ਗੰਗੂਬਾਈ ਹੰਗਲ
ਗੰਗੂਬਾਈ ਹੰਗਲ | |
---|---|
![]() ਗੰਗੂਬਾਈ ਹੰਗਲ ਆਪਨੀ ਪੁੱਤਰੀ ਕ੍ਰੀਸ਼ਨਾ ਨਾਲ (1930) | |
ਜਾਣਕਾਰੀ | |
ਜਨਮ ਦਾ ਨਾਮ | ਗੰਗੂ |
ਉਰਫ਼ | ਹੰਗਲ |
ਜਨਮ | [1][2] ਹੰਗਲ, ਕਰਨਾਟਕ, ਭਾਰਤ[3] | 5 ਮਾਰਚ 1913
ਮੂਲ | ਧਾਰਵਾੜ, ਕਰਨਾਟਕ,[1][2] |
ਮੌਤ | 21 ਜੁਲਾਈ 2009 ਹੁਬਲੀ, ਕਰਨਾਟਕ, ਭਾਰਤ[2] | (ਉਮਰ 96)
ਵੰਨਗੀ(ਆਂ) | ਭਾਰਤੀ ਸ਼ਾਸਤਰੀ ਸੰਗੀਤ |
ਕਿੱਤਾ | ਗਾਇਕ |
ਸਾਲ ਸਰਗਰਮ | 1931–2006[4] |
ਗੰਗੂਬਾਈ ਹੰਗਲ ਕਿਰਾਨਾ ਘਰਾਣੇ ਦੀ ਭਾਰਤੀ ਸ਼ਾਸਤਰੀ ਸੰਗੀਤ ਦੀ ਅਜ਼ੀਮ ਫ਼ਨਕਾਰਾ ਹੈ। ਉਸ ਨੇ ਖ਼ਿਆਲ ਗਾਇਕੀ ਦੀ ਪਛਾਣ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ।
ਮੁੱਢਲਾ ਜੀਵਨ
[ਸੋਧੋ]ਗੰਗੂਬਾਈ ਹੰਗਲ ਦਾ ਜਨਮ ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਵਿੱਚ ਦੇਵਦਾਸੀ ਪਰੰਪਰਾ ਵਾਲੇ ਪਰਿਵਾਰ ਵਿੱਚ 5 ਮਾਰਚ, 1913 ਨੂੰ ਹੋਇਆ। ਗੰਗੂਬਾਈ ਦੇ ਪਤੀ ਦਾ ਨਾਂ ਗੁਰੂਰਾਓ ਕੌਲਗੀ ਸੀ। ਉਸ ਦੇ ਦੋ ਬੇਟੇ ਬਾਬੂਰਾਵ ਤੇ ਨਾਰਾਇਣ ਅਤੇ ਬੇਟੀ ਕ੍ਰਿਸ਼ਨਾ ਸ਼ਾਸਤਰੀ ਗਾਇਕਾ ਹੈ।
ਸੰਗੀਤ ਦੀ ਸਿੱਖਿਆ
[ਸੋਧੋ]ਉਸ ਨੂੰ ਬਚਪਨ ਤੋਂ ਸੰਗੀਤ ਨਾਲ ਪਿਆਰ ਸੀ। ਬਚਪਨ ਦੇ ਦਿਨਾਂ ਵਿੱਚ ਉਹ ਗ੍ਰਾਮੋਫੋਨ ਸੁਣਨ ਲਈ ਸੜਕ ’ਤੇ ਦੌੜ ਪੈਂਦੀ ਸੀ ਤੇ ਉਸ ਆਵਾਜ਼ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੀ ਸੀ। ਸੰਗੀਤ ਦੀ ਪ੍ਰਤਿਭਾ ਦੇਖ ਕੇ ਕਰਨਾਟਕ ਸੰਗੀਤ ਦੀ ਮਹਾਨ ਗਾਇਕਾ ਤੇ ਮਾਂ ਅੰਬਾਬਾਈ ਨੇ ਧੀ ਗੰਗੂ ਨੂੰ ਸੰਗੀਤ ਖੇਤਰ ਦੇ ਕ੍ਰਿਸ਼ਨ ਆਚਾਰਯ, ਦੱਤੋਪੰਤ ਅਤੇ ਕਿਰਾਨਾ ਉਸਤਾਦ ਸਵਾਈ ਗੰਧਰਵ ਤੋਂ ਸ੍ਰੇਸ਼ਠ ਹਿੰਦੁਸਤਾਨੀ ਸੰਗੀਤ ਦੀ ਸਿੱਖਿਆ ਦਿਵਾਈ। ਉਸ ਦੀ ਆਵਾਜ਼ ਵਿੱਚ ਬੜਾ ਰਸ ਸੀ। ਸ਼ਾਸਤਰੀ ਸੰਗੀਤ ਦੀ ਉਹ ਇੱਕ ਵਜ਼ਨਦਾਰ ਆਵਾਜ਼ ਸੀ। ਉਸ ਨੇ ਗੁਰੂ ਸ਼ਿਸ਼ ਪਰੰਪਰਾ ਨੂੰ ਬਰਕਰਾਰ ਰੱਖਿਆ। ਆਪਣੇ ਗੁਰੂ ਕੋਲ ਪਹੁੰਚਣ ਲਈ ਰੋਜ਼ ਉਸ ਨੂੰ 30 ਕਿਲੋ ਮੀਟਰ ਸਫ਼ਰ ਕਰਨਾ ਪੈਂਦਾ ਸੀ। ਉਸ ਨੇ ਅਬਦੁਲ ਕਰੀਮ ਖ਼ਾਨ, ਭਾਸਕਰ ਰਾਉ ਬਖਲੇ, ਅੱਲਾ ਦੀਆ ਖ਼ਾਨ, ਫੈਆਜ਼ ਖ਼ਾਨ, ਪੰਡਿਤ ਭੀਮਸੇਨ ਜੋਸ਼ੀ ਵਰਗੇ ਉਸ ਵੇਲੇ ਦੇ ਵੱਡੇ ਵੱਡੇ ਗਾਇਕਾਂ ਨੂੰ ਬਹੁਤ ਸੁਣਿਆ ਸੀ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਵੀ ਸੀ। ਉਸ ਦੀ ਆਤਮ ਕਥਾ ‘ਮੇਰੇ ਜੀਵਨ ਦਾ ਸੰਗੀਤ’ ਸਿਰਲੇਖ ਅਧੀਨ ਪ੍ਰਕਾਸ਼ਿਤ ਹੋਈ।
ਰਾਗਾਂ ਦਾ ਖ਼ਜ਼ਾਨਾ
[ਸੋਧੋ]ਉਹ ਰਾਗਾਂ ਦਾ ਖ਼ਜ਼ਾਨਾ ਸੀ। ਉਸ ਨੇ ਅਸਾਵਰੀ, ਕੇਦਾਰ, ਚੰਦਰ ਕੌਂਸ, ਧਨਸ੍ਰੀ, ਪੁਰੀਆ, ਭੈਰਵੀ, ਭੀਮਪਲਾਸੀ ਅਤੇ ਮਾਰਵਾ ਰਾਗਾਂ ਦੇ ਗਾਇਨ ਲਈ ਸਭ ਤੋਂ ਵੱਧ ਵਾਹ-ਵਾਹ ਖੱਟੀ।
ਮੈਂ ਰਾਗਾਂ ਨੂੰ ਹੌਲੀ-ਹੌਲੀ ਅੱਗੇ ਵਧਾਉਣ ਅਤੇ ਇਸ ਨੂੰ ਹੋਲੀ-ਹੌਲੀ ਖੋਲ੍ਹਣ ਦੀ ਹਮਾਇਤੀ ਹਾਂ ਤਾਂ ਕਿ ਸਰੋਤਾ ਉਤਸੁਕਤਾ ਨਾਲ ਅਗਲੇ ਚਰਨ ਦਾ ਇੰਤਜ਼ਾਰ ਕਰਨ। ਸੁਰ ਦਾ ਇਸਤਮਾਲ ਕੰਜੂਸ ਦੀ ਤਰ੍ਹਾਂ ਕਰੋ ਤਾਂ ਕਿ ਸਰੋਤੇ ਰਾਗ ਦੀ ਹਰ ਬਰੀਕੀ ਦੇ ਮਹੱਤਵ ਨੂੰ ਸਮਝ ਸਕਣ।
— ਗੰਗੂਬਾਈ ਹੰਗਲ
ਪੁਰਸ਼ ਸੰਗੀਤਕਾਰ ਜੇ ਮੁਸਲਮਾਨ ਹੁੰਦਾ ਹੈ ਤਾਂ ਉਸਤਾਦ ਕਹਾਉਣ ਲੱਗਦਾ ਹੈ, ਹਿੰਦੂ ਹੁੰਦਾ ਹੈ ਤਾਂ ਪੰਡਿਤ ਹੋ ਜਾਂਦਾ ਹੈ ਪਰ ਕੇਸਰਬਾਈ, ਹੀਰਾਬਾਈ ਅਤੇ ਗੰਗੂਬਾਈ ਵਰਗੀਆਂ ਗਾਇਕਾਵਾਂ ‘ਬਾਈ’ ਹੀ ਰਹਿ ਜਾਂਦੀਆਂ ਹਨ।
— ਗੰਗੂਬਾਈ ਹੰਗਲ
ਸਨਮਾਨ
[ਸੋਧੋ]ਲਿੰਗ ਅਤੇ ਜਾਤੀ ਬੰਧਨਾਂ ਨੂੰ ਪਾਰ ਕਰ ਕੇ ਸੰਗੀਤ ਦੇ ਖੇਤਰ ਵਿੱਚ ਅੱਧੀ ਤੋਂ ਵੱਧ ਸਦੀ ਤੱਕ ਆਪਣਾ ਯੋਗਦਾਨ ਪਾਇਆ ਜਿਸ ਕਰ ਕੇ ਉਸ ਮਹਾਨ ਗਾਇਕਾ ਨੂੰ ਬਹੁਤ ਸਾਰੇ ਵੱਕਾਰੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ।
- ਤਾਨਸੇਨ ਪੁਰਸਕਾਰ
- ਕਰਨਾਟਕ ਸੰਗੀਤ ਨ੍ਰਿਤ ਅਕਾਦਮੀ ਪੁਰਸਕਾਰ (1962)
- ਪਦਮ ਭੂਸ਼ਣ (1971)
- ਸੰਗੀਤ ਨਾਟਕ ਅਕਾਦਮੀ (1973)
- ਪਦਮ ਵਿਭੂਸ਼ਣ (2002)
21 ਜੁਲਾਈ 2009 ਨੂੰ ਸ਼ਾਸਤਰੀ ਸੰਗੀਤ ਦੀ ਮਹਾਨ ਵਿਰਾਸਤ ਦੇ ਇੱਕ ਸਿਰੇ ਨੂੰ ਸਾਂਭਣ ਵਾਲੀ ਅਤੇ ਆਪਣੀ ਆਵਾਜ਼ ਤੇ ਸਾਧਨਾ ਨਾਲ ਕਈ ਨਵੇਂ ਦਿਸਹੱਦੇ ਤਲਾਸ਼ਣ ਵਾਲੀ 97 ਵਰ੍ਹਿਆਂ ਦੀ ਗੰਗੂਬਾਈ ਹੰਗਲ ਸ਼ਾਸਤਰੀ ਸੰਗੀਤ ਦੇ ਪ੍ਰੇਮੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ।