ਸਮੱਗਰੀ 'ਤੇ ਜਾਓ

ਜੰਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੰਗਮ ਜਿਹਨਾਂ ਨੂੰ ਭਗਵਾਨ ਸ਼ਿਵ ਦੇ ਪੁਰੋਹਿਤ ਵੀ ਕਿਹਾ ਜਾਂਦਾ ਹੈ। ਪੁਰਾਤਨ ਵਿਸ਼ਾਲ ਪੰਜਾਬ, ਜਿਸ ਵਿੱਚ ਹਰਿਆਣਾ ਵੀ ਸ਼ਾਮਲ ਹੈ, ਆਪਣੇ ਅਨੋਖੇ ਸੱਭਿਆਚਾਰ ਲਈ ਪੂਰੇ ਭਾਰਤ ਵਿੱਚ ਪ੍ਰਸਿੱਧ ਹੈ।

Jamgama INDER (Lingayata) in his traditional dress

ਇਤਿਹਾਸ[ਸੋਧੋ]

ਇੱਥੇ ਜੰਗਮ ਨਾਂ ਦਾ ਇੱਕ ਵਿਲੱਖਣ ਸੰਪਰਦਾਇ ਹੈ ਜਿਸ ਦੀ ਉਤਪਤੀ ਸ਼ਿਵਲਿੰਗ ਤੋਂ ਮੰਨੀ ਜਾਂਦੀ ਹੈ। ਉੱਤਰ ਭਾਰਤ ਵਿੱਚ ਜੰਗਮ ਦਾ ਪ੍ਰਮੁੱਖ ਸਥਾਨ ਸਿਰਫ਼ ਪੁਰਾਤਨ ਪੰਜਾਬ ਹੀ ਹੈ। ਇੱਥੇ ਜੰਗਮ ਕਲਾ ਬਹੁਤ ਪ੍ਰਾਚੀਨ ਹੈ। ਇਹ ਸ਼ਿਵ-ਪਾਰਵਤੀ ਦਾ ਵਿਆਹ ਅਤੇ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਸ੍ਰਿਸ਼ਟੀ ਦੇ ਅੰਤ ਤਕ ਦੀ ਭਵਿੱਖਬਾਣੀ ਨੂੰ ਕਾਵਿ-ਰੂਪ ਵਿੱਚ ਗਾਉਂਦੇ ਹਨ। ਸ਼ਿਵਰਾਤਰੀ ਮੌਕੇ ਇਹ ਸ਼ਿਵ ਪੁਰੋਹਿਤ ਜੰਗਮ ਸਾਰੀ ਰਾਤ ਸ਼ਿਵ ਵਿਆਹ ਤੇ ਸ਼ਿਵ ਭਗਤੀ ਦਾ ਗਾਇਨ ਕਰਦੇ ਹਨ। ਇਹ ਸੰਪਰਦਾਇ ਪ੍ਰਾਚੀਨ ਕਾਲ ਤੋਂ ਹੀ ਭਾਰਤ ਵਿੱਚ ਸ਼ਿਵ ਭਗਤੀ ਦਾ ਉਪਦੇਸ਼ ਦਿੰਦਾ ਆਇਆ ਹੈ। ਇਸ ਸੰਪਰਦਾਇ ਦੇ ਜੰਗਮ ਸੁਆਮੀਆਂ ਨੇ ਭਾਰਤ ਦੇ ਰਾਜ ਤੰਤਰੀ ਪ੍ਰਬੰਧ ਵਿੱਚ ਰਾਜਿਆਂ ਨੂੰ ਪ੍ਰਜਾ ਹਿੱਤ ਲਈ ਨਿਰਦੇਸ਼ ਅਤੇ ਗਿਆਨ ਦਾ ਉਪਦੇਸ਼ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਜੰਗਮ ਸੰਪਰਦਾਇ ਨੇ ਰਾਜਸਥਾਨ ਦੇ ਅਨੇਕਾਂ ਰਾਜਿਆਂ ਤੇ ਉਨ੍ਹਾਂ ਦੀ ਪਰਜਾ ਨੂੰ ਸ਼ਿਵ ਸਿਧਾਂਤ ਦੀ ਸਿੱਖਿਆ ਦਿੱਤੀ। ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ, ਜਿੱਥੇ ਵੀ ਭਾਰਤੀ ਮੂਲ ਦੇ ਲੋਕ ਵੱਸਦੇ ਹਨ, ਸ਼ਿਵਲਿੰਗ ਦੀ ਪੂਜਾ ਸੰਤਾਨ ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਭਾਰਤ ਵਿੱਚ ਜੰਗਮ ਦੁਆਰਾ ਲਿੰਗ ਪੂਜਾ ਕਰਨ ਦੀ ਪ੍ਰਾਚੀਨਤਾ ਦੇ ਮੌਲਿਕ ਪ੍ਰਮਾਣ ਵੀ ਮਿਲਦੇ ਹਨ, ਜਿਹਨਾਂ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਅੱਜ ਤੱਕ ਲਿੰਗ ਪੂਜਾ ਦੇ ਇਤਿਹਾਸਕ ਪ੍ਰਮਾਣ ਵਿਭਿੰਨ ਮੰਦਰਾਂ, ਮੱਠਾਂ ਅਤੇ ਸੰਗ੍ਰਹਿਲਿਆਂ ਵਿੱਚ ਸੁਰੱਖਿਅਤ ਪਏ ਹਨ। ਏਕ ਮੂਰਤੀ ਸਤ੍ਰੀਯੋ ਭਾਗਾ ਗੁਰੂ ਲਿੰਗਮ ਤੋਂ ਜੰਗਮ ਅਰਥਾਤ ਪਰਮਸ਼ਿਵ ਚੈਤੰਨਯ ਦੇ ਇਹ ਤਿੰਨ ਰੂਪ ਮੰਨੇ ਜਾਂਦੇ ਹਨ।

ਵੇਸ਼ਭੂਸ਼ਾ[ਸੋਧੋ]

ਜੰਗਮ ਸੰਪਰਦਾਇ ਦੀ ਵੇਸ਼ਭੂਸ਼ਾ ਇਨ੍ਹਾਂ ਦੀ ਨਿਵੇਕਲੀ ਪਛਾਣ ਹੈ। ਸੋਨਾ, ਚਾਂਦੀ ਅਤੇ ਪਿੱਤਲ ਦੇ ਕਰਨਫੁੱਲ ਪਾਈ ਸੂਰਜ ਚਿੰਨ੍ਹ ਅਤੇ ਸਰਪਮੁਕਟ ਤੋਂ ਇਲਾਵਾ ਸਿਰ ‘ਤੇ ਮੋਰ ਪੱਖੀ ਤੋਂ ਬਣੀ ਹੋਈ ਕਲਗੀ ਜੰਗਮ ਸੁਆਮੀਆਂ ਦਾ ਰਵਾਇਤੀ ਭੇਸ ਹੈ।

ਸ਼ਿਵ ਸ਼ਰਣਮ[ਸੋਧੋ]

ਜੰਗਮ ਜਦੋਂ ਕਿਸੇ ਨਾਲ ਮਿਲਦਾ ਹੈ ਤਾਂ ਉਹ ਸ਼ਿਵ ਸ਼ਰਣਮ ਬੋਲਦਾ ਹੈ। ਸ਼ਿਵ ਸ਼ਰਣਮ ਜੰਗਮਾਂ ਦਾ ਓਂਕਾਰ ਹੈ। ਪ੍ਰਤੀਉੱਤਰ ਵਿੱਚ ਸਾਧੂ ਸੰਨਿਆਸੀ ਉਨ੍ਹਾਂ ਨੂੰ ਸ਼ੰਭੂ-ਸ਼ਰਣਮ ਨਾਲ ਸੰਬੋਧਨ ਕਰਦੇ ਹਨ। ਜੰਗਮ ਪੁਰਾਤਨ ਪੰਜਾਬ ਦਾ ਅਤਿ-ਪ੍ਰਾਚੀਨ ਸੰਪਰਦਾਇ ਹੈ।

ਜੰਗਮ ਦਾ ਅਰਥ[ਸੋਧੋ]

ਜੰਗਮ ਦਾ ਅਰਥ ਹੈ ਕਿ ਜਿਸ ਦੇ ਪ੍ਰਕਾਸ਼ ਤੋਂ ਸੂਰਜ, ਚੰਨ ਸਹਿਤ ਸਾਰਾ ਬ੍ਰਹਿਮੰਡ ਪ੍ਰਕਾਸ਼ਤ ਹੋ ਰਿਹਾ ਹੈ। ਉਸ ਸਵੈ-ਜਯੋਤੀ ਸਰੂਪ ਪਰਮ ਸ਼ਿਵ ਨੂੰ ਜੋ ਆਪਣੀ ਆਤਮਾ ਤੋਂ ਭਿੰਨ ਜਾਣਦਾ ਹੈ। ਅਰਥਾਤ ਸ਼ਿਵ ਨਾਲ ਜਿਸ ਨੂੰ ਅਭੇਦ ਬੋਧ ਉਤਪੰਨ ਹੋਇਆ ਹੈ, ਉਸ ਆਤਮ ਗਿਆਨੀ ਨੂੰ ਸ਼ੈਵ ਦਰਸ਼ਨ ਵਿੱਚ ਜੰਗਮ ਕਿਹਾ ਜਾਂਦਾ ਹੈ। ਜੰਗਮ ਸ਼ਬਦ ਦੇ ਅਰਥ ਕਰ ਕੇ ਦੇਖੀਏ ਤਾਂ ਵੀ

  • ਜੰ- ਜਨਨ ਰਹਿਤ,
  • ਗ- ਗਸਨ ਰਹਿਤ,
  • ਮ- ਮਰਨ ਰਹਿਤ।

ਇਸ ਤਰ੍ਹਾਂ ਜਨਮ-ਮਰਨ ਰੂਪ ਗਮਨਾਗਮਨ-ਰਹਿਤ ਜੀਵਨ ਮੁਕਤ ਮਹਾਪੁਰਖ ਹੀ ਜੰਗਮ ਹਨ। ਇਨ੍ਹਾਂ ਨੂੰ ਸ਼ਿਵ ਯੋਗੀ ਵੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਬ੍ਰਾਹਮਣ ਸ਼ਬਦ ਜਾਤੀਸੂਚਕ ਬਣ ਗਿਆ ਹੈ, ਉਸੇ ਤਰ੍ਹਾਂ ਜੰਗਮ ਸ਼ਬਦ ਵੀ ਸੰਪਰਦਾਇਕ ਦ੍ਰਿਸ਼ਟੀ ਤੋਂ ਜਾਤੀ ਦਾ ਹੀ ਵਾਚਕ ਬਣ ਗਿਆ ਹੈ। ਭਾਵ ਵੀਰ ਮਹੇਸ਼ਵਰ ਵੰਸ਼ ਵਿੱਚ ਪੈਦਾ ਹੋਏ ਲੋਕਾਂ ਨੂੰ ਹੀ ਜੰਗਮ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜੰਗਮ ਦਾ ਅਰਥ ਗਤੀਮਾਨ ਅਰਥਾਤ ਨਿਰੰਤਰ ਚੱਲਣ ਵਾਲਾ ਵਿਅਕਤੀ ਵੀ ਹੁੰਦਾ ਹੈ। ਇਹ ਅਰਥ ਵੀ ਜੰਗਮ ਲਈ ਉਚਿਤ ਜਾਪਦਾ ਹੈ ਕਿਉਂਕਿ ਜੰਗਮ ਗੁਰੂ ਸ਼ਿਵਲਿੰਗ ਪੂਜਾ ਕਰਨ ਲਈ ਭਗਤਾਂ ਦੇ ਘਰ-ਘਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਸ਼ਿਵ ਤੱਤ ਦਾ ਗਿਆਨ ਕਰਵਾਉਂਦੇ ਹਨ।

ਜੰਗਮਾਂ ਦੀ ਉਤਪਤੀ[ਸੋਧੋ]

ਜੰਗਮ ਦੀ ਉਤਪਤੀ ਬਾਰੇ ਦੱਖਣ ਭਾਰਤ ਦੇ ਵੀਰ ਸ਼ੈਵ ਸੰਤਾਂ ਦਾ ਇਤਿਹਾਸ ਦੱਸਦਾ ਹੈ ਕਿ ਜਦ ਭਗਵਾਨ ਸ਼ਿਵ ਨੇ ਬ੍ਰਹਮਾ ਜੀ ਨੂੰ ਸ੍ਰਿਸ਼ਟੀ ਰਚਣ ਦਾ ਨਿਰਦੇਸ਼ ਦਿੱਤਾ ਤਾਂ ਬ੍ਰਹਮਾ ਨੇ ਸ਼ਿਵ ਜੀ ਨੂੰ ਕਿਹਾ ਕਿ, ”ਉਹ ਉਸ ਨੂੰ ਮਨੁੱਖ ਬਣਾਉਣਾ ਸਿਖਾਏ।” ਇਸ ਪ੍ਰਕਾਰ ਭਗਵਾਨ ਸ਼ਿਵ ਨੇ ਆਪਣੇ ਪੰਜ ਮੁਖਾਂ ਤੋਂ (ਜਯੋਤਿਰ ਲਿੰਗ) ਪੰਜ ਮਨੁੱਖ ਬਣਾਏ। ਇਨ੍ਹਾਂ ਪੰਜਾਂ ਤੋਂ ਬ੍ਰਹਮਾ ਦੁਆਰਾ ਬਣਾਏ ਗਏ ਚਾਰੇ ਵਰਣਾਂ ਤੋਂ ਉੱਪਰ ਮੰਨੇ ਗਏ। ਇਸ ਤੋਂ ਬਾਅਦ ਭਗਵਾਨ ਸ਼ਿਵ ਨੇ ਇਨ੍ਹਾਂ ਬ੍ਰਹਮਦੇਵ ਦੁਆਰਾ ਰਚੇ, ਇਸ ਸੰਸਾਰ ਵਿੱਚ ਆਪਣਾ ਉਪਦੇਸ਼ ਦੇਂਦੇ ਹੋਏ ਪਵਿੱਤਰ ਗ੍ਰੰਥਾਂ ਵਿੱਚ ਰਚਿਤ ਅਮੁੱਲ ਗਿਆਨ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਪ੍ਰਚੱਲਿਤ ਕਰਨ ਹਿੱਤ ਸ਼ਿਵ ਬਾਣੀ ਗਾਉਣ ਲਈ ਅਤੇ ਸਮਾਜ ਵਿੱਚ ਸਦਾਚਾਰ ਦੀ ਭਾਵਨਾ ਨੂੰ ਵਧਾਉਣ ਦਾ ਨਿਰਦੇਸ਼ ਦਿੱਤਾ। ਇਸ ਤਰ੍ਹਾਂ ਸ਼ਿਵ ਆਗਿਆ ਪਾਲਣ ਕਰਦੇ ਹੋਏ ਨਿਰੰਤਰ ਗਤੀਮਾਨ ਰਹਿ ਕੇ ਅਰਥਾਤ ਘਰ-ਘਰ ਜਾ ਕੇ ਸ਼ਿਵ ਭਗਤੀ ਦਾ ਪ੍ਰਚਾਰ ਕਰਨ ਕਾਰਨ ਇਹ ਜੰਗਮ ਅਖਵਾਏ।

ਇਤਿਹਾਸ ਪ੍ਰਮਾਣਾਂ[ਸੋਧੋ]

ਇਤਿਹਾਸ ਪ੍ਰਮਾਣਾਂ ਵੱਲ ਧਿਆਨ ਮਾਰੀਏ ਤਾਂ ਕੇਦਾਰ ਮੱਠ ਵਿੱਚ ਮਹਾਂਭਾਰਤ ਕਾਲੀਨ ਪਾਂਡਵਾਂ ਦੇ ਪੜਪੋਤੇ ਰਾਜਾ ਜਨਮੇਜਯ ਦੁਆਰਾ ਦਿੱਤਾ ਗਿਆ ਭੂੰਈ ਦਾਨ ਤੇ ਤਾਮਰ ਪੱਤਰ ਅੱਜ ਵੀ ਮੌਜੂਦ ਹੈ। ਜੰਗਮਵਾੜੀ ਮੱਠ ਕਾਸ਼ੀ ਦੇ ਤਤਕਾਲੀਨ ਜਗਤ ਗੁਰੂ ਮੱਲਿਕਾ ਅਰਜਨ ਜੰਗਮ ਨੂੰ ਕਾਸ਼ੀ ਨਰੇਸ਼ ਜੈ ਨੰਦ ਦੁਆਰਾ ਦਿੱਤਾ ਗਿਆ ਭੂੰਇ ਦਾ 1400 ਸਾਲਾਂ ਪੁਰਾਣਾ ਰਾਜ ਪੱਤਰ ਅੱਜ ਵੀ ਮੱਠ ਵਿੱਚ ਸੁਰੱਖਿਅਤ ਪਿਆ ਹੈ। ਬਾਦਸ਼ਾਹ ਹਮਾਂਯੂੰ ਨੇ ਮਿਰਜ਼ਾਪੁਰ (ਉੱਤਰ ਪ੍ਰਦੇਸ਼) ਜ਼ਿਲ੍ਹੇ ਦੇ ਚੁਨਾਰ ਨਾਮਕ ਸਥਾਨ ‘ਤੇ ਜੰਗਮਵਾੜੀ ਮੱਠ ਦੀ ਸਹਾਇਤਾ ਲਈ 300 ਬਿੱਘੇ ਜ਼ਮੀਨ ਦਾਨ ਦੇਣ ਦਾ ਸ਼ਾਹੀ ਫ਼ੁਰਮਾਨ ਜਾਰੀ ਕੀਤਾ। ਉਸ ਤੋਂ ਬਾਅਦ ਦੇ ਸਾਰੇ ਮੁਗਲ ਸ਼ਾਸਕਾਂ ਨੇ ਇਸ ਫ਼ੁਰਮਾਨ ਨੂੰ ਸਵੀਕਾਰ ਕਰਦੇ ਹੋਏ ਨਵੇਂ ਫ਼ੁਰਮਾਨ ਵੀ ਜਾਰੀ ਕੀਤੇ ਜੋ ਅੱਜ ਤਕ ਮੱਠ ਵਿੱਚ ਮੌਜੂਦ ਹਨ। ਮੁਗਲ ਬਾਦਸ਼ਾਹਾਂ ਦੇ ਦਾਨਪਾਤਰ 1530 ਤੋਂ 1784 ਦੇ ਵਿਚਕਾਰ ਦੇ ਹਨ। ਹਮਾਂਯੂੰ ਤੋਂ ਬਾਅਦ ਅਕਬਰ ਨੇ 480 ਬਿੱਘੇ ਜ਼ਮੀਨ ਦਾਨ ਦਿੱਤੀ। ਅਕਬਰ ਦੇ ਤਿੰਨ ਫ਼ੁਰਮਾਨ, ਜਹਾਂਗੀਰ ਦੇ ਦੋ ਫ਼ੁਰਮਾਨ ਅਤੇ ਸ਼ਾਹਜਹਾਂ ਦੇ ਸਮੇਂ ਦੇ ਸੋਲਾਂ ਫ਼ੁਰਮਾਨ ਮੱਠ ਵਿੱਚ ਸੁਰੱਖਿਅਤ ਹਨ।

ਵੰਸ਼[ਸੋਧੋ]

ਸ਼ੈਵ ਤੇ ਸਨਾਤਨ ਧਰਮ ਵਿੱਚ ਜੰਗਮ ਵੰਸ਼ ਵਿੱਚ ਪੈਦਾ ਹੋਏ ਵਿਅਕਤੀ ਦਾ ਵੀ ਬੜਾ ਮਾਣ ਹੁੰਦਾ ਹੈ। ਹਰ ਤਿਉਹਾਰ ਅਤੇ ਵਿਸ਼ੇਸ਼ ਧਾਰਮਿਕ ਕਾਰਜਾਂ ਵਿੱਚ ਇਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੀ ਪਾਠ-ਪੂਜਾ ਕਰਨ ਉੱਪਰੰਤ ਉਨ੍ਹਾਂ ਦੀ ਚਰਨਾਮ੍ਰਤ ਲੈ ਕੇ ਹੀ ਅੱਗੇ ਕਾਰਜ ਸ਼ੁਰੂ ਕੀਤਾ ਜਾਂਦਾ ਹੈ। ਵੀਰ ਸ਼ੈਵ ਵਿੱਚ ਤਾਂ ਇਹ ਪ੍ਰਥਾ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ। ਇਸ ਪ੍ਰਥਾ ਤੋਂ ਇਹ ਸਿੱਧ ਹੁੰਦਾ ਹੈ ਕਿ ਜੰਗਮ ਵੰਸ਼ ਵਿੱਚ ਬਹੁਤ ਪਹਿਲਾਂ ਤੋਂ ਅਨੇਕ ਮਹਾਂਪੁਰਖ ਹੋਏ ਹਨ, ਜਿਹਨਾਂ ਦੀ ਮਹੱਤਤਾ ਨੂੰ ਜਾਣਦੇ ਹੋਏ ਉਨ੍ਹਾਂ ਦੀ ਪੂਜਾ ਦੀ ਪ੍ਰਥਾ ਵੀ ਚੱਲੀ ਆਈ ਹੋਈ ਹੈ। ਜੰਗਮ ਵੰਸ਼ ਵਿੱਚ ਅੱਜ ਵੀ ਕਿਤੇ-ਕਿਤੇ ਜੀਵਨ ਮੁਕਤ ਲੋਕ ਦਿਖਾਈ ਦਿੰਦੇ ਹਨ। ਸਾਰੇ ਜੰਗਮ ਲੋਕਾਂ ਨੂੰ ਆਪਣੇ ਸ਼ੁੱਧ ਆਚਾਰ-ਵਿਚਾਰ ਤੇ ਵਿਵਹਾਰ ਕਾਰਨ ਸ਼ੈਵ ਮਤੇ ਦੇ ਲੋਕ ਇਨ੍ਹਾਂ ਨੂੰ ਪਰਮਪੂਜ ਮੰਨਦੇ ਹਨ।

ਗੁਰੂ ਜਾਂ ਪਰਮਗੁਰੂ[ਸੋਧੋ]

ਆਪਣੀ ਇਸ ਬਾਣੀ ਵਿੱਚ ਗੁਰੂ ਤਾਂ ਗੁਰੂ ਹੀ ਹੁੰਦਾ ਹੈ ਜਿਸ ਨੂੰ ਪਰਮਗੁਰੂ ਕਹਿੰਦੇ ਹਨ ਉਨ੍ਹਾਂ ਨੂੰ ਜੰਗਮ ਕਿਹਾ ਜਾਂਦਾ ਹੈ। ਸੰਸਾਰ ਵਿੱਚ ਜਿਸ ਤਰ੍ਹਾਂ ਦਾਦਾ, ਪਿਤਾ ਅਤੇ ਪੁੱਤਰ ਦੋਵਾਂ ਤੋਂ ਸ੍ਰੇਸ਼ਠ ਹੁੰਦਾ ਹੈ ਉਸੇ ਹੀ ਤਰ੍ਹਾਂ ਜੰਗਮ ਲਿੰਗ ਤੇ ਗੁਰੂ ਤੋਂ ਵੀ ਸ੍ਰੇਸ਼ਠ ਹੁੰਦਾ ਹੈ। ਘਰ ਵਿੱਚ ਜੇਕਰ ਜੰਗਮ ਆ ਪਧਾਰੇ ਤਾਂ ਲਿੰਗ ਦੀ ਪੂਜਾ ਤੋਂ ਵੀ ਪਹਿਲਾਂ ਜੰਗਮ ਦੀ ਪਾਠ-ਪੂਜਾ ਕਰਨ ਦਾ ਵਿਧਾਨ ਸ਼ੈਵ ਮੱਤ ਵਿੱਚ ਹੈ। ਇਸੇ ਮਾਨਤਾ ਦੇ ਆਧਾਰ ‘ਤੇ ਅੱਜ ਦੀ ਸ਼ਿਵਕਥਾ ਤੇ ਲਿੰਗ ਪੂਜਾ ਦਾ ਦਾਨ ਜੰਗਮ ਹੀ ਗ੍ਰਹਿਣ ਕਰਦੇ ਹਨ।

ਸ਼ਿਵਾ ਚਾਰੀਯਾ[ਸੋਧੋ]

ਸ਼ਿਵ ਪੁਰੋਹਿਤ ਹੋਣ ਕਾਰਨ ਦਸ਼ਨਾਮੀ ਸਾਧੂ ਸੰਨਿਆਸੀ ਇਨ੍ਹਾਂ ਨੂੰ ਸ਼ਿਵਾ ਚਾਰੀਯਾ, ਪਰਮਗੁਰੂ ਤੇ ਪੁਰੋਹਿਤ ਕਹਿ ਕੇ ਬੁਲਾਉਂਦੇ ਹਨ ਅਤੇ ਇਸ ਸੰਪਰਦਾ ਦੇ ਵਿਅਕਤੀਆਂ ਨੂੰ ਆਪਣਾ ਬਣਾਉਣ ਦੀ ਮਨਾਹੀ ਹੈ। ਨਾਗਾ ਸਾਧੂ ਤਾਂ ਇਨ੍ਹਾਂ ਨੂੰ ਹੋਰ ਵੀ ਜ਼ਿਆਦਾ ਮਹੱਤਵ ਦਿੰਦੇ ਹਨ ਕਿਉਂਕਿ ਕੁੰਭ ਮੌਕੇ ਨਾਗਾ ਸਾਧੂਆਂ ਦੁਆਰਾ ਸਭ ਤੋਂ ਪਹਿਲਾਂ ਜੰਗਮਾਂ ਨੂੰ ਗੰਗਾ ਇਸ਼ਨਾਨ ਕਰਵਾ ਕੇ ਦਾਨ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਦਸ਼ਨਾਮੀ ਸਾਧੂ ਸਮਾਜ ਦੇ ਸੰਤ ਸ਼ਾਹੀ ਇਸ਼ਨਾਨ ਆਖਦੇ ਹਨ। ਜੰਗਮਾਂ ਤੋਂ ਬਾਅਦ ਨਾਗਾ ਸਾਧੂ, ਨਾਗਾ ਸਾਧੂਆਂ ਤੋਂ ਬਾਅਦ ਸੰਤ ਸਮਾਜ ਤੇ ਉਨ੍ਹਾਂ ਤੋਂ ਬਾਅਦ ਆਮ ਜਨਤਾ ਇਸ਼ਨਾਨ ਕਰਦੀ ਹੈ। ਇਸੇ ਮਹੱਤਤਾ ਕਾਰਨ ਜੰਗਮ ਸੁਆਮੀ ਸ਼ਿਵਲਿੰਗ ਦੇ ਸਮਾਨ ਪਵਿੱਤਰ ਮੰਨੇ ਜਾਂਦੇ ਹਨ। ਇਨ੍ਹਾਂ ਦੇ ਸਸਕਾਰ ਤੇ ਰਵਾਇਤਾਂ ਵੀ ਬਹੁਤ ਵਿਲੱਖਣ ਹੁੰਦੀਆਂ ਹਨ। ਜੰਗਮ ਗੁਰੂ ਸਿੱਖਿਆਦਾਨ ਦੇ ਦੌਰਾਨ ਆਪਣੇ ਸ਼ਿਸ਼ ਨੂੰ ਨਾਲ ਰੱਖ ਕੇ ਸ਼ਿਵ-ਪਾਰਵਤੀ ਦਾ ਵਿਆਹ, ਲਿੰਗ ਪੂਜਾ, ਮੰਤਰੋ ਉੱਚਾਰਨ ਵਿਧੀ ਮੂੰਹ ਜ਼ੁਬਾਨੀ ਯਾਦ ਕਰਵਾਉਂਦੇ ਹਨ। ਸਾਧੂ ਸੰਨਿਆਸੀ ਤੇ ਸਾਧਾਰਨ ਜਨਤਾ ਨਾਲ ਵਿਵਹਾਰ ਕਰਨਾ ਸਿਖਾਉਂਦੇ ਹਨ। ਅੰਤ ਵਿੱਚ ਉਸ ਨੂੰ ਦੀਖਿਆ ਦੇ ਕੇ ਓਮ ਨਮਹ ਸ਼ਿਵਾਏ ਮੰਤਰ ਦਾ ਉੱਚਾਰਨ ਕਰਦੇ ਹੋਏ ਸ਼ਿਵ ਮਹਿਮਾ ਦਾ ਪ੍ਰਚਾਰ ਕਰਨ ਦਾ ਨਿਰਦੇਸ਼ ਦਿੰਦੇ ਹਨ। ਜੰਗਮ ਦੁਆਰਾ ਗਾਈ ਜਾਣ ਵਾਲੀ ਸ਼ਿਵ ਕਥਾ ਸ਼ਿਵ ਪੁਰਾਣ ਵਿੱਚ ਰਚਿਤ ਕਥਾ ਨਾਲ ਮਿਲਦੀ-ਜੁਲਦੀ ਹੈ। ਆਦਿ ਕਾਲ ਵਿੱਚ ਅਨੰਤ ਦੇਰੂ ਜੰਗਮ ਸ਼ਿਵਾਚਾਰੀਯ ਦੁਆਰਾ ਰਚੀ ਗਈ ਇਸ ਕਥਾ ਵਿੱਚ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਅੰਤ ਤੱਕ ਦਾ ਵਰਣਨ ਕੀਤਾ ਗਿਆ ਹੈ।

ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।