ਹਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਾਲ ਧਰਨ ਲਈ, ਖਿਚੜੀ ਬਣਾਉਣ ਲਈ ਭੜੋਲੀ ਦੀ ਸ਼ਕਲ ਦੀ ਤਰ੍ਹਾਂ ਮਿੱਟੀ ਦੀ ਬਣੀ ਵਸਤ ਨੂੰ ਹਾਰੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਖਿਚੜੀ ਹਰ ਪ੍ਰਾਣੀ ਦੀ ਸਵੇਰ ਦੀ ਖੁਰਾਕ ਹੁੰਦੀ ਸੀ। ਖਿਚੜੀ ਨੂੰ ਰਾਤ ਨੂੰ ਹਾਰੀ ਵਿਚ ਪਾਥੀਆਂ ਦੀ ਅੱਗ ਪਾ ਕੇ ਰਿੱਝਣ ਲਈ ਰੱਖ ਦਿੱਤਾ ਜਾਂਦਾ ਸੀ। ਸਾਰੀ ਰਾਤ ਰਿੱਝਦੀ ਰਹਿੰਦੀ ਸੀ। ਸਵੇਰੇ ਉਠ ਕੇ ਦਹੀਂ, ਲੱਸੀ ਨਾਲ ਖਾਂਦੇ ਸਨ। ਹਾਰੀ ਕਾਲੀ ਤੂੜੀ ਮਿੱਟੀ ਨਾਲ ਬਣਾਈ ਜਾਂਦੀ ਸੀ। ਹਾਰੀਆਂ ਦੋ ਕਿਸਮ ਦੀਆਂ ਹੁੰਦੀਆਂ ਸਨ। ਇਕ ਚੱਕਮੀ ਹਾਰੀ ਹੁੰਦੀ ਸੀ ਜਿਸ ਨੂੰ ਜਿਥੇ ਮਰਜ਼ੀ ਰੱਖ ਕੇ ਵਰਤਿਆ ਜਾ ਸਕਦਾ ਸੀ। ਦੂਜੀ ਹਾਰੀ ਧਰਤੀ ਵਿਚ ਗੁੱਡ ਕੇ ਰੱਖਣ ਵਾਲੀ ਹੁੰਦੀ ਸੀ।

ਚੱਕਮੀ ਹਾਰੀ ਬਣਾਉਣ ਲਈ ਟੁੱਟੀ ਹੋਈ ਕਾੜਨੀ/ਟੁੱਟੇ ਹੋਏ ਝੱਕਰੇ ਦਾ ਗਲ ਲਿਆ ਜਾਂਦਾ ਸੀ ਜਿਸ ਨੂੰ ਕਲੀਂਡਰ ਕਹਿੰਦੇ ਸਨ। ਏਸ ਗਲ ਉਪਰ 14 ਕੁ ਇੰਚ ਵਿਆਸ ਦਾ ਗੁਲਾਈਦਾਰ ਥੱਲਾ ਬਣਾਇਆ ਜਾਂਦਾ ਸੀ। ਜਦ ਇਹ ਥੱਲਾ ਸੁੱਕ ਜਾਂਦਾ ਸੀ ਫੇਰ ਏਸ ਉਪਰ 2/2 ਕੁ ਇੰਚ ਮੋਟੀ ਗੁਲਾਈਦਾਰ ਕੰਧ ਓਨੀ ਕੁ ਬਣਾਈ ਜਾਂਦੀ ਸੀ ਜਿੰਨੀ ਖੜ੍ਹੀ ਰਹਿ ਸਕੇ। ਜਦ ਇਹ ਬਣਾਈ ਕੰਧ ਸੁੱਕ ਜਾਂਦੀ ਸੀ, ਫੇਰ ਏਸ ਉਪਰ ਖੜ੍ਹੀ ਰਹਿਣ ਜੋਗੀ ਕੰਧ ਹੋਰ ਬਣਾਈ ਜਾਂਦੀ ਸੀ। ਫੇਰ ਉਸ ਨੂੰ ਸੁਕਾਇਆ ਜਾਂਦਾ ਸੀ। ਏਸ ਵਿਧੀ ਅਨੁਸਾਰ ਹਾਰੀ ਦੀਆਂ ਕੰਧਾਂ ਨੂੰ 18 ਕੁ ਇੰਚ ਉੱਚਾ ਉਸਾਰਿਆ ਜਾਂਦਾ ਸੀ। ਇਸ ਤਰ੍ਹਾਂ ਚੱਕਮੀ ਹਾਰੀ ਬਣਦੀ ਸੀ। ਕਈ ਜਨਾਨੀਆਂ ਹਾਰੀ ਨੂੰ ਲਿੱਪ ਪੋਚ ਕੇ ਉਸ ਉਪਰ ਪਾਂਡੂ ਮਿੱਟੀ ਦਾ ਪਰੋਲਾ ਵੀ ਫੇਰ ਦਿੰਦੀਆਂ ਸਨ।

ਧਰਤੀ ਵਿਚ ਗੱਡ ਕੇ ਰੱਖਣ ਵਾਲੀ ਹਾਰੀ ਹੇਠ ਕਲੀਂਡਰ ਨਹੀਂ ਲਾਇਆ ਜਾਂਦਾ ਸੀ। ਹਾਰੀ ਦੀ ਉਸਾਰੀ ਵੀ ਚੱਕਮੀ ਹਾਰੀ ਦੀ ਤਰ੍ਹਾਂ ਕੀਤੀ ਜਾਂਦੀ ਸੀ। ਇਸ ਫੇਰ ਉਸਾਰੀ ਹੋਈ ਇਸ ਹਾਰੀ ਨੂੰ ਧਰਤੀ ਵਿਚ ਗੱਡ ਦਿੱਤਾ ਜਾਂਦਾ ਸੀ। ਹਾਰੀਆਂ ਉਪਰ ਦੇਣ ਲਈ ਮਿੱਟੀ ਦੇ ਜਾਲੀਦਾਰ ਚਾਪੜ ਵੀ ਬਣਾਏ ਜਾਂਦੇ ਸਨ।

ਹੁਣ ਖਿਚੜੀ ਖਾਣ ਦਾ ਰਿਵਾਜ ਘੱਟ ਗਿਆ ਹੈ। ਦਾਲਾਂ ਹੁਣ ਜ਼ਿਆਦਾ ਚੁੱਲ੍ਹਿਆਂ ਉੱਪਰ ਪ੍ਰੈਸ਼ਰ ਕੁੱਕਰਾਂ ਵਿਚ ਬਣਾਈਆਂ ਜਾਂਦੀਆਂ ਹਨ। ਇਸ ਲਈ ਹੁਣ ਹਾਰੀਆਂ ਦੀ ਵਰਤੋਂ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.