ਮਾਸਟਰ ਤਾਰਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਸਟਰ ਤਾਰਾ ਸਿੰਘ

ਮਾਸਟਰ ਤਾਰਾ ਸਿੰਘ (24 ਜੂਨ, 1885-22 ਨਵੰਬਰ, 1967) ਦਾ ਜਨਮ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿੱਚ ਗੋਪੀ ਚੰਦ ਦੇ ਘਰ ਹੋਇਆ। ਉਸ ਦਾ ਬਚਪਨ ਦਾ ਨਾਂ ਨਾਨਕ ਚੰਦ ਸੀ।

ਮੁੱਢਲੀ ਵਿਦਿਆ[ਸੋਧੋ]

ਉਸ ਨੇ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਉਸ ਨੇ 1902 ਈਸਵੀ ਵਿੱਚ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਅਤੇ ਸਿੰਘ ਸਜ ਗਏ ਤੇ ਆਪ ਦਾ ਨਾਂ ਨਾਨਕ ਚੰਦ ਤੋਂ ਬਦਲ ਕੇ ਤਾਰਾ ਸਿੰਘ ਰੱਖ ਦਿੱਤਾ ਗਿਆ। 1903 ਈਸਵੀ ਵਿੱਚ ਉਸ ਨੇ ਮਿਸ਼ਨ ਸਕੂਲ ਰਾਵਲਪਿੰਡੀ ਤੋਂ ਮੈਟ੍ਰਿਕ ਦਾ ਇਮਤਿਹਾਨ ਪਾਸ ਕੀਤਾ। ਉਸ ਨੇ 1907 ਈਸਵੀ ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਦਾ ਇਮਤਿਹਾਨ ਪਾਸ ਕੀਤਾ ਅਤੇ ਬਾਅਦ ਵਿੱਚ ਟ੍ਰੇਨਿੰਗ ਕਾਲਜ ਤੋਂ ਬੀ.ਟੀ. ਪਾਸ ਕੀਤੀ।

ਨੌਕਰੀ[ਸੋਧੋ]

15 ਮਈ, 1908 ਨੂੰ ਉਹ ਖ਼ਾਲਸਾ ਹਾਈ ਸਕੂਲ ਲਾਇਲਪੁਰ ਦੇ ਹੈੱਡਮਾਸਟਰ ਨਿਯੁਕਤ ਹੋਏ। ਉਸ ਸਕੂਲ ਦੀ ਇਮਾਰਤ ਬਣਾਉਣ ਅਤੇ ਪੜ੍ਹਾਈ ਦਾ ਪ੍ਰਬੰਧ ਚਲਾਉਣ ਵਿੱਚ ਚੋਖਾ ਯੋਗਦਾਨ ਪਾਇਆ। ਉਹ ਚੱਕ 41 ਅਤੇ ਖ਼ਾਲਸਾ ਹਾਈ ਸਕੂਲ ਕੱਲਰ ਜ਼ਿਲ੍ਹਾ ਰਾਵਲਪਿੰਡੀ ਵਿੱਚ ਕੁਝ ਸਮਾਂ ਹੈੱਡਮਾਸਟਰ ਵੀ ਰਹੇ।

ਗੁਰਦੁਆਰਾ ਸੁਧਾਰ ਲਹਿਰ[ਸੋਧੋ]

1920 ਈਸਵੀ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਅਤੇ 1921 ਵਿੱਚ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਉੱਪਰੰਤ ਸਕੂਲ ਤੋਂ ਛੁੱਟੀ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨਿਯੁਕਤ ਹੋਏ।

ਚਾਬੀਆਂ ਦਾ ਮੋਰਚਾ[ਸੋਧੋ]

ਉਹ ਪਹਿਲੀ ਵਾਰ 1921 ਵਿੱਚ ਚਾਬੀਆਂ ਦੇ ਮੋਰਚੇ ਵਿੱਚ ਗ੍ਰਿਫ਼ਤਾਰ ਹੋਏ। ਉਸ ਦੀ ਦੂਜੀ ਗ੍ਰਿਫ਼ਤਾਰੀ ਅਗਸਤ 1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਹੋਈ। ਜੁਲਾਈ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਅੰਗਰੇਜ਼ ਸਰਕਾਰ ਦੁਆਰਾ ਗੱਦੀਓਂ ਲਾਹੁਣ ਵਿਰੁੱਧ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਅੰਦੋਲਨ ਸ਼ੁਰੂ ਕਰ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਕੇ ਸਾਰੇ ਲੀਡਰ ਗ੍ਰਿਫ਼ਤਾਰ ਕਰ ਲਏ ਜਿਹਨਾਂ ’ਚ ਮਾਸਟਰ ਤਾਰਾ ਸਿੰਘ ਵੀ ਸੀ। ਉਹਨਾਂ ’ਤੇ ਲਾਹੌਰ ਸੈਂਟਰਲ ਜੇਲ੍ਹ ਅਤੇ ਲਾਹੌਰ ਕਿਲ੍ਹੇ ਵਿੱਚ ਕੇਸ ਚਲਾਇਆ ਗਿਆ। 1925 ਵਿੱਚ ਗੁਰਦੁਆਰਾ ਐਕਟ ਪਾਸ ਹੋਇਆ। ਸਰ ਮੈਲਕਮ ਹੈਲੀ ਗਵਰਨਰ ਪੰਜਾਬ ਨੇ ਗ੍ਰਿਫ਼ਤਾਰ ਲੀਡਰਾਂ ਦੀ ਰਿਹਾਈ ਲਈ ਸ਼ਰਤਾਂ ਰੱਖ ਦਿੱਤੀਆਂ। ਗਵਰਨਰ ਫੁੱਟ ਪਾਉਣ ਵਿੱਚ ਕਾਮਯਾਬ ਰਿਹਾ। ਉਸ ਸਮੇਂ ਲਾਹੌਰ ਕਿਲ੍ਹੇ ਵਿੱਚ 40 ਲੀਡਰ ਸਨ। ਉਹਨਾਂ ’ਚੋਂ 23 ਲੀਡਰ 25 ਜਨਵਰੀ, 1926 ਨੂੰ ਸ਼ਰਤਾਂ ਪ੍ਰਵਾਨ ਕਰ ਕੇ ਰਿਹਾਅ ਹੋ ਗਏ। ਜਿਹਨਾਂ ਨੇ ਗਵਰਨਰ ਦੀਆਂ ਸ਼ਰਤਾਂ ਪ੍ਰਵਾਨ ਨਹੀਂ ਕੀਤੀਆਂ ਸਨ, ਉਹਨਾਂ ਵਿੱਚ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸੇਵਾ ਸਿੰਘ ਠੀਕਰੀਵਾਲਾ ਅਤੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਪ੍ਰਮੁੱਖ ਸਨ। 17 ਜੁਲਾਈ, 1926 ਨੂੰ ਤੇਜਾ ਸਿੰਘ ਸਮੁੰਦਰੀ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਉਸ ਤੋਂ ਬਾਅਦ ਬਾਕੀ ਦੇ ਆਗੂਆਂ ਨੇ ਮਾਸਟਰ ਜੀ ਨੂੰ ਆਪਣਾ ਆਗੂ ਮੰਨ ਲਿਆ। 1926 ਵਿੱਚ ਗੁਰਦੁਆਰਾ ਐਕਟ ਅਨੁਸਾਰ ਚੋਣ ਹੋਈ। ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਮਾਸਟਰ ਜੀ ਦਾ ਅਕਾਲੀਆਂ ਵਿੱਚ ਪ੍ਰਭਾਵ ਵਧਣ ਲੱਗ ਪਿਆ। 1928 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ। 1929 ਵਿੱਚ ਨਹਿਰੂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ। ਮਾਸਟਰ ਜੀ ਰਿਪੋਰਟ ਦੀ ਵਿਰੋਧਤਾ ਕਰਨ ਵਾਲਿਆਂ ਵਿੱਚੋਂ ਸੀ।

ਸਿਵਲ-ਨਾ-ਫਰਮਾਨੀ ਲਹਿਰ[ਸੋਧੋ]

1930 ਵਿੱਚ ਮਹਾਤਮਾ ਗਾਂਧੀ ਵੱਲੋਂ ਸਿਵਲ-ਨਾ-ਫਰਮਾਨੀ ਲਹਿਰ ਚਲਾਈ ਗਈ। ਉਸ ਸਮੇਂ ਮਾਸਟਰ ਜੀ 100 ਸਿੰਘਾਂ ਦਾ ਜਥਾ ਲੈ ਕੇ ਪਿਸ਼ਾਵਰ ਗਏ ਅਤੇ ਜਥੇ ਸਮੇਤ ਗ੍ਰਿਫ਼ਤਾਰ ਹੋਏ। ਗਾਂਧੀ-ਇਰਵਨ ਪੈਕਟ ਹੋਣ ’ਤੇ 1931 ਵਿੱਚ ਉਹਨਾਂ ਨੂੰ ਰਿਹਾਅ ਕੀਤਾ ਗਿਆ। 9 ਅਪਰੈਲ, 1931 ਨੂੰ ਮਾਸਟਰ ਜੀ ਨੇ ਸੈਂਟਰਲ ਸਿੱਖ ਲੀਗ ਦੇ ਨੌਵੇਂ ਇਜਲਾਸ ਦੀ ਪ੍ਰਧਾਨਗੀ ਕੀਤੀ। ਇਸ ਵਿੱਚ ਮਹਾਤਮਾ ਗਾਂਧੀ ਜੀ ਵੀ ਸ਼ਾਮਲ ਹੋਏ। 1935 ਵਿੱਚ ਮੁਸਲਮਾਨਾਂ ਨੇ ਜਦੋਂ ਸ਼ਹੀਦ ਗੰਜ ਐਜੀਟੇਸ਼ਨ ਕੀਤੀ ਤਾਂ ਮਾਸਟਰ ਜੀ ਨੇ ਇਸ ਦਾ ਡਟ ਕੇ ਵਿਰੋਧ ਕੀਤਾ। 1945 ਦੀ ਵੇਵਲ ਕਾਨਫਰੰਸ ਵਿੱਚ ਮਾਸਟਰ ਜੀ ਨੇ ਅਹਿਮ ਰੋਲ ਅਦਾ ਕੀਤਾ। 17 ਮਈ, 1946 ਨੂੰ ਕ੍ਰਿਪਸ ਮਿਸ਼ਨ ਨੇ ਸਿੱਖਾਂ ਵਿਰੁੱਧ ਫ਼ੈਸਲਾ ਦਿੱਤਾ ਅਤੇ 3 ਜੂਨ, 1946 ਨੂੰ ਮਾਊਂਟਬੈਟਨ ਦੇ ਫ਼ੈਸਲੇ ਅਨੁਸਾਰ ਹਿੰਦ-ਪਾਕਿ ਵੰਡ ਹੋਈ। ਮਾਸਟਰ ਜੀ ਨੇ ਹਿੰਦੂ-ਸਿੱਖਾਂ ਨੂੰ ਬਚਾਉਣ ਲਈ ਅਣਥੱਕ ਯਤਨ ਕੀਤੇ। 15 ਅਗਸਤ, 1947 ਨੂੰ ਦੇਸ਼ ਆਜ਼ਾਦ ਹੋਇਆ ਪਰ ਉਸ ਦਾ ਸੰਘਰਸ਼ ਖ਼ਤਮ ਨਾ ਹੋਇਆ।

ਪੰਜਾਬੀ ਸੂਬੇ ਦੀ ਮੰਗ[ਸੋਧੋ]

ਮਾਸਟਰ ਜੀ ਨੇ 28 ਮਈ, 1948 ਨੂੰ ਪੰਜਾਬੀ ਸੂਬੇ ਦੀ ਮੰਗ ਕੀਤੀ। ਉਸ ਦੂਜੀ ਵਾਰ 29 ਮਈ, 1960 ਨੂੰ ਪੰਜਾਬੀ ਸੂਬੇ ਲਈ ਫਿਰ ਮੋਰਚਾ ਲਾਇਆ। 1960 ਦੇ ਮੋਰਚੇ ਦੀ ਚੜ੍ਹਤ ਦੇਖ ਕੇ ਸਰਕਾਰ ਨੇ ਅਕਾਲੀ ਦਲ ਵਿੱਚ ਫੁੱਟ ਪਾ ਕੇ ਸਿੱਖ ਲਹਿਰ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਮਾਸਟਰ ਜੀ ਨੇ 15 ਅਗਸਤ, 1961 ਨੂੰ ਪੰਜਾਬੀ ਸੂਬੇ ਲਈ ਮਰਨ ਵਰਤ ਰੱਖਿਆ ਜੋ ਉਸ 48 ਦਿਨਾਂ ਬਾਅਦ ਛੱਡ ਦਿੱਤਾ। ਇਸ ਤੋਂ ਬਾਅਦ ਮਾਸਟਰ ਜੀ ਦਾ ਸਿੱਖਾਂ ਵਿੱਚ ਪ੍ਰਭਾਵ ਘਟਣ ਲੱਗਾ।

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਕ ਵਾਰ ਮਾਸਟਰ ਤਾਰਾ ਸਿੰਘ ਨੂੰ ਪੁਛਿਆ,"ਮਾਸਟਰ ਜੀ! ਤੁਸੀਂ ਹਰ ਵੇਲੇ ਪੰਥ ਨੂੰ ਖ਼ਤਰੇ ਦੀ ਗੱਲ ਕਰਦੇ ਹੋ, ਕੀ ਕਦੇ ਪੰਥ ਤੋਂ ਖ਼ਤਰਾ ਖ਼ਤਮ ਵੀ ਹੋਵੇਗਾ? ਮਾਸਟਰ ਜੀ ਦਾ ਜੁਆਬ ਸੀ,"ਬਿਲਕੁਲ ਨਹੀਂ! ਹਰ ਕੀਮਤੀ ਚੀਜ਼ ਜਿਵੇਂ ਹੀਰੇ, ਜਵਾਰਾਤ, ਸੋਨਾ , ਚਾਂਦੀ, ਪੈਸੇ ਆਦਿ ਨੂੰ ਹਰ ਸਮੇਂ ਖ਼ਤਰਾ ਹੁੰਦਾ ਹੈ। ਇਹਨਾਂ ਦੀ ਹਿਫ਼ਾਜ਼ਤ ਅਤੇ ਸੰਭਾਲ ਕਰਨੀ ਪੈਂਦੀ ਹੈ।ਪਰ ਸੜਕਾਂ ਦੇ ਕਿਨਾਰੇ ਪਏ ਹੋਏ ਰੋੜੇ ਅਤੇ ਪੱਥਰਾਂ ਨੂੰ ਕੋਈ ਖ਼ਤਰਾ ਨਹੀਂ।ਪੰਥ ਵੀ ਕੀਮਤੀ ਹੈ।ਜਿਸ ਦਿਨ ਪੰਥ ਨੂੰ ਖ਼ਤਰਾ ਖ਼ਤਮ ਹੋ ਗਿਆ, ਸਮਝ ਲੈਣਾ ਹੁਣ ਇਹ ਪੰਥ ਪੰਥ ਹੀ ਨਹੀਂ ਰਿਹਾ।" ਇਕ ਖ਼ਤ ਭਾਈ ਤਾਰੂ ਸਿੰਘ ਦੇ ਵਾਰਿਸਾਂ ਦੇ ਨਾਂ ਕਿਤਾਬਚਾ ਵਿੱਚੋਂ

ਰਚਨਾਵਾਂ[ਸੋਧੋ]

  1. ਮੇਰੀ ਯਾਦ (ਸਵੈ ਜੀਵਨੀ)
  2. ਬਾਬਾ ਤੇਗਾ ਸਿੰਘ
  3. ਪਿਰਮ ਪਿਆਲਾ
  4. ਗ੍ਰਿਹਸਤ ਸਿੱਖਿਆ
  5. ਮਾਸਟਰ ਤਾਰਾ ਸਿੰਘ ਦੇ ਲੇਖ ਭਾਗ ੧,੨

ਮੌਤ[ਸੋਧੋ]

1965 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਸੰਤ ਫਤਿਹ ਸਿੰਘ ਦੇ ਧੜੇ ਵਾਲੇ ਅਕਾਲੀ ਦਲ ਨੂੰ 100 ਸੀਟਾਂ ਮਿਲੀਆਂ ਅਤੇ ਮਾਸਟਰ ਜੀ ਦੇ ਅਕਾਲੀ ਦਲ ਨੂੰ ਕੇਵਲ 40 ਸੀਟਾਂ ਮਿਲੀਆਂ। ਮਾਸਟਰ ਜੀ ਨੇ ਐਲਾਨ ਕਰ ਦਿੱਤਾ ਕਿ ਕੌਮ ਨੇ ਸੰਤ ਫਤਿਹ ਸਿੰਘ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ ਹੈ ਅਤੇ ਉਹ ਸਿਆਸਤ ਤੋਂ ਲਾਂਭੇ ਹੋ ਗਏ। ਨਵੰਬਰ 1966 ਵਿੱਚ ਸਰਕਾਰ ਵੱਲੋਂ ਲੰਗੜਾ ਪੰਜਾਬੀ ਸੂਬਾ ਬਣਾਇਆ ਗਿਆ। ਮਾਸਟਰ ਤਾਰਾ ਸਿੰਘ 22 ਨਵੰਬਰ, 1967 ਨੂੰ ਆਪਣੀ ਜੀਵਨ ਯਾਤਰਾ ਸਮਾਪਤ ਕਰ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।