ਅਹਿਮਦ ਇਬਨ ਮਾਜਿਦ
ਅਹਿਮਦ ਇਬਨ ਮਾਜਿਦ ਇੱਕ ਅਰਬੀ ਮਲਾਹ ਤੇ ਨਕਸ਼ਾਨਵੀਸ ਸੀ। ਉਹ ਸੁਰ, ਓਮਾਨ ਵਿਖੇ 1421 ਨੂੰ ਜਨਮਿਆ। ਉਹ ਮਲਾਹਾਂ ਦੇ ਟੱਬਰ ਵਿੱਚ ਪਲਿਆ ਤੇ 17 ਵਰ੍ਹਿਆ ਦੀ ਉਮਰੇ ਸਮੁੰਦਰੀ ਜਹਾਜ਼ਾਂ ਨੂੰ ਰਾਹ ਵਿਖਾਲਣ ਯੋਗ ਹੋ ਗਿਆ ਸੀ। ਉਹ ਪਹਿਲੇ ਅਰਬੀ ਸਮੁੰਦਰੀ-ਮਨੁੱਖ ਵਜੋਂ ਵੀ ਮਸ਼ਹੂਰ ਏ। ਉਹਦੀ ਮੌਤ ਦੀ ਪੱਕੀ ਤਰੀਕ ਤਾਂ ਨਈਂ ਪਤਾ ਪਰ ਸ਼ਾਇਦ ਉਹ 1500 ਵਿੱਚ ਮਰਿਆ ਸੀ। ਪੱਛਮ ਵੱਲ ਉਹ ਇਸ ਗੱਲੋਂ ਮਸ਼ਹੂਰ ਵਾ ਕਿ ਉਸ ਵਾਸਕੋ ਡੀ ਗਾਮੇ ਨੂੰ ਅਫ਼ਰੀਕਾ ਤੋਂ ਉਪ-ਮਹਾਂਦੀਪ ਦਾ ਰਾਹ ਵਿਖਾਲਿਆ ਸੀ। ਪਰ ਇਸ ਵਿਸ਼ੇ ਦੇ ਮੋਹਰੀ ਵਿਦਵਾਨ ਜੀ. ਆਰ. ਟਿੱਬੇਟਜ਼ ਇਸ ਪ੍ਰਤੀ ਸੰਦੇਹ ਪ੍ਰਗਾਉਂਦੇ ਹਨ। ਮਾਜਿਦ ਚਾਲ੍ਹੀ ਦੇ ਏੜ-ਗੇੜ ਰਚਨਾਵਾਂ ਵੀ ਕੀਤੀਆਂ। ਉਸ ਨੂੰ ਸਮੁੰਦਰ ਦਾ ਸ਼ੇਰ ਨਾਂਅ ਵਜੋਂ ਵੀ ਜਾਣਿਆ ਜਾਂਦਾ ਏ।
ਕੰਮ
[ਸੋਧੋ]ਇਬਨ ਮਾਜਿਦ ਸਮੁੰਦਰੀ ਵਿਗਿਆਨ ਅਤੇ ਜਹਾਜ਼ਾਂ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਜੋ ਲੋਕਾਂ ਨੂੰ ਫ਼ਾਰਸ ਦੀ ਖਾੜੀ ਤੋਂ ਭਾਰਤ, ਚੜ੍ਹਦੇ ਅਫ਼ਰੀਕਾ ਤੇ ਹੋਰਨਾਂ ਥਾਂਈਂ ਦੇ ਕੰਢੇ ਲੱਗਣ ਵਿੱਚ ਮਦਾਦ ਕਰਦੀਆਂ ਹਨ। ਉਸ ਦੀਆਂ ਸਮੁੰਦਰੀ ਵਿਗਿਆਨ ਤੇ ਲਿਖੀਆਂ ਕਿਤਾਬਾਂ ਵਿੱਚੋਂ 'ਕਿਤਾਬ ਅਲ-ਫ਼ਵਾਇਦ ਫੀ-ਉਸਲ ਇਲਮ ਅਲ-ਬਹਰਵਾ-ਅਲ-ਕਵਾਇਦ' ਸਭ ਤੋਂ ਅਵੱਲ ਦਰਜੇ ਦੀ ਮੰਨੀ ਜਾਂਦੀ ਏ। ਉਸ ਦੀ 'ਕਿਤਾਬ ਅਲ-ਫਵਾਇਦ' ਵੀ ਬਹੁਤ ਮਸ਼ਹੂਰ ਕਿਤਾਬ ਏ।
ਉਸ ਦੀਆਂ ਲਿਖਤਾਂ ਸਮੁੰਦਰ ਦਾ ਇੱਕ ਇਨਸਾਈਕਲੋਪੀਡੀਆ ਏ, ਜੋ ਰਾਹ ਵਿਖਾਲੇ ਦੇ ਮੁੱਖ ਸਿਧਾਂਤ ਤੇ ਇਤਿਹਾਸ, ਤੱਟਵਰਤੀ ਤੇ ਖੁੱਲ੍ਹੇ ਸਮੁੰਦਰ ਦੇ ਸਫ਼ਰ ਦਾ ਅੰਤਰ, ਚੜ੍ਹਦੇ ਅਫ਼ਰੀਕਾ ਤੋਂ ਇੰਡੋਨੇਸ਼ੀਆ ਤੱਕ ਦੀਆਂ ਬੰਦਰਗਾਂਹਾਂ ਦੇ ਟਿਕਾਣੇ, ਤਾਰਿਆਂ ਦੀ ਸਥਿਤੀ ਅਤੇ ਹੋਰ ਮੌਸਮੀ ਹਵਾਵਾਂ, ਝੱਕੜਾਂ ਤੇ ਹੋਰ ਸਭ ਉਹਨਾਂ ਵਿਸ਼ਿਆਂ ਬਾਬਤ ਦਸਦਾ ਏ, ਜੋ ਇੱਕ ਵਿਹਾਰੀ ਰਾਹ ਵਿਖਾਲੇ ਲਈ ਜ਼ਰੂਰੀ ਹੁੰਦੇ ਹਨ। ਮਾਜਿਦ ਦੀਆਂ ਦੋ ਹੱਥ ਲਿਖਤ ਕਿਤਾਬਾਂ ਪੈਰਿਸ ਦੀ ਨੈਸ਼ਨਲ ਲਾਇਬ੍ਰੇਰੀ ਚ ਪਈਆਂ ਨੇ।
ਮਾਜਿਦ ਦੀਆਂ ਇਨ੍ਹਾਂ ਸਾਰੀਆਂ ਖ਼ੂਬੀਆਂ ਕਰਕੇ ਉਸ ਨੂੰ ਤਾਰੇ ਫੁੰਡਣ ਵਾਲਾ ਵੀ ਆਖਦੇ ਨੇ।
ਅਹਿਮਦ ਬਿਨ ਮਾਜਿਦ ਪੰਦਰ੍ਹਵੀਂ ਸਦੀ ਦੇ ਅੱਧ ਵਿੱਚ ਪੁਰਤਗਾਲੀ ਜਹਾਜ਼ੀ ਵਾਸਕੋ ਡੀ ਗਾਮੇ ਨੂੰ ਯੂਰਪ ਤੋਂ ਉਪ-ਮਹਾਂਦੀਪ ਤੱਕ ਦਾ ਰਾਹ ਵਿਖਾਇਆ, ਜੋ ਹਜੇ ਤੀਕਰ ਯੂਰਪੀਆਂ ਨੂੰ ਨਈਂ ਸੀ ਪਤਾ। ਪੱਛਮ ਵਿੱਚ ਮਾਜਿਦ ਏਸੇ ਗੱਲੋਂ ਈ ਮਸ਼ਹੂਰ ਏ ਕਿਓਂਕਿ ਉਸ ਉਹਨਾਂ ਨੂੰ ਉਪ-ਮਹਾਂਦੀਪ ਦਾ ਰਾਹ ਵਿਖਾਇਆ ਸੀ। ਤਵਾਰੀਖ਼ ਵਿੱਚ ਮਾਜਿਦ ਦਾ ਸਭ ਤੋਂ ਪਹਿਲੋਂ ਜ਼ਿਕਰ ਓਟੋਮਾਨ ਤਵਾਰੀਖ਼-ਸ਼ਨਾਸ ਕੁਤਬ ਅਲ ਉਸ ਦੀ ਮੌਤ ਦੇ ਪੰਜਾਹ ਵਰ੍ਹਿਆ ਮਗਰੋਂ ਕੀਤਾ।[1]