ਹੱਬਾ ਖਾਤੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਸ ਤਸਵੀਰ ਵਿਚ ਹੱਬਾ ਖਾਤੂਨ ਤਿਕੋਣਾ ਪਹਾੜ ਹੈ ਜਿਸਦਾ ਨਾਮ ਅਜ਼ਾਦ ਕਸ਼ਮੀਰ ਦੀ ਆਖਰੀ ਰਾਣੀ(ਹੱਬਾ ਖਾਤੂਨ) ਦੇ ਨਾਮ 'ਤੇ ਰੱਖਿਆ ਗਿਆ ਸੀ

ਹੱਬਾ ਖਾਤੂਨ (ਕਸ਼ਮੀਰੀ : حببا کھاتٗن; ਜਨਮ 1554 - ਮੌਤ 1609) ਕਸ਼ਮੀਰ ਘਾਟੀ ਦੀ ਬਹੁਤ ਖ਼ੂਬਸੂਰਤ ਔਰਤ ਅਤੇ ਕਸ਼ਮੀਰੀ ਕਵਿਤਰੀ ਸੀ ਜਿਸਨੂੰ ਕਸ਼ਮੀਰ ਦੀ ਕੋਇਲ ਵਜੋਂ ਵੀ ਜਾਣਿਆ ਜਾਂਦਾ ਹੈ। ਉਸਦੇ ਗੀਤ ਅੱਜ ਵੀ ਕਸ਼ਮੀਰ ਵਿੱਚ ਹਰਮਨ-ਪਿਆਰੇ ਹਨ। ਉਹ ਰੂਹਾਨੀ ਅਤੇ ਧਾਰਮਿਕ ਕਾਵਿ ਧਾਰਾ ਨਾਲ ਸੰਬੰਧਿਤ ਸੀ। ਹੱਬਾ ਦਾ ਜਨਮ ਜੰਮੂ-ਕਸ਼ਮੀਰ ਰਿਆਸਤ ਦੇ ਜਿਹਲਮ ਨਦੀ ਦੇ ਕਿਨਾਰੇ ਵਸਦੇ ਪਿੰਡ ਚੰਧੋਰ ਵਿਖੇ ਇੱਕ ਮੁਸਲਿਮ ਕਿਸਾਨ ਪਰਿਵਾਰ ਵਿਚ ਹੋਇਆ। ਹੱਬਾ ਦੀ ਖੂਬਸੂਰਤੀ ਕਰਕੇ ਉਸਨੂੰ ਸ਼ੁਰੂ ਵਿਚ ਜੂਨ ਕਹਿ ਕੇ ਬੁਲਾਇਆ ਜਾਂਦਾ ਸੀ। ਕਸ਼ਮੀਰੀ ਭਾਸ਼ਾ ਵਿਚ ਜੂਨ, ਚੰਦ ਨੂੰ ਕਿਹਾ ਜਾਂਦਾ ਹੈ। ਬਾਅਦ ਵਿਚ ਜਦ ਉਸਦੀ ਸ਼ਾਦੀ ਸ਼ਹਿਜ਼ਾਦੇ ਯੂਸਫ ਸ਼ਾਹ ਚੱਕ, ਜੋ ਕੁਝ ਸਮੇਂ ਬਾਅਦ ਕਸ਼ਮੀਰ ਦਾ ਬਾਦਸ਼ਾਹ ਬਣਿਆ, ਨਾਲ ਹੋ ਗਈ ਤਾਂ ਉਸਦਾ ਨਾਮ ਹੱਬਾ ਖਾਤੂਨ ਪੈ ਗਿਆ।

ਜੀਵਨ[ਸੋਧੋ]

ਹੱਬਾ ਕਸ਼ਮੀਰ ਦੀਆਂ ਰਮਣੀਕ ਵਾਦੀਆਂ, ਫੁੱਲਾਂ ਲਦੀਆਂ ਕੇਸਰ ਦੀਆਂ ਕਿਆਰੀਆਂ ਅਤੇ ਉੱਚ ਦੁਮਾਲੜੇ ਚਨਾਰਾਂ ਦੀਆਂ ਛਾਂਵਾਂ ਵਿਚ ਪਲਕੇ ਜਵਾਨ ਹੋਈ। ਹਾਲਾਂ ਕਿ ਉਹ ਇੱਕ ਕਿਸਾਨ ਦੇ ਘਰ ਪੈਦਾ ਹੋਈ ਪਰ ਫਿਰ ਵੀ ਉਸਦਾ ਪਾਲਣ-ਪੋਸ਼ਣ ਆਮ ਕਿਰਸਾਨੀ ਤਰਜ਼ ਦੀ ਬਜਾਏ ਕੁਝ ਵਖਰੇ ਢੰਗ ਨਾਲ ਹੋਇਆ। ਉਸਨੇ ਪਿੰਡ ਦੇ ਮੌਲਵੀ ਤੋਂ ਪੜ੍ਹਨ-ਲਿਖਣ ਦੀ ਮੁੱਢਲੀ ਤਾਲੀਮ ਲਈ। ਪਰ ਉਸਦੇ ਪਿਤਾ ਨੇ ਛੋਟੀ ਉਮਰ ਵਿਚ ਹੀ ਉਸਦਾ ਵਿਆਹ ਇੱਕ ਕਿਸਾਨ ਦੇ ਅਨਪੜ੍ਹ ਪੁੱਤਰ ਨਾਲ ਕਰ ਦਿਤਾ ਜੋ ਜੂਨ ਨੂੰ ਖੁਸ਼ ਨਾ ਰੱਖ ਸਕਿਆ। ਉਹ ਉਸਦੇ ਉਦਾਸ ਮਨ ਦੀਆਂ ਗਹਿਰਾਈਆਂ ਦੀ ਵੇਦਨਾ ਨੂੰ ਸਮਝਣ ਤੋਂ ਅਸਮਰਥ ਸੀ। ਉਹ ਉਚਾਟ ਰਹਿਣ ਲੱਗੀ। ਉਸਨੇ ਆਪਣੇ ਪਤੀ ਨੂ ਤਲਾਕ ਦੇ ਦਿੱਤਾ ਅਤੇ ਕਸ਼ਮੀਰੀ ਵਿਚ ਗਾਉਣਾ ਸ਼ੁਰੂ ਕਰ ਦਿੱਤਾ। ਜੂਨ ਚਿਨਾਰਾਂ ਦੇ ਰੁਖਾਂ ਹੇਠਾਂ ਬੈਠ ਕੇ ਗਾਉਂਦੀ ਰਹਿੰਦੀ। ਇੱਕ ਦਿਨ ਯੂਸਫ ਸ਼ਾਹ ਚੱਕ ਆਪਣੇ ਘੋੜੇ 'ਤੇ ਸਵਾਰ ਹੋ ਕੇ ਉਸ ਪਾਸੇ ਸ਼ਿਕਾਰ ਖੇਡਣ ਲਈ ਨਿਕਲਿਆ ਜਿੱਥੇ ਜੂਨ ਚਿਨਾਰ ਦੇ ਰੁੱਖ ਹੇਠਾਂ ਬੈਠੀ ਗਾ ਰਹੀ ਸੀ। ਜੂਨ ਦੀ ਦਰਦ ਭਰੀ ਪਰ ਸੁਰੀਲੀ ਆਵਾਜ਼ ਉਸਦੇ ਕੰਨਾ ਵਿਚ ਪਈ ਤਾਂ ਉਹ ਉਸਨੂੰ ਉਸ ਪਾਸੇ ਵੇਖਣ ਚਲਾ ਜਾਂਦਾ ਹੈ। ਉਹ ਜੂਨ ਦੇ ਸੁਹੱਪਣ ਨੂ ਵੇਖਕੇ ਦੰਗ ਰਹਿ ਜਾਂਦਾ ਹੈ। ਜਦੋਂ ਹੀ ਦੋਹਾਂ ਦੀਆਂ ਅੱਖਾਂ ਮਿਲਦੀਆਂ ਹਨ ਤਾਂ ਉਹਨਾਂ ਦਾ ਪਹਿਲੀ ਨਜ਼ਰ ਵਿਚ ਹੀ ਪਿਆਰ ਹੋ ਜਾਂਦਾ ਹੈ। ਬਾਅਦ ਵਿਚ ਉਹ ਵਿਆਹ ਕਰਵਾ ਲੈਂਦੇ ਹਨ। ਇਸ ਉਪਰੰਤ ਉਹ ਆਪਣਾ ਨਾਮ ਬਦਲ ਕੇ ਹੱਬਾ ਖਾਤੂਨ ਰੱਖ ਲੈਂਦੀ ਹੈ। ਕੁਝ ਸਮੇਂ ਬਾਅਦ ਯੂਸਫ ਚੱਕ ਕਸ਼ਮੀਰ ਦਾ ਬਾਦਸ਼ਾਹ ਬਣ ਜਾਂਦਾ ਹੈ ਅਤੇ ਉਹ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨ ਲਗਦੇ ਹਨ। ਐਪਰ ਉਹਨਾਂ ਦੀ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਰਹਿੰਦੀ। ਇਸ ਸਮੇਂ ਦੌਰਾਨ ਦਿੱਲੀ ਵਿਚ ਅਕਬਰ ਬਾਦਸ਼ਾਹ ਦਾ ਬੋਲਬਾਲਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਯੂਸਫ ਸ਼ਾਹ ਚੱਕ ਨੂ ਦਿੱਲੀ ਤਲਬ ਕਰ ਲੈਂਦਾ ਹੈ। ਯੂਸਫ ਸ਼ਾਹ ਚੱਕ 1579 ਈ . ਵਿਚ ਦਿੱਲੀ ਜਾਂਦਾ ਹੈ ਜਿੱਥੇ ਅਕਬਰ ਉਸਨੂੰ ਕੈਦ ਕਰ ਲੈਂਦਾ ਹੈ। ਉਸਨੂੰ ਬਿਹਾਰ ਦੀ ਜ਼ੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਹੱਬਾ ਖਾਤੂਨ ਅਤੇ ਯੂਸਫ ਚੱਕ ਦਾ ਵਿਛੋੜਾ ਪੈ ਜਾਂਦਾ ਹੈ। ਹੱਬਾ ਖਾਤੂਨ ਦੇ ਗ਼ੀਤ ਵਿਯੋਗ ਦੇ ਦਰਦ ਨਾਲ ਭਰੇ ਹੋਏ ਹਨ।

ਹੱਬਾ ਖਾਤੂਨ ਦੀ ਗਾਥਾ ਦੀ ਕਸ਼ਮੀਰੀ ਲੋਕ ਮਨਾਂ 'ਤੇ ਅਮਿਟ ਛਾਪ ਹੈ। ਉਸਦੇ ਗੀਤ ਅੱਜ ਵੀ ਲੋਕ-ਗੀਤਾਂ ਵਾਂਗ ਹਰਮਨ-ਪਿਆਰੇ ਹਨ। ਹੱਬਾ ਖਾਤੂਨ ਨੇ ਕਸ਼ਮੀਰੀ ਕਵਿਤਾ ਵਿਚ ਲੱਲ ਦੀ ਪਿਰਤ ਪਾਈ। ਲੱਲ ਅੰਗਰੇਜ਼ੀ ਦੇ lyric ਨਾਲ ਮਿਲਦਾ ਜੁਲਦਾ ਹੈ ਜੋ ਪਿਆਰ ਅਤੇ ਦਰਦ ਭਰੇ ਅਹਿਸਾਸ ਨਾਲ ਭਰਿਆ ਹੁੰਦਾ ਹੈ।