ਰੋਟ
ਰੋਟ ਕਣਕ ਦੀ ਉਸ ਮੋਟੀ ਮਿੱਠੀ ਰੋਟੀ ਨੂੰ ਕਿਹਾ ਜਾਂਦਾ ਹੈ ਜੋ ਅੱਗ ਨਾਲ ਤਪਾਈ ਧਰਤੀ ਉੱਪਰ ਪਕਾਇਆ ਜਾਂਦਾ ਹੈ। ਕਿਸੇ ਦੇਵੀ, ਦੇਵਤੇ, ਪੀਰ, ਫਕੀਰ ਨੂੰ ਸੁੱਖਣਾ ਦੇਣ ਲਈ ਪਕਾਇਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਜਦ ਲੋਕਾਂ ਕੋਲ ਤਰਕ ਨਹੀਂ ਸੀ, ਅੰਧ-ਵਿਸ਼ਵਾਸ ਸੀ, ਉਸ ਸਮੇਂ ਲੋਕੀ ਕਿਸੇ ਨਾ ਕਿਸੇ ਕੰਮ ਦੀ ਸਿੱਧੀ ਲਈ ਕਿਸੇ ਦੇਵੀ, ਦੇਵਤੇ, ਗੁਰੂ, ਪੀਰ, ਫਕੀਰ, ਗੁਰੂਦਵਾਰਾ, ਮੰਦਰ, ਮਸੀਤ ਲਈ ਰੋਟ ਸੁੱਖ ਲੈਂਦੇ ਸਨ। ਮੈਂ ਆਪਣੇ ਬਚਪਨ ਵਿਚ ਅੱਜ ਤੋਂ ਕੋਈ 60 ਕੁ ਸਾਲ ਪਹਿਲਾਂ ਆਪਣੇ ਪਿੰਡ ਰੋਟ ਪੱਕਦੇ ਆਮ ਵੇਖਦਾ ਸੀ।
ਰੋਟ ਪਕਾਉਣ ਲਈ ਆਟਾ, ਗੁੜ ਸ਼ੱਕਰ ਲਈ ਜਾਂਦੀ ਹੈ। ਗੁੜ ਸ਼ੱਕਰ ਨੂੰ ਪਾਣੀ ਵਿਚ ਘੋਲਿਆ ਜਾਂਦਾ ਹੈ। ਫੇਰ ਆਟੇ ਵਿਚ ਇਹ ਮਿੱਠਾ ਪਾਣੀ ਪਾ ਕੇ ਵਿਚ ਘਿਉ ਦਾ ਮੋਨ ਪਾ ਕੇ, ਆਟੇ ਨੂੰ ਸਖ਼ਤ ਰੱਖ ਕੇ ਗੁੰਨ੍ਹਿਆ ਜਾਂਦਾ ਹੈ। ਇਕ ਪਰਾਤ ਜਾਂ ਬੜਾ ਬਾਲ ਲਿਆ ਜਾਂਦਾ ਹੈ। ਉਸ ਵਿਚ ਥੋੜ੍ਹਾ ਜਿਹਾ ਘਿਉ ਲਾਇਆ ਜਾਂਦਾ ਹੈ। ਗੁੰਨ੍ਹੇ ਆਟੇ ਨੂੰ ਫੇਰ ਪਰਾਤ/ਬਾਲ ਵਿਚ ਰੱਖ ਕੇ ਵੇਲ੍ਹਿਆ ਜਾਂਦਾ ਹੈ ਜਾਂ ਕੱਪੜ ਉੱਪਰ ਹੀ ਇਸਤਰੀਆਂ ਵਲਨੇ ਨਾਲ ਜਾਂ ਹੱਥਾਂ ਨਾਲ ਰੋਟ ਦੀ ਸ਼ਕਲ ਦੇ ਲੈਂਦੀਆਂ ਹਨ।
ਜਿਸ ਥਾਂ ਤੇ ਰੋਟ ਪਕਾਉਣਾ ਹੁੰਦਾ ਸੀ, ਪਹਿਲਾਂ ਉਸ ਥਾਂ ਨੂੰ ਲਿੱਪਿਆ ਜਾਂਦਾ ਸੀ। ਫੇਰ ਉਸ ਥਾਂ ਉੱਪਰ ਪਾਥੀਆਂ ਦੀ ਅੱਗ ਦੀ ਧੂਣੀ ਲਾਈ ਜਾਂਦੀ ਸੀ। ਜਦ ਪਾਥੀਆਂ ਮੱਚ ਕੇ ਲਾਲ ਤੇ ਧੂਣੀ ਵਾਲੀ ਥਾਂ ਪੂਰੀ ਤੱਪ ਜਾਂਦੀ ਸੀ ਤਾਂ ਪਾਥੀਆਂ ਦੇ ਅੰਗਆਰਿਆਂ ਨੂੰ ਉਸ ਥਾਂ ਤੋਂ ਬੜੇ ਖੁਰਚਣੇ ਤੇ ਚਿਮਟੇ ਨਾਲ ਇਕ ਪਾਸੇ ਕਰ ਦਿੱਤਾ ਜਾਂਦਾ ਸੀ। ਫੇਰ ਅੱਗ ਨਾਲ ਤਪੀ ਉਸ ਥਾਂ ਨੂੰ ਕੱਪੜੇ ਨਾਲ ਸਾਫ਼ ਕਰਕੇ ਉਸ ਉੱਪਰ ਵੇਲ੍ਹਿਆ ਹੋਇਆ ਰੋਟ ਪਾ ਦਿੱਤਾ ਜਾਂਦਾ ਸੀ । ਪਾਥੀਆਂ ਦੇ ਅੰਗਆਰਿਆਂ ਨੂੰ ਫੇਰ ਰੋਟ ਉੱਪਰ ਰੱਖ ਦਿੰਦੇ ਸਨ। ਕਈ ਰੋਟ ਪਕਾਉਣ ਵਾਲੀਆਂ ਮਾਹਰ ਜਨਾਨੀਆਂ ਤਾਂ ਰੋਟ ਨੂੰ ਬਗੈਰ ਥੱਲੇ ਹੀ ਪਕਾ ਲੈਂਦੀਆਂ ਸਨ। ਕਈ ਜਨਾਨੀਆਂ ਜਦ ਰੋਟ ਦਾ ਉੱਪਰਲਾ ਪਾਸਾ ਪੱਕ ਜਾਂਦਾ ਸੀ ਤਾਂ ਉਹ ਰੋਟ ਉੱਪਰ ਅਗਿਆਤੇ ਲਾਰ ਲੈਂਦੀਆਂ ਸਨ। ਹੱਥ ਉੱਪਰ ਕੋਈ ਕੱਪੜਾ ਵਟ ਕੇ ਖੁਰਚਣੇ, ਚਿਮਟ ਦੀ ਮੱਦਦ ਨਾਲ ਰੋਟ ਦਾ ਪਾਸਾ ਥੱਲ ਦਿੰਦੀਆਂ ਸਨ। ਅੰਗਿਆਰੇ ਫੇਰ ਉੱਪਰ ਰੱਖ ਦਿੰਦੀਆਂ ਸਨ। ਜਦ ਰੋਟ ਦਾ ਉੱਪਰ ਆਇਆ ਪਾਸਾ ਪੱਕ ਜਾਂਦਾ ਸੀ ਤਾਂ ਅੰਗਿਆਰਿਆਂ ਦੀ ਰਹਿੰਦ-ਖੂੰਹਦ ਨੂੰ ਰੋਟ ਉੱਪਰੋਂ ਲਾਹੁੰਦੇ ਸਨ। ਫੇਰ ਰੋਟ ਨੂੰ ਧਰਤੀ ਉੱਪਰੋਂ ਚੱਕ ਕੇ ਸਾਫ਼ ਕੱਪੜੇ ਉੱਪਰ ਰੱਖਿਆ ਜਾਂਦਾ ਸੀ। ਫੇਰ ਰੋਟ ਦੇ ਉੱਪਰ ਹੇਠਾਂ ਲੱਗੀ ਸੁਆਹ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਸੀ। ਸਾਫ਼ ਕਰਨ ਤੋਂ ਬਾਅਦ ਰੋਟ ਨੂੰ ਉੱਪਰੋਂ ਹੇਠੋਂ ਘਿਉ ਨਾਲ ਚੋਪੜਿਆ ਜਾਂਦਾ ਸੀ। ਇਸ ਤਰ੍ਹਾਂ ਰੋਟ ਤਿਆਰ ਹੁੰਦਾ ਸੀ। ਫੇਰ ਜਿਸ ਦੇਵੀ, ਦੇਵਤੇ, ਗੁਰੂ, ਪੀਰ, ਫਕੀਰ ਆਦਿ ਦਾ ਰੋਟ ਸੁੱਖਿਆ ਹੁੰਦਾ ਸੀ, ਉਸ ਨਮਿਤ ਮੱਥਾ ਟੇਕ ਕੇ ਰੋਟ ਦੇ ਛੋਟੇ-ਛੋਟੇ ਟੁਕੜੇ ਕਰ ਕੇ ਆਂਢ-ਗੁਆਂਢ ਅਤੇ ਘਰਵਾਲਿਆਂ ਨੂੰ ਵੰਡਿਆ ਜਾਂਦਾ ਸੀ।
ਹੁਣ ਵਿਗਿਆਨ ਦਾ ਯੁੱਗ ਹੈ। ਲੋਕ ਜਾਗਰਤ ਹੋ ਚੁੱਕੇ ਹਨ। ਹੁਣ ਦੇਵੀ, ਦੇਵਤਿਆਂ, ਗੁਰੂਆਂ, ਪੀਰਾਂ, ਫਕੀਰਾਂ ਦੀਆਂ ਪਹਿਲਾਂ ਨਾਲੋਂ ਬਹੁਤ ਘੱਟ ਸੁੱਖਣਾ ਸੁੱਖੀਆਂ ਜਾਂਦੀਆਂ ਹਨ। ਇਸ ਲਈ ਰੋਟ ਵੀ ਘੱਟ ਪਕਾਏ ਜਾਂਦੇ ਹਨ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.