ਦਰਸ਼ਨ ਸਿੰਘ ਫ਼ੇਰੂਮਾਨ
ਦਰਸ਼ਨ ਸਿੰਘ ਫ਼ੇਰੂਮਾਨ | |
---|---|
ਤਸਵੀਰ:Darshan Singh Pheruman.jpg | |
ਜਨਮ | |
ਮੌਤ | 27 ਅਕਤੂਬਰ 1969 ਅੰਮ੍ਰਿਤਸਰ, ਪੰਜਾਬ, ਭਾਰਤ | (ਉਮਰ 84)
ਮੌਤ ਦਾ ਕਾਰਨ | ਭੁੱਖ ਹੜਤਾਲ |
ਰਾਸ਼ਟਰੀਅਤਾ | ਭਾਰਤੀ |
ਖਿਤਾਬ | ਮੈਂਬਰ ਪਾਰਲੀਮੈਂਟ |
ਮਿਆਦ | 1947 - 1964 |
ਰਾਜਨੀਤਿਕ ਦਲ | ਭਾਰਤੀ ਰਾਸ਼ਟਰੀ ਕਾਂਗਰਸ (1947 - 1959) ਸੁਤੰਤਰ ਪਾਰਟੀ |
ਦਰਸ਼ਨ ਸਿੰਘ ਫ਼ੇਰੂਮਾਨ (1 ਅਗਸਤ 1886 - 24 ਅਗਸਤ 1969) ਪੰਜਾਬ ਦਾ ਇੱਕ ਸਿੱਖ ਲੀਡਰ ਸੀ।[1] ਇਹ ਪੰਜਾਬ ਨੂੰ ਚੰਡੀਗੜ੍ਹ ਦੇਣ ਦੇ ਮਸਲੇ ਉੱਤੇ ਵਰਤ ਰੱਖ ਕੇ ਸ਼ਹੀਦ ਹੋ ਗਿਆ ਸੀ। ਉਸ ਨੇ ਜੈਤੋ ਦੇ ਮੋਰਚੇ ਵਿੱਚ ਛੇ ਮਹੀਨੇ ਜੇਲ੍ਹ ਕੱਟੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਦੋ ਵਾਰ ਇਸ ਦਾ ਜਨਰਲ ਸਕੱਤਰ ਵੀ ਰਿਹਾ।
ਜ਼ਿੰਦਗੀ
[ਸੋਧੋ]ਦਰਸ਼ਨ ਸਿੰਘ ਦਾ ਜਨਮ ਚੰਦਾ ਸਿੰਘ, ਪਿੰਡ ਫੇਰੂਮਾਨ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਦੇ ਘਰ ਹੋਇਆ ਸੀ। 1912 ਵਿੱਚ, ਉਹ ਇੱਕ ਸਿਪਾਹੀ ਦੇ ਤੌਰ ਉੱਤੇ ਭਾਰਤੀ ਫੌਜ ਵਿੱਚ ਸ਼ਾਮਲ ਹੋ ਗਿਆ। 1914 ਵਿੱਚ, ਉਸ ਨੇ ਫੌਜ ਛੱਡ ਦਿੱਤੀ ਅਤੇ ਹਿਸਾਰ ਵਿੱਚ ਆਪਣਾ ਉਸਾਰੀ ਦਾ ਕਾਰੋਬਾਰ ਸ਼ੁਰੂ ਕੀਤਾ।[2]
”ਦ ਗ਼ਦਰ ਡਾਇਰੈਕਟਰੀ” ਵਿੱਚੋਂ ਸੰਕਲਿਤ ਡਾਇਰੈਕਟਰ ਇੰਟੈਲੀਜੈਂਸ ਬਿਊਰੋ, ਹੋਮ ਡਿਪਾਰਟਮੈਂਟ, ਗੌਰਮਿੰਟ ਆਫ਼ ਇੰਡੀਆ ਦੁਆਰਾ 29 ਮਾਰਚ 1934 ਨੂੰ ਸੰਪਾਦਿਤ ਖ਼ੁਫ਼ੀਆ ਰਿਪੋਰਟ ਵਿੱਚ ਦਰਸ਼ਨ ਸਿੰਘ ਬਾਰੇ ਦਿੱਤਾ ਹੈ: ”ਦਰਸ਼ਨ ਸਿੰਘ ਪੁੱਤਰ ਚੰਦਾ ਸਿੰਘ, ਪਿੰਡ ਫੇਰੂਮਾਨ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ। ਪਹਿਲੀ ਵਾਰ ਉਸ ਨੂੰ ਜੁਲਾਈ 1923 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਗਰਮੀਆਂ ਵਿੱਚ ਦੇਖਿਆ ਗਿਆ ਸੀ। ਪਿੱਛੋਂ ਉਹ ਜੈਤੋ ਵਾਲੇ ਸ਼ਹੀਦੀ ਜਥਿਆਂ ਵਿੱਚੋਂ ਇੱਕ ਜਥੇ ਦਾ ਜਥੇਦਾਰ ਬਣਿਆ ਅਤੇ ਉਸ ਨੂੰ ਛੇ ਮਹੀਨੇ ਦੀ ਸਖ਼ਤ ਕੈਦ ਤੇ 100 ਰੁਪਏ ਜੁਰਮਾਨੇ ਦੀ ਸਜ਼ਾ ਹੋਈ ਸੀ।[3]
ਮਰਨ ਵਰਤ
[ਸੋਧੋ]1960, 61 ਤੇ 65 ਵਿੱਚ ਕੁੱਝ ਅਕਾਲੀ ਆਗੂਆਂ ਵਲੋਂ ਮਰਨ ਵਰਤ ਰੱਖ ਕੇ ਛੱਡ ਦੇਣ ਦੀ ਬਦਨਾਮੀ ਮਗਰੋਂ ਪੁਰਾਣੇ ਅਕਾਲੀ, ਬਾਅਦ ਵਿੱਚ ਕਾਂਗਰਸੀ ਅਤੇ 1969 ਵਿੱਚ ਸੁਤੰਤਰ ਪਾਰਟੀ ਦੇ ਆਗੂ, ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਤੇ ਹੋਰ ਮੰਗਾਂ ਦੇ ਨਾਲ-ਨਾਲ ਸਿੱਖ ਧਰਮ ਉੱਤੇ ਫ਼ਤਿਹ ਸਿੰਘ-ਮਾਸਟਰ ਤਾਰਾ ਸਿੰਘ-ਸੰਪੂਰਨ ਸਿੰਘ ਰਾਮਾ-ਚੰਨਣ ਸਿੰਘ-ਉਮਰਾਨੰਗਲ-ਸ਼ਰੀਂਹ ਵਗ਼ੈਰਾ ਦੇ ਵਰਤ ਛੱਡਣ ਨਾਲ ਲੱਗੇ 'ਕਲੰਕ' ਨੂੰ ਲਾਹੁਣ ਵਾਸਤੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿਤਾ। ਦਰਸ਼ਨ ਸਿੰਘ ਫੇਰੂਮਾਨ ਦੇ ਮਰਨ ਵਰਤ ਦਾ ਐਲਾਨ ਕਰਨ ਉੱਤੇ ਉਸ ਨੂੰ ਪੰਜਾਬ ਦੀ ਅਕਾਲੀ ਸਰਕਾਰ ਨੇ 12 ਅਗੱਸਤ ਨੂੰ ਗ੍ਰਿਫ਼ਤਾਰ ਕਰ ਕੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿੱਚ ਭੇਜ ਦਿੱਤਾ। ਦਰਸ਼ਨ ਸਿੰਘ ਫੇਰੂਮਾਨ ਨੇ ਐਲਾਨ ਮੁਤਾਬਕ 15 ਅਗੱਸਤ, 1969 ਨੂੰ ਜੇਲ੍ਹ ਵਿੱਚ ਹੀ ਅਪਣਾ ਮਰਨ ਵਰਤ ਸ਼ੁਰੂ ਕਰ ਦਿਤਾ। 25 ਸਤੰਬਰ, 1969 ਨੂੰ ਜਦੋਂ ਫੇਰੂਮਾਨ ਦਾ ਮਰਨ ਵਰਤ 42ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਾ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਸਰਬ-ਪਾਰਟੀ ਕਾਨਫ਼ਰੰਸ ਚੰਡੀਗੜ੍ਹ ਵਿੱਚ ਹੋਈ ਜਿਸ ਨੇ ਕੇਂਦਰ ਤੋਂ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। 28 ਸਤੰਬਰ ਨੂੰ ਸੱਤ ਪਾਰਟੀਆਂ ਦੇ 60 ਐਮ.ਐਲ.ਏਜ਼. ਨੇ, ਪਾਰਲੀਮੈਂਟ ਦੇ ਬਾਹਰ, ਚੰਡੀਗੜ੍ਹ ਵਾਸਤੇ ਧਰਨਾ ਮਾਰਿਆ। ਸਾਰੀਆਂ ਪਾਰਟੀਆਂ ਵਲੋਂ ਗਿਆਨੀ ਭੂਪਿੰਦਰ ਸਿੰਘ ਨੂੰ ਫੇਰੂਮਾਨ ਨੂੰ ਮਿਲ ਕੇ ਵਰਤ ਛੱਡਣ ਦੀ ਅਪੀਲ ਕਰਨ ਵਾਸਤੇ ਭੇਜਿਆ ਗਿਆ। ਪਹਿਲੀ ਅਕਤੂਬਰ, 1969 ਨੂੰ ਜਦੋਂ ਵਰਤ ਦਾ 47ਵਾਂ ਦਿਨ ਸੀ, ਗਿਆਨੀ ਭੂਪਿੰਦਰ ਸਿੰਘ, ਫੇਰੂਮਾਨ ਨੂੰ ਮਿਲਿਆ ਅਤੇ ਵਰਤ ਛੱਡਣ ਦੀ ਅਪੀਲ ਕੀਤੀ। ਫੇਰੂਮਾਨ ਨੇ ਭੂਪਿੰਦਰ ਸਿੰਘ ਨੂੰ ਜਵਾਬ ਦਿਤਾ, ਤੁਸੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਹੋ। ਤੁਹਾਨੂੰ ਸਿੱਖ ਦੀ ਅਰਦਾਸ ਦਾ ਮਤਲਬ ਤੇ ਮਹਾਨਤਾ ਜਾਣਨੀ ਚਾਹੀਦੀ ਹੈ। ਮੈਂ ਤਾਂ ਚੰਡੀਗੜ੍ਹ ਮਿਲਣ ਉੱਤੇ ਹੀ ਮਰਨ ਵਰਤ ਛੱਡਾਂਗਾ। 12 ਅਕਤੂਬਰ ਨੂੰ ਹਰਿਆਣੇ ਦੇ ਉਦੈ ਸਿੰਹ ਮਾਨ ਨੇ ਅਪਣਾ ਵਰਤ ਛੱਡ ਦਿਤਾ ਪਰ ਫੇਰੂਮਾਨ ਨੇ ਸਭ ਅਪੀਲਾਂ ਠੁਕਰਾ ਦਿਤੀਆਂ। 11 ਅਕਤੂਬਰ ਨੂੰ ਫੇਰੂਮਾਨ ਤੋਂ ਪੁਲਿਸ ਦਾ ਪਹਿਰਾ ਵੀ ਹਟਾ ਲਿਆ ਗਆ ਤੇ ਸਾਰੇ ਮੁਕੱਦਮੇ ਵਾਪਸ ਲੈ ਲਏ ਗਏ। ਮਰਨ ਵਰਤ ਦੇ 74ਵੇਂ ਦਿਨ, 27 ਅਕਤੂਬਰ, 1969 ਦੇ ਦਿਨ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਚੜ੍ਹਾਈ ਕਰ ਗਿਆ ਅਤੇ ਅਕਾਲੀ ਆਗੂਆਂ ਦੀ ਮਰਨ ਵਰਤ ਤੋਂ ਭੱਜਣ ਦੀ ਬੁਜ਼ਦਿਲੀ ਦਾ ਦਾਗ਼ ਮਿਟਾ ਗਿਆ।
ਕੁਰਬਾਨੀ
[ਸੋਧੋ]ਉਸ ਦੀ ਕੁਰਬਾਨੀ ਨੂੰ ਅਕਸਰ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਇਕੋ ਇਕੋ ਮੰਗ ਨਾਲ ਜੋੜਿਆ ਜਾਂਦਾ ਹੈ ਜਦੋਂ ਕਿ ਉਸ ਦੇ ਸਰੋਕਾਰ ਇਸ ਤੋਂ ਕਿਤੇ ਅਗਾਂਹ ਸਨ। ਉਸ ਨੇ ਆਪਣੀ ਵਸੀਹਤ ਵਿੱਚ ਬਿਆਨ ਕੀਤਾ ਹੈ: “ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਛਤਾਵਾ ਕਰੇ ਤਾਂ ਜੋ ਪੰਥ, ਆਜ਼ਾਦ ਹਿੰਦੋਸਤਾਨ ਵਿੱਚ ਆਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ।”[4]
ਹਵਾਲੇ
[ਸੋਧੋ]- ↑ ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. pp. 529–530.
- ↑ Singh, Ranjit (2008). Sikh Achievers. New Delhi, India: Hemkunt Publishers. pp. 36–37. ISBN 8170103657.
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-09-24. Retrieved 2015-05-27.
{{cite web}}
: Unknown parameter|dead-url=
ignored (|url-status=
suggested) (help) - ↑ ਜਗਤਾਰ ਸਿੰਘ (2018-10-26). "ਪੰਜਾਬ ਦੀ ਸਿਆਸਤ ਅਤੇ ਫ਼ੇਰੂਮਾਨ ਦੀ ਵਿਰਾਸਤ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-10-29.
{{cite news}}
: Cite has empty unknown parameter:|dead-url=
(help)[permanent dead link]