ਸਮੱਗਰੀ 'ਤੇ ਜਾਓ

ਹਰਚਰਨ ਗਰੇਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਚਰਨ ਗਰੇਵਾਲ
ਹਰਚਰਨ ਗਰੇਵਾਲ
ਜਨਮ ਦਾ ਨਾਮਹਰਚਰਨ ਸਿੰਘ ਗਰੇਵਾਲ
ਜਨਮ1934/35[1]
ਜੋਧਾਂ ਮਨਸੂਰਾਂ, ਲਾਇਲਪੁਰ ਜ਼ਿਲਾ, ਬਰਤਾਨਵੀ ਪੰਜਾਬ
ਮੂਲਲੁਧਿਆਣਾ
ਮੌਤ6 ਮਈ 1990(1990-05-06) (ਉਮਰ 55)
ਲੁਧਿਆਣਾ, ਪੰਜਾਬ
ਵੰਨਗੀ(ਆਂ)ਲੋਕ-ਗੀਤ, ਦੋਗਾਣੇ
ਕਿੱਤਾਗਾਇਕ
ਸਾਲ ਸਰਗਰਮਅਣਜਾਣ–1990
ਲੇਬਲਐੱਚ.ਐੱਮ.ਵੀ.

ਹਰਚਰਨ ਗਰੇਵਾਲ (1ਅਕਤੂਬਰ 1930–6 ਮਈ 1990) ਇੱਕ ਪੰਜਾਬੀ ਗਾਇਕ ਸੀ।[1][2][3] ਇਹ ਆਪਣੇ ਸੋਲੋ ਅਤੇ ਦੋਗਾਣਿਆਂ ਲਈ ਜਾਣਿਆਂ ਜਾਂਦਾ ਹੈ ਜਿੰਨ੍ਹਾਂ ਵਿੱਚ ਤੋਤਾ ਪੀ ਗਿਆ ਬੁੱਲ੍ਹਾਂ ਦੀ ਲਾਲੀ, ਅਤੇ ਦੋਗਾਣਿਆਂ ਵਿੱਚ ਸੁਰਿੰਦਰ ਕੌਰ ਨਾਲ਼ ਗਾਏ ਮੈਂ ਵੀ ਜੱਟ ਲੁਧਿਆਣੇ ਦਾ, ਲੱਕ ਹਿੱਲੇ ਮਜਾਜਣ ਜਾਂਦੀ ਦਾ, ਅੱਧੀ ਰਾਤ ਤੱਕ ਮੈਂ ਪੜ੍ਹਦੀ, ਬੋਤਾ ਹੌਲ਼ੀ ਤੋਰ ਮਿੱਤਰਾ, ਸੀਮਾ ਨਾਲ਼ ਗਾਇਆ ਮਿੱਤਰਾਂ ਦੇ ਟਿਊਬਵੈੱਲ ਤੇ ਅਤੇ ਨਰਿੰਦਰ ਬੀਬਾ ਨਾਲ਼ ਗਾਇਆ ਊੜਾ ਆੜਾ ਈੜੀ ਸ਼ਾਮਲ ਹਨ। ਲੱਕ ਹਿੱਲੇ ਮਜਾਜਣ ਜਾਂਦੀ ਦਾ ਇੰਦਰਜੀਤ ਹਸਨਪੁਰੀ ਨੇ ਲਿਖਿਆ ਅਤੇ ਇਹ ਗੀਤ 1968 ਵਿੱਚ ਰਿਕਾਰਡ ਹੋਇਆ। ਸੁਰਿੰਦਰ ਕੌਰ, ਸੁਰਿੰਦਰ ਸੀਮਾ ਅਤੇ ਨਰਿੰਦਰ ਬੀਬਾ ਤੋਂ ਬਿਨਾਂ ਇਸਨੇ ਸ੍ਵਰਨ ਲਤਾ ਅਤੇ ਰਜਿੰਦਰ ਰਾਜਨ ਨਾਲ਼ ਵੀ ਗਾਇਆ। ਪੰਜਾਬ ਦੇ ਕਈ ਗਾਇਕ ਪਹਿਲਾਂ-ਪਹਿਲ ਸਾਜ਼ਿੰਦਿਆਂ ਵਜੋਂ ਗਰੇਵਾਲ ਨਾਲ਼ ਸਟੇਜਾਂ ਤੇ ਜਾਂਦੇ ਰਹੇ ਸਨ ਜਿੰਨ੍ਹਾਂ ਵਿੱਚ ਕੁਲਦੀਪ ਮਾਣਕ ਦਾ ਨਾਂ ਵੀ ਸ਼ਾਮਲ ਹੈ।

ਜ਼ਿੰਦਗੀ ਅਤੇ ਗਾਇਕੀ

[ਸੋਧੋ]

ਹਰਚਰਨ ਸਿੰਘ ਗਰੇਵਾਲ ਦਾ ਪਰਿਵਾਰਕ ਪਿਛੋਕੜ ਪਾਕਿਸਤਾਨ ਦਾ ਹੈ। ਦੇਸ਼ ਦੀ ਵੰਡ ਸਮੇਂ ਇਸ ਪਰਿਵਾਰ ਨੇ ਇੱਧਰ ਚੜ੍ਹਦੇ ਪੰਜਾਬ ਵਿੱਚ ਆ ਡੇਰੇ ਲਾਏ। ਉਸ ਦਾ ਜਨਮ ਪਹਿਲੀ ਅਕਤੂਬਰ 1930[4] ਨੂੰ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 76 ਵਿਖੇ ਗੌਹਰ ਸਿੰਘ ਗਰੇਵਾਲ ਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਦੇਸ਼ ਦੀ ਵੰਡ ਸਮੇਂ ਹਰਚਰਨ ਸਿੰਘ ਦੀ ਉਮਰ ਤਕਰੀਬਨ 17 ਸਾਲਾਂ ਸੀ। ਚੜ੍ਹਦੇ ਪੰਜਾਬ ਵਿੱਚ ਇਸ ਪਰਿਵਾਰ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਮਾਲਪੁਰ ਵਿਖੇ ਆ ਕੇ ਟਿਕਾਣਾ ਬਣਾਇਆ। ਇਸ ਪਰਿਵਾਰ ਦੀ ਗੁਰੂੂੁ ਘਰ ਪ੍ਰਤੀ ਬਹੁਤ ਸ਼ਰਧਾ ਸੀ। ਉਸ ਦੇ ਪਿਤਾ ਗੌਹਰ ਸਿੰਘ ਗਰੇਵਾਲ ਤੇ ਗੌਹਰ ਸਿੰਘ ਦਾ ਭਰਾ ਗੁਰਮੁਖ ਸਿੰਘ ਗਰੇਵਾਲ ਗੁਰੂ ਘਰ ਦੇ ਪਾਠੀ ਵੀ ਸਨ ਤੇ ਦੋਵੇਂ ਭਰਾ ਕੀਰਤਨ ਵੀ ਕਰਿਆ ਕਰਦੇ ਸਨ। ਜਮਾਲਪੁਰ ਵਿੱਚ ਇਸ ਪਰਿਵਾਰ ਨੂੰ ਜ਼ਮੀਨ ਅਲਾਟ ਹੋਣ ਕਰਕੇ ਇਨ੍ਹਾਂ ਨੇ ਇੱਥੇ ਹੀ ਪੱਕੇ ਡੇਰੇ ਲਾ ਲਏ।

ਪਰ ਇਕ ਲਿਖਤ ਮੁਤਾਬਿਕ ਗਰੇਵਾਲ ਦਾ ਜਨਮ 1934/35 ਵਿੱਚ ਲਾਇਲਪੁਰ ਜ਼ਿਲੇ ਵਿੱਚ ਬਰਤਾਨਵੀ ਪੰਜਾਬ ਵਿੱਚ ਹੋਇਆ। 1947 ਵਿੱਚ ਪੰਜਾਬ ਦੀ ਵੰਡ ਤੋਂ ਬਾਅਦ ਇਸਦੇ ਵਡੇਰੇ ਲੁਧਿਆਣੇ ਦੇ ਨੇੜੇ ਆ ਵਸੇ ਅਤੇ ਇੱਥੇ ਵੀ ਉਹਨਾਂ ਪਿੰਡ ਦਾ ਨਾਮ ਜੋਧਾਂ ਮਨਸੂਰਾਂ ਰੱਖ ਲਿਆ।[1]

ਗਰੇਵਾਲ ਨੇ ਆਪਣੇ ਕਾਲਜ ਵੇਲ਼ੇ ਵੀ ਕਦੇ ਗਾਇਆ ਨਹੀਂ ਸੀ। ਫਿਰ ਲਾਲ ਚੰਦ ਯਮਲਾ ਜੱਟ ਨੂੰ ਗਾਉਂਦਾ ਸੁਣ ਕੇ ਗਾਉਣ ਵਿੱਚ ਰੁਚੀ ਪੈਦਾ ਹੋਈ। ਇਸ ਸਮੇ ਪਰਿਵਾਰ ਦੀ ਰੋਟੀ ਖਾਤਰ ਹਰਚਰਨ ਗਰੇਵਾਲ ਨੇ ਹਲ਼ ਵੀ ਵਾਹਿਆ ਤੇ ਟਰੱਕ ਡਰਾਇਵਰੀ ਵੀ ਕੀਤੀ। 1950 ਵਿੱਚ ਉਸ ਦਾ ਵਿਆਹ ਵਰਿਆਮ ਸਿੰਘ ਚੀਮਾ ਦੀ ਪੁੱਤਰੀ ਸੁਰਜੀਤ ਕੌਰ ਨਾਲ ਹੋਇਆ। ਪ੍ਰਸਿੱਧ ਗੀਤਕਾਰ ਗੁਰਦੇਵ ਸਿੰਘ ਮਾਨ ਨਾਲ ਹਰਚਰਨ ਗਰੇਵਾਲ ਦੀ ਮਿਲਣੀ ਇੱਕ ਢਾਬੇ ’ਤੇ ਰੋਟੀ ਖਾਂਦਿਆ ਹੋਈ। ਹਰਚਰਨ ਗਰੇਵਾਲ ਨੂੰ ਗਾਉਣ ਦਾ ਸ਼ੌਕ ਹੋਣ ਕਾਰਨ, ਉਹ ਰੋਟੀ ਖਾਣ ਸਮੇਂ ਗਾਉਣ ਲੱਗ ਪਿਆ। ਗੁਰਦੇਵ ਸਿੰਘ ਮਾਨ ਨੂੰ ਉਸ ਦੀ ਆਵਾਜ਼ ਬਹੁਤ ਵਧੀਆ ਲੱਗੀ। ਫਿਰ ਉਨ੍ਹਾਂ ਦੀ ਨੇੜਤਾ ਵਧ ਗਈ। ਗੁਰਦੇਵ ਮਾਨ ਉਸ ਨੂੰ ਆਪਣੇ ਨਾਲ ਸਟੇਜਾਂ ’ਤੇ ਲਿਜਾਣ ਲੱਗਾ। ਫਿਰ ਗੁਰਦੇਵ ਸਿੰਘ ਮਾਨ ਉਸ ਨੂੰ ਜਸਵੰਤ ਭੰਵਰਾ ਕੋਲ ਲੈ ਗਿਆ। ਭੰਵਰਾ ਦੀ ਜੌਹਰੀ ਅੱਖ ਹੀਰਾ ਪਛਾਣ ਲੈਂਦੀ ਸੀ। ਹਰਚਰਨ ਗਰੇਵਾਲ ਨੇ ਭੰਵਰੇ ਨੂੰ ਆਪਣਾ ਉਸਤਾਦ ਧਾਰ ਲਿਆ ਤੇ ਪੱਕੇ ਤੌਰ ’ਤੇ ਉਸ ਦੇ ਚਰਨੀਂ ਜਾ ਲੱੱਗਿਆ ਅਤੇ ਜਸਵੰਤ ਭੰਵਰਾ ਤੋਂ ਸੰਗੀਤ ਦੀ ਸਿੱਖਿਆ ਲਈ।[5]

ਹਰਚਰਨ ਗਰੇਵਾਲ, ਗੁਰਦੇਵ ਸਿੰਘ ਮਾਨ ਦੇ ਦੋ ਗੀਤ ‘ਮੇਲੇ ਮੁਖਸਰ ਦੇ, ਚੱਲ ਚੱਲੀਏ ਨਣਦ ਦਿਆ ਵੀਰਾ‘ ਅਤੇ ‘ਕੱਤਣੀ ’ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ’ ਗਾ ਕੇ ਪੂਰੀ ਤਰ੍ਹਾਂ ਹਿੱਟ ਹੋ ਗਿਆ। ਉਸ ਦੀ ਪਹਿਲੀ ਦੋਗਾਣਾ ਰਿਕਾਰਡਿੰਗ ਨਰਿੰਦਰ ਬੀਬਾ ਨਾਲ ਹੋਈ। ਇਸ ਰਿਕਾਰਡਿੰਗ ਵਿੱਚ ਦੋ ਗੀਤ ਸਨ ‘ਊੜਾ ਆੜਾ ਈੜੀ ਸੱਸਾ ਹਾਹਾ ਊੜਾ ਆੜਾ ਵੇ[6], ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜਾ ਵੇ’, ਦੂਜਾ ਗੀਤ ਸੀ ‘ਅੱਡੀ ਮਾਰ ਝਾਂਜਰ ਛਣਕਾਈ ਨੀਂ, ਮਿੱਤਰਾਂ ਦਾ ਬੂਹਾ ਲੰਘ ਕੇ’ ਇਹ ਗੀਤ ਲੋਕਾਂ ਨੇ ਬੇਹੱਦ ਪਸੰਦ ਕੀਤੇ ਅਤੇ ਕੰਪਨੀ ਨੇ ਇਸ ਗੀਤ ਦੇ ਕਈ ਲਾਟ ਕੱਢੇ। ਸਾਖਰਤਾ ਮੁਹਿੰਮ ਵਿੱਚ ਇਸ ਗੀਤ ਦੀ ਕਾਫ਼ੀ ਚਰਚਾ ਹੁੰਦੀ ਰਹੀ। ਰੇਡੀਓ ’ਤੇ ਵੀ ਇਹ ਗੀਤ ਕਾਫ਼ੀ ਵੱਜਦਾ ਰਿਹਾ। ਇਸ ਤਰ੍ਹਾਂ ਨਰਿੰਦਰ ਬੀਬਾ ਨਾਲ ਉਸ ਦੇ 14 ਗੀਤ ਰਿਕਾਰਡ ਹੋਏ। ਫਿਰ ਹਰਚਰਨ ਗਰੇਵਾਲ ਨੇ ਸੁਰਿੰਦਰ ਕੌਰ ਨਾਲ ਲਗਭਗ ਚਾਰ ਦਰਜਨ ਗੀਤ ਰਿਕਾਰਡ ਕਰਵਾਏ। ਇਹ ਸਾਰੀ ਰਿਕਾਰਡਿੰਗ ਐੱਚ.ਐੱਮ.ਵੀ. ਕੰਪਨੀ ਵੱਲੋਂ ਕੀਤੀ ਗਈ। ਫਿਰ ਅੱਧੀ ਦਰਜਨ ਦੋਗਾਣੇ ਰਾਜਿੰਦਰ ਰਾਜਨ ਨਾਲ ਰਿਕਾਰਡ ਹੋਏ।

ਪੰਜਾਬੀ ਲੇਖਕ ਗੁਲਜ਼ਾਰ ਸਿੰਘ ਸ਼ੌਂਕੀ ਨੇ ਇਸ ਕਲਾਕਾਰ ਦੀ ਸਮੁੱਚੀ ਜ਼ਿੰਦਗੀ ਬਾਰੇ ਇੱਕ ਕਿਤਾਬ ਲਿਖ ਕੇ ਇਸ ਕਲਾਕਾਰ ਦੀਆਂ ਪ੍ਰਾਪਤੀਆਂ ਨੂੰ ਦਸਤਾਵੇਜ਼ੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਅਜਿਹੇ ਕਲਾਕਾਰਾਂ ਦੀਆਂ ਪ੍ਰਾਪਤੀਆਂ ਨੂੰ ਸਾਂਭਣਾ ਆਉਣ ਵਾਲੀ ਪੀੜ੍ਹੀ ਲਈ ਅਗਵਾਈ-ਕਦਮ ਸਾਬਤ ਹੋ ਸਕਦੇ ਹਨ। ਅਫ਼ਸੋਸ ਇਹ ਮਹਾਨ ਹਸਤੀ 1990 ਵਿੱਚ ਸਦੀਵੀ ਵਿਛੋੜਾ ਦੇ ਗਈ, ਪਰ ਉਹ ਆਪਣੀ ਦਿਲਕਸ਼ ਆਵਾਜ਼ ਨਾਲ ਅਮਰ ਹੋ ਚੁੱਕਾ ਹੈ।[7]

ਹਵਾਲੇ

[ਸੋਧੋ]
  1. 1.0 1.1 1.2 ਗਿੱਲ, ਜਗਤਾਰ. ਪੰਜਾਬੀ ਗਾਇਕੀ ਦੇ ਧਰੂ ਤਾਰੇ.
  2. ਸਿੰਘ, ਜੈਸਮੀਨ (1 ਦਿਸੰਬਰ 2012). "A VOICE that was..." ਚੰਡੀਗੜ੍ਹ. ਦ ਟ੍ਰਿਬਿਊਨ. Retrieved 5 ਮਈ 2015. {{cite news}}: Check date values in: |date= (help)
  3. "Harcharan Grewal". ਲਾਸਟ.ਐੱਫ਼ਐੱਮ. Retrieved 5 ਮਈ 2015.
  4. "ਦੋਗਾਣਾ-ਸ਼ੈਲੀ ਦਾ ਹਸਤਾਖ਼ਰ ਹਰਚਰਨ ਗਰੇਵਾਲ". Punjabi Tribune. Retrieved 2025-09-12.
  5. "ਦੋਗਾਣਾ-ਸ਼ੈਲੀ ਦਾ ਹਸਤਾਖ਼ਰ ਹਰਚਰਨ ਗਰੇਵਾਲ". Punjabi Tribune. Retrieved 2025-09-12.
  6. Old punjabi song Gehal (2025-08-02), ੳ ਅ ੲ ਸ ! ਨਰਿੰਦਰ ਬੀਬਾ ਤੇ ਹਰਚਰਨ ਗਰੇਵਾਲ ਗੀਤ, retrieved 2025-09-12
  7. "ਦੋਗਾਣਾ-ਸ਼ੈਲੀ ਦਾ ਹਸਤਾਖ਼ਰ ਹਰਚਰਨ ਗਰੇਵਾਲ – amritsartimes.live" (in ਅੰਗਰੇਜ਼ੀ (ਬਰਤਾਨਵੀ)). Retrieved 2025-09-12.