ਧਨੀਰਾਮ ਚਾਤ੍ਰਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਨਮ: 4 ਅਕਤੂਬਰ 1876
ਮੌਤ: 18 ਦਸੰਬਰ 1954 (ਉਮਰ 78 ਸਾਲ)
ਕਾਰਜ_ਖੇਤਰ: ਕਵੀ
ਰਾਸ਼ਟਰੀਅਤਾ: ਭਾਰਤੀ
ਭਾਸ਼ਾ: ਪੰਜਾਬੀ
ਕਾਲ: 20ਵੀਂ ਸਦੀ ਦਾ ਪਹਿਲਾ ਅਧ
ਵਿਧਾ: ਕਵਿਤਾ
ਵਿਸ਼ਾ: ਪੰਜਾਬੀ ਸੱਭਿਆਚਾਰ
ਸਾਹਿਤਕ ਲਹਿਰ: ਪੰਜਾਬੀਅਤ

ਲਾਲਾ ਧਨੀਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954)[੧] ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿੱਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। [੨] ਉਹ ਹੀ ਸਭ ਤੋਂ ਪਹਿਲੇ ਵਿਦਵਾਨ‌ ਹਨ, ਜਿਨ੍ਹਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਨ੍ਹਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ ।

ਜੀਵਨ[ਸੋਧੋ]

ਚਾਤ੍ਰਿਕ ਦਾ ਜਨਮ ਕਿੱਸਾਕਾਰ ਇਮਾਮਬਖ਼ਸ਼ ਦੇ ਪਿੰਡ ਪੱਸੀਆਂਵਾਲਾ, ਜ਼ਿਲਾ ਸਿਆਲਕੋਟ (ਪਾਕਿਸਤਾਨ) ਵਿੱਚ 4 ਅਕਤੂਬਰ, 1876 ਨੂੰ ਹੋਇਆ। ਅਜੇ ਉਨ੍ਹਾਂ ਦੀ ਅਜੇ ਬਾਲ ਉਮਰ ਹੀ ਸੀ ਕਿ ਰੋਜੀ ਦੇ ਚੱਕਰ ਵਿੱਚ ਪਰਿਵਾਰ ਲੋਪੋਕੇ, ਜ਼ਿਲਾ ਅੰਮ੍ਰਿਤਸਰ ਵਿੱਚ ਆ ਗਿਆ। ਆਰਥਿਕ ਤੰਗੀਆਂ ਕਾਰਨ ਰਸਮੀ ਸਿੱਖਿਆ ਪ੍ਰਾਇਮਰੀ ਤੱਕ ਹੀ ਸੀਮਤ ਹੋਕੇ ਰਹਿ ਗਈ ਅਤੇ ਵਸੀਕਾ ਨਵੀਸੀ ਸਿੱਖਣੀ ਪੈ ਗਈ। ਪਰ ਚੰਗੀ ਕਿਸਮਤ ਕਿ ਉਨ੍ਹਾਂ ਨੂੰ 17 ਸਾਲ ਦੀ ਉਮਰ ਵਿੱਚ ਹੀ ਭਾਈ ਵੀਰ ਸਿੰਘ ਦੇ 'ਵਜ਼ੀਰ ਹਿੰਦ ਪ੍ਰੈੱਸ' ਵਿੱਚ ਨੌਕਰੀ ਮਿਲ ਗਈ। ਇਥੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਕਵਿਤਾ ਲਿਖਣ ਦੀ ਚੇਟਕ ਲੱਗੀ।[੩] 1926 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤ੍ਰਿਕ ਜੀ ਨੂੰ ਉਸਦਾ ਪ੍ਰਧਾਨ ਚੁਣਿਆ ਗਿਆ। ਇਸ ਸਭਾ ਵਿੱਚ ਸ. ਚਰਨ ਸਿੰਘ, ਮੌਲਾ ਬਖਸ਼ ਕੁਸ਼ਤਾ, ਹੀਰਾ ਸਿੰਘ ਦਰਦ, ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਵਿਧਾਤਾ ਸਿੰਘ ਤੀਰ, ਲਾਲਾ ਕਿਰਪਾ ਸਾਗਰ, ਫਜ਼ਲਦੀਨ ਅਤੇ ਉਸਤਾਦ ਹਮਦਮ ਵਰਗੇ ਉੱਘੇ ਸਾਹਿਤਕਾਰ ਸ਼ਾਮਿਲ ਸਨ।[੪]

ਰਚਨਾਵਾਂ[ਸੋਧੋ]

  1. ਭਰਤਰਹਰੀ (1905)
  2. ਨਲ ਦਮਯੰਤੀ (1906)
  3. ਫੁੱਲਾਂ ਦੀ ਟੋਕਰੀ (1904)
  4. ਧਰਮਵੀਰ (1912)
  5. ਚੰਦਨਵਾੜੀ (1931) [੫]
  6. ਕੇਸਰ ਕਿਆਰੀ (1940)[੬]
  7. ਨਵਾਂ ਜਹਾਨ (1945 )
  8. ਸੂਫੀਖਾਨਾ (1950)[੭]
  9. ਨੂਰਜਹਾਂ ਬਾਦਸ਼ਾਹ ਬੇਗਮ (1953)

ਉਨ੍ਹਾਂ ਦੀ ਅੰਤਮ ਰਚਨਾ 1954 ਵਿੱਚ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਕੀ ਸਾਰੀਆਂ ਗੁਰਮੁਖੀ ਲਿਪੀ ਵਿੱਚ ਹਨ। ਮੁਹਾਵਰੇਦਾਰ ਠੇਠ ਪੰਜਾਬੀ ਉਨ੍ਹਾਂ ਦੀ ਅੱਡਰੀ ਪਛਾਣ ਹੈ। ਉਨ੍ਹਾਂ ਦੀਆਂ ਅਰੰਭਕ ਕਵਿਤਾਵਾਂ ਉੱਤੇ ਤਾਂ ਆਤਮਕ ਅਤੇ ਪ੍ਰਾਚੀਨ ਵਿਚਾਰਧਾਰਾ ਦੀ ਡੂੰਘੀ ਛਾਪ ਸੀ। ਪਰ ਬਾਅਦ ਵਿੱਚ ਉਨ੍ਹਾਂ ਦਾ ਰੁਝਾਨ ਯਥਾਰਥਵਾਦ ਦੇ ਵੱਲ ਹੋਇਆ। ਉਨ੍ਹਾਂ ਦੇ ਯਥਾਰਥਵਾਦ ਵਿੱਚ ਪ੍ਰਗਤੀਸ਼ੀਲ ਤੰਦਾਂ ਉਘੜਵੀਆਂ ਹਨ। ਉਨ੍ਹਾਂ ਦੀ ਕਵਿਤਾਵਾਂ ਵਿੱਚ ਸੂਫ਼ੀਵਾਦ ਦੇ ਦਰਸ਼ਨ ਵੀ ਹੁੰਦੇ ਹਨ ਧਾਰਮਿਕ ਖੇਤਰ ਵਿੱਚ ਉਹ ਸੈਕੂਲਰ ਸਾਂਤੀ ਦੇ ਹਾਮੀ ਪ੍ਰਤੀਤ ਹੁੰਦੇ ਹਨ। ਉਨ੍ਹਾਂ ਦੇ ਹਲਕੇ ਫੁਲਕੇ ਗੀਤਾਂ ਵਿੱਚ ਵਿਅਕਤੀਗਤ ਪ੍ਰੇਮ ਦਾ ਇਜ਼ਹਾਰ ਵੀ ਹੈ। ਪਰ ਉਸ ਵਿੱਚ ਲੱਜਾ ਅਤੇ ਲੱਜਾ ਦੇ ਬੰਧਨ ਮੌਜੂਦ ਹਨ। ਅਜ਼ਾਦ ਭਾਰਤ ਦੀਆਂ ਸਮੱਸਿਆਵਾਂ, ਦੇਸ਼ ਅਤੇ ਸਮਾਜ ਵਿੱਚ ਉੱਨਤ ਅਤੇ ਅਵੁਨਤ ਪੱਖ ਸੂਫੀਖਾਨਾ ਵਿੱਚ ਭਲੀ ਪ੍ਰਕਾਰ ਚਿਤਰਿਤ ਹੋਏ ਹਨ। ਮਜ਼ਮੂਨਾਂ ਦੀ ਅਤੇ ਛੰਦਾਂ ਦੀ ਬਹੁਵਿਧਤਾ (ਖਾਸ ਤੌਰ ਤੇ ਬੈਂਤ, ਦੋਹਰਾ, ਕੋਰੜਾ) ਉਨ੍ਹਾਂ ਦੀਆਂ ਕਾਵਿਗਤ ਵਿਸ਼ੇਸ਼ਤਾਵਾਂ ਹਨ। ਉਹ ਲੋਕਮੁਖੀ ਸ਼ੈਲੀ ਵਿੱਚ ਲਿਖਦੇ ਸਨ। ਵਰਣਨਾਤਮਕ ਬਿਰਤਾਂਤਕ ਸ਼ੈਲੀ ਉਨ੍ਹਾਂ ਕਿਸਾਨੀ ਬਾਰੇ ਲਿਖੇ ਹੇਠਲੇ ਕਾਵਿ-ਟੁਕੜੇ ਵਿੱਚੋਂ ਭਲੀਭਾਂਤ ਦੇਖੀ ਜਾ ਸਕਦੀ ਹੈ:

   ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
   ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
   ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
   ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ,
   ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
   ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
   ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
   ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,[੮]

ਹਵਾਲੇ[ਸੋਧੋ]