ਪੰਜਾਬੀ ਲੋਕਧਾਰਾ ਦੇ ਕੁਝ ਪੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬੀ ਲੋਕਧਾਰਾ ਦੇ ਕੁਝ ਪੱਖ
ਲੇਖਕਡਾ. ਗੁਰਮੀਤ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬ ਦੀ ਲੋਕਧਾਰਾ ਦਾ ਅਧਿਐਨ
ਪ੍ਰਕਾਸ਼ਕਦੀ ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ, ਲੁਧਿਆਣਾ
ਸਫ਼ੇ120

ਪੰਜਾਬੀ ਲੋਕਧਾਰਾ ਦੇ ਕੁਝ ਪੱਖ ਪੁਸਤਕ ਡਾ.ਗੁਰਮੀਤ ਸਿੰਘ ਦੁਆਰਾ (ਪੀਐਚ.ਡੀ ਦੇ ਖੋਜ ਕਾਰਜ ਦੌਰਾਨ) ਰਚਿਤ ਲੋਕਧਾਰਾ ਨਾਲ ਸੰਬੰਧਿਤ ਪੁਸਤਕ ਹੈ। ਗੁਰਮੀਤ ਸਿੰਘ ਨੇ ਇਸ ਵਿੱਚ ਲੋਕ ਸਾਹਿਤ ਤੋਂ ਇਲਾਵਾ ਪੰਜਾਬੀ ਲੋਕਧਾਰਾ ਦੇ ਉਹਨਾਂ ਖੇਤਰਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ, ਜੋ ਪੰਜਾਬੀ ਲੋਕਧਾਰਾ ਦੇ ਅਧਿਐਨ ਵਿੱਚ ਅਣਗੌਲੇ ਰਹੇ। ਪਰ ਉਹ ਪੰਜਾਬੀ ਲੋਕਧਾਰਾ ਦੇ ਮਹੱਤਵਪੂਰਨ ਪੱਖ ਹਨ। ਪੰਜਾਬੀ ਲੋਕਧਾਰਾ ਦੇ ਕੁਝ ਪੱਖ ਪੁਸਤਕ ਵਿੱਚ ਲੋਕ ਚਿਕਿਤਸਾ, ਲੋਕ ਧਰਮ, ਲੋਕ ਵਿਸ਼ਵਾਸ ਅਤੇ ਜਾਦੂ-ਟੂਣੇ ਆਦਿ ਦੇ ਸਿਧਾਂਤਕ ਪਰਿਪੇਖ ਨੂੰ ਪੰਜਾਬੀ ਲੋਕਧਾਰਾ ਦੇ ਸੰਦਰਭ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਸਿਰਫ ਆਰੰਭਿਕ ਜਿਹਾ ਯਤਨ ਹੈ। ਤਤਕਰਾ 1. ਮੁਖ ਬੰਦ 2. ਲੋਕ ਚਿਕਿਤਸਾ 3. ਜਾਦੂ, ਧਰਮ ਅਤੇ ਚਿਕਿਤਸਾ 4. ਲੋਕ ਧਰਮ 5. ਲੋਕ ਵਿਸ਼ਵਾਸ 6. ਸਾਇਆ ਅਤੇ ਸਾਏ ਦਾ ਇਲਾਜ 7. ਪੰਜਾਬੀ ਸਭਿਆਚਾਰ ਤੇ ਲੋਕ ਚਿਕਿਤਸਾ 8. ਫੁੱਟ ਨੋਟ ਤੇ ਹਵਾਲੇ 9. ਪੁਸਤਕ ਸੂਚੀ

ਗੁਰਮੀਤ ਸਿੰਘ ਮੁਖ ਬੰਦ ਵਿੱਚ ਲਿਖਦਾ ਹੈ, "ਜੇਕਰ ਅਸੀਂ ਪੰਜਾਬੀ ਲੋਕਧਾਰਾ ਨੂੰ ਇੱਕ ਸਿਸਟਮ ਵਜੋਂ ਵੇਖਣਾ ਚਾਹੁੰਦੇ ਹਾਂ ਅਤੇ ਇਸ ਸਿਸਟਮ ਦੀ ਤਹਿ ਵਿੱਚ ਕਾਰਜਸ਼ੀਲ ਵਿਭਿੰਨ ਇਕਾਈਆਂ ਦੇ ਅੰਤਰ-ਸੰਬੰਧਾਂ ਜਾਂ ਨੇਮ-ਵਿਧਾਨ ਨੂੰ ਪਛਾਨਣਾ ਚਾਹੁੰਦੇ ਹਾਂ ਤਾਂ ਸਾਡੇ ਲਈ ਪੰਜਾਬੀ ਲੋਕਧਾਰਾ ਦੇ ਵਿਭਿੰਨ ਖੇਤਰਾਂ ਦਾ ਸਿਸਟਮ-ਬੱਧ ਅਧਿਐਨ ਲਾਜ਼ਮੀ ਹੋ ਜਾਂਦਾ ਹੈ।"

ਪੁਸਤਕ ਵਿਚਲੇ ਲੇਖਾਂ ਦਾ ਸੰਖੇਪ ਸਾਰ[ਸੋਧੋ]

ਲੋਕ ਚਿਕਿਤਸਾ: ਸਿਧਾਂਤਕ ਪਰਿਪੇਖ[ਸੋਧੋ]

ਗੁਰਮੀਤ ਸਿੰਘ ਆਪਣੀ ਪੁਸਤਕ ਦੇ ਪਹਿਲੇ ਲੇਖ ਵਿੱਚ ਲੋਕਧਾਰਾ ਦੇ ਇੱਕ ਰੂਪ 'ਲੋਕ ਚਿਕਿਤਾਸਾ' ਦੀ ਸਿਧਾਂਤਕ ਰੂਪ-ਰੇਖਾ ਉਲੀਕਦਾ ਹੈ, ਜੋ ਪੰਜਾਬੀ ਲੋਕਧਾਰਾ ਵਿੱਚ ਅਜੇ ਅਧਿਐਨ ਦੇ ਆਰੰਭਕ ਪੜਾਅ ਉੱਪਰ ਹੈ। ਲੋਕ ਚਿਕਿਤਸਾ ਦਾ ਅਧਿਐਨ ਕਰਦਿਆਂ ਲੇਖਕ ਪਰਿਭਾਸ਼ਾ ਘੜਦਾ ਹੈ – "ਲੋਕ ਚਿਕਿਤਸਾ ਦਾ ਸੰਬੰਧ ਇਲਾਜ ਦੀਆਂ ਅਜਿਹੀਆਂ ਵਿਧੀਆਂ ਨਾਲ ਹੈ, ਜਿਹੜੀਆਂ ਕਿਸੇ ਵਿਗਿਆਨਕ ਵਿਧੀ ਜਾਂ ਚਿਕਿਤਸਾ ਵਿਦਿਆਲੇ ਰਾਹੀਂ ਸਿੱਖਿਆ ਹੋਣ ਦੀ ਬਜਾਇ ਪਰੰਪਰਾਗਤ ਜਾਂ ਅਨੁਭਵ ਸਿੱਧ ਹੁੰਦੀਆਂ ਹਨ।"[1] ਆਧੁਨਿਕ ਚਿਕਿਤਸਕ ਜਿੱਥੇ ਲੋਕ ਚਿਕਿਤਸਾ ਨੂੰ ਵਹਿਮਾਂ ਭਰਮਾਂ ਤੇ ਨਿਰਾਧਾਰ ਵਿਸ਼ਵਾਸਾਂ ਤੇ ਉਸਰੀ ਅਤਾਰਕਿਕ/ਅਵਿਗਿਆਨਕ ਚਿਕਿਤਸਕ ਪ੍ਰਣਾਲੀ ਸਮਝਦੇ ਹਨ ਉਥੇ ਮਨੋਵਿਗਿਆਨੀਆਂ ਅਨੁਸਾਰ - ਜਾਦੂ-ਟੂਣੇ, ਅਨੁਸ਼ਠਾਨਾਂ ਤੇ ਵਿਸ਼ਵਾਸਾਂ ਨਾਲ ਸੰਬੰਧਿਤ ਇਲਾਜ ਵਿਧੀਆਂ ਪਿੱਛੇ ਕਾਰਜਸ਼ੀਲ ਮਾਨਸਿਕ ਸੱਚ ਕੇਂਦਰਿਤ ਹੁੰਦੀ ਹੈ।[2] ਲੋਕ ਚਿਕਿਤਸਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ – 1. ਜੜੀ-ਬੂਟੀਆਂ, ਖਣਿਜਾਂ ਤੇ ਜੀਵਾਂ ਨਾਲ ਸਬੰਧਿਤ ਲੋਕ ਚਿਕਿਤਸਾ 2. ਜਾਦੂ ਤੇ ਧਰਮ ਨਾਲ ਸਬੰਧਿਤ ਲੋਕ ਚਿਕਿਤਸਾ।

ਓ)ਜੜੀ-ਬੂਟੀਆਂ ਨਾਲ ਸਬੰਧਿਤ ਚਿਕਿਤਸਾ[ਸੋਧੋ]

ਲੋਕ ਵਿਸ਼ਵਾਸਾਂ ਅਨੁਸਾਰ ਮਨੁੱਖੀ ਸਰੀਰ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਣ ਪਰਾਭੌਤਿਕ ਸ਼ਕਤੀਆਂ ਹੁੰਦੀਆਂ ਹਨ। ਕਿਸੇ ਜੜੀ ਬੂਟੀ ਦੀ ਇਲਾਜ ਸ਼ਕਤੀ ਉਸ ਜੜੀ ਬੂਟੀ ਨਾਲ ਜੁੜੇ ਵਿਸ਼ਵਾਸ ਜਾਂ ਅਨੁਸ਼ਠਾਨ ਦਾ ਪ੍ਰਤਿਫਲ ਹੁੰਦੀ ਹੈ। ਇਸ ਲਈ ਇਹਨਾਂ ਨੂੰ ਇਕੱਤ੍ਰ ਕਰਨ ਲਈ ਵੀ ਨਿਸ਼ਚਿਤ ਵਿਧੀ ਵਿਹਾਰ ਦੀ ਪਾਲਣਾ ਕੀਤੀ ਜਾਂਦੀ ਹੈ।[3]

ਅ)ਜਾਦੂ ਟੂਣਿਆਂ ਤੇ ਧਰਮ ਨਾਲ ਸਬੰਧਿਤ ਚਕਿਤਸਾ[ਸੋਧੋ]

ਜਾਦੂ-ਟੂਣੇ ਅਤੇ ਧਰਮ ਨਾਲ ਸਬੰਧਿਤ ਚਕਿਤਸਕ ਵਿਧੀਆਂ ਨੂੰ ਪਰਾਭੌਤਿਕ ਚਿਕਿਤਸਾ ਵੀ ਕਿਹਾ ਜਾਂਦਾ ਹੈ। ਇਸ ਵਿੱਚ ਜਾਦੂ-ਟੂਣੇ, ਜੰਤਰ ਮੰਤਰ, ਧਾਗੇ ਤਵੀਤ, ਝਾੜ ਫੂਕ, ਅਤੇ ਲੋਕ ਧਰਮ ਦੀਆਂ ਰੀਤਾਂ ਸ਼ਾਮਿਲ ਹਨ।[4]

ਜਾਦੂ, ਧਰਮ ਅਤੇ ਚਿਕਿਤਸਾ[ਸੋਧੋ]

ਗੁਰਮੀਤ ਸਿੰਘ ਇਸ ਲੇਖ ਵਿੱਚ ਕਹਿੰਦੇ ਹਨ ਕਿ, 'ਲੋਕ ਚਿਕਿਤਸਾ ਵਿੱਚ ਜੜੀ ਬੂਟੀਆਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਪਰ ਲੋਕ ਚਿਕਿਤਸਾ ਵਿੱਚ ਜਦੋਂ ਅਸੀਂ ਜੜੀ-ਬੂਟੀਆਂ ਦੀ ਗੱਲ ਕਰਦੇ ਹਾਂ ਤਾਂ ਸਾਡਾ ਭਾਵ ਉਨ੍ਹਾਂ ਜੜ੍ਹੀ-ਬੂਟੀਆਂ ਤੋਂ ਹੀ ਹੈ ਜਿੰਨ੍ਹਾਂ ਦੀ ਵਰਤੋਂ ਪਿੱਛੇ ਜਾਦੂ ਟੂਣਾ ਜਾਂ ਧਰਮ ਨਾਲ ਲੋਕ ਵਿਸ਼ਵਾਸਾਂ ਦੀ ਭਾਵਨਾ ਕਾਰਜਸ਼ੀਲ ਰਹਿੰਦੀ ਹੈ।'[5] ਜੜ੍ਹੀ-ਬੂਟੀਆਂ ਦੀ ਇਲਾਜ-ਸ਼ਕਤੀ ਵੀ ਉਹਨਾਂ ਵਿਚਲੇ ਰੋਗਾਣੂਨਾਸ਼ਕ ਤੱਤਾਂ ਕਰਕੇ ਨਹੀਂ ਸਮਝੀ ਜਾਂਦੀ, ਸਗੋਂ ਜੜੀ-ਬੂਟੀਆਂ ਨਾਲ ਜੁੜੀ ਦੈਵੀ ਭਾਵਨਾ ਦਾ ਪ੍ਰਤਿਫਲ ਸਮਝੀ ਜਾਂਦੀ ਸੀ। ਮਨੁੱਖੀ ਚਿੰਤਨ ਨੇ ਅੱਜ ਤਕ ਤਿੰਨ ਪੜਾਅ ਤਹਿ ਕੀਤੇ ਹਨ – 1) ਜਾਦੂ ਚਿੰਤਨ 2) ਧਰਮ 3) ਵਿਗਿਆਨ

ਜਾਦੂ ਦੇ ਦੋ ਮੁਖ ਸਿਧਾਂਤ[ਸੋਧੋ]

1) ਲਾਗਵਾਂ ਜਾਦੂ ਤੇ 2) ਅਨੁਕਰਣਮੂਲਕ ਜਾਦੂ (ਅਨੁਰੂਪ ਤੋਂ ਅਨੁਰੂਪ ਦੀ ਉਤਪਤੀ)।,ਜਾਦੂ ਵਿੱਚ ਮੰਤਰ(spells),ਤਵੀਤ (amulets) ਅਤੇ ਜੰਤਰਾਂ(charms) ਦੀ ਅਹਿਮ ਭੂਮਿਕਾ ਹੈ।[6]

ਜਾਦੂ ਚਿੰਤਨ ਤੋਂ ਧਰਮ ਚਿੰਤਨ ਵਲ[ਸੋਧੋ]

ਬੌਧਿਕ ਵਿਕਾਸ ਦੇ ਨਾਲ ਮਨੁੱਖ ਨੇ ਜਦ ਜਾਦੂ-ਚਿੰਤਨ ਤੋਂ ਧਰਮ ਚਿੰਤਨ ਵਿੱਚ ਪ੍ਰਵੇਸ਼ ਕੀਤਾ ਤਾਂ ਚਿਕਿਤਸਾ ਪ੍ਰਣਾਲੀ ਵਿੱਚ ਵੀ ਪਰਿਵਰਤਨ ਆਇਆ। ਜਾਦੂ ਮੰਤਰਾਂ ਦੇ ਨਾਲ ਧਾਰਮਿਕ ਕਰਮਕਾਡਾਂ ਅਤੇ ਅਨੁਸ਼ਠਾਨਾਂ ਨੂੰ ਵੀ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਣ ਲੱਗਿਆ। ਇਸ ਲਈ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਮੰਤਰਾਂ ਵਿੱਚ ਧਰਮ ਤੇ ਜਾਦੂ ਦੋਹਾਂ ਦਾ ਸੁਮੇਲ ਨਜ਼ਰ ਆਉਂਦਾ ਹੈ।[7]

ਕਿਸੇ ਦੈਵੀ ਸ਼ਕਤੀ ਵਿੱਚ ਵਿਸ਼ਵਾਸ ਅਤੇ ਉਸ ਵਿਸ਼ਵਾਸ ਦਾ ਵਿਹਾਰ ਵਿੱਚ ਕੀਤਾ ਗਿਆ ਅਨੁਸ਼ਠਾਨਕ ਪ੍ਰਗਟਾ ਮਿਲ ਕੇ ਹੀ ਧਰਮ ਦੀ ਸਿਰਜਨਾ ਕਰਦੇ ਹਨ। ਧਰਮ ਚਿੰਤਨ ਜਾਦੂ-ਚਿੰਤਨ ਦਾ ਹੀ ਅਗਲੇਰਾ ਪੜਾਅ ਹੈ।

ਲੋਕ ਧਰਮ[ਸੋਧੋ]

ਗੁਰਮੀਤ ਸਿੰਘ ਧਰਮ ਨੂੰ ਪਰਿਭਾਸ਼ਿਤ ਕਰਦਿਆਂ ਕਹਿੰਦਾ ਹੈ ਕਿ ਧਰਮ ਤੋਂ ਸਾਡਾ ਭਾਵ ਕਿਸੇ ਪਰਾਭੌਤਿਕ ਸ਼ਕਤੀ ਵਿੱਚ ਵਿਸ਼ਵਾਸ ਤੋਂ ਹੈ, ਜੋ ਮਨੁੱਖੀ ਇੱਛਾ ਦੀ ਪੂਰਤੀ ਲਈ ਇੱਕ ਮਾਧਿਅਮ ਵਜੋਂ ਕਾਰਜਸ਼ੀਲ ਹੁੰਦਾ ਹੈ। ਇਸ ਵਿਸ਼ਵਾਸ ਦਾ ਵਿਹਾਰਕ ਰੂਪ ਰਾਹੀਂ ਪ੍ਰਗਟਾ ਹੁੰਦਾ ਹੈ। ਉਹਨਾਂ ਨੇ ਧਰਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ – 1) ਮੂਲ ਧਰਮ ਅਤੇ 2) ਆਦਿਮ-ਕਾਲੀਨ ਧਰਮ।[8] "ਪ੍ਰਾਕਿਰਤਕ ਘਟਨਾਵਾਂ ਦੇ ਵਿਨਾਸ਼ਕਾਰੀ ਪ੍ਰਭਾਵ ਨੇ ਮਨੁੱਖ ਵਿੱਚ ਡਰ ਦੀ ਭਾਵਨਾ ਨੂੰ ਪੈਦਾ ਕੀਤਾ ਅਤੇ ਇਸ ਡਰ ਤੋਂ ਮੁਕਤੀ ਪ੍ਰਾਪਤ ਕਰਨ ਲਈ ਮਨੁੱਖ ਨੇ ਜਿਨ੍ਹਾਂ ਵਿਸ਼ਵਾਸਾਂ ਅਤੇ ਉਹਨਾਂ ਦੇ ਪੂਰਕ ਕਰਮਕਾਡਾਂ ਨੂੰ ਹੋਂਦ ਵਿੱਚ ਲਿਆਦਾ, ਉਨ੍ਹਾਂ ਨੂੰ ਹੀ ਮੂਲ ਧਰਮ ਸਮਝਿਆ ਗਿਆ ਹੈ।" ਪਰ ਅਨੁਭਵ ਅਤੇ ਚਿੰਤਨ ਦੇ ਵਿਕਾਸ ਨੇ ਜਾਦੂ ਵਿਧੀਆਂ ਦੇ ਥੋਥੇ ਪ੍ਰਭਾਵ ਨੂੰ ਜਾਣ ਕੇ ਪ੍ਰਾਕ੍ਰਿਤਕ ਵਰਤਾਰਿਆਂ ਪ੍ਰਤਿ ਇੱਕ ਨਵਾਂ ਰੁਖ਼ ਅਖਤਿਆਰ ਕੀਤਾ। ਧਰਮ ਦਾ ਆਧਾਰ ਜਾਦੂ ਦੀਆਂ ਰੂੜ੍ਹੀਆਂ ਹੀ ਸਨ।[9] ਪੰਜਾਬੀ ਲੋਕ ਧਰਮ ਦਾ ਅਜਿਹਾ ਪਰੰਪਰਾਗਤ ਧਰਮ ਹੈ ਜਿਸ ਲਿਚ ਮੂਲ ਅਤੇ ਆਦਿਮ ਕਾਲੀਨ ਧਰਮ ਦੀਆਂ ਰੂੜ੍ਹੀਆਂ ਦੇ ਨਾਲ ਨਾਲ ਉਨ੍ਹਾਂ ਵਿਭਿੰਨ ਧਰਮਾਂ ਦੀਆਂ ਰੂੜ੍ਹੀਆਂ ਦਾ ਵੀ ਸਮਿਸ਼ਰਣ ਹੈ ਜੋ ਪੰਜਾਬ ਦੇ ਇਤਿਹਾਸ ਵਿੱਚ ਸਭਿਆਚਾਰੀਕਰਣ ਦੀ ਲੰਮੀ ਪ੍ਰਕਿਰਿਆ ਦਾ ਨਤੀਜਾ ਹਨ।

ਲੋਕ ਵਿਸ਼ਵਾਸ[ਸੋਧੋ]

ਵਿਸ਼ਵਾਸ ਤੋਂ ਭਾਵ ਕਿਸੇ ਦ੍ਰਿਸ਼ਟ ਜਾਂ ਅਦ੍ਰਿਸ਼ਟ ਵਸਤੂ ਵਿੱਚ ਯਕੀਨ ਜਾਂ ਭਰੋਸੇ ਤੋਂ ਹੈ। ਮਨੁੱਖ ਪ੍ਰਕਿਤੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਆਪਣੀ ਪ੍ਰਤੱਖਣ ਸ਼ਕਤੀ ਰਾਹੀਂ ਜੋ ਪ੍ਰਭਾਵ ਗ੍ਰਹਿਣ ਕਰਦਾ ਹੈ ਉਹ ਹੀ ਲੋਕ ਵਿਸ਼ਵਾਸਾਂ ਦਾ ਆਧਾਰ ਬਣਦੇ ਹਨ। ਪ੍ਰਕਿਰਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਦਾ ਸੰਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਗਿਆ ਤਾਂ ਮਨੁੱਖ ਸਮਾਨ ਸਥਿਤੀਆਂ ਵਿੱਚ ਵੀ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਪਿਆ।[10]

ਲੋਕ ਵਿਸ਼ਵਾਸਾਂ ਦੀਆਂ ਹੋਰ ਵਿਸ਼ੇਸ਼ਤਾਵਾਂ[ਸੋਧੋ]

ਡਾ.ਗੁਰਮੀਤ ਸਿੰਘ ਲੋਕ ਵਿਸ਼ਵਾਸਾਂ ਦੇ ਸਬੰਧ ਵਿੱਚ ਹੋਰ ਵੀ ਅਹਿਮ ਗੱਲਾਂ ਕਰਦਾ ਹੈ,ਜਿਵੇਂ –

  1. ਕਈ ਵਿਸ਼ਵਾਸ ਨਿੱਜੀ ਜਾਂ ਵਿਅਕਤੀਗਤ ਪੱਧਰ ਤਕ ਸੀਮਤ ਹੁੰਦੇ ਹਨ।
  2. ਇਕ ਸਭਿਆਚਾਰ ਦੇ ਲੋਕ ਵਿਸ਼ਵਾਸ ਦੂਸਰੇ ਸਭਿਆਚਾਰ ਵਿੱਚ ਪ੍ਰਚੱਲਿਤ ਲੋਕ ਵਿਸ਼ਵਾਸਾਂ ਨਾਲੋਂ ਭਿੰਨ ਵੀ ਹੁੰਦੇ ਹਨ ਤੇ ਕਿਧਰੇ ਇਨ੍ਹਾਂ ਵਿੱਚ ਸਮਾਨਤਾ ਜਾਂ ਸਾਂਝ ਵੀ ਵੇਖੀ ਜਾਂਦੀ ਹੈ।
  3. ਗਿਆਨ ਅਤੇ ਵਿਸ਼ਵਾਸ ਵਿੱਚ ਨਿਕਟ ਸਬੰਧ (ਜਾਣਨ ਅਤੇ ਮੰਨਣ ਦੀ ਭਾਵਨਾ)
  4. ਲੋਕ ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਵਿੱਚ ਨਿਖੇੜਾ

ਇਹ ਸਮਝਿਆ ਜਾਂਦਾ ਹੈ ਕਿ ਲੋਕ ਵਿਸ਼ਵਾਸ ਅੱਜ ਦੇ ਵਿਕਸਿਤ ਸਭਿਆਚਾਰਾਂ ਵਿੱਚ ਕੇਵਲ ਉਨ੍ਹਾਂ ਲੋਕਾਂ ਦੇ ਹੀ ਜੀਵਨ ਦਾ ਅੰਗ ਹਨ ਜਿਹੜੇ ਘੱਟ ਪੜ੍ਹੇ ਲਿਖੇ ਜਾਂ ਨਵੀਨ ਚੇਤਨਾ ਤੋਂ ਬਿਲਕੁਲ ਕੋਰੇ ਹਨ। ਇਹ ਠੀਕ ਹੈ ਕਿ ਉਥੇ ਲੋਕ ਵਿਸ਼ਵਾਸਾਂ ਦੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ ਪਰ ਵਿਗਿਆਨਕ ਮਨ ਵੀ ਇਨ੍ਹਾਂ ਵਿਸ਼ਵਾਸਾਂ ਤੋਂ ਪੂਰੀ ਤਰ੍ਹਾਂ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਹਰ ਤਰ੍ਹਾਂ ਦੀਆਂ ਰਸਾਮਾਂ ਪਿੱਛੇ ਕੋਈ ਨਾ ਕੋਈ ਲੋਕ ਵਿਸ਼ਵਾਸ ਜੁੜਿਆ ਹੁੰਦਾ ਹੈ।[11]

ਸਾਇਆ ਅਤੇ ਸਾਏ ਦਾ ਇਲਾਜ[ਸੋਧੋ]

ਸਾਇਆ ਲਾਹੁਣਾ ਮਨੁੱਖ ਨੂੰ ਰੋਗ ਤੋਂ ਮੁਕਤੀ ਦਿਵਾਉਣ ਦੀ ਇੱਕ ਅਜਿਹੀ ਇਲਾਜ ਵਿਧੀ ਹੈ ਜਿਸ ਵਿੱਚ ਕਰਮ ਕਾਂਡ ਅਤੇ ਅਨੁਸ਼ਠਾਨਕ ਗਤੀਵਿਧੀਆਂ ਦੇਸ਼ ਵਿਸ਼ੇਸ਼ ਅਨੁਸਾਰ ਭਿੰਨ ਹੋ ਸਕਦੀਆਂ ਹਨ ਪਰ ਇਲਾਜ ਦੀਆਂ ਬੁਨਿਆਦੀ ਗੱਲਾਂ ਲਗਭਗ ਸਾਂਝੀਆਂ ਹੁੰਦੀਆਂ ਹਨ।[12] ਅੱਗੇ ਜਾ ਕੇ ਗੁਰਮੀਤ ਸਿੰਘ ਸਾਇਆ ਲਾਹੁਣ ਦੀਆਂ ਵਿਧੀਆਂ ਦਾ ਜਿਕਰ ਕਰਦਾ ਹੈ ਅਤੇ 3 ਸਾਏ ਕੇਸਾਂ ਨੂੰ ਵੀ ਬਿਆਨ ਕਰਦਾ ਹੈ।

ਪੰਜਾਬੀ ਸਭਿਆਚਾਰ ਤੇ ਲੋਕ ਚਿਕਿਤਸਾ[ਸੋਧੋ]

ਲੋਕ ਜੀਵਨ ਦਾ ਸਾਰਾ ਬੌਧਿਕ ਅਤੇ ਮਾਨਸਿਕ ਪਾਸਾਰ ਲੋਕ ਮਨ ਦੀ ਸਿਰਜਣਾ ਹੁੰਦੀ ਹੈ। ਲੋਕ ਮਨ ਦੀ ਵੱਡੀ ਪਛਾਣ ਹੈ ਕਿ ਉਹ ਜਿਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਵਿਗਿਆਨਕ ਸੱਚ ਨਹੀਂ ਪਰ ਲੋਕ ਸੱਚ ਅਵੱਸ਼ ਹੁੰਦੀਆਂ ਹਨ। ਡਾਨ ਯੋਡਰ ਵੀ ਹਾਂਕੂ (Hanko) ਦਾ ਹਵਾਲਾ ਦਿੰਦਿਆਂ ਕਹਿੰਦਾ ਹੈ – "ਅਸੀਂ ਲੋਕ ਚਿਕਿਤਸਾ ਜਾਂ ਆਦਿ ਚਿਕਿਤਸਾ ਦੀ ਸਾਰਥਕਤਾ ਨੂੰ ਵਿਗਿਆਨਕ ਚਿਕਿਤਸਾ ਦੇ ਮੁਕਾਬਲੇ ਰੱਖ ਕੇ ਨਹੀਂ ਜਾਣ ਸਕਦੇ। ਇਸਦਾ ਯੋਗ ਮੁੱਲ ਇਸਦੇ ਆਪਣੇ ਸਭਿਆਚਾਰਕ ਪਿਛੋਕੜ ਨੂੰ ਧਿਆਨ ਵਿੱਚ ਰੱਖ ਕੇ ਹੀ ਪਾਇਆ ਜਾ ਸਕਦਾ ਹੈ।" ਪੰਜਾਬ ਵਿੱਚ ਅੱਜ ਵੀ ਵਿਗਿਆਨਕ ਇਲਾਜ ਦੀ ਥਾਂ ਲੋਕ ਇਲਾਜ ਨੂੰ ਮਹੱਤਾ ਮਿਲਣ ਦਾ ਕਾਰਣ ਪੰਜਾਬੀ ਲੋਕਾਂ ਦੀ ਸਮਾਜਕ ਤੇ ਸਭਿਆਚਾਰਕ ਪਰੰਪਰਾ ਵਿਚੋਂ ਲੱਭਿਆ ਜਾ ਸਕਦਾ ਹੈ।[13]

ਹਵਾਲੇ[ਸੋਧੋ]

  1. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਲੋਕ ਚਿਕਿਤਸਾ: ਸਿਧਾਂਤਕ ਪਰਿਪੇਖ (ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-11
  2. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਲੋਕ ਚਿਕਿਤਸਾ: ਸਿਧਾਂਤਕ ਪਰਿਪੇਖ (ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-11
  3. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਲੋਕ ਚਿਕਿਤਸਾ: ਸਿਧਾਂਤਕ ਪਰਿਪੇਖ (ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-12
  4. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਲੋਕ ਚਿਕਿਤਸਾ: ਸਿਧਾਂਤਕ ਪਰਿਪੇਖ (ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-15
  5. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਜਾਦੂ, ਧਰਮ ਅਤੇ ਚਿਕਿਤਸਾ(ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-22
  6. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਜਾਦੂ, ਧਰਮ ਅਤੇ ਚਿਕਿਤਸਾ(ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-29
  7. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਜਾਦੂ, ਧਰਮ ਅਤੇ ਚਿਕਿਤਸਾ(ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-37
  8. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਲੋਕ ਧਰਮ (ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-42
  9. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਲੋਕ ਧਰਮ (ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-47
  10. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਲੋਕ ਵਿਸ਼ਵਾਸ (ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ- 54
  11. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਲੋਕ ਵਿਸ਼ਵਾਸ (ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ- 72
  12. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਸਾਇਆ ਅਤੇ ਸਾਏ ਦਾ ਇਲਾਜ(ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ- 74
  13. ਗੁਰਮੀਤ ਸਿੰਘ, ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਪੰਜਾਬੀ ਸਭਿਆਚਾਰ ਤੇ ਲੋਕ ਚਿਕਿਤਸਾ (ਲੇਖ), ਦੀ ਪੰਜਾਬੀ ਰਾਇਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ; ਲੁਧਿਆਣਾ, ਪੰਨਾ-107