ਧੁਨੀ ਸੰਪ੍ਰਦਾ
ਧੁਨੀ ਉਸ ਅਵਾਜ ਨੂੰ ਕਹਿੰਦੇ ਹਨ, ਜੋ ਦੋ ਚੀਜ਼ਾ ਦੇ ਆਪਸੀ ਟਕਰਾਅ ਨਾਲ ਪੈਦਾ ਹੁੰਦੀ ਹੈ। ਮਨੁੱਖ ਬੋਲ ਵੀ ਦੋ ਉਚਾਰਨ ਅੰਗਾਂ ਦੇ ਆਪਸ ਵਿੱਚ ਟਕਰਾਉਣ ਤੋਂ ਪਿੱਛੋ ਪੈਦਾ ਹੁੰਦੇ ਹਨ। ਆਨੰਦ ਵਰਧਨ ਇਸ ਸੰਪ੍ਰਦਾ ਦਾ ਮੋਢੀ ਹੈ। ਉਸ ਦੁਆਰਾ ਪ੍ਰਸਿੱਧ ਗ੍ਰੰਥ ਧਵਨਯਲੋਕ 9ਵੀਂ ਸਦੀ ਵਿੱਚ ਲਿਖਿਆ ਗਿਆ। ਇਸ ਗ੍ਰੰਥ ਵਿੱਚ ਧੁਨੀ ਦਾ ਵਿਸਤਾਰ ਪੂਰਵਕ ਅਧਿਐਨ ਰਸ, ਅਲੰਕਾਰ ਅਤੇ ਰੀਤੀ ਦੇ ਪ੍ਰਸੰਗ ਵਿੱਚ ਕੀਤਾ ਗਿਆ ਹੈ। ਆਨੰਦ ਵਰਧਨ ਨੇ ਧੁਨੀ ਨੂੰ ਕਈ ਅਰਥਾ ਵਿੱਚ ਵਿੱਚ ਪੇਸ਼ ਕੀਤਾ ਹੈ ਜਿਵੇਂ ਸੰਗੀਤ ਲੈਅ, ਇਹ ਗੂੰਜ ਹੈ, ਰਮਜ਼ ਜਾਂ ਸੁਝਾਉ। ਡਾ. ਪ੍ਰੇਮ ਪ੍ਰਕਾਸ਼ ਅਨੁਸਾਰ- 'ਇਸ ਪ੍ਰਕਰਨ ਵਿੱਚ ਧੁਨੀ ਇੱਕ ਤਕਨੀਕੀ ਸ਼ਬਦ ਹੈ। ਜਿਸ ਦੀ ਵਰਤੋਂ ਭਾਰਤੀ ਆਲੋਚਨਾ ਵਿੱਚ ਕਾਵਿਦੇ ਸੰਦਰਭ ਵਿੱਚ ਹੋਈ ਹੈ। ਧੁਨੀ ਇੱਕ ਤਰ੍ਹਾਂ ਦੀ ਰਮਜ਼ੀਆ ਕਵਿਤਾ, ਸਝਾਊ ਕਵਿਤਾ, ਵਿਅੰਗਮਈ ਕਵਿਤਾ ਜਾਂ ਪ੍ਰਤੀਕਮਈ ਕਵਿਤਾ ਨੂੰ ਕਿਹਾ ਜਾਂਦਾ ਹੈ।[1] ਇਹ ਗ੍ਰੰਥ ਰਸ ਜਾਂ ਨਾਟਕ ਦੀ ਥਾਂ ਸਾਹਿਤ ਦੀ ਭਾਸ਼ਾ ਅਤੇ ਸਾਹਿਤ ਬਾਰੇ ਵਿਸਤਾਰ ਪੂਰਵਕ ਵਰਣਨ ਕਰਦਾ ਹੈ। ਧੁਨੀ ਸੰਪ੍ਰਦਾ ਸ਼ਬਦ ਦੇ ਦੋ ਭੇਦ ਮੰਨੇ ਹਨ।
ਸ਼ਬਦਾ ਦੇ ਭੇਦ
[ਸੋਧੋ]ਧੁਨੀਆਤਮਕ ਸ਼ਬਦ
[ਸੋਧੋ]ਇਹ ਸ਼ਬਦ ਉਹ ਹੁੰਦੇ ਹਨ ਜਿਹੜੇ ਢੋਲਕੀ, ਵੀਣਾ ਆਦਿ ਦੀ ਚੋਟ ਨਾਲ ਪੈਦਾ ਹੁੰਦੇ ਹਨ।
ਵਰਣਾਤਮਕ ਸ਼ਬਦ
[ਸੋਧੋ]ਇਹ ਉਹ ਸ਼ਬਦ ਹੁੰਦੇ ਹਨ। ਜਿਹੜੇ ਅੱਖਰਾ ਵਿੱਚੋਂ ਸਾਫ਼ ਤੌਰ 'ਤੇ ਬੋਲੇ ਜਾਂ ਲਿਖੇ ਜਾ ਸਕਦੇ ਹਨ।
ਸ਼ਬਦ ਸ਼ਕਤੀਆਂ
[ਸੋਧੋ]ਇਸ ਸੰਪ੍ਰਦਾਏ ਵਿੱਚ ਸ਼ਬਦਾ ਅਤੇ ਅਰਥਾ ਦੇ ਆਪਸੀ ਸਬੰਧਾਂ ਦੇ ਆਧਾਰ ਤੇ ਸ਼ਬਦ ਸ਼ਕਤੀਆਂ ਦਾ ਵਰਣ ਕੀਤਾ ਹੈ। ਸ਼ਬਦ ਤੋਂ ਭਾਵ, ਉਸ ਧਨੀ ਸਮੂਹ ਤੋਂ ਹੈ, ਜਿਸ ਵਿੱਚ ਅਰਥ ਧਾਰਨ ਕਰਨ ਅਤੇ ਅਰਥ ਦਾ ਗਿਆਨ ਕਰਵਾਉਣ ਦੀ ਸਮਰੱਥਾ ਹੈ।।[2]
ਅਭਿਧਾ
[ਸੋਧੋ]ਅਭਿਧਾ ਸ਼ਬਦ ਸ਼ਕਤੀ ਨੂੰ ਸ਼ਬਦ ਦੀ ਪਹਿਲੀ ਸ਼ਕਤੀ ਮੰਨਿਆ ਜਾਂਦਾ ਹੈ। ਜੋ ਪ੍ਰਤੱਖ ਤੌਰ 'ਤੇ ਲੋਕਾਂ ਵਿੱਚ ਪ੍ਰਚਲਿਤ ਅਰਥ ਹੁੰਦਾ ਹੈ, ਉਸਨੂੰ ਅਭਿਧਾ ਅਰਥ ਕਹਿੰਦੇ ਹਨ। ਇਸ ਨੂੰ ਪ੍ਰਥਮ, ਰੱਬੀ ਜਾਂ ਮੁੱਖਯਾ ਅਰਥ ਵੀ ਕਿਹਾ ਜਾਂਦਾ ਹੈ। ਕਿਸੇ ਸ਼ਬਦ ਨੂੰ ਸੁਣਦੇ ਸਾਰ ਜੋ ਅਰਥ ਸੁਭਾਵਿਕ ਤੌਰ 'ਤੇ ਸਮਝ ਪੈਂਦੇ ਹਨ, ਉਹ ਅਭਿਧਾ ਅਰਥ ਹਨ। ਇਹ ਮੁੱਖ ਤੌਰ 'ਤੇ ਤਿੰਨ ਪ੍ਰਕਾਰ ਦੀ ਹੁੰਦੀ ਹੈ।
- ਰੂੜ੍ਹੀ ਅਭਿਧਾ ਸ਼ਬਦ ਸ਼ਕਤੀ
- ਯੋਗਿਕੀ ਅਭਿਧਾ ਸ਼ਬਦ ਸ਼ਕਤੀ
- ਯੋਗ-ਰੂੜ੍ਹੀ ਅਭਿਧਾ ਸ਼ਬਦ ਸ਼ਕਤੀ
ਲਕ੍ਸ਼ਣਾ
[ਸੋਧੋ]ਜਦੋਂ ਮੁੱਖ ਅਰਥ ਦੀ ਥਾਂ ਤੇ ਲਕਸ਼ਣਾ ਸ਼ਬਦ ਸ਼ਕਤੀ ਦੁਆਰਾ ਕਿਸੇ ਹੋਰ ਅਰਥ ਦਾ ਗਿਆਨ ਹੋਵੇ ਉਦੋਂ ਲਕ੍ਸ਼ਣਾ ਸ਼ਬਦ ਸ਼ਕਤੀ ਕਾਰਜਸ਼ੀਲ ਹੁੰਦੀ ਹੈ। ਇਸ ਦਾ ਸੰਬੰਧ ਸ਼ਬਦ ਦੇ ਪ੍ਰਚਲਿਤ ਅਰਥ ਦੀ ਬਜਾਏ ਸ਼ਬਦ ਦੇ ਲਕ੍ਸ਼ਣਾ ਅਰਥ ਨਾਲ ਹੈ। ਜਿਵੇਂ ਅਭਿਧਾ ਦਾ ਨਿਰਮਾਣ ਰੱਬੀ ਮੰਨਿਆ ਜਾਂਦਾ ਹੈ, ਉਸੇ ਪ੍ਰਕਾਰ ਲਕ੍ਸ਼ਣਾ ਸ਼ਬਦ ਸ਼ਕਤੀ ਨੂੰ ਮਨੁੱਖ ਦੁਆਰਾ ਸਿਰਜਿਤ ਮੰਨਿਆ ਜਾਂਦਾ ਹੈ। ਇਸ ਦੀ ਵੰਡ ਹੇਠਾਂ ਲਿਖੇ ਇਨ੍ਹਾਂ ਦੋ ਅਧਾਰਾਂ ਤੇ ਕੀਤੀ ਜਾਂਦੀ ਹੈ।
- ਰੂੜ੍ਹੀ ਜਾਂ ਪ੍ਰਯੋਜਨ ਦੇ ਅਧਾਰ ਤੇ
- ਸ਼ਬਦਾਂ ਦੇ ਅਧਾਰ ਤੇ
ਵਿਅੰਜਨਾ
[ਸੋਧੋ]ਇਹ ਸ਼ਕਤੀ ਸ਼ਬਦ ਦੀ ਤੀਸਰੀ ਸ਼ਕਤੀ ਹੈ, ਮਤਲਬ ਜਦੋਂ ਸ਼ਬਦ ਦੇ ਅਰਥ ਅਭਿਧਾ ਅਤੇ ਲਕਸ਼ਣਾ ਤੋਂ ਟੱਪ ਕੇ ਹੋਰ ਗਹਿਰਾਈ ਵਿੱਚ ਮਿਲਣ ਤਾਂ ਇਹ ਵਿਅੰਜਨਾ ਸ਼ਕਤੀ ਹੁੰਦੀ ਹੈ। ਮੁੱਖ ਅਰਥ ਵਿੱਚ ਰੁਕਾਵਟ ਪਾਕੇ ਲਕਸ਼ਨਾ ਸ਼ਬਦ ਸ਼ਕਤੀ ਦੁਆਰਾ ਪ੍ਰਗਟਾਏ ਅਰਥ ਤੋਂ ਅੱਗੇ ਦੇ ਅਰਥ ਨੂੰ ਵਿਅੰਜਨਾਂ ਸ਼ਬਦ ਸ਼ਕਤੀ ਕਿਹਾ ਜਾਂਦਾ ਹੈ। ਉਦਾਹਣ ਲਈ ਰਮੇਸ਼ ਤਾਂ ਬਿਲਕੁਲ ਗਧਾ ਹੈ। ਉਪਰੋਕਤ ਵਾਕ ਵਿੱਚ ਗਧਾ ਵਿਅੰਜਨਾ ਸ਼ਕਤੀ ਦਾ ਸੂਚਕ ਹੈ। ਵਿਅੰਜਨਾਂ ਸ਼ਬਦ ਸ਼ਕਤੀ ਹੇਠ ਲਿਖੇ ਦੋ ਤਰਾਂ ਦੀ ਹੁੰਦੀ ਹੈ।
- ਸ਼ਾਬਦੀ ਵਿਅੰਜਨਾਂ
- ਅਰਥੀ ਵਿਅੰਜਨਾਂ
ਕਾਵਿ ਦੇ ਬਾਕੀ ਤੱਤਾਂ ਨਾਲ ਸੰਬੰਧ
[ਸੋਧੋ]ਰਸ ਅਤੇ ਧੁਨੀ
[ਸੋਧੋ]ਸੰਸਕ੍ਰਿਤ ਕਾਵਿ-ਸ਼ਾਸਤਰ ਵਿੱਚ ਧੁੁਨੀ ਦੇ ਅਨਗਿਣਤ ਭੇੇੇਦ, ਉਪਭੇੇੇਦ, ਪ੍ਰਭੇਦ ਹੋੋੋਣ ਤੇ ਵੀ ਅਨੰਦਵਰਦਨ ਨੇ ਵਸਤੂਧੁੁਨੀ, ਅਲੰਕਾਰਧੁਨੀ, ਰਸਧੁਨੀ ਤਿੰਨ ਹੀ ਭੇੇੇਦ ਸਵੀਕਾਰ ਕੀਤੇ ਹਨ ਜਿਨ੍ਹਾਂ ਚੋਂ ਵਸਤੂਧੁਨੀ ਅਤੇ ਅਲੰਗਕਾਰਧੁੁੁਨੀ ਵਾਚਯ ਅਤੇ ਵਿਅੰਗ ਵੀ ਹੋ ਸਕਦੇ ਹਨ; ਪਰੰਤੂ ਰਸ ਕਦੇ ਵੀ ਵਾਚਯ ਨਹੀਂ ਹੋ ਸਕਦਾ ਇਸਦੀ ਸਿਰਫ ਪ੍ਰਤੀਤੀ ਜਾਂ ਅਭਿਵਿਅਕਤੀ ਹਮੇਸ਼ਾ ਧੁਨੀ ਦੇ ਹੀ ਆਸਰੇ ਰਹਿੰਦੀ ਹੈ, ਰਸ ਦਾ ਧੁਨੀ ਦੇ ਆਸਰੇ ਰਹਿਨ ਕਰਕੇ ਆਨੰਦਵਰਦਨ ਨੇ ਰਸ ਨੂੰ ਕਾਵਿ ਦੀ ਆਤਮਾ ਨਾ ਮੰਨ ਕੇ ਧੁਨੀ ਨੂੰ ਹੀ ਕਾਵਿ ਦੀ ਆਤਮਾ ਕਿਹਾ ਹੈ।[3] ਰਸ ਧੁਨੀਕਾਵਿ ਦਾ ਸਰਵਉੱਤਮ ਭੇੇੇਦ ਹੈ, ਜਿਸਨੂੰ ਰਸਧੁਨੀ ਕਿਹਾ ਜਾਂਦਾ ਹੈ।[4] ਰਸ ਅਤੇ ਵਿਅੰਗ ਦੀ ਹੋਂਦ ਵਾਲੇ ਉੱਚਤਮ ਕਾਵਿ ਨੂੰ ਹੀ ਧੁਨੀਕਾਵਿ ਕਿਹਾ ਜਾਂਦਾ ਹੈ। ਮੰੰਮਟ ਨੇ ਕਾਵਿ ਵਿੱਚ ਰਸ ਦੀ ਪ੍ਰਧਾਨਗੀ ਨੂੰ ਸਵੀਕਾਰ ਕੀਤਾ ਅਤੇ ਇਸ ਨੂੰ ਕਾਵਿ ਵਿੱਚ ਇੱਕ ਚਮਤਕਾਰ ਪੈਦਾ ਕਰਨ ਵਾਲਾ ਤੱਤ ਕਿਹਾ। ਜਗਨਨਾਥ ਨੇ ਧੁਨੀ ਦੇ ਪੰਜ ਭੇਦ ਮੰਨੇ ਪਰ ਰਸਧੁਨੀ ਨੂੰ ਹੀ ਕਾਵਿ ਦੀ ਆਤਮਾਂਂ ਕਿਹਾ।
ਧੁਨੀ ਅਤੇ ਅਲੰਕਾਰ
[ਸੋਧੋ]ਅਲੰਕਾਰ ਕਾਵਿ ਦੀ ਸੁੰਦਰਤਾ ਦੀ ਉਤਪੱਤੀ ਦਾ ਪ੍ਰਸਿੱਦ ਸਾਧਨ ਹੈ।[5] ਉਪਮਾ ਆਦਿਅਲੰਕਾਰਾਂ ਦੀ ਸਥਿਤੀ ਵਾਚਯ ਅਤੇ ਵਿਅੰਗ ਦੋ ਤਰ੍ਹਾਂ ਦੀ ਹੋ ਸਕਦੀ ਹੈ। ਆਨੰਦਵਰਦਾਨ ਨੇ ਕਿਹਾ ਹੈ ਕਿ, “ ਜਦੋਂਂ ਅਲੰਕਾਰ ਵਾਚਯ ਨਾ ਹੋ ਕੇ ਵਿਅੰਗ ਹੁੁੰਦਾ ਹੈ ਤਾਂ ਉਹ ‛ਅਲੰਕਾਰਧੁੁੁਨੀ’ ਹੁੰਦੀ ਹੈ”।[6] ਇਸ ਅਵਸਥਾ ਵਿੱਚ ਕਾਵਿ ਉੱਤਮ ਕੋੋੋਟੀ ਦਾ ਹੋ ਕੇ ਰਸਮਈ ਹੋ ਜਾਂਦਾ ਹੈ। ਅਲੰਕਾਰਾਂ ਦੀ ਦੂਜੀ ਕਿਮਸ ਵਾਚਯ ਦੀ ਹੈ, ਇਸ ਵਿੱਚ ਅਲੰਕਾਰ ਆਪ ਪ੍ਰਧਾਨ ਨਾ ਹੋ ਕੇ ਰਸ ਆਦਿ ਤੱਤਾਂ ਦੇ ਸਹਾਇਕ ਤੱੱਤ ਦੇ ਰੂਪ ’ਚ ਰਮਣੀਯਤਾ ਉਤਪੰਨ ਕਰਨ ਸਾਧਨ ਹੁੁੰਦੇ ਹਨ।
ਧੁਨੀ ਅਤੇ ਰੀਤੀ
[ਸੋਧੋ]ਅਚਾਰੀਆ ਵਾਮਨ ਨੇ ਕਾਵਿਗਤ ਮਾਧੁਰਯ, ਪ੍ਰਸਾਦ ਆਦਿ ਗੁਣਾਂ ਤੋਂ ਯੁਕਤ ਪਦਰਚਨਾ ਵਾਲੀ ‛ਰੀਤੀ’ ਨੂੰ ਕਾਵਿ ਦੀ ਆਤਮਾ ਕਿਹਾ ਹੈ।[7] ਪਰ ਧੁਨੀਵਾਦੀਆਂਂ ਨੇ ਇਸਦੀ ਸੀਮਾ ਨਿਰਧਾਰਿਤ ਕਰਕੇ ਇਸਨੂੰ ਰਸ ਦਾ ਸਹਾਇਕ ਤੱਤ ਕਿਹਾ ਹੈ।ਰੀਤੀ ਗੁੁਣਾਂ ਦੇ ਆਸਰੇ ਰਹਿੰਦੀ ਹੈ ਇਸਲਈ ਇਸਦਾ ਰਸ ਨਾਲ ਸੰੰਬੰਧ ਸਥਿਰ ਅਤੇ ਪੱਕਾ ਹੁੰਦਾ ਹੈ ਕਿਉਂਕਿ ਗੁੁਣਾਂ ਦਾ ਰਸ ਨਾਲ ਨਿੱਤ ਸੰਬੰਧ ਹੈ। ਪਦਾਂ ’ਚ ਵਸ਼ਿਸ਼ਟਤਾ ਗੁੁਣਾਂ ਦੇ ਕਾਰਨ ਹੀ ਆਉਂਦੀ ਹੈ।[8] ਰੀਤੀ ਗੁੁਣਾਂ ਦੇ ਸਹਾਰੇ ਰਹਿੰਦੀ ਹੋਈ ਉੱਚ ਨੂੰ ਸਿਰਜਣ ਵਿੱਚ ਸਹਾਈ ਹੁੁੰਦੀ ਹੈ ਜਿਸ ਨੂੰ ‛ਧੁੁੁਨੀਕਾਵਿ’ ਕਹਿੰੰਦੇ ਹਨ।
ਧੁਨੀ ਅਤੇ ਵਕ੍ਰੋਕਤੀ
[ਸੋਧੋ]ਵਕ੍ਰੋਕਤੀ ਨੂੰ ਆਚਾਰੀਆ ਕੁੰਤਕ ਨੇ ਕਾਵਿ ਦੀ ਆਤਮਾ ਮੰਨਿਆ ਹੈ। ਉਸ ਦਾ ਸੰਬੰਧ ਧੁਨੀ ਨਾਲ ਵੀ ਉਸਨੇ ਹੀ ਸਥਾਪਿਤ ਕਰਨ ਦੀ ਜਤਨ ਕੀਤਾ ਹੈ। ਕੁੰਤਕ ਅਨੁਸਾਰ, " ਆਮ ਪ੍ਰਸਿੱਧ ਕਥਨ ਤੋਂ ਭਿੰਨ ਵਿਚਿੱੱਤ੍ ਵਰਣਨ - ਸ਼ੈਲੀ ਹੀ 'ਵਕ੍ਰੋਕਤੀ' ਹੈ। ਅਤੇ ਧੁੁੁਨੀਵਾਦੀ ਰਸ ਆਦਿ ਦੀ ਪ੍ਰਤੀਤੀ ਨੂੰ ਵਿਅੰਗਪਰਕ ਮੰਨਦੇ ਹਨ। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਸਿੱਧੇ ਜਾਂ ਅਸਿੱਧੇ ਤੌਰ 'ਤੇ ਧੁਨੀ ਦਾ ਵਕ੍ਰੋਕਤੀ ਨਾਲ ਸੰਬੰਧ ਵਿਅੰਗ ਦਾ ਹੈ। ਚਾਹੇ ਕੁੰਤਕ ਨੇ 'ਧੁਨੀ ' ਦੀ ਸਥਿਤੀ ਨੂੰ ਸਵੀਕਾਰ ਕੀਤਾ ਹੈ, ਪਰੰਤੂ ਵਾਚਯ ਅਥਵਾ ਅਭਿਧਾ ਸ਼ਬਦ ਦੁਆਰਾ ਗ੍ਰਹਿਣ ਕਰਨਯੋਗ ਮੰਨਣ ਕਰਕੇ ਇਹ ਧੁਨੀ ਵਿਰੋਧੀ ਆਚਾਰੀਆ ਕਹਾਉਂਦਾ ਹੈ। ਧੁਨੀ ਵਿਰੋਧੀ ਹੋਣ 'ਤੇ ਵੀ ਇਹਨਾਂ ਨੇ ਪ੍ਰਤੀਯਮਾਨ-ਅਰਥ (ਵਿਅੰਗਾਰਥ) ਨੂੰ ਸਪਸ਼ਟ ਸ਼ਬਦਾਂ 'ਚ ਸਵੀਕਾਰ ਕੀਤਾ ਹੈ। ਉਸ ਅਨੁਸਾਰ, "ਇਸ ਵਿਅੰਗਾਰਥ 'ਚ ਵਾਚਯ-ਵਾਚਕਵ੍ਰਿੱਤੀ ਤੋਂ ਵੱਖਰੇ ਕਿਸੇ ਵਾਕ-ਅਰਥ ਦੀ ਵਿਅੰਗਰੂਪਤਾ ਦੀ ਰਚਨਾ ਕੀਤੀ ਜਾਂਦੀ ਹੈ।[9] ਕੁੰਤਕ ਵਕ੍ਰੋਕਤੀ ਸਿਧਾਂਤ ਨੂੰ ਧੁਨੀ ਸਿਧਾਂਤ ਦੇ ਮੁਕਾਬਲੇ ਵਿੱਚੋ ਪੈਦਾ ਹੋਇਆ ਮੰਨਦਾ ਹੈ।[10]
ਧੁਨੀ ਅਤੇ ਔਚਿਤਯ
[ਸੋਧੋ]ਆਚਾਰੀਆ ਕ੍ਸ਼ੇਮੇਂਦ੍ਰ ਨੇ 'ਔਚਿਤਯ' ਨੂੰ ਕਾਵਿ ਦੀ ਆਤਮਾ ਮੰਨਿਆ ਹੈ। ਉਸ ਦਾ ਮੰਨਣਾ ਹੈ ਕਿ ਕਾਵਿ ਵਿੱਚ 'ਰਸ' ਆਦਿ ਦੀ ਉਤਪਤੀ ਔਚਿਤਯ ਨਾਲ ਹੀ ਹੋ ਸਕਦੀ ਹੈ। ਇੱਕ ਚੰਗੇ ਕਵੀ ਦਾ ਮੁੱਖ ਕਰਤੱਬ ਇਹ ਹੋਣਾ ਚਾਹੀਦਾ ਹੈ, ਕਿ ਉਹ 'ਰਸ' ਆਦਿ ਦੇ ਵਿਸ਼ੇ ਅਨੁਸਾਰ ਯੋਗ ਵਾਚਯ ਅਤੇ ਵਾਚਕ ਦੀ ਔਚਿਤਯ ਨਾਲ ਵਰਤੋਂ ਕਰੇ। 'ਔਚਿਤਯ ਚਰਚਾ' ਗ੍ਰੰਥ ਵਿੱਚ ਔਚਿਤਯ ਨੂੰ ਵਿਆਪਕ ਤੱਤ ਆਖਕੇ ਸਤਿਕਾਰਿਆ ਹੈ। ਧੁਨੀ ਵਾਦੀ ਪੰਡਿਤਰਾਜ ਵੀ ਇਹ ਹੀ ਮੰਨਦੇ ਹਨ ਕਿ ਰਸ-ਦੋਸ਼ਾਂ ਦੀ ਵਿਵਸਥਾ ਵਿੱਚ ਔਚਿਤਯ ਹੀ ਮਾਪਦੰਡ ਵਜੋਂ ਸਾਹਮਣੇ ਆਇਆ ਹੈ।[11] ਆਨੰਦਵਰਧਨ ਔਚਿਤਯ ਨੂੰ ਕਾਵਿ ਦੀ ਆਤਮਾ ਨਹੀਂ ਮੰਨਦੇ ਬਲਕਿ ਧੁਨੀ ਦਾ ਸਹਾਇਕ ਤੱਤ ਮੰਨਦੇ ਹਨ। ਕਿਉਂਕਿ ਔਚਿਤਯ ਦਾ ਆਪਣਾ ਕੋਈ ਮਹੱਤਵ ਨਹੀਂ, ਇਸ ਦਾ ਰਸ ਦੇ ਪੱਖ ਤੋਂ ਮਹੱਤਵ ਹੈ। ਇਸ ਕਰਕੇ ਔਚਿਤਯ ਨੂੰ ਕਾਵਿ ਆਤਮਾ ਮੰਨਣ ਬਜਾਏ 'ਰਸਧੁਨੀ' ਨੂੰ ਕਾਵਿ ਦੀ ਆਤਮਾ ਮੰਨਣਾ ਬਿਲਕੁਲ ਠੀਕ ਜਾਪਦਾ ਹੈ।[12]
ਹਵਾਲੇ
[ਸੋਧੋ]- ↑ ਆਲੋਚਨਾ ਅਤੇ ਪੰਜਾਬੀ ਆਲੋਚਨਾ, ਰਾਜਿੰਦਰ ਸਿੰਘ ਸੇਖੋਂ,ਲਾਹੌਰ ਬੁਕ ਸ਼ਾਪ,ਲੁਧਿਆਣਾ
- ↑ ਉਹੀ ਪੰਨਾ ਨੰ.40
- ↑ ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 224. ISBN 978-81-302-0462-8.
- ↑ उप्रती, थानेशचन्द्र. ध्वन्यालोक एक अध्ययन. p. 77.
- ↑ उप्रती, थानेशचन्द्र. ध्वन्यालोक एक अध्ययन. p. 92.
- ↑ ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. pp. 224, 225. ISBN 978-81-302-0462-8.
- ↑ ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. Patiala: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 225. ISBN 978-81-302-0462-8.
- ↑ उप्रती, थानेशचन्द्र. ध्वन्यालोक एक अध्ययन. p. 96.
- ↑ ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 226. ISBN 978-81-302-0462-8.
- ↑ उप्रती, थानेशचन्र्द. ध्वन्यालोक एक अध्ययन. p. 100.
- ↑ उप्रती, थानेशचन्र्द. ध्वन्यालोक एक अध्ययन. p. 109.
- ↑ ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 227. ISBN 978-81-302-0462-8.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |