ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ
ਲੇਖਕਡਾ. ਕਰਨਜੀਤ ਸਿੰਘ
ਪ੍ਰਕਾਸ਼ਨ1999
ਪ੍ਰਕਾਸ਼ਕਨਵਯੁਗ ਪਬਲਿਸ਼ਰਜ਼ K-24, ਹੌਜ਼ਖਾਸ,ਨਵੀ ਦਿੱਲੀ-110016
ਸਫ਼ੇ144

ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ ਡਾ. ਕਰਨਜੀਤ ਸਿੰਘ ਦੁਆਰਾ ਲਿਖੀ ਗਈ ਪੁਸਤਕ ਹੈ ਜੋ ਪੰਜਾਬ ਦੇ ਲੋਕਾਂ ਦੀ ਰਹਿਣੀ-ਸਹਿਣੀ, ਆਚਾਰ-ਵਿਹਾਰ, ਖਾਣ-ਪੀਣ, ਰੀਤੀ-ਰਿਵਾਜ਼ ਆਦਿ ਪੰਜਾਬੀ ਜੀਵਨ ਨੂੰ ਅਤੇ ਪੰਜਾਬ ਦੀ ਲੋਕਧਾਰਾ ਨੂੰ ਪੇਸ਼ ਕਰਦੀ ਹੈ। ਇਸ ਪੁਸਤਕ ਵਿੱਚ ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ ਨੂੰ ਵੱਖ-ਵੱਖ ਪਾਠਾਂ ਦੇ ਅਧਾਰ ਤੇ ਵੰਡਿਆ ਗਿਆ ਹੈ ਜਿਵੇਂ ਧਰਤੀ ਤੇ ਲੋਕ, ਸਮਜਕ ਯਥਾਰਥ, 'ਲੋਕ' ਦੇ ਸਮਾਜਕ ਜੀਵਨ ਦਾ ਪ੍ਰਤੀਬਿੰਬ, ਪੰਜਾਬੀ ਲੋਕਧਾਰਾ ਵਿੱਚ ਟੂਣਾ-ਧਰਮ ਤੱਤ, ਪੰਜਾਬੀ ਲੋਕਧਾਰਾ ਵਿੱਚ ਸਮਾਜੀ-ਰਾਜਸੀ ਤੱਤ। ਲੇਖਕ ਦੁਆਰਾ ਇਹ ਪੁਸਤਕ ਸਵਰਗੀ ਮਹਿੰਦਰ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ ਕੀਤੀ ਗਈ ਹੈ।

ਰਚਨਾ[ਸੋਧੋ]

ਲੇਖਕ ਅਨੁਸਾਰ ਲੋਕਧਾਰਾ ਅਜਿਹਾ ਮਾਨਸਿਕ ਤੇ ਆਤਮਿਕ ਵਰਤਾਰਾ ਹੈ, ਜਿਸ ਵਿਚੋਂ ਸਮਾਜਿਕ ਜੀਵਨ ਦੀ ਝਲਕ ਵੇਖੀ ਜਾ ਸਕਦੀ ਹੈ ਅਤੇ ਇਸ ਲਈ ਪੰਜਾਬੀ ਲੋਕਧਾਰਾ ਵਿਚੋਂ ਪੰਜਾਬੀ ਜੀਵਨ ਦੀ ਜੋ ਝਾਕੀ ਪਰਤੱਖ ਹੁੰਦੀ ਹੈ ਉਸ ਨੂੰ ਉਲੀਕਣ ਦਾ ਯਤਨ ਕਰਨ ਬਾਰੇ ਆਖਦਾ ਹੈ। ਇਸ ਸਬੰਧ ਵਿੱਚ ਪਹਿਲੇ ਯਤਨ ਵਜੋਂ ਸਭ ਤੋਂ ਪਹਿਲਾਂ ਲੋਕਧਾਰਾ ਦੇ ਸਿਰਜਕ ਨੂੰ ਕਿਸੇ ਇੱਕ ਪਰਿਪੇਖ ਵਿੱਚ ਰਖ ਕੇ ਵੇਖਦਾ ਹੋਇਆ, ਇਸ ਲਈ ਪ੍ਰਕਿਰਤੀ-ਮਨੁਖ ਸਬੰਧ ਨੂੰ ਆਪਣਾ ਵਿਦਾ ਬਿੰਦੂ ਬਣਾਉਂਦਾ ਹੈ। ਪ੍ਰਕਿਰਤੀ ਨੂੰ ਇੱਕ ਵਿਆਪਕ ਵਾਸਤੂਮੁਖ ਯਥਾਰਥ ਦੇ ਰੂਪ ਵਿੱਚ ਗ੍ਰਹਿਣ ਕੀਤਾ ਗਿਆ ਹੈ ਅਤੇ ਮਨੁਖੀ ਸਮਾਜ ਨੂੰ ਇਸ ਯਥਾਰਥ ਦਾ ਇੱਕ ਟੋਟਾ ਸਵੀਕਾਰਿਆ ਹੈ। ਪ੍ਰਕਿਰਤੀ ਅਤੇ ਮਨੁਖ ਦਾ ਇੱਕ ਦਵੰਦਾਤਮਕ ਸੰਬੰਧ ਹੈ।

ਸਮਾਜ ਵੀ ਕੋਈ ਸਥਿਤ ਹੋਂਦ ਨਹੀਂ। ਇਹ ਗਤੀਸ਼ੀਲ ਹੋਂਦ ਹੈ। ਇਸ ਲਈ ਸਮਾਜਕ ਯਥਾਰਥ ਨਿਰੰਤਰ ਪਰਿਵਰਤਨ ਦਾ ਵਿਸ਼ਾ ਹੈ। ਇਸ ਪਰਿਵਰਤਨ ਦੀ ਇਤਿਹਾਸਿਕ ਪਛਾਣ ਹੋ ਸਕਦੀ ਹੈ ਜਿਸ ਨੂੰ ਉਤਪਾਦਨ ਪ੍ਰਣਾਲੀ ਅਤੇ ਉਤਪਾਦਨ ਦੇ ਸਾਧਨਾਂ ਨਾਲ ਮਨੁਖ ਦੇ ਸਬੰਧ ਨਿਸ਼ਚਿਤ ਕਰਦੇ ਹਨ। ਇਹ ਸਬੰਧ ਹੀ ਉਸ ਦੀ ਚਿੰਤਨ ਪ੍ਰਣਾਲੀ ਨੂੰ ਵੀ ਨਿਸ਼ਚਿਤ ਕਰਦੇ ਹਨ। ਇਹਨਾਂ ਸਬੰਧਾਂ ਵਿੱਚ ਤਬਦੀਲੀ ਮਨੁਖ ਦੀ ਸਮਾਜਕ ਸਥਿਤੀ ਨੂੰ, ਉਸ ਦੀ ਜੀਵਨ ਜਾਚ ਨੂੰ ਅਤੇ ਉਸ ਦੀ ਚੇਤਨਾ ਤੇ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀ ਹੈ। ਮਨੁਖੀ ਸਮਾਜ ਦਾ ਪਹਿਲਾ ਰੂਪ (ਆਦਮ ਸਮਾਜ) ਉਤਪਾਦਨ ਪ੍ਰਣਾਲੀ, ਆਰਥਕ ਪੱਧਰ ਅਤੇ ਜੀਵਨ ਦੀ ਪਰਸਥਿਤੀ ਕਰਨ ਸਾਂਝੀਵਾਲਤਾ ਤੇ ਸਮਾਨਤਾ ਦਾ ਸਮਾਜ ਹੈ। ਬਾਕੀ ਸਭ ਸਮਾਜਕ ਰੂਪ ਵਰਗਾਂ ਵਿੱਚ ਵੰਡੇ ਹੋਏ ਸਮਾਜ ਹਨ ਅਤੇ ਨਾਬਰਾਬਰੀ ਤੇ ਅਣਕਮਾਈ ਦੌਲਤ ਨੂੰ ਹੱੜਪਣਾ ਇਹਨਾਂ ਦੀ ਮੂਲ ਪ੍ਰਕਿਰਤੀ ਹੈ। ਆਦਿਮ ਸਮਾਜ ਦੀ ਲੋਕਧਾਰਾ ਟੂਣਾ ਚਿੰਤਨ ਨਾਲ ਸਬੰਧਿਤ ਹੈ ਅਤੇ ਰਸਮਾਂ-ਰਿਵਾਜਾਂ,ਰੁਹ-ਰੀਤਾਂ, ਵਿਸ਼ਵਾਸਾਂ ਤੇ ਸੰਸਕਾਰਾਂ ਦੇ ਰੂਪ ਵਿੱਚ ਇਸ ਦੇ ਕੁਝ ਅੰਸ਼ ਹੀ ਪ੍ਰਾਪਤ ਹਨ। ਪੰਜਾਬ ਦੀ ਲੋਕਧਾਰਾ ਪ੍ਰਮੁੱਖ ਰੂਪ ਵਿੱਚ ਵਰਗ ਸਮਾਜ ਦੇ ਜੀਵਨ ਯਥਾਰਥ ਨੂੰ ਹੀ ਪ੍ਰਤੀਬਿੰਬ ਕਰਦੀ ਹੈ। ਲੋਕਧਾਰਾ ਦੀ ਪ੍ਰਕਿਰਤੀ ਵਰਗ-ਗਤ ਹੈ। ਪੰਜਾਬ ਦੀਆਂ ਲੋਕ-ਕਹਾਣੀਆਂ, ਲੋਕਗੀਤਾਂ, ਆਦਿ ਤੋਂ ਇਹ ਸਥਿਤੀ ਰੂਪਮਾਨ ਹੁੰਦੀ ਹੈ ਜਿਸ ਨੂੰ ਕੁਝ ਇੱਕ ਮਿਸਾਲਾਂ ਨਾਲ ਇਸ ਪੁਸਤਕ ਵਿੱਚ ਉਜਾਗਰ ਕੀਤਾ ਗਿਆ ਹੈ ਪੰਜਾਬ ਦੀਆਂ ਸਮਾਜਕ ਅਤੇ ਰਾਜਨੀਤਕ ਲਹਿਰਾਂ ਦੀ ਜੋ ਝਲਕ ਲੋਕਧਾਰਾ ਦੇ ਝਰੋਖੇ ਵਿਚੋਂ ਪ੍ਰਤੱਖ ਹੁੰਦੀ ਦਿਸਦੀ ਹੈ, ਉਸ ਤੋਂ ਅਸੀੰ ਇਸ ਨਿਰਣੇ 'ਤੇ ਪੁਜਦੇ ਹਾਂ ਕਿ ਲੋਕਧਾਰਾ ਨੀਤੀ ਅਤੇ ਰਾਜਨੀਤੀ ਤੋਂ ਉੱਕਾ ਹੀ ਵਿਤਰੇਕ ਨਹੀਂ। ਬੇਅੰਤ ਲੋਕਗੀਤ, ਅਖਾਣ, ਮੁਹਾਵਰੇ ਅਤੇ ਲੋਕ-ਕਹਾਣੀਆਂ ਦਾ ਸਬੰਧ ਸਮੇਂ ਦੇ ਰਾਜਸੀ ਜੀਵਨ ਨਾਲ ਹੈ, ਇਹ ਗੱਲ ਵੀ ਇਸ ਪੁਸਤਕ ਵਿਚੋਂ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ।

ਲੋਕਧਾਰਾ ਦਾ ਸਬੰਧ ਭਾਵੇਂ ਆਪਮੁਹਾਰੇ ਚਿੰਤਨ ਤੇ ਭਾਵ-ਆਵੇਗ ਨਾਲ ਹੈ ਪਰ ਪਰੋਖ ਜਾਂ ਪ੍ਰਤੱਖ ਢੰਗ ਨਾਲ ਲੋਕ-ਮਨ ਸਮਾਜ ਦੀਆਂ ਵਾਸਤਵਿਕ ਸ਼ਕਤੀਆਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ। ਪ੍ਰਭਾਵਾਂ ਦੀ ਵੰਨ-ਸੁਵੰਨਤਾ ਭਾਸ਼ਾਗਤ ਲੋਕਧਾਰਾ ਨੂੰ ਇੱਕ ਪ੍ਰਕਾਰ ਨਾਲ ਸਰਗਰਾਹੀ ਲੋਕ-ਦਰਸ਼ਨ ਦਾ ਸਥਾਨ ਪ੍ਰਦਾਨ ਕਰਦੀ ਹੈ। ਆਪਣੇ ਇਸ ਅਧਿਆਨ ਵਿੱਚ ਅਸੀਂ ਵੇਖਿਆ ਹੈ ਕਿ ਲੋਕਧਾਰਾ ਕੇਵਲ ਸਾਡਾ ਪੁਰਾਤਨ ਵਿਰਸਾ ਹੀ ਨਹੀਂ, ਸਮਕਾਲੀ 'ਲੋਕ' ਦੀ ਸਿਰਜਣਾ ਵੀ ਹੈ। ਲੋਕਧਾਰਾ ਵਿਚੋਂ ਸਾਨੂਂ ਪੰਜਾਬ ਦੀ ਪ੍ੰਪਰਾਗਤ ਸੰਸਕ੍ਰਿਤੀ ਦੇ ਹੀ ਦਰਸ਼ਨ ਨਹੀਂ ਹੁੰਦੇ, ਪੁਰਖਿਆਂ ਦੀਆਂ ਉਮੰਗਾਂ ਤੇ ਰੀਝਾਂ ਦੀ ਝਲਕ ਹੀ ਨਹੀਂ ਮਿਲਦੀ, ਸਗੋਂ ਨਾਲ ਹੀ ਵਰਤਮਾਨ ਵਿੱਚ ਵੀ ਇਹ ਸਾਡੇ ਲੋਕਾਂ ਦੀਆਂ ਭਾਵਨਾਵਾਂ ਦੀ ਆਪਮੁਹਾਰੀ ਅਭਿਵਿਅਕਤੀ ਦਾ ਵਾਹਨ ਬਣਦੀ ਹੈ ਅਤੇ ਇਹਨਾਂ ਸੱਧਰਾਂ ਤੇ ਰੀਝਾਂ ਦੀ ਪੂਰਤੀ ਲਈ ਸੰਗਰਾਮ ਵਿੱਚ ਸਹਾਇਕ ਬਣਦੀ ਹੈ। ਲੋਕਧਾਰਾ ਦੀ ਇਸ ਸ਼ਕਤੀ ਨੂੰ ਸਮਝਣ ਸਮਝਾਉਣ ਦਾ ਇੱਕ ਨਿਮਾਣਾ ਜਿਹਾ ਜਤਨ ਇਸ ਅਧਿਆਨ ਵਿਚੋਂ ਨਜ਼ਰ ਆ ਜਾਂਦਾ ਹੈ।[1]

ਹਵਾਲੇ[ਸੋਧੋ]

  1. ਕਰਨਜੀਤ ਸਿੰਘ, ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ, ਨਵਯੁਗ ਪਬਲੀਕੇਸ਼ਨ