ਸਮੱਗਰੀ 'ਤੇ ਜਾਓ

ਨਕਈ ਮਿਸਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਨਕੈਯਾਂ ਦੀ ਮਿਸਲ ਤੋਂ ਮੋੜਿਆ ਗਿਆ)

ਨਕਈ ਮਿਸਲ, ਬਾਰ੍ਹਾਂ ਸਿੱਖ ਮਿਸਲਾਂ ਵਿੱਚੋਂ ਇੱਕ ਸੀ। ਇਹ ਸੰਧੂ ਜੱਟਾਂ ਦੀ ਮਿਸਲ ਸੀ। ਇਹ ਲਾਹੌਰ ਦੇ ਪੱਛਮ ਵੱਲ ਰਾਵੀ ਅਤੇ ਸਤਲੁਜ ਦਰਿਆ ਵਿਚਕਾਰਲੇ ਇਲਾਕੇ ਵਿੱਚ ਸਥਿਤ ਸੀ। ਰਣਜੀਤ ਸਿੰਘ ਦੁਆਰਾ ਸ਼ੁਕਰਚਕੀਆ ਮਿਸਲ ਦੇ ਸਿੱਖ ਸਾਮਰਾਜ ਵਿੱਚ ਸ਼ਾਮਿਲ ਕੀਤੇ ਜਾਣ ਤੋਂ ਪਹਿਲਾਂ ਇਸ ਨੇ ਸਿਆਲਾਂ ਅਤੇ ਪਠਾਣਾਂ ਅਤੇ ਖਰਲਾਂ ਦੇ ਵਿਰੁੱਧ ਲੜਾਈਆਂ ਲੜੀਆਂ।[1]

ਇਸ ਮਿਸਲ ਦਾ ਸੰਸਥਾਪਕ ਸਰਦਾਰ ਹਰੀ ਸਿੰਘ ਲਾਹੌਰ ਜ਼ਿਲ੍ਹੇ ਦੀ ਚੂਨੀਆਂ ਤਹਿਸੀਲ ਦੇ ਪਿੰਡ ਬਹਿਰਵਾਲ ਦਾ ਸੰਧੂ ਜੱਟ ਸੀ। ਕਈਆਂ ਨੇ ਉਸ ਦਾ ਨਾਂ ਹੀਰਾ ਸਿੰਘ ਵੀ ਲਿਖਿਆ ਹੈ। ਉਸ ਦਾ ਪਿੰਡ ਲਾਹੌਰ ਦੇ ਦੱਖਣ-ਪੱਛਮ ਵੱਲ ਦੋ ਦਰਿਆਵਾਂ ਰਾਵੀ ਅਤੇ ਸਤਲੁੱਜ ਦੇ ਦਰਮਿਆਨ ਪੈਂਦਾ ਸੀ ਅਤੇ ਇਸ ਇਲਾਕੇ ਨੂੰ 'ਨਾਕਾ ਕਿਹਾ ਜਾਂਦਾ ਸੀ। 'ਨਾਕਾ ਤੋਂ ਇਨ੍ਹਾਂ ਦੀ ਅੱਲ ਨਕਈ ਪੈ ਗਈ।

ਹਰੀ ਸਿੰਘ 1706 ਵਿੱਚ ਚੌਧਰੀ ਹੇਮ ਰਾਜ ਦੇ ਖਾਨਦਾਨ ਵਿੱਚ ਪੈਦਾ ਹੋਇਆ। ਹਰੀ ਸਿੰਘ ਨੇ ਬਚਪਨ ਵਿੱਚ ਹੀ ਹਥਿਆਰਾਂ ਦੀ ਮਸ਼ਕ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ 1731 ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਤੇ ਤਿਆਰ-ਬਰ-ਤਿਆਰ ਸਿੰਘ ਸਜ ਗਿਆ। ਜਦੋਂ ਸਿੱਖਾਂ ਨੇ 1763 ਵਿੱਚ ਕਸੂਰ ਅਤੇ 1764 ਵਿੱਚ ਸਰਹਿੰਦ ਫ਼ਤਿਹ ਕੀਤਾ ਤਾਂ ਹਰੀ ਸਿੰਘ ਨੇ ਬੇਮਿਸਾਲ ਬਹਾਦਰੀ ਦਾ ਮੁਜ਼ਾਹਰਾ ਕਰਦਿਆਂ ਬਹਿਰਵਾਲ, ਚੂਨੀਆਂ, ਦਿਪਾਲਪੁਰ, ਜੰਬੜ, ਜੇਠੂਪੁਰ, ਕੰਗਨਵਾਲ ਅਤੇ ਖੁੱਡੀਆਂ ਦੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ। ਉਸ ਨੇ ਆਪਣੇ ਪਿੰਡ ਬਹਿਰਵਾਲ ਨੂੰ ਹੀ ਆਪਣਾ ਸਦਰ-ਮੁਕਾਮ ਬਣਾਇਆ। 1748 ਵਿੱਚ ਹਰੀ ਸਿੰਘ ਦੀ ਸੇਵਾ ਵਿੱਚ 200 ਘੋੜ-ਸੁਆਰ ਸਨ। ਹਰੀ ਸਿੰਘ ਹਿੰਦੂਆਂ ਦੀ ਪੁਕਾਰ ਤੇ ਗਊਆਂ ਦੀ ਰਕੀਆ ਲਈ ਪਾਕ ਪਟਨ ਦੇ ਗੱਦੀ ਨਸ਼ੀਨ ਨਾਲ ਲੜਾਈ ਵਿੱਚ ਗੋਲੀ ਲਗਣ ਨਾਲ ਸ਼ਹਿਦ ਹੋ ਗਿਆ। ਉਸ ਉਪਰੰਤ ਉਸ ਦੇ ਭਤੀਜੇ ਨਾਹਰ ਸਿੰਘ ਨੂੰ ਮਿਸਲ ਦਾ ਨਿਗਰਾਨ ਥਾਪਿਆ। ਉਹ 9 ਮਹੀਨੇ ਬਾਅਦ 1768 ਵਿੱਚ ਹੀ ਕੋਟ ਕਮਾਲੀਆ ਦੀ ਲੜਾਈ ਵਿੱਚ ਲੜਦਾ ਹੋਇਆ ਮਾਰਿਆ ਗਿਆ। ਨਾਹਰ ਸਿੰਘ ਦਾ ਛੋਟਾ ਭਰਾ ਰਣ ਸਿੰਘ ਮਿਸਲ ਦਾ ਸਰਦਾਰ ਬਣਿਆਂ। ਉਸ ਦੇ ਸਮੇਂ ਵਿੱਚ ਨਕਈ ਮਿਸਲ ਦੀ ਸ਼ਕਤੀ ਅਤੇ ਇਲਾਕਾ ਕਾਫੀ ਵਧੇ। ਸਰਦਾਰ ਰਣ ਸਿੰਘ ਦੇ ਸਮੇਂ ਵਿੱਚ ਚੂਨੀਆਂ, ਕਸੂਰ, ਸ਼ਰਕਪੁਰ, ਗੁਗੇਰਾ ਆਦਿ ਦੇ ਇਲਾਕਿਆਂ ਤੋਂ 9 ਲੱਖ ਰੁਪਏ ਸਾਲਾਨਾ ਦਾ ਮਾਲੀਆ ਆਉਂਦਾ ਸੀ। ਰਣ ਸਿੰਘ ਕੋਲ 2000 ਘੋੜ ਸੁਆਰ, ਊਠਾਂ 'ਤੇ ਸੁਆਰ ਜੰਬੂਰਕ ਤੇ ਤੋਪਾਂ ਆਦਿ ਸਨ। ਉਸ ਨੇ ਬਹਿਰਵਾਲ ਨੂੰ ਆਪਣਾ ਸਦਰ ਮੁਕਾਮ ਬਣਾਇਆ। 1781 ਵਿੱਚ ਰਣ ਸਿੰਘ ਦੀ ਮੌਤ ਹੋ ਗਈ। ਸਰਦਾਰ ਰਣ ਸਿੰਘ ਦਾ ਵੱਡਾ ਸਪੁੱਤਰ ਭਗਵਾਨ ਸਿੰਘ ਮਿਸਲ ਦਾ ਚੀਫ਼ ਬਣਿਆਂ। ਇਸ ਦੀ ਭੈਣ ਦਾਤਾਰ ਕੌਰ (ਸਪੁੱਤਰੀ ਸਰਦਾਰ ਖ਼ਜ਼ਾਨ ਸਿੰਘ ਨਕਈ) ਮਹਾਰਾਜਾ ਰਣਜੀਤ ਸਿੰਘ ਦੀ ਪਟਰਾਣੀ ਬਣੀਂ। ਦਾਤਾਰ ਕੌਰ ਦੀ ਕੁੱਖੋਂ ਹੀ ਵਲੀ ਅਹਿਦ ਖੜਕ ਸਿੰਘ ਪੈਦਾ ਹੋਇਆ। ਮਹਾਰਾਣੀ ਦਾਤਾਰ ਕੌਰ ਨੂੰ 'ਮਾਈ ਨਕਾਇਣ' ਕਰ ਕੇ ਜਾਣਿਆਂ ਜਾਂਦਾ ਸੀ। ਭਗਵਾਨ ਸਿੰਘ ਤੋਂ ਬਾਅਦ ਉਸ ਦਾ ਛੋਟਾ ਭਰਾ ਗਿਆਨ ਸਿੰਘ ਮਿਸਲ ਦਾ ਸਰਦਾਰ ਬਣਿਆਂ ਜਿਸ ਦੀ 1807 ਵਿੱਚ ਮੌਤ ਹੋ ਗਈ। ਗਿਆਨ ਸਿੰਘ ਦਾ ਸਪੁੱਤਰ ਕਾਹਨ ਸਿੰਘ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ 15,000 ਰੁਪਏ ਸਾਲਾਨਾ ਦੀ ਜਾਗੀਰ ਦੇ ਦਿੱਤੀ ਅਤੇ ਉਸ ਦੇ ਸਾਰੇ ਇਲਾਕੇ ਲਾਹੌਰ ਦਰਬਾਰ ਵਿੱਚ ਸ਼ਾਮਲ ਕਰ ਲਏ।

1748 ਤੋਂ 1810 ਤੱਕ ਨਕਈ ਮਿਸਲ ਦੇ ਮੁਖੀਆਂ ਦੀ ਸੂਚੀ

[ਸੋਧੋ]
  1. ਸਰਦਾਰ ਹੀਰਾ ਸਿੰਘ ਨਕਈ (1706-1767)
  2. ਸਰਦਾਰ ਨਾਹਰ ਸਿੰਘ ਨਕਈ (ਮ. 1768)
  3. ਸਰਦਾਰ ਰਣ ਸਿੰਘ ਨਕਈ (ਮ. 1781)
  4. ਸਰਦਾਰ ਭਗਵਾਨ ਸਿੰਘ ਨਕਈ (ਮ. 1789)
  5. ਸਰਦਾਰ ਗਿਆਨ ਸਿੰਘ ਨਕਈ (ਮ. 1807)
  6. ਸਰਦਾਰ ਕਾਨ੍ਹ ਸਿੰਘ ਨਕਈ

ਹਵਾਲੇ

[ਸੋਧੋ]