ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਅਗਸਤ
ਰਾਮ ਸਰੂਪ ਅਣਖੀ (28 ਅਗਸਤ 1932 - 14 ਫਰਵਰੀ 2010) ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ ਸਨ। ਉਹ ਕਵੀ, ਕਹਾਣੀਕਾਰ ਅਤੇ ਮੁੱਖ ਤੌਰ ਤੇ ਨਾਵਲਕਾਰ ਸਨ। ਰਾਮ ਸਰੂਪ ਦਾ ਜਨਮ ਆਪਣੇ ਜੱਦੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਪੰਜਾਬ ਵਿਖੇ ਪਿਤਾ ਇੰਦਰ ਰਾਮ ਅਤੇ ਮਾਂ ਸੋਧਾਂ ਦੇ ਘਰ 28 ਅਗਸਤ 1932 ਨੂੰ ਹੋਇਆ। ਅਣਖੀ ਨੂੰ ਮਾਲਵੇ ਦਾ ਇਕ ਅਜਿਹਾ ਢੱਗਾ ਕਹਿਣਾ ਜਿਸ ਨੇ ਪੰਜਾਬੀ ਸਾਹਿਤ ਦਾ ਧੁਰਾ ਆਪਣੀ ਸਿਰਜਣਾ ਦੇ ਬਲ, ਆਪਣੇ ਸਿੰਗ ’ਤੇ ਸਰਕਾ ਲਿਆ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਨਾਵਲਕਾਰ ਰਾਮ ਸਰੂਪ ਅਣਖੀ ਨੇ ਆਪਣੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਣ ਕੀਤਾ ਹੈ। ਪਹਿਲਾ ਨਾਵਲ 1970 ਵਿਚ ਛਪਿਆ। ਨਾਵਲ ‘ਕੋਠੇ ਖੜਕ ਸਿੰਘ’ ਲਈ 1987 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਸ ਤੋਂ ਬਾਅਦ ਨਾਵਲ ‘ਪ੍ਰਤਾਪੀ’ ਵੀ ਖੂਬ ਚਰਚਿਤ ਰਿਹਾ। ਅਣਖੀ ਜੀ ਵਿਗਿਆਨਕ ਸੋਚ ਦੇ ਧਾਰਨੀ ਇਕ ਪ੍ਰਤੀਬੱਧ ਅਤੇ ਆਪਣੇ ਲੋਕਾਂ, ਆਪਣੀ ਮਿੱਟੀ ਨਾਲ ਜੁੜੇ ਸਾਹਿਤਕਾਰ ਸਨ। ‘ਆਪਣੀ ਮਿੱਟੀ ਦੇ ਰੁੱਖ’ ਪੁਸਤਕ ਵਿਚ ਦਰਜ ਆਪਣੀ ਅੰਤਿਮ ਇੱਛਾ ਉਹਨਾਂ ਦੀ ਵਿਗਿਆਨਕ ਸੋਚ ਦੀ ਧਾਰਨੀ ਹੈ ਜੋ ਕਿ ਇਹ ਹੈ। ਅਣਖੀ ਦੇ ‘ਸੁਲਗਦੀ ਰਾਤ’ ਨਾਵਲ ਨੂੰ 1979 ਦੀ ਸਰਵੋਤਮ ਗਲਪ ਚੇਤਨਾ ਮੰਨ ਕੇ ਭਾਸ਼ਾ ਵਿਭਾਗ ਪੰਜਾਬ ਨੇ ਸਨਮਾਨਤ ਕੀਤਾ ਸੀ।