ਸੱਭਿਆਚਾਰ ਸ਼ੋਸ਼ਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਭਿਆਚਾਰ ਸ਼ੋਸ਼ਣ ਤੋਂ ਰੀਡਿਰੈਕਟ)

ਜੇਕਰ ਮਾਰਕਸਵਾਦੀ ਨਜ਼ਰੀਏ ਤੋਂ ਇਸ ਦੀ ਪੜਤਾਲ ਕਰੀਏ ਤਾਂ ਅਸੀਂ ਇਸ ਨੂੰ ਧੜਿਆਂ ਵਿਚ ਵੰਡ ਕੇ ਵੇਖਾਂਗੇ। ਮੁੱਖ ਰੂਪ ਵਿਚ ਦੋ ਧੜੇ ੧. ਸ਼ੋਸ਼ਕ ਅਤੇ ੨. ਸ਼ੋਸ਼ਿਤ। ਸ਼ੋਸ਼ਕ ਉਹ ਹੁੰਦਾ ਹੁੰਦਾ ਹੈ ਜੋ ਲੁੱਟਦਾ ਹੈ ਅਤੇ ਸ਼ੋਸ਼ਿਤ ਉਹ ਹੁੰਦਾ ਹੈ ਜੋ ਲੁੱਟਿਆ ਜਾਂਦਾ ਹੈ। ਇਸ ਤਰ੍ਹਾਂ ਸਭਿਆਚਾਰਕ ਸ਼ੋਸ਼ਣ ਤੋਂ ਭਾਵ ਹੋਇਆ 'ਸਭਿਆਚਾਰਕ ਲੁੱਟ'। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਸਭਿਆਚਾਰਕ ਲੁੱਟ ਹੁੰਦੀ ਕਿਵੇਂ ਹੈ? ਸਿਆਸੀ ਸੱਤਾ ਉੱਤੇ ਆਸੀਨ ਸਮਾਜ ਦਾ ਉੱਚ ਜਾਂ ਕੁਲੀਨ ਵਰਗ ਆਪਣੇ ਰਹਿਣ-ਸਹਿਣ ਜਾਂ ਆਚਰਨ-ਵਿਚਰਨ (ਸੱਭਿਆਚਾਰ) ਨੂੰ ਵਿਸ਼ਿਸ਼ਟ ਅਤੇ ਉੱਚਾ ਵਿਖਾਉਣ ਲਈ ਜਿੱਥੇ ਇਕ ਪਾਸੇ ਸੱਭਿਆਚਾਰ ਦੇ ਕੁੱਝ ਪ੍ਰਗਟਾ ਮਾਧਿਅਮਾਂ, ਗਿਆਨ ਅਨੁਸ਼ਾਸ਼ਨਾਂ ਅਤੇ ਵਸਤੂ ਵਰਤਾਰਿਆਂ (ਜਿਵੇਂ : ਕਲਾ, ਸਾਹਿਤ, ਦਰਸ਼ਨ, ਨੀਤੀ-ਸਾਸ਼ਤਰ, ਸੰਗੀਤ ਆਦਿ) ਨੂੰ ਮਾਧਿਅਮ ਬਣਾ ਕੇ ਆਮ ਲੋਕਾਂ ਉੱਤੇ ਆਪਣੀ ਉੱਚਤਾ ਅਤੇ ਪ੍ਰਭੂਸੱਤਾ ਨੂੰ ਸਥਾਪਿਤ ਕਰਨ ਅਤੇ ਫਿਰ ਉਸ ਨੂੰ ਕਾਇਮ ਰੱਖਣ ਲਈ ਜਤਨ ਕਰਦੀ ਹੈ, ਉੱਥੇ ਹੀ ਇਹ ਭਰਮ ਵੀ ਵੱਡੇ ਪੱਧਰ ਉੱਤੇ ਉਸਾਰਦੀ ਅਤੇ ਫੈਲਾਉਂਦੀ ਹੈ ਕਿ ਇਹ ਸਾਰੀਆਂ ਗਤੀਵਿਧੀਆਂ ਨਾ ਸਿਰਫ਼ ਉਸ ਵਰਗ ਦੇ ਏਕਾਧਿਕਾਰ ਤੱਕ ਸੀਮਿਤ ਹਨ ਸਗੋਂ ਉਸ ਲਈ ਰਾਖਵੀਆਂ ਵੀ ਹਨ। ਭਾਵ ਇਹ ਸਭ ਕੁੱਝ ਕਰਨ ਦੀ ਗੁਣਵੱਤਾ, ਸਮਰੱਥਾ ਅਤੇ ਅਧਿਕਾਰ ਕੇਵਲ ਉਨ੍ਹਾਂ ਕੋਲ ਹੀ ਹੈ। ਇਸ ਤਰ੍ਹਾਂ ਆਪਣੇ ਸੱਭਿਆਚਾਰ ਨੂੰ ਉੱਚਾ ਅਤੇ ਹੋਰਨਾਂ ਦੇ ਸੱਭਿਆਚਾਰ ਨੂੰ ਹੀਣ ਵਿਖਾ ਕੇ ਸਭਿਆਚਾਰਕ ਸ਼ੋਸ਼ਣ ਕੀਤਾ ਜਾਂਦਾ ਹੈ। ਹਾਲਾਂਕਿ ਸ਼ੋਸ਼ਿਤ ਧਿਰ ਕੋਲ ਵੀ ਆਪਣੀ ਮੌਲਿਕ ਕਲਾ, ਸਾਹਿਤ, ਦਰਸ਼ਨ, ਸੰਗੀਤ ਆਦਿ ਵਸਤੂ ਵਰਤਾਰੇ ਹੁੰਦੇ ਹਨ, ਪਰ ਕੁਲੀਨ ਵਰਗ ਵੱਲੋਂ ਆਪਣੇ ਹਿਤਾਂ ਦੀ ਪੂਰਤੀ ਹਿਤ ਉਪਜਾਏ ਗਏ ਵਖਰੇਵਿਆਂ, ਵਿਤਕਰਿਆਂ ਭਰਪੂਰ ਹਾਲਾਂ ਅਤੇ ਫੈਲਾਏ ਭਰਮ-ਭੁਲੇਖਿਆਂ ਕਰਕੇ ਇਹ ਲੁੱਕੇ ਅਤੇ ਅੱਖੋਂ ਪਰੋਖੇ ਹੀ ਹੋਏ ਰਹਿੰਦੇ ਹਨ। ਅਜਿਹੀ ਸਭਿਆਚਾਰਕ ਸ਼ੋਸ਼ਣ ਦੀ ਇਕ ਮਿਸਾਲ ਗ੍ਰੇਟ ਬ੍ਰਿਟੇਨ ਹੈ। ਅੱਜ ਤੋਂ ੨੫੦ ਵਰ੍ਹੇ ਪਹਿਲਾਂ ਜਦੋਂ ਅਜੇ ਇਸ ਇਲਾਕੇ ਵਿਚ ਆਧੁਨਿਕਤਾ ਪੈਰ ਪਸਾਰ ਹੀ ਰਹੀ ਸੀ ਤਾਂ ਇਸ ਦਾ ਕੇਂਦਰ ਬਣਿਆ ਇੰਗਲੈਂਡ ਖ਼ਾਸ ਤੌਰ 'ਤੇ ਲੰਡਨ ਦੇ ਨੇੜਲਾ ਇਲਾਕਾ। ਇਸ ਇਲਾਕੇ ਵਿਚੋਂ ਵੀ ਮੁੱਖ ਰੂਪ ਵਿਚ ਇਸ ਇਲਾਕੇ ਦਾ ਬੁਰਜੂਆ ਵਰਗ। ਇਸ ਸਮੇਂ ਤੋਂ ਪਹਿਲਾਂ ਇਹ ਇਲਾਕਾ ਵੰਨ-ਸੁਵੰਨੀਆਂ ਸਭਿਆਚਾਰਕ ਪਛਾਣਾਂ ਰੱਖਣ ਵਾਲਾ ਅਤੇ ਖੇਤੀਬਾੜੀ ਕੇਂਦਰਿਤ ਇਕ ਬਹੁ-ਕੌਮੀ, ਬਹੁ-ਖੇਤਰੀ ਅਤੇ ਬਹੁ-ਭਾਸ਼ਾਈ ਦੇਸ ਸੀ ਪਰ ਲੰਡਨ ਦੇ ਖਿੱਤੇ ਵਿੱਚ ੧੭੬੦ ਈਸਵੀ ਤੋਂ ਮਗਰੋਂ ਸ਼ੁਰੂ ਹੋਈ ਉਦਿਓਗਿਕ ਕ੍ਰਾਂਤੀ ਨੇ ਸਾਰਾ ਦ੍ਰਿਸ਼ ਹੀ ਬਦਲ ਕੇ ਰੱਖ ਦਿੱਤਾ। ਉਦੀਓਗਿਕ ਇਨਕਲਾਬ ਵਿਚ ਪਹਿਲ ਸਦਕਾ ਇਥੋਂ ਦੇ ਲੋਕ ਅਤੇ ਇਨ੍ਹਾਂ ਦਾ ਸੱਭਿਆਚਾਰ ਹੌਲੀ ਹੌਲੀ ਬਾਕੀ ਕੌਮੀਅਤਾਂ ਅਤੇ ਸੱਭਿਆਚਾਰਕ ਪਛਾਣਾਂ ਉੱਤੇ ਹਾਵੀ/ਭਾਰੂ ਹੋਣਾ ਆਰੰਭ ਹੋ ਗਿਆ। ਇਕ ਵਾਰ ਪੱਕੇ ਪੈਰੀਂ ਸ਼ੁਰੂ ਅਤੇ ਸਥਾਪਿਤ ਹੋਏ ਅਤੇ ਫਿਰ ਲਗਾਤਾਰ ਵਰ੍ਹਿਆਂ, ਦਹਾਕਿਆਂ ਅਤੇ ਸਦੀਆਂ ਤੱਕ ਕਾਇਮ ਰਹੇ ਇਸ ਦਬਦਬੇ ਅਤੇ ਪ੍ਰਭੂਸੱਤਾ ਦਾ ਸਿੱਟਾ ਇਹ ਨਿਕਲਿਆ ਕਿ ਬਹੁ-ਗਿਣਤੀ ਲੋਕਾਂ ਦੀ ਸੱਤਾ ਉੱਤੇ ਕਬਿਜ਼ ਜਾਂ ਭਾਰੂ ਜਮਾਤ ਨੇ ਘੱਟ ਗਿਣਤੀ ਲੋਕਾਂ ਦੇ ਸਭਿਆਚਾਰ ਨੂੰ ਜ਼ਜ਼ਬ ਕਰ ਲੈਣ (Incorporation) ਦੇ ਵੱਖ ਵੱਖ ਸਿੱਧੇ ਅਤੇ ਅਸਿੱਧੇ, ਸਕਰਮਕ ਅਤੇ ਅਕਰਮਕ ਵਸੀਲਿਆਂ ਨੂੰ ਵਰਤ ਕੇ ਆਪਣੇ ਗ਼ਲਬੇ ਅਤੇ ਸੱਭਿਆਚਾਰ ਨੂੰ ਹੋਰ ਸੱਭਿਆਚਾਰਾਂ ਦੇ ਘੱਟ-ਗਿਣਤੀ ਲੋਕਾਂ ਦੇ ਮਨਾਂ ਜਾਂ ਸੱਭਿਆਚਾਰਾਂ ਅੰਦਰ ਏਨਾਂ ਡੂੰਘਾ ਰਚਾ ਵਾਸਾ ਦਿੱਤਾ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਆਪੋ ਆਪਣੀ ਵੱਖੋ ਵੱਖਰੀ ਖੇਤਰੀ, ਭਾਸ਼ਾਈ ਅਤੇ ਸੱਭਿਆਚਾਰਕ ਪਛਾਣ ਨੂੰ ਵਿਸਾਰ ਕੇ, ਬਹੁਗਿਣਤੀ ਵਲੋਂ ਬਹੁਲਤਾਵਾਂ ਜਾਂ ਵੰਨ-ਸੁਵਨੰਤਾ ਨੂੰ ਆਪਣੇ ਅੰਦਰ ਜ਼ਜ਼ਬ ਕਰਕੇ ਸਿਰਜ਼ੀ ਮੁੱਖ ਧਾਰਾ ਵਾਲੀ ਏਕਤਮਿਕ (ਸਾਂਝੀ) ਪਛਾਣ ਨੂੰ ਹੀ ਸਹੀ ਅਤੇ ਅਖ਼ੀਰੀ ਸੱਚ ਮੰਨੀ ਬਹਿਠੇ ਹਨ। ਇਸ ਸਭਿਆਚਾਰਕ ਸ਼ੋਸ਼ਣ ਦੀ ਇਕ ਹੋਰ ਨੇੜਲੀ ਅਤੇ ਸੱਜਰੀ ਮਿਸਾਲ ਭਾਰਤ ਹੈ ਜਿੱਥੇ ਬਹੁਗਿਣਤੀ ਵਲੋ 'ਏਕ ਰਾਸ਼ਟਰ, ਏਕ ਭਾਸ਼ਾ ਔਰ ਏਕ ਸੱਭਿਆਚਾਰ' ਦਾ ਨਾਰਾ ਦਿੱਤਾ ਜਾ ਰਿਹਾ ਹੈ। ਜੋ ਘੱਟ ਗਿਣਤੀ ਸੱਭਿਆਚਾਰਾਂ (ਜਾਂ ਵੱਧ ਗਿਣਤੀ ਸੱਭਿਆਚਾਰਾਂ ਨੂੰ ਤਰੋੜ/ਪਾੜ ਕੇ) ਹੜੱਪਣ ਦੀਆਂ ਕੋਝੀਆਂ ਚਾਲਾਂ ਹਨ। ਬ੍ਰਿਟੇਨ ਦੇ ਉੱਘੇ ਸੱਭਿਆਚਾਰ ਸ਼ਾਸ਼ਤਰੀ ਰੇਮੰਡ ਹੈਨਰੀ ਵਿਲੀਅਮਜ਼ ਮੁਤਾਬਿਕ ਸਿਆਸਤ ਉੱਤੇ ਭਾਰੂ ਜਾਂ ਬਹੁਗਿਣਤੀ ਸੱਭਿਆਚਾਰ, ਘੱਟ ਗਿਣਤੀ ਜਾਂ ਅਧੀਨ ਸੱਭਿਆਚਾਰਾਂ ਦੀ ਵਿਲੱਖਣ ਪਛਾਣ ਨੂੰ ਬੜੇ ਯੋਜਨਾਬੱਧ ਢੰਗ ਨਾਲ ਆਪਣੇ ਅੰਦਰ ਸਮਾਉਣ, ਉਸ ਦੀ ਵੱਖਰੀ ਹੋਂਦ ਨੂੰ ਮਿਟਾਉਣ ਅਤੇ ਖੋਰਾ ਲਾਉਣ ਦੇ ਨਾਲ ਨਾਲ ਇਨ੍ਹਾਂ ਨੂੰ ਛੁਟਿਆ ਕੇ ਜਾਂ ਨੀਵਾਂ/ਊਣਾ ਵਿਖਾ ਕੇ ਆਪਣੇ ਸੱਭਿਆਚਾਰ ਨੂੰ ਹੋਰ ਵੱਧ ਉਭਾਰਨ, ਭਾਰੂ ਅਤੇ ਸਥਾਪਿਤ ਕਰਨ ਲਈ ਮੂਲ ਰੂਪ ਵਿਚ ਹੇਠ ਲਿਖੇ ਤਿੰਨ ਮਾਧਿਅਮਾਂ ਜਾਂ ਅਦਾਰਿਆਂ ਦੀ (ਸੁਚੇਤ ਜਾਂ ਅਚੇਤ ਪੱਧਰ 'ਤੇ) ਭਰਪੂਰ ਵਰਤੋਂ ਕਰਦਾ ਹੈ :-

੧. ਸਿੱਖਿਆ (ਸਿੱਖਿਆ ਨੀਤੀ ਅਤੇ ਸਿੱਖਿਅਕ ਅਦਾਰੇ)

੨. ਘਰ ਪਰਿਵਾਰ, ਖ਼ਾਨਦਾਨ, ਪਰਵਾਰਿਕ ਸੰਸਕਾਰ ਅਤੇ ਪਰੰਪਰਾਵਾਂ

੩. ਸਮਾਜਿਕ ਅਨੁਭਵ (ਤਜ਼ੁਰਬਾ)

ਇਹ ਤਿੰਨ ਹੀ ਉਹ ਮੂਲ ਤੱਤ ਹਨ ਜਿਨ੍ਹਾਂ ਨੂੰ ਕੋਈ ਸ਼ੋਸ਼ਕ ਸਭਿਆਚਾਰਕ ਜਮਾਤ ਕਿਸੇ ਸੱਭਿਆਚਾਰ ਨੂੰ ਹੜੱਪਣ ਲਈ ਪਹਿਲੇ ਹਥਿਆਰ ਵਜੋਂ ਵਰਤਦੀ ਹੈ। ਇਸ ਤੋਂ ਛੁੱਟ ਕੁੱਝ ਹੋਰ ਤੱਤ ਵੀ ਹਨ ਪਰ ਇਨ੍ਹਾਂ ਨੂੰ ਅਸੀਂ ਮੂਲ ਵਜੋਂ ਗਿਣ ਸਕਦੇ ਹਾਂ।

ਹਵਾਲੇ:

ਸਭਿਆਚਾਰ ਅਤੇ ਲੋਕਧਾਰਾ: ਵਿਸਵ ਚਿੰਤਨ


ਚੇਤਨਾ ਪ੍ਰਕਾਸ਼ਨ: ਪੰਜਾਬੀ ਭਵਨ ਲੁਧਿਆਣਾ