ਡੂੰਘੀਆਂ ਸਿਖਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡੂੰਘੀਆਂ ਸਿਖਰਾਂ ਪ੍ਰਸਿੱਧ ਪੰਜਾਬੀ ਲੇਖਕ ਨਰਿੰਦਰ ਸਿੰਘ ਕਪੂਰ ਦੀ ਵਾਰਤਕ ਪੁਸਤਕ ਹੈ। ਇਸ ਪੁਸਤਕ ਵਿਚ ਲੇਖਕ ਨੇ ਵਿਚਾਰਤਮਕ ਨਿਬੰਧ ਪੇਸ਼ ਕੀਤੇ ਹਨ ਜਿਹਨਾਂ ਵਿਚ ਉਹ ਆਪਣੇ ਅਨੁਭਵ ਦੇ ਨਾਲ ਨਾਲ ਚਿੰਤਨ ਤੇ ਦਲੀਲ ਪੇਸ਼ ਕਰਦਾ ਹੈ। ਇਹ ਕਿਤਾਬ 2006 ਵਿਚ ਲੋਕਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਹ 21 ਨਿਬੰਧਾਂ ਦਾ ਸੰਗ੍ਰਹਿ ਹੈ। ਪਹਿਲੇ ਨਿਬੰਧ ਦਾ ਸਿਰਲੇਖ 'ਸਿਦਕ, ਸਿਰੜ ਅਤੇ ਦ੍ਰਿੜਤਾ' ਹੈ ਜਦਕਿ ਆਖ਼ਰੀ ਨਿਬੰਧ 'ਡੂੰਘੀਆਂ ਸਿਖਰਾਂ' ਹੈ। ਪੁਸਤਕ ਦੇ ਕੁੱਲ ਪੰਨਿਆਂ ਦੀ ਗਿਣਤੀ 196 ਹੈ।

ਡੂੰਘੀਆਂ ਸਿਖਰਾਂ
ਡੂੰਘੀਆਂ ਸਿਖਰਾਂ
ਲੇਖਕਨਰਿੰਦਰ ਸਿੰਘ ਕਪੂਰ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸਾਹਿਤ
ਵਿਧਾਵਾਰਤਕ
ਪ੍ਰਕਾਸ਼ਨ2006
ਸਫ਼ੇ196
ਆਈ.ਐਸ.ਬੀ.ਐਨ.81-7142-089-3

ਤਤਕਰਾ[ਸੋਧੋ]

ਕਿਤਾਬ ਵਿਚ ਭੂਮਿਕਾ ਵਜੋਂ 'ਮੁੱਢਲੇ ਸ਼ਬਦ' ਦਰਜ ਕਰਨ ਉਪਰੰਤ 21 ਨਿਬੰਧ ਸ਼ਾਮਿਲ ਹਨ, ਜਿਹਨਾਂ ਦੇ ਸਿਰਲੇਖ ਇਸ ਪ੍ਰਕਾਰ ਹਨ :-

  1. ਸਿਦਕ, ਸਿਰੜ ਅਤੇ ਦ੍ਰਿੜਤਾ
  2. ਸੋਹਣੇ ਅਤੇ ਪਿਆਰੇ
  3. ਇਵੇਂ ਕਿਉਂ ਹੁੰਦਾ ਹੈ?
  4. ਯੋਗਤਾ ਅਤੇ ਸਮਰੱਥਾ
  5. ਪੈਸਾ, ਧਨ ਅਤੇ ਦੌਲਤ
  6. ਸੇਵਾ, ਸਹਿਯੋਗ ਅਤੇ ਸਹਾਇਤਾ
  7. ਆਵਾਜ਼ ਅਤੇ ਗੂੰਜ
  8. ਮਿਲਣਾ ਅਤੇ ਵਿਛੜਣਾ
  9. ਇਕ ਹੀ ਮੌਸਮ ਪੱਤਝੜ ਦਾ!
  10. ਪੁਲ ਅਤੇ ਪੌੜੀਆਂ
  11. ਨਿੱਕੀਆਂ ਕਣੀਆਂ ਦਾ ਮੀਂਹ
  12. ਯਾਦ ਕਰਦਿਆਂ...
  13. ਇਕੱਤੀ ਐਤਵਾਰਾਂ ਵਾਲਾ ਮਹੀਨਾ
  14. ਚੰਗਿਆਂ ਨੂੰ ਚੰਗੇ ਲਗਣ ਦੀ ਰੀਝ
  15. ਜ਼ਿੰਦਗੀ ਵਿਚੋਂ ਗੁਜ਼ਰਦਿਆਂ...
  16. ਮੁਸਕ੍ਰਾਹਟ ਦੀ ਵਿਆਕਰਣ
  17. ਵਿਦਿਆ ਅਤੇ ਵਿਦਿਆਰਥੀ
  18. ਜੀਵਨ ਦਾ ਵਿਹਾਰਕ ਪੱਖ
  19. ਜਗਤ ਮੇਲੇ ਨੂੰ ਬੇਦਾਵਾ
  20. ਲੰਮੇ ਇਤਿਹਾਸ ਦੀ ਸੰਖੇਪ ਕਹਾਣੀ
  21. ਡੂੰਘੀਆਂ ਸਿਖਰਾਂ

ਉਦੇਸ਼[ਸੋਧੋ]

ਇਸ ਕਿਤਾਬ ਦੇ ਉਦੇਸ਼ ਬਾਰੇ ਖ਼ੁਦ ਨਰਿੰਦਰ ਸਿੰਘ ਕਪੂਰ ਇਸਦੀ ਭੂਮਿਕਾ ਵਿਚ ਲਿਖਦੇ ਹਨ, "ਇਸ ਪੁਸਤਕ ਵਿਚਲੇ ਲੇਖਾਂ ਦਾ ਉਦੇਸ਼ ਸਿਦਕ, ਸਿਰੜ ਅਤੇ ਦ੍ਰਿੜਤਾ ਨਾਲ ਜੀਵਨ ਵਿਚ ਆਪ ਸਫਲ ਹੋਣਾ ਅਤੇ ਹੋਰਨਾਂ ਦੀ ਸਫਲਤਾ ਦਾ ਕਾਰਨ ਬਣਨਾ ਹੈ।"[1] ਡੂੰਘੀਆਂ ਸਿਖਰਾਂ ਇਕ ਪ੍ਰੇਰਣਾ ਭਰਪੂਰ ਪੁਸਤਕ ਹੈ ਜੋ ਪਾਠਕ ਨੂੰ ਹਰ ਪ੍ਰਕਾਰ ਦੀ ਨਕਾਰਾਤਮਕਤਾ ਤੋਂ ਮੁਕਤ ਕਰ ਕੇ ਸਕਾਰਾਤਮਕ ਸੋਚ ਅਪਣਾਉਣ ਦੀ ਪ੍ਰੇਰਨਾ ਦਿੰਦੀ ਹੈ।

ਕਿਤਾਬ ਬਾਰੇ[ਸੋਧੋ]

ਡੂੰਘੀਆਂ ਸਿਖਰਾਂ ਵਿਚ ਅਜੋਕੇ ਦੌਰ ਦੀਆਂ ਵਿਸੰਗਤੀਆਂ ਅਤੇ ਅੰਤਰਵਿਰੋਧਾਂ ਨਜਿੱਠਣ ਲਈ ਮਨੁੱਖ ਕਾਰਗਰ ਉਪਾਅ ਦੱਸੇ ਗਏ ਹਨ। ਲੇਖਕ ਨੇ ਬੜੇ ਵਿਸ਼ਵਾਸਯੋਗ ਢੰਗ ਨਾਲ ਸਮਝਾਇਆ ਹੈ ਕਿ ਆਧੁਨਿਕ ਹੋਣ ਦਾ ਅਰਥ ਪਰੰਪਰਾ ਤੋਂ ਬੇਮੁਖ ਹੋ ਜਾਣਾ ਨਹੀਂ ਬਲਕਿ ਆਪਣੇ ਯੁੱਗ ਦੇ ਮਿਜ਼ਾਜ ਅਨੁਸਾਰ ਵਿਚਰਨਾ, ਨਿਖਰਨਾ ਹੈ। ਨਾਕਾਰਾਤਮਕ ਸੋਚ ਨਾਲ ਅਸੀਂ ਆਪਣੇ ਸਮਕਾਲੀ ਯੁੱਗ ਨੂੰ ਮੁਖ਼ਾਤਿਬ ਨਹੀਂ ਹੋ ਸਕਦੇ ਬਲਕਿ ਮਨੁੱਖੀ ਜੀਵਨ ਦੇ ਕਿਸੇ ਵੀ ਪੜਾਅ ਵਿਚ ਸਕਾਰਾਤਮਕ ਸੋਚ ਹੀ ਸਾਡੀ ਸਹਾਇਤਾ ਅਤੇ ਅਗਵਾਈ ਕਰ ਸਕਦੀ ਹੈ। ਇਹ ਕਿਤਾਬ ਇਕ ਪ੍ਰਕਾਰ ਦਾ ਸਦਾਚਾਰ ਸੰਹਿਤਾ (ਸੰਗ੍ਰਹਿ) ਹੈ, ਜਿਸ ਵਿਚ ਪੂੰਜੀਵਾਦੀ ਯੁੱਗ ਦੇ ਨੈਤਿਕ ਸ਼ਾਸਤਰ ਦਾ ਬੋਧ ਕਰਵਾਇਆ ਗਿਆ ਹੈ। ਕਿਤਾਬ ਵਿਚ ਦਰਜ ਨਿਬੰਧ ਸੰਦੇਸ਼ਮੁਖੀ ਹਨ। ਇਸਦੇ ਸੰਦੇਸ਼ ਵਿਚ ਨੈਤਿਕ ਮੁੱਲਾਂ ਦਾ ਸੰਚਾਰ ਪਿਆ ਹੈ। ਨਿਬੰਧਾਂ ਦੀ ਮੂਲ ਟੇਕ ਅਜੋਕੇ ਮਨੁੱਖ ਅੰਦਰ ਸ੍ਵੈ ਵਿਸ਼ਵਾਸ ਭਰਨ 'ਤੇ ਹੈ। ਇਸਦੇ ਚੱਲਦਿਆਂ ਨਿਬੰਧਾਂ ਦੀ ਸੁਰ ਉਪਦੇਸ਼ਾਤਮਕ ਵੀ ਹੋ ਜਾਂਦੀ ਹੈ। ਨੈਤਿਕਤਾ ਅਤੇ ਮਨੋਵਿਗਿਆਨ ਲਗਪਗ ਹਰ ਨਿਬੰਧ ਦਾ ਹਿੱਸਾ ਹਨ। ਹਰ ਨਿਬੰਧ ਦਾ ਸੰਚਾਰ ਇਸਦੇ ਸਮੁੱਚ ਵਿਚ ਹੁੰਦਾ ਹੈ। ਨਿਬੰਧਾਂ ਵਿਚ ਸਰਲਤਾ ਅਤੇ ਸੁਹਿਰਦਤਾ ਦਾ ਸੁਮੇਲ ਹੈ। ਕਿਤਾਬ ਵਿਚ ਦਰਜ ਨਿਬੰਧਾਂ ਵਿਚ ਲੇਖਕ ਦੀ ਬਾਰੀਕ ਦ੍ਰਿਸ਼ਟੀ ਸਮੋਈ ਹੋਈ ਹੈ। ਰੋਜ਼ਮਰਾ ਦੇ ਕੰਮਾਂ ਤੇ ਅਨੁਭਵਾਂ ਦੀਆਂ ਬਾਰੀਕੀਆਂ ਨੂੰ ਲੱਛੇਦਾਰ ਸ਼ੈਲੀ ਵਿਚ ਪੇਸ਼ ਕੀਤਾ ਹੈ। ਲੇਖਕ ਨੇ ਵਿਹਾਰਕ ਨੁਕਤਾ ਨਿਗਾਹ ਤੋਂ ਮਨੋਵਿਗਿਆਨਕ ਛੋਹਾਂ ਦੇ ਕੇ ਵਿਸ਼ਿਆਂ ਸੰਬੰਧੀ ਆਪਣੇ ਵਿਚਾਰ ਦਿੱਤੇ ਹਨ। ਕਿਤਾਬ ਵਿਚ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਸਮੋਏ ਹੋਏ ਹਨ। ਇਹ ਅਲੱਗ ਅਲੱਗ ਵਿਚਾਰ ਕਿਤੇ ਕਿਤੇ ਵਿਰੋਧੀ ਵਿਚਾਰ ਵੀ ਬਣ ਜਾਂਦੇ ਹਨ। ਕਿਤਾਬ ਵਿਚ ਕਈ ਵਾਕ ਤਲਾਸ਼ੇ ਜਾ ਸਕਦੇ ਹਨ ਜਿਹਨਾਂ ਵਿਚ ਸਪਸ਼ਟ ਅੰਤਰ ਵਿਰੋਧ ਹੈ। ਮਿਸਾਲ ਵਜੋਂ ਕਿਤਾਬ ਦੇ ਦੂਜੇ ਨਿਬੰਧ ‘ਸੋਹਣੇ ਅਤੇ ਪਿਆਰੇ’ ਵਿਚ ਲੇਖਕ ਨੈਣ ਨਕਸ਼ਾਂ ਦੀ ਗੱਲ ਕਰਦਾ ਹੈ। ਨਿਬੰਧ ਦਾ ਦੂਜਾ ਵਾਕ ਹੈ – “ਲੋਕ ਸੋਹਣੇ, ਨੈਣ-ਨਕਸ਼ਾਂ ਕਰਕੇ ਲੱਗਦੇ ਹਨ ਪਰ ਪਿਆਰ ਉਹਨਾਂ ਦੇ ਗੁਣਾਂ ਨਾਲ ਕੀਤਾ ਜਾਂਦਾ ਹੈ।”[2] ਨਿਬੰਧ ਵਿਚ ਇਕ ਹੋਰ ਵਾਕ ਹੈ – “ਸੋਹਣੇ ਹੋਣ ਵਿਚ ਨੈਣ-ਨਕਸ਼ਾਂ ਦਾ ਬਹੁਤਾ ਯੋਗਦਾਨ ਨਹੀਂ ਹੁੰਦਾ”[3]। ਇਸ ਤਰ੍ਹਾਂ ਕਿਤਾਬ ਵਿਚ ਕੁਝ ਕੁ ਥਾਂਵਾਂ ’ਤੇ ਹੋਇਆ ਮਿਲਦਾ ਹੈ। ਇਕ ਵਿਸ਼ੇ ਬਾਰੇ ਗੱਲ ਕਰਦਿਆਂ ਕਈ ਵਾਰ ਗੱਲ ਵਿਸ਼ੇ ਦੇ ਦਾਇਰੇ ਤੋਂ ਬਾਹਰ ਚਲੀ ਜਾਂਦੀ ਹੈ। ਕਿਤਾਬ ਦੇ ਸਿਰਜਣਾਤਮਕ ਦੋਸ਼ਾਂ ਵਿਚ ਦੁਹਰਾਅ ਵੀ ਸ਼ਾਮਿਲ ਹੈ।

ਵਾਰਤਕ ਨਮੂਨਾ[ਸੋਧੋ]

  • ਸੋਹਣਿਆਂ ਨੂੰ ਵੇਖਦੀਆਂ ਅੱਖਾਂ ਹਨ ਪਰ ਖਿੱਚ ਦਿਲ ਨੂੰ ਪੈਂਦੀ ਹੈ, ਪ੍ਰਸੰਨ ਮਨ ਹੁੰਦਾ ਹੈ, ਭੱਖਦਾ ਸਰੀਰ ਹੈ ਅਤੇ ਰੱਜਦਾ ਦਿਮਾਗ ਹੈ।
  • ਧਰਤੀ ਉਤੇ ਜੀਵਨ ਨੂੰ ਚਲਾਉਂਦਾ ਤਾਂ ਸੂਰਜ ਹੈ ਪਰ ਘੁੰਮਾਉਂਦਾ ਪੈਸਾ ਹੈ।
  • ਮਹਾਨ ਸੰਗੀਤ ਉਹ ਹੈ ਜਿਹੜਾ ਸਦੀਆਂ ਪੁਰਾਣਾ ਹੋਵੇ ਪਰ ਸਦਾ ਨਵਾਂ ਲੱਗੇ।
  • ਪੱਤਝੜ ਵਿਚ ਪੱਤੇ ਝੜਦੇ ਹਨ, ਦਰੱਖਤ ਨਹੀਂ ਡਿੱਗਦੇ।
  • ਸੱਤ ਵਾਰ ਡਿੱਗਣਾ ਅਤੇ ਅੱਠ ਵਾਰ ਉਠਣਾ, ਸਫਲਤਾ ਦਾ ਭੇਤ ਹੈ।
  • ਸੈਰ ਤੰਦਰੁਸਤੀ ਨਹੀਂ ਦਿੰਦੀ, ਤੰਦਰੁਸਤ ਹੋਣ ਕਰਕੇ ਹੀ ਸੈਰ ਕੀਤੀ ਜਾਂਦੀ ਹੈ।
  • ਮਹਾਨ ਵਿਅਕਤੀਆਂ ਨੇ ਜੋ ਕੁਝ ਵੀ ਕੀਤਾ ਹੈ ਉਹ ਉਹਨਾਂ ਨੇ ਆਪਣੇ ਇਕ ਹੀ ਜਨਮ ਵਿਚ ਕੀਤਾ ਹੈ।
  • ਦੇਸ਼ ਕੋਈ ਹੋਵੇ, ਖੇਤੀਬਾੜੀ ਯੁਗ ਧਰਮ-ਕੇਂਦਰਿਤ ਹੁੰਦਾ ਹੈ।
  • ਅੱਧੀਆਂ ਕੁਰਬਾਨੀਆਂ, ਸੰਪੂਰਣ ਜਿੱਤਾਂ ਨਹੀਂ ਸਿਰਜ ਸਕਦੀਆਂ।

ਹਵਾਲੇ[ਸੋਧੋ]

  1. ਕਪੂਰ, ਨਰਿੰਦਰ ਸਿੰਘ (2011). ਡੂੰਘੀਆਂ ਸਿਖਰਾਂ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 8. ISBN 81-7142-089-3.
  2. ਕਪੂਰ, ਨਰਿੰਦਰ ਸਿੰਘ (2011). ਡੂੰਘੀਆਂ ਸਿਖਰਾਂ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 18. ISBN 81-7142-089-3.
  3. ਕਪੂਰ, ਨਰਿੰਦਰ ਸਿੰਘ (2011). ਡੂੰਘੀਆਂ ਸਿਖਰਾਂ. ਚੰਡੀਗੜ੍ਹ: ਲੋਕਗੀਤ ਪ੍ਰਕਾਸ਼ਨ. p. 21. ISBN 81-7142-089-3.