ਪੰਜਾਬੀ ਨਾਟਕ ਦੀ ਸੰਯੁਕਤ ਇਤਿਹਾਸਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਨਾਟਕ ਅਤੇ ਰੰਗਮੰਚ ਦਾ ਨਿਕਾਸ ਵੀਹਵੀਂ ਸਦੀ ਵਿੱਚ ਅੰਗਰੇਜ਼ੀ ਨਾਟਕ ਦੀ ਪਰੰਪਰਾ ਤੋਂ ਪਰਿਚਿਤ ਨਾਟਕਕਾਰਾਂ ਅਤੇ ਨਿਰਦੇਸ਼ਕਾਂ ਦੇ ਸਾਂਝੇ ਯਤਨਾਂ ਨਾਲ ਹੋਇਆ। ਨੌਰਾ ਰਿਚਰਡ ਨੇ ਆਧੁਨਿਕ ਪੰਜਾਬੀ ਨਾਟਕ ਦੇ ਵਿਕਾਸ ਵਿੱਚ ਪ੍ਰਮੁੱਖ ਯੋਗਦਾਨ ਪਾਇਆ। ਉਹ 1911 ਈ. ਵਿੱਚ ਆਪਣੇ ਪਤੀ ਪੀ. ਈ. ਰਿਚਰਡਜ਼ ਨਾਲ ਲਾਹੌਰ ਪਹੁੰਚੀ, ਜੋ ਦਿਆਲ ਸਿੰਘ ਕਾਲਜ ਵਿੱਚ ਅੰਗਰੇਜ਼ੀ ਭਾਸ਼ਾ ਦਾ ਪ੍ਰੋਫ਼ੈਸਰ ਨਿਯੁਕਤ ਹੋਇਆ ਸੀ। ਨੌਰਾ ਆਇਰਲੈਂਡ ਦੀ ਜੰਮਪਲ ਸੀ ਅਤੇ ਆਇਰਿਸ਼ ਨਾਟ ਪਰੰਪਰਾ ਤੋਂ ਸੁਪਰਿਚਿਤ ਸੀ। ਉਸਨੇ ਪੰਜਾਬ ਵਿੱਚ 'ਸਰਸਵਤੀ ਨਾਟ ਸੋਸਾਇਟੀ' ਕਾਇਮ ਕੀਤੀ ਅਤੇ ਆਈ. ਸੀ. ਨੰਦਾ ਵਰਗੇ ਨਾਟਕਕਾਰਾਂ ਨੂੰ ਪੰਜਾਬੀ ਵਿੱਚ ਨਾਟਕ ਲਿਖਣ ਲਈ ਉਤਸ਼ਾਹਿਤ ਕੀਤਾ। ਆਈ ਸੀ ਨੰਦਾ ਤੋਂ ਸ਼ੁਰੂ ਹੋ ਕੇ ਪੰਜਾਬੀ ਨਾਟਕ ਨੇ ਹੁਣ ਤੱਕ ਬਹੁਤ ਤਰੱਕੀ ਕੀਤੀ ਹੈ। ਡਾ. ਹਰਚਰਨ ਸਿੰਘ ਨੇ ਸਿੱਖ ਇਤਿਹਾਸ ਅਤੇ ਪੰਜਾਬ ਦੀਆਂ ਪ੍ਰਮੁੱਖ ਸਮੱਸਿਆਵਾਂ ਬਾਰੇ ਬਹੁਤ ਸਾਰੇ ਨਾਟਕਾਂ ਦੀ ਰਚਨਾ ਕੀਤੀ। ਬਲਵੰਤ ਗਾਰਗੀ ਨੂੰ ਪੂਰਬੀ ਅਤੇ ਪੱਛਮੀ ਦੋਵਾਂ ਨਾਟ ਪਰੰਪਰਾਵਾਂ ਦਾ ਭਰਪੂਰ ਗਿਆਨ ਸੀ। ਉਸਦੇ ਨਾਟਕ ਦੇਸ਼ ਵਿਦੇਸ਼ ਵਿੱਚ ਬੜੀ ਸਫ਼ਲਤਾ ਨਾਲ ਖੇਡੇ ਗਏ।ਸੰਤ ਸਿੰਘ ਸੇਖੋਂ ਨੇ ਪੰਜਾਬੀ ਵਿੱਚ ਬੌਧਿਕ ਕਿਸਮ ਦੇ ਨਾਟਕ ਲਿਖਣ ਦੀ ਪਰੰਪਰਾ ਸ਼ੁਰੂ ਕੀਤੀ। ਉਸ ਦੇ ਨਾਟਕਾਂ ਦੇ ਮਾਧਿਅਮ ਦੁਆਰਾ ਪੰਜਾਬ ਦੇ ਇਤਿਹਾਸ ਅਤੇ ਭਾਰਤ ਦੇ ਮਿਥਿਹਾਸ ਦਾ ਪੁਨਰ-ਲੇਖਣ ਵੀ ਕੀਤਾ। ਕਰਤਾਰ ਸਿੰਘ ਦੁੱਗਲ ਨੇ ਕੁਝ ਸਮਾਂ ਆਲ ਇੰਡੀਆ ਰੇਡੀਉ ਨਾਲ ਰਹਿ ਕੇ ਰੇਡੀਉ ਨਾਟਕ ਦੀ ਵਿਧਾ ਨੂੰ ਮਜ਼ਬੂਤ ਬਣਾਇਆ। ਪ੍ਰੋ. ਗੁਰਦਿਆਲ ਸਿੰਘ ਫੁੱਲ ਨੇ ਸਿੱਖ ਇਤਿਹਾਸ ਦੇ ਨਾਲ-ਨਾਲ ਸਮਾਜਿਕ ਨਾਟਕਾਂ ਦੀ ਰਚਨਾ ਵੀ ਕੀਤੀ। ਉਸਦੇ ਨਾਟਕ ਆਧੁਨਿਕ ਜੀਵਨ ਦੀਆਂ ਵਿਸੰਗਤੀਆਂ ਦੀ ਪੇਸ਼ਕਾਰੀ ਕਰਦੇ ਹਨ। ਗੁਰਦਿਆਲ ਸਿੰਘ ਖੋਸਲਾ ਨੇ ਸ਼ਹਿਰੀ ਮੱਧ ਸ਼੍ਰੇਣੀ ਅਤੇ ਪੱਛਮੀ ਪੰਜਾਬ ਤੋਂ ਉੱਜੜ ਕੇ ਆਏ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ। ਇਹ ਸਾਰੇ ਨਾਟਕ ਰੰਗਮੰਚ ਨਾਲ ਕਰੀਬੀ ਤੌਰ 'ਤੇ ਜੁੜੇ ਰਹੇ। ਡਾ. ਸੁਰਜੀਤ ਸਿੰਘ ਸੇਠੀ ਨੇ ਯੂਰਪੀ ਰੰਗਮੰਚ ਦੇ ਖੇਤਰ ਵਿੱਚ ਹੋ ਰਹੇ ਨਵੇਂ ਪ੍ਰਯੋਗਾਂ ਦੀ ਰੋਸ਼ਨੀ ਵਿੱਚ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਨਵੀਂ ਪਛਾਣ ਦਿੱਤੀ। ਉਸ ਨੇ ਸੈਮੂਅਲ ਬੈਕੇਟ, ਇਆਨੈਸਕੋ, ਆਰਤੋ ਅਤੇ ਬਰੈਖਤ ਤੋਂ ਪ੍ਰੇਰਨਾ ਪ੍ਰਾਪਤ ਕਰ ਕੇ ਬਹੁਤ ਸਾਰੇ ਐਬਸਰਡ ਪ੍ਰਕਿਰਤੀ ਦੇ ਨਾਟਕਾਂ ਦੀ ਰਚਨਾ ਕੀਤੀ। ਉਸਨੇ 'ਟੋਟਲ ਥੀਏਟਰ' ਦੇ ਸੰਕਲਪ ਨੂੰ ਵੀ ਪੰਜਾਬੀ ਵਿੱਚ ਲਿਆਉਣ ਦਾ ਉਪਰਾਲਾ ਕੀਤਾ। ਕਪੂਰ ਸਿੰਘ ਘੁੰਮਣ ਨੇ ਪ੍ਰੇਮ, ਸ਼ਨਾਖਤ, ਸੰਤਾਪ ਅਤੇ ਖੰਡਿਤ- ਸ੍ਵੈ ਦੇ ਵਿਸ਼ਿਆਂ ਨੂੰ ਬੜੇ ਨਵੇਂ ਢੰਗ ਨਾਲ ਪੇਸ਼ ਕੀਤਾ। ਚਰਨ ਦਾਸ ਸਿੱਧੂ ਨੇ ਦੱਬੇ ਕੁਚਲੇ ਅਤੇ ਹਾਸ਼ੀਏ ਉੱਪਰ ਆ ਚੁੱਕੇ ਵਰਗਾਂ ਦੇ ਸਰੋਕਾਰਾਂ ਨੂੰ ਨਾਟਕਾਂ ਦਾ ਵਿਸ਼ਾ ਬਣਾਇਆ। ਆਤਮਜੀਤ ਨੇ ਪੂੰਜੀਵਾਦੀ ਵਿਵਸਥਾ ਦੇ ਦਬਾਵਾਂ ਵਿੱਚ ਪਿਸ ਰਹੇ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ। ਗੁਰਸ਼ਰਨ ਸਿੰਘ ਨੇ ਲੋਕ ਨਾਟ ਦੀ ਪਰੰਪਰਾ ਦੁਆਰਾ ਇਨਕਲਾਬੀ ਸੰਦੇਸ਼ ਦੇਣ ਵਾਲੇ ਨਾਟਕ ਪੇਸ਼ ਕੀਤੇ। ਸਤੀਸ਼ ਕੁਮਾਰ ਵਰਮਾ ਬਰੈਖਤ ਅਤੇ ਲੋਕ ਨਾਟ ਪਰੰਪਰਾਵਾਂ ਦੇ ਸੁਮੇਲ ਦੁਆਰਾ ਆਧੁਨਿਕ ਯੁੱਗ ਦੀਆਂ ਸਮੱਸਿਆਵਾਂ ਦਾ ਨਿਰੂਪਣ ਕਰਦਾ ਹੈ। ਪਾਲੀ ਭੁਪਿੰਦਰ ਸਿੰਘ, ਸਵਰਾਜ ਬੀਰ, ਜਤਿੰਦਰ ਬਰਾੜ ਅਤੇ ਦੇਵਿੰਦਰ ਦਮਨ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਕੁਝ ਹੋਰ ਰੋਸ਼ਨ ਹਸਤਾਖਰ ਹਨ।

ਪਰਵਾਸੀ ਨਾਟਕ ਦੇ ਪ੍ਰਸੰਗ ਵਿੱਚ ਰਵਿੰਦਰ ਰਵੀ ਨੇ ਬੜੇ ਮੌਲਿਕ ਅਤੇ ਪ੍ਰਭਾਵਸ਼ਾਲੀ ਪ੍ਰਯੋਗ ਕੀਤੇ ਹਨ। ਉਸ ਨੇ 'ਕਾਵਿ-ਨਾਟਕ' ਦੀ ਵਿਧਾ ਦਾ ਪ੍ਰਯੋਗ ਕੀਤਾ ਹੈ। ਅਜਾਇਬ ਕਮਲ ਯਥਾਰਥ ਦੇ ਵਿਰੂਪਣ ਦੁਆਰਾ ਅਤਿਯਥਾਰਥਵਾਦੀ ਕਿਸਮ ਦੇ ਨਾਟਕ ਲਿਖਦਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮੰਚ ਪੰਜਾਬੀ ਸੰਗੀਤ ਗਰੁੱਪਾਂ ਦੇ ਹੱਥ ਵਿੱਚ ਹੈ। ਬਰਤਾਨੀਆਂ ਵਿੱਚ ਅਨੇਕਾਂ ਸੰਗੀਤ ਗਰੁੱਪ ਹਨ: ਹੀਰਾ ਗਰੁੱਪ, ਤਾਰਾ ਆਰਟਸ ਗਰੁੱਪ, ਆਪਣਾ ਸੰਗੀਤ ਆਦਿ।[1]

ਪਾਕਿਸਤਾਨੀ ਨਾਟਕਕਾਰਾਂ ਵਿੱਚ ਮੇਜਰ ਇਸਹਾਕ ਮੁਹੰਮਦ, ਨਜ਼ਮ ਹੁਸੈਨ ਸੱਯਦ, ਅਸ਼ਫਾਕ ਅਹਿਮਦ, ਅਖ਼ਤਰ ਹਾਸ਼ਮੀ, ਸੱਜਾਦ ਹੈਦਰ, ਸ਼ਾਹਿਦ ਨਦੀਮ, ਸਰਮਦ ਸਹਿਬਾਈ, ਨਜ਼ਰ ਫਾਤਿਮਾ, ਬਾਨੋ ਕੁਦਸੀਆ, ਮੁਨੀਰ ਨਿਆਜ਼ੀ, ਮਨੂ ਭਾਈ ਅਤੇ ਬਾਬਾ ਜਾਵੇਦ ਦੇ ਨਾਮ ਉਲੇਖਯੋਗ ਹਨ।ਸੱਭਿਆਚਾਰਕ ਤੇ ਪ੍ਰੰਪਰਾ ਦੀ ਦ੍ਰਿਸ਼ਟੀ ਤੋਂ ਪਾਕਿਸਤਾਨੀ ਡਰਾਮਿਆਂ ਵਿੱਚ ਇਸਲਾਮੀ ਚਿੰਤਨ ਕ੍ਰਿਆਸ਼ੀਲ ਹੋ ਕੇ ਉੱਭਰਦੀ ਹੈ।[2] ਪਾਕਿਸਤਾਨ ਵਿੱਚ ਟੀ.ਵੀ.ਨਾਟਕ ਵੀ ਅਤਿਅੰਤ ਵਿਕਸਿਤ ਵਿਧਾ ਹੈ ਅਤੇ ਟੀ. ਵੀ. ਰਾਹੀਂ ਮਨੋਵਿਗਿਆਨਕ ਅਤੇ ਸਮਾਜਿਕ ਨਾਟਕ ਪੇਸ਼ ਕੀਤੇ ਜਾਂਦੇ ਹਨ।ਪਾਕਿਸਤਾਨ ਵਿੱਚ ਨਾਟਕ ਅਤੇ ਰੰਗਮੰਚ ਪਰੰਪਰਾ ਬੇਹੱਦ ਮਕਬੂਲ ਅਤੇ ਮਜ਼ਬੂਤ ਹੈ।

ਹਵਾਲੇ[ਸੋਧੋ]

  1. ਬ੍ਰਤਾਨਵੀ ਪੰਜਾਬੀ ਜਨ-ਜੀਵਨ ਅਤੇ ਸਾਹਿਤ, ਸੂਰਜ ਪ੍ਰਕਾਸ਼ਨ ਦਿੱਲੀ, ਸਵਰਨ ਚੰਦਨ,1994,ਪੰਨਾ 74
  2. ਪਾਕਿਸਤਾਨੀ ਪੰਜਾਬੀ ਸਾਹਿਤ ਨਿਕਾਸ ਤੇ ਵਿਕਾਸ,ਗਗਨ ਪ੍ਰਕਾਸ਼ਨ ਰਾਜਪੁਰਾ,ਡਾ.ਹਰਬੰਸ ਸਿੰਘ ਧੀਮਾਨ,1998,ਪੰਨਾ 93