ਧੁਨੀ ਸੰਪਰਦਾਇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

'ਧੁਨੀ ਸੰਪਰਦਾਇ ਧੁਨੀ ਸਿਧਾਂਤ ਦੇ ਮੋਢੀ ਆਚਾਰੀਆ ਆਨੰਦ ਵਰਧਨ ਹਨ। ਉਹਨਾਂ ਦੁਆਰਾ ਲਿਖੇ ਗ੍ਰੰਥ ‘ਧਵਨਯਲੋਕ’ ਨਾਲ ਇਸ ਸੰਪਰਦਾਇ ਦੀ ਸਥਾਪਨਾ ਹੋਈ ਮੰਨੀ ਜਾਂਦੀ ਹੈ ਜੋ ਕਿ 9ਵੀਂ ਸਦੀ ਵਿੱਚ ਲਿਖਿਆ ਗਿਆ। ਇਸ ਸੰਪਰਦਾਇ ਬਾਰੇ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਧੁਨੀ ਸਿਧਾਂਤ ਦਾ ਖੇਤਰ ਅਤੇ ਸਰੂਪ[ਸੋਧੋ]

ਧੁਨੀ ਸਿਧਾਂਤ ਦੇ ਖੇਤਰ ਅਤੇ ਸਰੂਪ ਸੰਬੰਧੀ ਵੱਖ-ਵੱਖ ਵਿਦਵਾਨਾਂ ਦੁਆਰਾ ਦਿੱਤੀਆਂ ਪਰਿਭਾਸ਼ਾ ਇਸ ਪ੍ਰਕਾਰ ਹਨ -

 • ਡਾ. ਰਾਮ ਸਾਗਰ ਤ੍ਰਿਪਾਠੀ ਅਨੁਸਾਰ - ਇਹ ਉਹ ਸਿਧਾਂਤ ਹੈ ਜਿਸਨੇ ਇੱਕ ਪਾਸੇ ਪਰੰਪਰਾਗਤ ਕਾਵਿ ਸਿਧਾਂਤਾਂ ਦੀ ਪਰਖ ਕਰਕੇ ਇਹ ਨਿਰਣਾ ਕਰਨ ਦੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਕਾਵਿ ਸਿਧਾਂਤਾਂ ਦਾ ਕਾਵਿ ਵਿੱਚ ਸਥਾਨ ਕੀ ਹੈ? ਅਤੇ ਉਹਨਾਂ ਦੀ ਵਰਤੋਂ ਕਾਵਿ ਵਿੱਚ ਕੀਤੀ ਜਾਣੀ ਚਾਹੀਦੀ ਹੈ? ਦੂਜੇ ਪਾਸੇ ਇਹ ਵੀ ਨਿਰਣਾ ਕਰਨ ਦਾ ਯਤਨ ਕੀਤਾ ਹੈ ਕਿ ਕਾਵਿ ਦਾ ਮੂਲ ਤੱਤ ਕੀ ਹੈ ਅਤੇ ਉਸਦੀ ਦ੍ਰਿਸ਼ਟੀ ਤੋਂ ਵੱਖ-ਵੱਖ ਕਾਵਿ ਸਿਧਾਂਤਾਂ ਨੂੰ ਕਿਸ ਤਰ੍ਹਾਂ ਵਿਸਥਾਪਿਤ ਕੀਤਾ ਜਾ ਸਕਦਾ ਹੈ[1]
 • ਡਾ. ਉਮ ਪ੍ਰਕਾਸ਼ ਸ਼ਰਮਾ ਲਿਖਦੇ ਹਨ - ਕਿਸੇ ਸ਼ਬਦ ਦੇ ਵਿਸ਼ੇਸ਼ ਅਰਥ ਦਾ ਬੋਧ ਹੋਣ ਤੋਂ ਬਾਅਦ ਜਦ ਅਸੀਂ ਉਸ ਉੱਤੇ ਡੂੰਘਾਈ ਨਾਲ ਵਿਚਾਰ ਕਰਦੇ ਹਾਂ ਤਾਂ ਸਾਨੂੰ ਇੱਕ ਤੋਂ ਬਾਅਦ ਇੱਕ ਨਵਾਂ, ਸੁੰਦਰ ਅਤੇ ਦਿਲ ਟੰੁਬਣ ਵਾਲੇ ਅਨੁਭਵ ਦਾ ਸਾਖਿਆਤਕਾਰ ਹੁੰਦਾ ਹੈ। ਅਰਥ ਦੀ ਡੂੰਘਾਈ ਅਤੇ ਉਸ ਰਾਹੀਂ ਪ੍ਰਾਪਤ ਹੋਣ ਵਾਲੀ ਵਿਸ਼ੇਸ਼ ਅਨੁਭੂਤੀ ਹੀ ਅਸਲ ਵਿੱਚ ਧੁਨੀ ਹੈ। ਇਹ ਧੁਨੀ ਕਾਵਿ ਨੂੰ ਰਮਣੀਕ, ਰਸਾਤਮਕ ਅਤੇ ਹਿਰਦੇ ਨੂੰ ਆਨੰਦ ਪ੍ਰਾਪਤ ਕਰਨ ਵਾਲਾ ਬਣਾਉਂਦੀ ਹੈ। ਇਸ ਕਰਕੇ ਆਚਾਰੀਆ ਆਨੰਦ ਵਰਧਨ ਨੇ ਧੁਨੀ ਨੂੰ ‘ਕਾਵਿ ਦੀ ਆਤਮਾ’ ਮੰਨ ਕੇ ਧੁਨੀ ਸੰਪਰਦਾਇ ਦੀ ਸਥਾਪਨਾ ਕੀਤੀ।[1]
 • ਪੰਡਿਤ ਬਲਦੇਵ ਸਿੰਘ ਉਪਾਧਿਆਇ ਦੇ ਕਥਨ ਅਨੁਸਾਰ - ਧੁਨੀ ਦੀ ਵਰਤੋਂ ਕਾਵਿ ਦੀ ਸਿਰਜਣਾ ਵਿੱਚ ਬਹੁਤ ਹੀ ਅਧਿਕ ਹੈ। ਧੁਨੀ ਦੀ ਸੱਤਾ ਬਹੁਤ ਹੀ ਪ੍ਰਾਚੀਨ ਹੈ। ਇਹ ਉਤਨੀ ਹੀ ਪ੍ਰਾਚੀਨ ਹੈ ਜਿਤਨੀ ਕਿ ਕਾਵਿ ਕਲਾ। ਧੁਨੀ ਦਾ ਆਸਰਾ ਲੈਣ ਨਾਲ ਕਵੀਆਂ ਦੀ ਪ੍ਰਤਿਭਾ ਅੰਨਤ ਰੂਪ ਵਿੱਚ ਵਿਕਸਿਤ ਹੁੰਦੀ ਹੈ। ਪ੍ਰਾਚੀਨ ਅਰਥ ਨੂੰ ਗ੍ਰਹਿਣ ਕਰਕੇ ਲਿਖੀ ਗਈ ਕਵਿਤਾ ਧੁਨੀ ਨਾਲ ਸੰਪੰਨ ਹੋਣ `ਤੇ ਨਵੀਨ ਚਮਤਕਾਰ ਉਤਪੰਨ ਕਰਦੀ ਹੈ। ਕਾਵਿ ਵਿੱਚ ਕਥਨ ਦੇ ਢੰਗ ਦਾ ਵਿਸ਼ੇਸ਼ ਮਹੱਤਵ ਰਹਿੰਦਾ ਹੈ। ਵਰਣਿਤ ਵਸਤੂ ਦੀ ਏਕਤਾ ਹੋਣ `ਤੇ ਵੀ ਜੇ ਉਸ ਦੇ ਵਰਣਨ ਢੰਗ ਵਿੱਚ ਵੱਖਰਤਾ ਅਤੇ ਨਵੀਨਤਾ ਹੈ ਤਾਂ ਉਹ ਵਸਤੂ ਸਾਡੇ ਲਈ ਨਵੀਂ ਅਤੇ ਚਮਤਕਾਰਯੁਕਤ ਪ੍ਰਤੀਤ ਹੁੰਦੀ ਹੈ।... ਅਰਥ ਦੀ ਪ੍ਰਾਚੀਨਤਾ ਹੋਣ `ਤੇ ਵੀ ਧੁਨੀ ਦਾ ਸੰਯੋਗ ਉਸ ਵਿੱਚ ਨਵਾਂ ਜੀਵਨ ਭਰ ਦਿੰਦਾ ਹੈ ਅਤੇ ਨਵੀਂ ਸ਼ਕਤੀ ਪ੍ਰਦਾਨ ਕਰਦਾ ਹੈ।[1]

ਉਪਰੋਕਤ ਪਰਿਭਾਸ਼ਾਵਾਂ ਦੇ ਸੰਦਰਭ ਵਿੱਚ ਕਿਹਾ ਜਾ ਸਕਦਾ ਹੈ ਕਿ ਧੁਨੀ ਸਿਧਾਂਤ ਦਾ ਖੇਤਰ ਅਤੇ ਸਰੂਪ ਬਹੁਤ ਵਿਆਪਕ ਹੈ। ਜੇਕਰ ਸਾਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਧੁਨੀ ਕਾਵਿ ਦੀ ਜਾਨ ਹੈ ਜਿਸ ਦੀ ਉਪਸਥਿਤੀ ਵਿੱਚ ਕਾਵਿ ਨਵੇਂ ਅਰਥ ਗ੍ਰਹਿਣ ਕਰਦਾ ਹੈ ਅਤੇ ਉਸ ਵਿੱਚ ਚਮਤਕਾਰ ਪੈਦਾ ਹੁੰਦੇ ਹਨ।

ਧੁਨੀ ਸ਼ਬਦ ਦਾ ਅਰਥ[ਸੋਧੋ]

ਧੁਨੀ ਸ਼ਬਦ ਦੇ ਕੋਸ਼ਗਤ ਅਰਥ ਆਵਾਜ਼, ਸ਼ਬਦ, ਸੁਰ, ਗੂੰਜ ਜਾਂ ਨਾਦ ਹਨ। ਆਮ ਤੌਰ `ਤੇ ਧੁਨੀ ਸ਼ਬਦ ਦੇ ਦੋ ਅਰਥ ਪ੍ਰਚਲਿਤ ਹਨ - ਇੱਕ ਸਾਧਾਰਨ, ਜਿਸ ਤੋਂ ਭਾਵ ਹੈ ਕੰਨਾਂ ਵਿੱਚ ਪੈਣ ਵਾਲੀ ਆਵਾਜ਼ ਅਤੇ ਦੂਜਾ ਪਰਿਭਾਸ਼ਿਕ ਜਾਂ ਕਾਵਿ-ਸ਼ਾਸਤ੍ਰੀ ਅਰਥ। ਧੁਨੀ ਸ਼ਬਦ ਦੇ ਇਹਨਾਂ ਅਰਥਾਂ ਸੰਬੰਧੀ ਓਮਾ ਸ਼ੰਕਰ ਸ਼ੁਕਲ ਦੀ ਸਥਾਪਨਾ ਨਿਮਨਲਿਖਿਤ ਅਨੁਸਾਰ ਹੈ :-

 1. ਸਾਧਾਰਨ ਵਿਵਹਾਰ ਵਿੱਚ ਕੰਨਾਂ ਨੂੰ ਸੁਣਾਈ ਦੇਣ ਵਾਲੇ ਨਾਦ ਨੂੰ ਧੁਨੀ ਕਿਹਾ ਜਾਂਦਾ ਹੈ।
 2. ਪਰਿਭਾਸ਼ਿਕ ਜਾਂ ਵਿਉਂਤਪਤੀ ਪੱਖ ਤੋਂ ਧੁਨੀ ਦੇ ਅਰਥ ਇਸ ਪ੍ਰਕਾਰ ਹਨ-

ਉਹ (ਵਿਅੰਜਕ) ਸ਼ਬਦ, ਜੋ ਸੁਝਾਅ ਜਾਂ ਰਮਜ਼ ਦੇਵੇ ਜਾਂ ਦਿਵਾਏ।

ਜਿਵੇਂ - ਸਾਵਧਾਨ ਇਸ ਸ਼ਬਦ ਵਿੱਚ ਸੁਝਾਅ ਵੀ ਹੈ ਅਤੇ ਰਮਜ਼ ਵੀ ਕਿਉਂਕਿ ਇਸ ਸ਼ਬਦ ਦੇ ਉਚਾਰਨ ਨਾਲ ਚੁਕੰਨੇ ਹੋਣ ਲਈ ਕਿਹਾ ਜਾ ਰਿਹਾ ਹੈ।

ਉਹ (ਵਿਅੰਜਕ) ਅਰਥ, ਜੋ ਸੁਝਾਅ ਜਾਂ ਰਮਜ਼ ਦੇਵੇ ਜਾਂ ਦਿਵਾਵੇ।

ਹਾਥੀ ਲੰਘ ਜਾਂਦਾ ਹੈ।
ਕੁੱਤੇ ਭੌਂਕਦੇ ਰਹਿੰਦੇ ਹਨ।

ਉਪਰੋਕਤ ਅਖਾਣ ਵਿੱਚ ਇਸ ਦੇ ਅਰਥ ਰਾਹੀਂ ਇਹ ਸੁਝਾਅ ਦਿੱਤਾ ਗਿਆ ਹੈ ਕਿ ਜਦੋਂ ਤੁਸੀਂ ਆਪਣਾ ਕੰਮ ਠੀਕ ਤਰੀਕੇ ਨਾਲ ਕਰ ਰਹੇ ਹੋ ਤਾਂ ਤੁਹਾਨੂੰ ਕਿਸੇ ਦੀ ਵੀ ਪਰਵਾਹ ਕਰਨ ਦੀ ਕੋਈ ਜਰੂਰਤ ਨਹੀਂ ਬਸ਼ਰਤੇ ਕਿ ਉਹ ਕੰਮ ਲੋਕ ਭਲਾਈ ਦੇ ਹਿੱਤ ਵਿੱਚ ਹੋਵੇ। ਇਸ ਅਖਾਣ ਵਿੱਚ ਰਮਜ਼ ਇਹ ਹੈ ਕਿ ਬਹੁਗਿਣਤੀ ਅਕਸਰ ਘੱਟ-ਗਿਣਤੀ ਨੂੰ ਨੀਵਾਂ ਦਿਖਾਉਂਦੀ ਹੋਈ ਉਸ ਦਾ ਵਿਰੋਧ ਕਰਦੀ ਹੈ।

ਜਿਸ (ਵਸਤੂ, ਅਲੰਕਾਰ, ਰਸ ਆਦਿ) ਦੁਆਰਾ ਸੁਝਾਅ ਜਾਂ ਰਮਜ਼ ਦਿਖਾਈ ਜਾਵੇ। ਜਿਵੇਂ :-

ਵਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ

ਉਹ ਕਾਵਿ, ਜਿਸ ਵਿੱਚ (ਵਿਅੰਜਨਾਂ ਸ਼ਕਤੀ ਦੁਆਰਾ) ਸੁਝਾਅ ਜਾਂ ਰਮਜ਼ ਪ੍ਰਗਟ ਹੁੰਦੀ ਹੈ। ਉਦਾਹਰਣ ਦੇ ਤੌਰ `ਤੇ ਅਸੀਂ ਪਾਸ਼ ਦੀ ਕਵਿਤਾ ਦੀਆਂ ਕੁੱਝ ਤੁਕਾਂ ਦੇਖ ਸਕਦੇ ਹਾਂ ਜਿਵੇਂ : ਵਿਦਿਆ ਮਨੁੱਖ ਦਾ ਤੀਜਾ ਨੇਤਰ ਨਹੀਂ ਦੋਵੇਂ ਅੱਖਾਂ ਦਾ ਟੀਰ ਹੈ

ਇਸ ਪੰਕਤੀ ਰਾਹੀਂ ਸਿੱਖਿਆ ਪ੍ਰਣਾਲੀ `ਤੇ ਵਿਅੰਗ ਕੀਤਾ ਗਿਆ ਹੈ ਅਤੇ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਜਦੋਂ ਸਿੱਖਿਆ ਪ੍ਰਣਾਲੀ ਵਿੱਚ ਵਿਗਾੜ ਆ ਜਾਵੇ ਤਾਂ ਉਹ ਮਨੁੱਖ ਦਾ ਤੀਜਾ ਨੇਤਰ ਹੋਣ ਦੀ ਬਜਾਇ ਦੋਵਾਂ ਅੱਖਾਂ ਦਾ ਟੀਰ ਭਾਵ ਧੋਖਾ ਹੋ ਨਿੱਬੜਦਾ ਹੈ।

ਜਿਸ ਕਾਵਿ ਵਿੱਚ ਕਾਵਿ-ਸ਼ੈਲੀ ਦੁਆਰਾ ਸੁਝਾਅ ਜਾਂ ਰਮਜ਼ ਮਿਲਦੀ ਹੋਵੇ, ਉਹ ਧੁਨੀ ਹੈ।ਉਦਾਹਰਣ-

ਰੱਬ ਦੇ ਨਾਂ ਤੇ ਬੰਦੇ ਮਾਰੀ ਜਾਨਾਂ ਏਂ
ਤੇਰੇ ਪੰਡਤ, ਕਾਜ਼ੀ ਦੀ ਤੇ ਮੁੱਲਾਂ ਦੀ।

ਉਪਰੋਕਤ ਕਾਵਿ ਪੰਕਤੀਆਂ ਵਿੱਚ ਧਰਮ ਦੇ ਠੇਕੇਦਾਰਾਂ ਦੇ ਕੁਕਰਮਾਂ `ਤੇ ਪਰਦਾ ਚੁੱਕਿਆ ਗਿਆ ਹੈ ਅਤੇ ਉਹਨਾਂ ਨੂੰ ਕਵੀ ਨੇ ਆਪਣੀ ਕਵਿਤਾ ਦੀਆਂ ਉਪਰੋਕਤ ਸਤਰਾਂ ਵਿੱਚ ਗਾਲੱ ਸਿੱਧੇ ਤੌਰ `ਤੇ ਕੱਢੀ ਹੈ ਪਰ ਉਹ ਆਪਣੀ ਕਾਵਿ-ਸ਼ੈਲੀ ਦੁਆਰਾ ਇਸ ਰਮਜ਼ ਨੂੰ ਲੁਕੋ ਲੈਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਧੁਨੀ ਸ਼ਬਦ ਵਿਅੰਜਕ ਸ਼ਬਦ, ਵਿਅੰਜਕ ਅਰਥ, ਵਿਅੰਜ, ਵਿਅੰਜਨਾਂ ਅਤੇ ਵਿਅੰਗ ਕਾਵਿ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਸਾਹਿਤ ਵਿੱਚ ਧੁਨੀ, ਉਸ ਚਮਤਕਾਰਪੂਰਨ ਵਿਸ਼ੇਸ਼ਤਾ ਨੂੰ ਕਿਹਾ ਗਿਆ ਹੈ ਜਿਹੜੀ ਕਾਵਿ ਵਿੱਚ ਵਰਤੇ ਗਏ ਸ਼ਬਦਾਂ ਦੇ ਨਿਸ਼ਚਿਤ ਅਰਥਾਂ ਦੀ ਥਾਂ ਪ੍ਰਸੰਗ ਅਨੁਸਾਰ ਇੱਕ ਅਲੋਕਾਰੀ ਰਮਜ਼ ਜਾਂ ਵਿਅੰਜ ਵਿੱਚ ਸਮੋਈ ਹੁੰਦੀ ਹੈ ਜਿਵੇਂ ਘੰਟੀ ਉੱਤੇ ਵੱਜੀ ਸੱਟ ਨਾਲ ਪੈਦਾ ਹੋਈ ‘ਟੰਨ’ਨਨਨ ਦੀ ਧੁਨੀ ਸੁਣਾਈ ਦਿੰਦੀ ਹੈ। ਇਵੇਂ ਹੀ ਮਹਾਨ ਲੇਖਕਾਂ ਦੀਆਂ ਰਚਨਾਵਾਂ ਵਿੱਚ ਸ਼ਾਬਦਿਕ ਅਰਥ ਤੋਂ ਬਿਨਾਂ ਵੀ ਇੱਕ ਹੋਰ ਗੂੜ੍ਹੀ ਰਮਜ਼ ਵਿਦਮਾਨ ਹੰੁਦੀ ਹੈ ਜੋ ਮਾਲਕ ਦੇ ਮਨ ਵਿੱਚ ਪੜ੍ਹਨ ਤੋਂ ਬਹੁਤ ਰਾਗਾਂ ਬਾਅਦ ਤੱਕ ਵੀ ਗੂੰਜਦੀ ਰਹਿੰਦੀ ਹੈ, ਇਸ ਗੂੜ੍ਹੀ ਰਮਜ਼ ਨੂੰ ਹੀ ਧੁਨੀ ਕਹਿੰਦੇ ਹਨ। ਇਸ ਨੂੰ ਹੀ ਕਾਵਿ ਦੀ ਆਤਮਾ ਵੀ ਕਿਹਾ ਜਾਂਦਾ ਹੈ। ਕਾਵਿ ਦੇ ਹੋਰ ਪ੍ਰਵਾਨਿਤ ਤੱਤਾਂ ਜਿਵੇਂ ਰਗ, ਅਲੰਕਾਰ, ਗੁਣ, ਰੀਤੀ ਆਦਿ ਨੂੰ ਧੁਨੀ ਰੂਪੀ ਆਤਮਾ ਦੇ ਪੋਸ਼ਕ (ਸਹਾਇਕ) ਤੱਤ ਮੰਨਿਆ ਗਿਆ ਹੈ।

ਧੁਨੀ ਦੀ ਪਰਿਭਾਸ਼ਾ[ਸੋਧੋ]

ਵੱਖ-ਵੱਖ ਆਚਾਰੀਆਂ ਅਤੇ ਵਿਦਵਾਨਾਂ ਨੇ ਹੇਠ ਲਿਖੇ ਅਨੁਸਾਰ ਕੀਤੀ ਹੈ

ਆਚਾਰੀਆ ਆਨੰਦਵਰਧਨ ਅਨੁਸਾਰ

 • ਜਿੱਥੇ ਅਰਥ ਆਪਣੇ ਆਪ ਨੂੰ ਅਤੇ ਸ਼ਬਦ ਆਪਣੇ ਅਭਿਧਾਮੂਲਕ ਅਰਸ਼ (ਵਾਚਯ ਅਰਥ) ਨੂੰ ਗੌਣ ਕਰਕੇ ਕਿਸੇ ਵਿਸ਼ੇਸ਼ ਅਰਥ ਨੂੰ ਵਿਅਕਤ ਕਰੇ ਤਇਸ ਪ੍ਰਕਾਰ ਦਾ ਵਿਸ਼ੇਸ਼ ਕਾਵਿ ‘ਧੁਨੀ ਕਾਵਿ’ ਹੈ।”
 • ਮਹਾਨ ਕਵੀਆਂ ਦੀ ਬਾਣੀ ਵਿੱਚ ਧੁਨੀ ਇਸ ਪ੍ਰਕਾਰ ਸਮਾਈ ਹੁੰਦੀ ਹੈ ਜਿਵੇਂ ਕਿਸੇ ਜਵਾਨ ਸੁਨੱਖੀ ਔਰਤ ਦੇ ਵੱਖ-ਵੱਖ ਸੋਹਣੇ ਸਰੀਰਕ ਅੰਗਾਂ ਤੋਂ ਵੀ ਵੱਖਰੀ ਕੋਈ ਸੁੰਦਰਤਾ ਦੀ ਸ਼ੋਭਾ ਰਹਿੰਦੀ ਹੈ।”
 • ਧੁਨੀ ਯੁਕਤ ਹੋ ਕੇ ਮਹਾਂਕਵੀਆਂ ਦੀ ਬਾਈ (ਰਚਨਾ) ਧੰਨ ਹੋ ਜਾਂਦੀ ਹੈ ਅਤੇ ਉਸ ਤੋਂ ਅਲੌਕਿਕ ਸੋਂਦਰਯ ਦੀ ਅਭਿਵਿਅਕਤੀ ਹੁੰਦੀ ਹੈ। ਉਸ ਸੁਆਦੀ (ਰਸ ਭਾਵ ਰੂਪ) ਅਰਥ ਤੱਤ ਨੂੰ ਪ੍ਰਵਾਹਿਤ ਕਰਨ ਵਾਲੀ ਮਹਾਂਕਵੀਆਂ ਦੀ ਬਾਣੀ ਉਹਨਾਂ ਦੀ ਵਿਸ਼ੇਸ਼ ਅਲੌਕਿਕ ਪ੍ਰਤਿਭਾ ਨੂੰ ਪ੍ਰਗਟ ਕਰਦੀ ਹੈ।’’[2]

ਉਪਰੋਕਤ ਪਰਿਭਾਸ਼ਾ # ਦੇ ਸੰਦਰਭ ਵਿੱਚ ਹੇਠ ਲਿਖੀ ਉਦਾਹਰਣ ਦੇਖ ਸਕਦੇ ਹਾਂ।

ਤੂੰ ਏਨਾਂ ਪਾਰਦਰਸ਼ੀ ਏ ਕਿ ਧੋਖਾ ਜਿਹਾ ਲੱਗਦਾ ਹੈ
 ਮੈਂ ਤੇਰਾ ਸੱਚ ਤੱਕਣਾ ਹੈ, ਜ਼ਰਾ ਤੂੰ ਧੁੰਧਲਕਾ ਦੇਦੇ

ਇਹਨਾਂ ਕਾਵਿ ਸਤਰਾਂ ਨੂੰ ਪੜ੍ਹ ਕੇ ਕਵਿਤਾ ਵਿੱਚ ਇਹ ਅਲੰਕਾਰੀ ਜਾਪਦੀਆਂ ਹਨ। ਇਸ ਪ੍ਰਕਾਰ ਉਪਰੋਕਤ ਧੁਨੀ ਸੰਬੰਧੀ ਪਰਿਭਾਸ਼ਾ ਤੋਂ ਇੱਕ ਅਰਥ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਧੁਨੀ ਵਿਅੰਗ ਅਰਥ ਤੋਂ ਵੀ ਵੱਧ ਕੇ ‘ਕੁੱਝ ਹੋਰ’ ਹੁੰਦੀ ਹੈ। ਆਚਾਰੀਆ ਆਨੰਦ ਵਰਧਨ ਦੀ ਧੁਨੀ ਸੰਬੰਧੀ ਧਾਰਣਾ ਦੇ ਵਿਸ਼ਲੇਸ਼ਣ ਦੇ ਆਧਾਰ `ਤੇ ਕਿਹਾ ਜਾ ਸਕਦਾ ਹੈ ਕਿ ਧੁਨੀ ਸਿਧਾਂਤ ਕਾਫ਼ੀ ਵਿਆਪਕ ਸਿਧਾਂਤ ਹਨ। ਇਸਦੇ ਸੰਚਾਲਕਾਂ ਨੇ ਹੋਰ ਸਿਧਾਂਤਾਂ ਦੀ ਸਮਾਈ ਵੀ ਇਸ ਵਿੱਚ ਕਰਨ ਦਾ ਯਤਨ ਕੀਤਾ ਹੈ। ਇਸ ਸਿਧਾਂਤ ਅਨੁਸਾਰ ਵਾਚਕ ਸ਼ਬਦ ਅਤੇ ਵਾਚੁਯ ਅਰਥ ਆਪਣੀ-ਆਪਣੀ ਹੋਂਦ ਨੂੰ ਗੌਣ ਕਰਕੇ ਜਿਸ ਅਰਥ ਨੂੰ ਪ੍ਰਕਾਸ਼ਿਤ ਕਰਦੇ ਹਨ, ਉਹ ਧੁਨੀ ਜਾਂ ਵਿਅੰਗ ਅਰਥ ਅਖਵਾਉਂਦੇ ਹਨ।

ਪ੍ਰੋ. ਈਸ਼ਰ ਸਿੰਘ ਤਾਂਘ ਅਨੁਸਾਰ[ਸੋਧੋ]

 • ਸ਼ਬਦ ਯੰਤਰ ਦੇ ਸੰਜੋਗ ਤੇ ਵਿਜੋਗ ਨਾਲ ਜੋ ਸਫੋਟ ਪੈਦਾ ਹੁੰਦਾ ਹੈ, ਉਹ ਧੁਨੀ ਹੈ*

[3] ਇਸ ਪਰਿਭਾਸ਼ਾ ਅਨੁਸਾਰ ਸੰਜੋਗ ਤੇ ਵਿਜੋਗ ਭਾਵ ‘ਲਿਖਦਿਆਂ’ ਤੇ ਲਿਖ ਦਿਆਂ ਆਦਿ ਵਾਕ ਬਣਤਰ ਰਾਹੀਂ ਪੈਦਾ ਹੋਏ ਸਫੋਟ ਨੂੰ ਧੁਨੀ ਕਿਹਾ ਗਿਆ ਹੈ। ਇਸ ਵਿੱਚ ਸ਼ਬਦਾਂ ਦੇ ਸੰਜੋਗ ਤੇ ਵਿਜੋਗ ਤੇ ਵਧੇਰੇ ਫੋਕਸ ਕੀਤਾ ਗਿਆ ਹੈ।

ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਅਨੁਸਾਰ[ਸੋਧੋ]

 • ਧੁਨੀ ਇੱਕ ਤਕਨੀਕੀ ਸ਼ਬਦ ਹੈ। ਕਾਵਿ ਦੇ ਪ੍ਰਸੰਗ ਵਿੱਚ ਧੁਨੀ ਉਹ ਕਾਵਿ ਹੈ ਜਿਸ ਵਿੱਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ।

[4]

ਉਪਰੋਕਤ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ ਕਾਵਿ ਦੇ ਸੰਦਰਭ ਵਿੱਚ ਧੁਨੀ, ਰਮਜ਼ੀਆਂ (ਜਿਸ ਵਿੱਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ। ਸੁਝਾਊ ਕਵਿਤਾ, ਵਿਅੰਗਮਈ ਕਵਿਤਾ ਜਾਂ ਪ੍ਰਤੀਕਮਈ ਕਵਿਤਾ ਨੂੰ ਕਿਹਾ ਜਾ ਸਕਦਾ ਹੇ।

ਧੁਨੀ ਦੀ ਸਥਿਤੀ ਅਨੁਸਾਰ ਕਾਵਿ-ਭੇਦ[ਸੋਧੋ]

ਧੁਨੀ ਜਾਂ ਵਿਅੰਗ ਅਰਥ ਦੀ ਸਥਿਤੀ ਅਨੁਸਾਰ ਆਚਾਰੀਆ ਆਨੰਦਵਰਧਨ ਨੇ ਕਾਵਿ ਦੇ ਮੁੱਖ ਤੌਰ `ਤੇ ਤਿੰਨ ਭੇਦ ਮੰਨੇ ਹਨ

ਉਤਮ ਕਾਵਿ

ਇਸ ਵਿੱਚ ਲਕਸ਼ਣਾ ਅਰਥ ਸਪੱਸ਼ਟ ਹੁੰਦਾ ਹੈ ਅਤੇ ਵਿਅੰਗ ਅਰਥ ਦੀ ਪ੍ਰਧਾਨਤਾ ਹੁੰਦੀ ਹੈ। ਇਸ ਨੂੰ ਧੁਨੀ ਕਾਵਿ ਵੀ ਕਿਹਾ ਜਾਂਦਾ ਹੈ। ਉਦਾਹਰਣ

ਕੱਲ੍ਹ ਵਾਰਿਸ ਸ਼ਾਹ ਨੂੰ ਵੰਡਿਆ ਸੀ
ਅੱਜ ਸ਼ਿਵ ਕੁਮਾਰ ਦੀ ਵਾਰੀ ਏ।
ਉਹ ਜ਼ਖਮ ਤੁਹਾਨੂੰ ਭੁੱਲ ਵੀ ਗਏ
ਨਵਿਆਂ ਦੀ ਹੋਰ ਤਿਆਰੀ ਏ।

ਮੱਧਮ ਕਾਵਿ

ਇਸ ਵਿੱਚ ਅਭਿਧਾ ਅਰਥ ਤੋਂ ਬਿਨਾਂ ਲਕਸ਼ਣਾ ਅਰਥ ਵੀ ਵਿਅੰਜਿਤ ਹੁੰਦਾ ਹੈ। ਇਸ ਨੂੰ ਗੁਣੀਭੂਤ ਵਿਅੰਗ ਕਾਵਿ ਦਾ ਨਾਂ ਵੀ ਦਿੱਤਾ ਜਾਂਦਾ ਹੈ।

ਅੱਧਮ ਕਾਵਿ

ਇਸ ਵਿੱਚ ਅਭਿਧਾ ਅਰਥ ਦੀ ਪ੍ਰਧਾਨਤਾ ਹੁੰਦੀ ਹੈ। ਇਸ ਨੂੰ ਚਿੱਤਰ ਕਾਵਿ ਵੀ ਕਿਹਾ ਜਾਂਦਾ ਹੈ।

ਧੁਨੀ ਦੇ ਭੇਦ[ਸੋਧੋ]

ਵਸਤੂ ਧੁਨੀ

ਕਾਵਿ ਵਿੱਚ ਜਿੱਥੇ ਵਸਤੂ ਵਾਦਨ, ਪ੍ਰਕ੍ਰਿਤੀ ਜਾਂ ਸਥਾਨ ਆਦਿ ਦਾ ਚਿਤਰਣ ਹੋਵੇ, ਉਹ ਵਸਤੂ ਧੁਨੀ ਹੈ ਜਿਵੇਂ

ਜੰਗ ਆਜ਼ਾਦੀ ਖੁਲ੍ਹਾ ਲੜਨਾ,
ਫੌਜਾਂ ਨਾਲ ਰਲਾ ਕੇ।
ਇਨਕਲਾਬੀਆਂ ਵਿਉਂਤ ਬਣਾਈ,
ਜਿਸ ਗੱਭਰੂ ਨੂੰ ਪਾ ਕੇ।
ਉਹ ਮਸਫੁਟ ਗੱਭਰੂ ਸਰਾਭੇ ਦਾ,
ਕਰਤਾਰ ਸਿੰਘ ਸੀ ਸੂਰਾ।
ਉਨ੍ਹੀ ਸੌ ਸੋਲ੍ਹਾਂ ਵਿੱਚ ਹੱਸ ਹੱਸ,
ਫਰਜ਼ ਨਿਭਾ ਗਿਆ ਪੂਰਾ।

ਅਲੰਕਾਰ ਧੁਨੀ

ਜਿਸ ਕਵਿਤਾ ਵਿਚਲੀ ਧੁਨੀ ਦਾ ਆਧਾਰ ਅਲੰਕਾਰਾਂ ਦਾ ਚਮਤਕਾਰ ਹੋਵੇ, ਉਸ ਨੂੰ ਅਲੰਕਾਰ ਮੁਨੀ ਕਿਹਾ ਜਾਂਦਾ ਹੈ ਜਿਵੇਂ,

 
ਸੂਹੇ ਫੁੱਲਾਂ ਦੀ ਅੱਗ ਨੂੰ ਹੱਥ ਲਾਇਆ,
ਜਿਸ ਦੇ ਪੋਟਿਆਂ ਤੇ ਛਾਲੇ ਊਠਦੇ ਸਨ।
ਜਿਸਦੇ ਡਲ੍ਹਹਦੇ ਹੁਸਨ ਦੀ ਸੋਟ ਵੇਲੇ,
ਸੂਰਜ ਚੰਦ ਵਰਗੇ ਨੂਰ ਝੁਲਦੇ ਸਨ।

ਰਸ ਧੁਨੀ

ਉਹ ਕਵਿਤਾ ਜਿਸ ਵਿੱਚੋਂ ਰਸ ਅਤੇ ਭਾਵਾਂ ਦੀ ਅਨੁਭੂਤੀ ਹੋਵੇ, ਉਹ ਰਸ ਧੁਨੀ ਹੈ, ਜਿਵੇਂ

ਮੈਂ ਤਾਂ ਚੜ੍ਹ ਕੇ ਕਿਲ੍ਹਾ ਕੰਧਾਰ ਦਾ,
ਸੁਣੇ ਬੁਰਜੀ ਢਾਹਾਂ।
ਏਹ ਸਾੜਾਂ ਬਾਲਾਗਾਹ ਮੈਂ,
ਦੇ ਅੱਗੀਂ ਤਾਹਾਂ।
ਕਾਬਲ ਰੋਣ ਪਠਾਣੀਆਂ,
ਕਰ ਖਲੀਆਂ ਬਾਹਾਂ।

ਧੁਨੀ ਦੇ ਉਪਰੋਕਤ ਤਿੰਨ ਭੇਦਾਂ ਤੋਂ ਇਲਾਵਾ ਡਾ. ਗੁਰਸ਼ਰਨ ਕੌਰ ਜੱਗੀ ਨੇ ਆਪਣੀ ਪੁਸਤਕ ‘ਭਾਰਤੀ ਕਾਵਿ ਸ਼ਾਸਤਰ : ਸਰੂਪ ਤੇ ਸਿਧਾਂਤ’ ਵਿਚਲੇ ਅਧਿਆਇ,ਧੁਨੀ ਸੰਪਰਦਾਇ ਵਿੱਚ ਧੁਨੀ ਦੇ ਦੋ ਹੇਠ ਲਿਖੇ ਭੇਦ ਸਪੱਸ਼ਟ ਕੀਤੇ ਹਨ।

ਡਾ. ਗੁਰਸ਼ਰਨ ਕੌਰ ਜੱਗੀ ਅਨੁਸਾਰ[ਸੋਧੋ]

ਭਾਵੇਂ ਆਚਾਰੀਆਂ ਨੇ ਧੁਨੀ ਦੇ ਭੇਦਾਂ ਦੀ ਗਿਣਤੀ ਹਜ਼ਾਰਾਂ ਤੱਕ ਕਰਕੇ ਆਪਣੀ ਸੂਖਮ ਪ੍ਰਤਿਭਾ ਦਾ ਸਬੂਤ ਦਿੱਤਾ ਹੈ ਪਰ ਮੁੱਖ ਤੌਰ `ਤੇ ਧੁਨੀ ਦੇ ਦੋ ਭੇਦ ਹੀ ਮੰਨੇ ਗਏ ਹਨ - ਅਵਿਵਕਸ਼ਿਤ ਵਾਚਯ ਧੁਨੀ ਅਤੇ ਵਿਵਕੁਸ਼ਿਤ ਵਾਚਯ ਧੁਨੀ। ਇਹਨਾਂ ਨੂੰ ਕ੍ਰਮਵਾਰ ਲਕਸ਼ਣਾ - ਮੂਲਾ ਧੁਨੀ ਅਤੇ ਅਭਿਧਾ-ਮੂਲਾ ਧੁਨੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੇ ਮੂਲ ਵਿੱਚ ਲਕਸ਼ਣਾ ਅਤੇ ਅਭਿਧਾ ਸ਼ਬਦ ਸ਼ਕਤੀਆਂ ਰਹਿੰਦੀਆਂ ਹਨ।

ਧੁਨੀ ਦੇ ਇਹਨਾਂ ਭੇਦਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ

ਅਵਿਵਕੁਸ਼ਿਤ ਵਾਚਯ ਧੁਨੀ[ਸੋਧੋ]

ਇਸ ਧੁਨੀ ਨੂੰ ਲੱਖਣਾ ਮੂਲਾ ਧੁਨੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦੇ ਮੂਲ ਵਿੱਚ ਲਕਸ਼ਣਾ ਸ਼ਬਦ ਸ਼ਕਤੀ ਹੁੰਦੀ ਹੈ ਅਤੇ ਵਾਚਯ ਅਰਥ ਵੀ ਵਿਵਕਸ਼ਾ ਭਾਵ ਕਹਿਣ ਦੀ ਇੱਛਾ ਨਹੀਂ ਰਹਿੰਦੀ। ਇਸ ਵਿੱਚ ਵਾਚਯ ਅਰਥ ਜਾਂ ਤਾਂ ਦੂਜੇ ਅਰਥ ਵਿੱਚ (ਸੰਕ੍ਰਾਂਤ) ਪ੍ਰਵੇਸ਼ ਕਰ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਤਿਰਸਕ੍ਰਿਤ ਹੋ ਜਾਂਦਾ ਹੈ। ਜਿਵੇਂ

ਸਾਰੇ ਇਸ਼ਕ ਸਰਾਪੇ ਜਾਂਦੇ, ਏਥੇ ਕੋਈ ਹੁਸਨ ਨਾ ਪੁੱਗੇ।
ਸਭੋ ਰਾਤਾਂ ਸਾਖੀ ਹੋਈਆਂ, ਅੱਖੀਆਂ ਬਹਿ ਬਹਿ ਤਾਰੇ ਚੁੱਗੇ।

ਅਵਿਵਕੁਸ਼ਿਤ ਵਾਚਯ੍ ਧੁਨੀ ਦੇ ਅੱਗੋਂ ਦੇ ਪ੍ਰਮੁੱਖ ਭੇਦ ਹਨ

ਅਵਿਵਕੁਸ਼ਿਤ ਵਾਚਯ੍ ਧੁਨੀ[ਸੋਧੋ]

ਅਰਥਾਂਤਰ ਸੰਕ੍ਰਮਿਤ ਵਾਚਯ੍ ਧੁਨੀ

ਇਸ ਧੁਨੀ ਵਿੱਚ ਵਾਚਯ ਅਰਥ ਕਿਸੇ ਦੂਜੇ ਅਰਥ ਵਿੱਚ ਸੰਕ੍ਰਾਂਤ (ਪ੍ਰਵੇਸ਼) ਕਰ ਜਾਂਦਾ ਹੈ ਜਾਂ ਚਲਾ ਜਾਂਦਾ ਹੈ। ਇਸ ਵਿੱਚ ਸੁੱਖ ਅਰਥ ਵਿੱਚ ਰੁਕਾਵਟ ਪੈਣ `ਤੇ ਉਸ ਦਾ ਮਤਲਬ ਹੋਰ ਅਰਥ ਵਿੱਚ ਬਦਲ ਜਾਂਦਾ ਹੈ।

ਅਤਿਅੰਤ ਤਿਰਸਕ੍ਰਿਤ ਵਾਚਯ੍ ਧੁਨੀ

ਇਸ ਧੁਨੀ ਵਿੱਚ ਵਾਚਯ੍ ਅਰਥ ਵਿਅੰਗ ਅਰਥ ਦੇ ਪ੍ਰਗਟਾਵੇ ਲਈ ਅਤਿਅੰਤ ਤਿਰਸਕ੍ਰਿਤ ਹੋ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਦੱਬ ਜਾਂਦਾ ਹੈ।

ਵਿਵਕੁਸ਼ਿਤ ਵਾਚਯ੍ ਧੁਨੀ[ਸੋਧੋ]

ਇਸ ਨੂੰ ਅਭਿਧਾ ਸੂਲਕ ਧੁਨੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦੇ ਮੂਲ ਵਿੱਚ ਅਭਿਧਾ ਸ਼ਬਦ ਸ਼ਕਤੀ ਹੁੰਦੀ ਹੈ। ਇਸ ਵਿੱਚ ਮੁੱਖ ਅਰਥ ਨੂੰ ਪ੍ਰਗਟ ਕਰਨ ਦੀ ਇੱਛਾ ਰਹਿੰਦੀ ਤਾਂ ਜਰੂਰ ਹੈ ਪਰ ਉਹ ਹੋਰ ਅਰਥ ਉੱਤੇ ਹੁੰਦੀ ਹੇ। ਕਹਿਣ ਤੋਂ ਭਾਵ ਹੈ ਕਿ ਵਾਚਯ੍ ਅਰਥ ਵਿਅੰਗ ਅਰਥ ਨੂੰ ਪ੍ਰਕਾਸ਼ਿਤ ਕਰਦਾ ਹੈ। ਵਾਚਯ੍ ਅਰਥ ਦਾ ਗਿਆਨ ਹੋਣ `ਤੇ ਹੀ ਵਿਅੰਗ ਅਰਥ ਦੀ ਪ੍ਰਤੀਤੀ ਹੁੰਦੀ ਹੈ। ਜਿਵੇਂ

ਵਸਦੀ ਇਸ ਘਰ ਪੁੰਨਿਆ,
ਹਰ ਦਿਲ ਤੇ ਹਰ ਵਾਰ।
ਅੜੀਏ! ਤੇਰਾ ਮੁੱਖੜਾ,
ਚਾਨਣ ਭਰੀ ਬਹਾਰ।

ਅਵਿਵਕੁਸ਼ਿਤ ਵਾਚਯ੍ ਧੁਨੀ ਦੇ ਅੱਗੋਂ ਦੇ ਪ੍ਰਮੁੱਖ ਭੇਦ ਹਨ :

ਅਸੰਲਕੁਸ਼ਯ ਕ੍ਰਮ ਧੁਨੀ

ਜਿੱਥੇ ਵਿਅੰਗ ਦਾ ਕ੍ਰਮ ਲਕਸ਼ਿਤ ਨਹੀਂ ਹੁੰਦਾ,ਰਥਾਤ ਵਾਚਯ੍ ਅਰਥ ਤੋਂ ਵਿਅੰਗ ਅਰਥ ਦੀ ਪ੍ਰਤੀਤੀ ਇਤਨੀ ਤੇਜ਼ੀ ਨਾਲ ਹੁੰਦੀ ਹੈ ਕਿ ਉਸਤੋਂ ਅਗਲ-ਪਿਛਲ ਦਾ ਗਿਆਨ ਨਹੀਂ ਹੁੰਦਾ। ਇਸੇ ਵਿੱਚ ਭਾਵ, ਰਸ ਆਦਿ ਦੀਆਂ ਵਿਅੰਜਨਾਵਾਂ ਸ਼ਾਮਿਲ ਹੁੰਦੀਆਂ ਹਨ। ਇਸ ਨੂੰ ਰਸ ਧੁਨੀ ਦਾ ਨਾਂ ਵੀ ਦਿੱਤਾ ਜਾਂਦਾ ਹੈ।

ਸੰਲਕੁਸ਼ਯ ਕ੍ਰਮ ਧੁਨੀ

ਜਿੱਥੇ ਵਿਅੰਗ ਵਿੱਚ ਵਾਚਯ੍ ਅਰਥ ਤੋਂ ਵਿਅੰਗ ਅਰਥ ਦੇ ਬੋਧ ਦਾ ਕ੍ਰਮ ਪੂਰੀ ਤਰ੍ਹਾਂ ਲਕਸ਼ਿਤ ਹੁੰਦਾ ਹੈ। ਇਸ ਵਿੱਚ ਵਸਤੂ ਅਤੇ ਅਲੰਕਾਰ ਦੀਆਂ ਵਿਅੰਜਨਾਵਾਂ ਸ਼ਾਮਲ ਹੁੰਦੀਆਂ ਹਨ, ਜੋ ਜਾਂ ਤਾਂ ਸ਼ਬਦ ਦੀ ਜਾਂ ਅਰਥ ਦੀ ਜਾਂ ਸ਼ਬਦ ਅਤੇ ਅਰਥ ਦੋਹਾਂ ਦੀਆਂ ਸ਼ਕਤੀਆਂ ਤੋਂ ਉਤਪੰਨ ਹੋਇਆ ਕਰਦੀ ਹੈ।

ਇਸ ਤਰ੍ਹਾਂ ਵਿਵਕੁਸ਼ਿਤ ਵਾਚਯ ਧੁਨੀ ਵਿੱਚ ਰਸ, ਵਸਤੂ ਅਤੇ ਅਲੰਕਾਰ ਦੀਆਂ ਵਿਅੰਜਨਾਵਾਂ ਦਾ ਸਰੂਪ ਸਪੱਸ਼ਟ ਹੁੰਦਾ ਹੇ। ਇਹਨਾਂ ਤਿੰਨ ਤਰ੍ਹਾਂ ਦੀਆਂ ਵਿਅੰਜਨਾਵਾਂ ਵਿੱਚੋਂ ਆਨੰਦ ਵਰਧਨ ਨੇ ਰਸ ਧੁਨੀ ਨੂੰ ਸਭ ਤੋਂ ਸ੍ਰੇਸ਼ਠ ਸਥਾਨ ਪ੍ਰਧਾਨ ਕੀਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਜੇਕਰ ਧੁਨੀ ਕਾਵਿ ਦੀ ਆਤਮਾ ਹੈ ਤਾਂ ਰਸ ਧੁਨੀ ਦੀ ਆਤਮਾ ਹੈ।

ਧੁਨੀ ਸੰਪਰਦਾਇ ਦੀ ਸਥਾਪਨਾ ਆਚਾਰੀਆ ਆਨੰਦ ਵਰਧਨ ਦੇ ਗ੍ਰੰਥ ‘ਧਵਲਯਾਲੋਕ’ ਨਾਲ ਹੋਈ। ਇਸ ਤੋਂ ਮਗਰੋਂ ਇਸ ਸੰਪਰਦਾਇ ਸੰਬੰਧੀ ਦੋ ਧਾਰਨਾਵਾਂ ਪ੍ਰਚਲਿਤ ਹੋਈਆਂ।

ਧੁਨੀ ਸੰਪਰਦਾਇ ਦੇ ਸਮਰਥਕ ਆਚਾਰੀਆ

 • ਆਨੰਦਵਰਧਨ
 • ਭੋਜ ਰਾਜ
 • ਵਿਸ਼ਵਨਾਥ
 • ਮੰਮਟ
 • ਜਯਦੇਵ
 • ਪੰਡਿਤ ਜਗਨਨਾਥ

ਵਿਰੋਧੀ ਆਚਾਰੀਆ

 • ਮੁਕੁਲ ਭੱਟ
 • ਪ੍ਰਤੀਹਾਰ ਹਿੰਦੂ ਰਾਜ
 • ਭੱਟ ਨਾਇਕ
 • ਧਨੰਜਯ ਅਤੇ ਧਨਿਕ
 • ਕੁੰਤਕ
 • ਮਹਿਮ ਭਟ
 1. 1.0 1.1 1.2 ਡਾ. ਗੁਰਸ਼ਰਨ ਕੌਰ ਜੱਗੀ, ‘ਭਾਰਤੀ ਕਾਵਿ ਸ਼ਾਸਤਰ : ਸਰੂਪ ਤੇ ਸਿਧਾਂਤ’, ਪੰਨਾ 109
 2. ਡਾ. ਗੁਰਸ਼ਰਨ ਕੌਰ ਜੱਗੀ, ‘ਭਾਰਤੀ ਕਾਵਿ ਸ਼ਾਸਤਰ : ਸਰੂਪ ਤੇ ਸਿਧਾਂਤ’, ਪੰਨਾ 110
 3. ਪ੍ਰੋ. ਈਸ਼ਰ ਸਿੰਘ ਤਾਂਘ, ‘ਭਾਰਤੀ ਸਮੀਖਿਆ ਅਤੇ ਸਿਧਾਂਤ’, ਪੰਨਾ 105
 4. ਪ੍ਰੇਮ ਪ੍ਰਕਾਸ਼ ਧਾਲੀਵਾਲ, ‘ਭਾਰਤੀ ਕਾਵਿ-ਸ਼ਾਸਤਰ’, ਪੰਨਾ 47