ਸਮੱਗਰੀ 'ਤੇ ਜਾਓ

ਸੁਥਰਾ ਸ਼ਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਥਰਾ ਸ਼ਾਹ ਸੁਥਰਾ ਸ਼ਾਹ ਇੱਕ ਹਾਸ ਰਸੀ ਕਵੀ ਹੋਇਆ ਹੈ। ਇਹ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਇਆ। ਸੁਥਰਾ ਸ਼ਾਹ ਨੂੰ ਸੁਥਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਦੇ ਫਿਰਕੇ ਦੇ ਸੁਥਰੇ ਸ਼ਾਹੀ ਫ਼ਕੀਰ ਮਸ਼ਹੂਰ ਹਨ। ਇਨ੍ਹਾਂ ਦੀ ਸੰਪਰਦਾਇ ਹੁਣ ਤੱਕ ਚੱਲੀ ਆ ਰਹੀ ਹੈ।[1]

ਜਨਮ

[ਸੋਧੋ]

ਸੁਥਰੇ ਦੇ ਮਾਤਾ-ਪਿਤਾ ਬਾਰੇ ਕੋਈ ਪਤਾ ਨਹੀਂ ਲੱਗਦਾ। ਸੁਥਰਾ ਸ਼ਾਹ ਦਾ ਜਨਮ ਬਾਰਾਂ ਮੂਲਾ ਕਸ਼ਮੀਰ ਦੇ ਨੇੜੇ ਕਿਸੇ ਪਿੰਡ ਵਿੱਚ ਹੋਇਆ।[2] ਆਪਣੀ ਪੁਸਤਕ 'ਹੰਸ ਚੋਗ' ਵਿੱਚ ਬਾਵਾ ਬੁੱਧ ਸਿੰਘ ਸੁਥਰੇ ਦੇ ਜਨਮ ਬਾਰੇ ਲਿਖਦੇ ਹਨ ਕਿ ਜਦੋਂ ਸੁਥਰੇ ਦਾ ਜਨਮ ਹੋਇਆ, ਤਾਂ ਉਸਦੇ ਮੂੰਹ ਵਿੱਚ ਦੰਦ ਸਨ। ਘਰ ਵਾਲਿਆਂ ਨੇ ਕੋਈ ਬਲਾ ਸਮਝ ਕੇ ਬਾਹਰ ਜੰਗਲ ਵਿੱਚ ਸੁੱਟ ਦਿੱਤਾ। ਕੁਦਰਤੀ ਹੀ ਉੱਥੇ ਇੱਕ ਕੁੱਤੀ ਨੇ ਕਤੂਰੇ ਦਿੱਤੇ ਹੋਏ ਸਨ। ਕੁੱਤੀ ਨੇ ਸੁਥਰੇ ਨੂੰ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਿਆ। ਇੱਕ ਦਿਨ ਜਦੋਂ ਗੁਰੂ ਹਰਿਗੋਬਿੰਦ ਜੀ ਉਸ ਪਾਸੋਂ ਲੰਘੇ ਤਾਂ ਉਨ੍ਹਾਂ ਨੇ ਵੇਖਿਆ ਕਿ ਕੁੱਤੀ ਦੇ ਬੱਚਿਆਂ ਵਿੱਚ ਇੱਕ ਮਨੁੱਖ ਦਾ ਬੱਚਾ ਵੀ ਹੈ। ਉਨ੍ਹਾਂ ਨੇ ਸੁਥਰੇ ਨੂੰ ਚੁਕਵਾ ਕੇ ਉਸਦੀ ਪਾਲਣਾ ਮਨੁੱਖੀ ਹੱਥਾਂ ਵਿੱਚ ਕਰਵਾਈ। ਆਪ ਦੇ ਜਨਮ ਬਾਰੇ ਹੋਰ ਲੋਕ ਵੀ ਅਜਿਹੀ ਹੀ ਰਵਾਇਤ ਦੱਸਦੇ ਹਨ।[3]

ਜੀਵਨ

[ਸੋਧੋ]

ਵੱਡਾ ਹੋਣ ਤੇ ਸੁਥਰਾ ਬੜਾ ਹਾਜ਼ਰ ਜਵਾਬ ਤੇ ਹਸਮੁੱਖ ਮਖੌਲੀਆ ਹੋਇਆ। ਉਸ ਦੀਆਂ ਇਨ੍ਹਾਂ ਗੱਲਾਂ ਤੋਂ ਗੁਰੂ ਜੀ ਵੀ ਬੜੇ ਪ੍ਰਸੰਨ ਹੁੰਦੇ ਸਨ। ਉਹ ਅਕਸਰ ਗੁਰੂ ਜੀ ਪਾਸ ਰਹਿੰਦਾ ਅਤੇ ਵੱਡੇ-ਵੱਡੇ ਸ਼ਾਹੂਕਾਰਾਂ ਨੂੰ ਵੀ ਟਿੱਕਚਰਾਂ ਅਤੇ ਚੁਟਕਲਿਆਂ ਨਾਲ ਵਿਅੰਗ ਕੱਸਦਾ। ਸੁਥਰਾ ਸ਼ਾਹ ਲੋਕਾਂ ਦੀਆਂ ਕੁਰੀਤੀਆਂ ਦੇਖ ਕੇ ਇਹੋ ਜਿਹੀਆਂ ਗੱਲਾਂ ਕਰਦਾ ਸੀ ਕਿ ਜਿਸ ਨਾਲ ਕੁਰੀਤੀ ਵਿੱਚ ਸੁਧਾਰ ਵੀ ਹੋ ਜਾਂਦਾ ਸੀ ਤੇ ਨਾਲ ਹੀ ਉਹ ਗੱਲ ਹਾਸੇ ਵਿੱਚ ਪੈ ਜਾਂਦੀ। ਸੁਥਰਿਆਂ ਦੇ ਪੰਥ ਦਾ ਇਹ ਸੰਚਾਲਕ ਮੰਨਿਆ ਜਾਂਦਾ ਹੈ।[4] ਸੁਥਰਿਆਂ ਦੀਆਂ ਕਿੰਨੀਆਂ ਹੀ ਕਹਾਣੀਆਂ ਸੁਖਰਿਆਂ ਵਿੱਚ ਪ੍ਰਚਲਤ ਹਨ, ਪਰ ਉਹਨਾਂ ਦਾ ਕੋਈ ਜ਼ਿਕਰ "ਗੁਰੂ ਪਰਤਾਪ ਸੂਰਜ ਗ੍ਰੰਥ" ਵਿੱਚ ਨਹੀਂ ਆਇਆ।[5]

ਰਚਨਾ

[ਸੋਧੋ]

ਸੁਥਰੇ ਨੇ ਹਾਸ ਰਸ ਤੇ ਵਿਅੰਗ ਨੂੰ ਆਪਣੀ ਰਚਨਾ ਦਾ ਸਾਧਨ ਬਣਾਇਆ। ਸੁਥਰੇ ਦੀਆਂ ਰਚਨਾਵਾਂ ਜਿਆਦਾਤਰ ਸਲੋਕ, ਸ਼ਬਦ, ਰਾਮਕਲੀ, ਰਾਗ ਖਟ, ਵਾਰ-ਰਾਗ ਮਾਰੂ ਪਾਉੜੀ ਆਦਿ ਸਿਰਲੇਖ ਹੇਠ ਦਰਜਗ ਹਨ।[6] ਸੁਥਰੇ ਸ਼ਾਹ ਦੀ ਬਹੁਤੀ ਰਚਨਾ ਪੌੜੀਆਂ ਵਿੱਚ ਉਚਾਰੀ ਹੋਈ ਹੈ।ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੁਥਰੇ ਦੀ ਰਚਨਾ ਉੱਤੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਦਾ ਬੜਾ ਪ੍ਰਭਾਵ ਹੈ। ਹਾਸ-ਰਸ ਤੋਂ ਬਿਨਾਂ ਉਸਦੀ ਕਵਿਤਾ ਵਿੱਚ ਕਿਤੇ-ਕਿਤੇ ਫ਼ਕੀਰਨਾ ਰੰਗ ਵੀ ਹੈ।[7] ਆਪ ਦੀ ਕਵਿਤਾ ਵਿੱਚ ਕਿਸੇ ਪ੍ਰਕਾਰ ਦੀ ਪਿੰਗਲ ਕਰੜਾਈ ਨਹੀਂ ਹੈ। ਭਾਵ ਸਪਸ਼ਟਤਾ ਉੱਤੇ ਜ਼ੋਰ ਹੈ। ਇਹੀ ਕਾਰਨ ਹੈ ਕਿ ਆਪ ਦੀ ਕਵਿਤਾ ਵਿੱਚ ਮੌਲਿਕਤਾ ਅਤੇ ਖੁੱਲ ਦਾ ਸੰਚਾਰ ਹੈ।[1]

ਵਿਚਾਰ

[ਸੋਧੋ]

ਸਦਾਚਾਰਕ ਰੰਗ ਵਾਲੀ ਕਵਿਤਾ ਦਾ ਵਿਅੰਗ ਅਤੇ ਚੋਟ ਵੀ ਚੰਗਾ ਸਾਧਨ ਹੈ। ਜੋ ਜੱਲਣ ਜੱਟ ਅਤੇ ਸੁਥਰੇ ਦੀਆਂ ਕਵਿਤਾਵਾਂ ਵਿੱਚ ਹੀ ਪ੍ਰਤੱਖ ਤੌਰ ਤੇ ਨਜ਼ਰ ਆਉਂਦਾ ਹੈ। ਸੁਥਰਾ ਸ਼ਾਹ ਨੇ ਵੀ ਇਸੇ ਰੂਪ ਨੂੰ ਵਰਤਦਿਆਂ ਅਜਿਹੀ ਰਚਨਾ ਕੀਤੀ ਜੋ ਹਾਸਾ ਠੱਠਾ ਵੀ ਛੇੜਦੀ ਹੈ ਅਤੇ ਸਮਾਜਿਕ ਕੀਮਤਾਂ ਉੱਤੇ ਵਿਅੰਗ ਵੀ ਕੱਸਦੀ ਹੈ। ਇਨ੍ਹਾਂ ਦੀ ਰਚਨਾ ਦੇ ਵਿੱਚ ਜਿੱਥੋਂ ਤੱਕ ਆਚਰਨ ਤੌਰ ਤੇ ਲੋਕਾਂ ਨੂੰ ਸਿੱਧੇ ਪਾਉਣ ਦਾ ਸੰਬੰਧ ਹੈ, ਇਹ ਕਾਫ਼ੀ ਸਲਾਘਾਯੋਗ ਹੈ। ਪਰ ਨਾਲ ਹੀ ਇਨ੍ਹਾਂ ਦੀ ਰਚਨਾ ਗ੍ਰਹਿਸਤੀ ਜੀਵਨ ਦੀ ਨਿੰਦਿਆ ਕਰਦੀ ਹੈਤੇ ਸਮਾਜ ਦੇ ਨਿੱਤ ਦੇ ਕਾਰਾਂ-ਵਿਹਾਰਾਂ ਤੋਂ ਉਪਰਾਮਤਾ ਇਸ ਰਚਨਾ ਦਾ ਮੁੱਲ ਬਹੁਤਾ ਨਹੀਂ ਰਹਿਣ ਦਿੰਦੀ। ਕਿਤੇ-ਕਿਤੇ ਤਾਂ ਸੁਥਰਾ ਬਹੁਤ ਖੁੱਲਾਂ ਲੈ ਗਿਆ ਹੈ। ਇਸੇ ਕਰਕੇ ਬਾਵਾ ਬੁੱਧ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ ਦੇ ਜੀਵਨ ਦੇ ਕੁਝ ਬਚਨ ਤਾਂ ਲਿਖਣਯੋਗ ਹੀ ਨਹੀਂ।[8]

ਨਮੂਨਾ

[ਸੋਧੋ]

1)

"ਲੋਕ ਡਰਾਵਨ ਕਾਰਨੇ ਕੀ ਤੈਂ ਭਖ ਬਨਾਇਆ
ਨਿਰ ਉੱਦਮ ਟੁਕੜਾ ਖਾਵਣਾ ਬਾਬਾ ਨਾਮ ਸਦਾਇਆ
ਜਿਉਂ ਜਿਉਂ ਚੜਨ ਸ਼ੀਰਨੀਅਂ ਤਿਉਂ ਤਿਉਂ ਵਧਦਾ ਜਾ,
ਦੇ ਦੁਆਈ ਖੁੱਲੀਆਂ ਅਗਲੀ ਗੱਲ ਨਾ ਕਾ।"[9]

2)

"ਸੰਤ ਜਨਾ ਕੇ ਚਰਨ ਦਾ, ਇੱਕ ਕੀਟ ਕਹਾਵਾਂ,
ਹਉਂ ਢਾਡੀ ਪਰਵਦਗਾਰ ਦਾ, ਤਿਸ ਦਾ ਜਸ ਗਾਵਾਂ,
ਤੂੰ ਗੁਣੀ ਬਿਅੰਤ ਅਥਾਹ ਜੀ, ਕੀ ਆਖੁ ਸੁਣਾਵਾਂ,
ਏਕੋ ਨਾਮੁ ਧਿਆਵਈਂ, ਦੂਜਾ ਨਹੀਂ ਭਾਵਾਂ।"[10]

3)

"ਆਰ ਗੰਗਾ ਪਾਰ ਗੰਗਾ, ਵਿੱਚ ਮੈਂ ਤੇ ਤੂੰ,
ਲਹਿਣਾ ਲੈਣਾ ਸੁਥਰਿਆ, ਨਾਸੀ ਦੇ ਕੇ ਧੂੰ।"[11]
  1. 1.0 1.1 ਪੰਜਾਬੀ ਸਾਹਿਤ ਦਾ ਇਤਿਹਾਸ: ਸੁਰਿੰਦਰ ਸਿੰਘ ਨਰੂਲਾ, ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ, ਜਲੰਧਰ, ਪੰਨਾ ਨੰ: 90
  2. ਪੰਜਾਬੀ ਸਾਹਿਤ ਦਾ ਇਤਿਹਾਸ: ਨਿਹਾਲ ਸਿੰਘ, ਪੰਨਾ ਨੰ136 ਪੰਜਾਬੀ ਪਬਲੀਕੇਸ਼ਨ ਅੰਮ੍ਰੀਤਸਰ
  3. ਹੰਸ ਚੋਗ: ਬਾਵਾ ਬੁੱਧ ਸਿੰਘ: ਪੰਨਾ ਨੰ. 212, ਲਾਹੌਰ ਬੁੱਕ ਸ਼ਾਪ: ਘੰਟਾ ਘਰ ਲੁਧਿਆਣਾ ਜਨਵਰੀ, 1950 (5ਵਾਂ ਆਡੀਸ਼ਨ)
  4. ਪੰਜਾਬੀ ਸਾਹਿਤ ਦਾ ਇਤਿਹਾਸ: ਨਿਹਾਲ ਸਿੰਘ, ਪੰਨਾ ਨੰ: 136
  5. 'ਹੰਚ ਚੋਗ' ਬਾਵਾ ਬੁੱਧ ਸਿੰਘ, ਪੰਨਾ ਨੰ: 192
  6. ਪੰਜਾਬੀ ਅਦਬ ਦੀ ਮੁਖਤਸਰ ਤਾਰੀਖ: ਉਬਾਰਾ (ਮੋਹਣ ਸਿੰਘ) ਪੰਨਾ ਨੰ: 104
  7. ਪੰਜਾਬੀ ਸਾਹਿਤ ਦਾ ਇਤਿਹਾਸ: ਨਿਹਾਲ ਸਿੰਘ, ਪੰਨਾ ਨੰ:137
  8. ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ: ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ ਪੰਨਾ ਨੰ: 133, ਲਾਹੌਰ ਬੁੱਕ ਸ਼ਾਪ, 2 ਰਾਜਪਤ ਰਾਏ ਮਾਰ, ਲੁਧਿਆਣਾ
  9. ਹੰਸ ਚੋਗ ਪੰਨਾ ਨੰ: 21
  10. ਪੰਜਾਬੀ ਸਾਹਿਤ ਦਾ ਵਿਕਾਸ: ਨਿਹਾਲ ਸਿੰਘ, ਪੰਨਾ ਨੰ: 137
  11. ਹਚਰਨ ਸਿੰਘ ਜੇਬੀ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ ਨੰ: 131