ਹੁੰਦਾ ਸੀ। ਸਰੀਰ ਉਪਰ ਥੋੜ੍ਹਾ ਜਿਹਾ ਤੇਲ ਮਲਿਆ ਹੁੰਦਾ ਸੀ। ਹੁਣ ਤਾਂ ਘੋਲਾਂ ਦੀਆਂ ਕਈ ਵੰਨਗੀਆਂ ਹਨ। ਘੋਲ ਜਿੱਤਣ ਵਾਲਾ ਮੱਲ ਅੱਗੇ ਅਤੇ ਹਾਰਨ ਵਾਲਾ ਪਿੱਛੇ ਅਖਾੜੇ ਵਿਚ ਗੇੜਾ ਦਿੰਦੇ ਸਨ। ਦਰਸ਼ਕ ਮੱਲਾਂ ਨੂੰ ਰੁਪਏ ਦਿੰਦੇ ਸਨ।
ਪਹਿਲੇ ਸਮਿਆਂ ਵਿਚ ਖੇਤੀ ਸਾਰੀ ਮੀਹਾਂ 'ਤੇ ਨਿਰਭਰ ਸੀ। ਲੋਕਾਂ ਕੋਲ ਵਿਹਲ ਬਹੁਤ ਸੀ। ਦੁੱਧ ਘਿਓ ਆਮ ਹੁੰਦਾ ਸੀ। ਗਭਰੂ ਖੁਰਾਕਾਂ ਖਾਂਦੇ ਵੀ ਬਹੁਤ ਸਨ। ਚੰਗਾ ਸਰੀਰ ਬਣਾਉਣ ਦਾ ਚੋਬਰਾਂ ਨੂੰ ਸ਼ੌਕ ਵੀ ਬਹੁਤ ਹੁੰਦਾ ਸੀ। ਬੈਠਕਾਂ, ਡੰਡ ਬੈਠਕਾਂ, ਮੂੰਗਲੀਆਂ ਫੇਰਦੇ ਸਨ। ਹਰ ਪਿੰਡ ਵਿਚ ਘੋਲਾਂ ਲਈ ਅਖਾੜੇ ਪੱਟੇ ਹੁੰਦੇ ਸਨ। ਸਰਦੀ ਦੇ ਮੌਸਮ ਵਿਚ ਵਿਸ਼ੇਸ਼ ਤੌਰ 'ਤੇ ਪਹਿਲਵਾਨ ਜ਼ੋਰ ਕਰਦੇ ਰਹਿੰਦੇ ਸਨ। ਦਾਅ ਸਿਖਦੇ ਰਹਿੰਦੇ ਸਨ। ਆਮ ਤੌਰ 'ਤੇ ਪਹਿਲੇ ਸਮੇਂ ਦੇ ਮੇਲਿਆਂ ਵਿਚ ਘੋਲ ਜ਼ਰੂਰ ਕਰਵਾਏ ਜਾਂਦੇ ਸਨ। ਘੋਲ ਜਿੱਤਣ ਵਾਲੇ ਪਹਿਲਵਾਨਾਂ ਨੂੰ ਦੇਸੀ ਘਿਓ ਦੇ ਪੀਪੇ ਤੇ ਬਦਾਮ ਇਨਾਮ ਵਜੋਂ ਦਿੱਤੇ ਜਾਂਦੇ ਸਨ। ਕਈ ਪਿੰਡਾਂ ਵਿਚ ਇਕੱਲੇ ਘੋਲਾਂ ਦੇ ਮੇਲੇ ਵੀ ਲੱਗਦੇ ਸਨ। ਘੋਲ ਪਹਿਲੇ ਸਮਿਆਂ ਦੇ ਲੋਕਾਂ ਦੇ ਮਨੋਰੰਜਨ ਦਾ ਇਕ ਮੁੱਖ ਹਿੱਸਾ ਹੁੰਦਾ ਸੀ। ਹੁਣ ਤੁਹਾਨੂੰ ਕਿਸੇ ਵੀ ਪਿੰਡ ਵਿਚ ਘੋਲਾਂ ਦੇ ਅਖਾੜੇ ਨਹੀਂ ਮਿਲਣਗੇ। ਹੁਣ ਘੋਲ ਸਿਰਫ ਉਹ ਗਭਰੂ ਸਿੱਖਦੇ ਹਨ ਜਿਨ੍ਹਾਂ ਨੇ ਘੋਲਾਂ ਨੂੰ ਆਪਣਾ ਕਿੱਤਾ ਬਣਾਉਣਾ ਹੁੰਦਾ ਹੈ। ਹੁਣ ਮਾਲਵੇ ਦੇ ਇਲਾਕੇ ਵਿਚ ਘੱਟ ਹੀ ਘੋਲ ਮੇਲੇ ਲੱਗਦੇ ਹਨ। ਹਾਂ, ਦੁਆਬੇ ਅਤੇ ਮਾਝੇ ਦੇ ਕਈ ਪਿੰਡਾਂ ਵਿਚ ਅਜੇ ਵੀ ਘੋਲ/ਛਿੰਜ ਮੇਲੇ ਲੱਗਦੇ ਹਨ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.