ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਧੂ ਪੰਜਾਬ ਦੇ ਜੱਟ ਭਾਈਚਾਰੇ ਦਾ ਇੱਕ ਗੋਤ ਹੈ। ਸੰਧੂ ਲੋਕ ਸਿੱਖ ਧਰਮ ਨੂੰ ਮੰਨਦੇ ਹਨ ਅਤੇ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਵੀ ਰਹਿੰਦੇ ਹਨ।

ਲੋਕ ਧਰਮ[ਸੋਧੋ]

ਕਾਲਾ ਮਹਿਰ ਨਾਮੀ ਸੰਧੂਆਂ ਦਾ ਇੱਕ ਲੋਕ ਧਰਮ ਹੈ ਜਿਸ ਸਬੰਧੀ ਲੋਕਾਂ ਦਾ ਵਿਸ਼ਵਾਸ ਹੈ ਕਿ ਕਾਲਾ ਮਹਿਰ ਇੱਕ ਅਜਿਹਾ ਸ਼ਹੀਦ ਹੈ ਜੋ ਹਮੇਸ਼ਾ ਕਾਣੀ ਨੀਂਦ ਸੌਂਦਾ ਸੀ ਅਤੇ ਇੱਕ ਲੱਤ ਤੇ ਖੜ੍ਹ ਕੇ ਤੱਪਸਿਆ ਕਰਦਾ ਸੀ। ਕਾਣੀ ਨੀਂਦ ਤੋਂ ਭਾਵ ਹੈ ਕਿ ਉਸ ਦੀਆਂ ਬੰਦ ਹੋਈਆਂ ਅੱਖਾਂ ਵੀ ਖੁੱਲੀਆਂ ਜਾਪਦੀਆਂ ਸਨ। ਇਹ ਲੋਕ ਧਰਮ ਸੰਧੂ ਗੋਤ ਵਿੱਚ ਹਰੇਕ ਵਿੱਚ ਪ੍ਰਚਲਿਤ ਨਹੀਂ ਹੈ।

ਪਿਛੋਕੜ[ਸੋਧੋ]

ਕਾਲਾ ਮਹਿਰ ਨੂੰ ਸੰਧੂ ਲੋਕ ਪੁਜਣ ਲਗ ਪਏ ਕਿਉਂਕਿ ਉਨ੍ਹਾਂ ਲਈ ਉਹ ਇੱਕ ਮਹਾਨ ਸਖਸ਼ੀਅਤ ਸੀ। ਮਰਾਸੀ, ਜੋ ਪ੍ਰੋਹਿਤ ਦਾ ਕਾਰਜ ਕਰਦਾ ਹੈ, ਨੇ ਇਹ ਐਲਾਨ ਕੀਤਾ ਕਿ ਕਾਲਾ ਮਹਿਰ ਕਦੀ ਵੀ ਨਹੀਂ ਸੌਂਦਾ ਤੇ ਹਮੇਸ਼ਾ ਜਾਗਦਾ ਰਹਿੰਦਾ ਹੈ। ਇੱਕ ਵਾਰ ਇੱਕ ਮੁਸਲਮਾਨ ਅਤੇ ਇੱਕ ਪੰਡਿਤ ਨੇ ਮਿਲ ਕੇ ਇਸ ਗੱਲ ਦਾ ਪਤਾ ਕਰ ਲਿਆ ਕਿ "ਕਾਲਾ ਮਹਿਰ" ਸੌਂਦਾ ਹੈ ਉਹ ਹਮੇਸ਼ਾ ਜਾਗਦਾ ਨਹੀਂ ਰਹਿੰਦਾ। ਉਹਨਾਂ ਦੋਹਾਂ ਨੇ ਮਿਲ ਕੇ ਕਾਲਾ ਮਹਿਰ ਨੂੰ ਪੂਜਾ ਕਰਦੇ ਹੋਏ ਮਰਵਾ ਦਿੱਤਾ ਸੀ।

ਪੂਜਾ ਵਿਧੀਆਂ[ਸੋਧੋ]

ਸਥਾਨ[ਸੋਧੋ]

ਜਿਨ੍ਹਾਂ ਪਿੰਡਾਂ ਵਿੱਚ ਸੰਧੂ ਗੋਤ ਦੇ ਲੋਕ ਵਧੇਰੇ ਰਹਿੰਦੇ ਹਨ ਉਸ ਪਿੰਡ ਦੇ ਖੇਤਾਂ ਵਿੱਚ ਕਿਸੇ ਇੱਕ ਜਗ੍ਹਾਂ ਨੂੰ "ਕਾਲਾ ਮਹਿਰ" ਦੀ ਜਗ੍ਹਾਂ ਦਾ ਨਾਮ ਦੇ ਦਿੱਤਾ ਜਾਂਦਾ ਹੈ। ਇਸ ਜਗ੍ਹਾਂ ਨਾਲ ਇੱਕ ਰੀਤ ਪ੍ਰਚਲਿਤ ਹੈ ਕਿ ਜਿਸ ਜਗ੍ਹਾਂ ਉੱਪਰ ਕਾਲੇ ਮਹਿਰ ਦਾ ਪ੍ਰਮੁੱਖ ਸਥਾਨ ਹੁੰਦਾ ਹੈ ਉਸ ਜਗ੍ਹਾਂ ਤੋਂ ਪੰਜ ਇੱਟਾਂ ਮਰਾਸੀ ਦੁਆਰਾ ਅਰਦਾਸ ਕਰਵਾ ਕੇ ਲਿਆਈਆਂ ਜਾਂਦੀਆਂ ਹਨ ਜਿਨ੍ਹਾਂ ਇੱਟਾਂ ਨਾਲ ਹੀ ਸਥਾਨ ਸਥਾਪਿਤ ਕੀਤਾ ਜਾਂਦਾ ਹੈ। ਕਾਲੇ ਮਹਿਰ ਨਾਲ ਸਬੰਧਿਤ ਫਰੀਦਕੋਟ ਨੇੜੇ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਬੀੜ ਵਿੱਚ ਜੋ ਬੀੜ ਸਿੱਖਾਂਵਾਲਾ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਪਾਕਿਸਤਾਨ ਦੇ ਭੜਾਣਾ ਪਿੰਡ ਵਿੱਚ ਸੱਤ ਮੰਜ਼ਿਲਾ ਜਗ੍ਹਾਂ ਸਥਿਤ ਹੈ ਜਿਥੇ ਇੱਕ ਵੱਡ ਪਧਰੀ ਮੇਲਾ ਲਗਦਾ ਹੈ। ਇਸ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝੋਕ ਸਰਕਾਰੀ jhok sarkari, ਸੰਗਰੂਰ ਜ਼ਿਲ੍ਹੇ ਦੇ ਪਿੰਡ ਪੰਜ ਗਰਾਈਆਂ ਤੇ ਵਧਰਾਵਾਂ, ਪਟਿਆਲਾ ਜ਼ਿਲ੍ਹਾ ਦੇ ਪਿੰਡ ਬ੍ਰਹਮਪੁਰਾ, ਮਲੇਰਕੋਟਲਾ ਦੇ ਨੇੜਲੇ ਪਿੰਡ ਕੁਠਾਲਾ ਵਿੱਖੇ ਵੀ ਕਾਲੇ ਮਹਿਰ ਨੂੰ ਵੱਡੇ ਪੱਧਰ ਉੱਪਰ ਮਾਨਤਾ ਪ੍ਰਾਪਤ ਹੈ।

ਸਮਾਂ[ਸੋਧੋ]

ਕਾਲੇ ਮਹਿਰ ਦੀ ਪੂਜਾ ਦਾ ਕੋਈ ਵਿਸ਼ੇਸ਼ ਦਿਨ ਨਹੀਂ ਹੁੰਦਾ ਸਾਲ ਵਿੱਚ ਦੋ ਵਾਰ ਭਾਦਰੋਂ ਦੀ ਮੱਸਿਆ ਦੀ ਏਕਮ ਤੇ ਫੱਗਣ ਦੀ ਮੱਸਿਆ ਦੀ ਏਕਮ ਨੂੰ ਇੱਕ ਖ਼ਾਸ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਮ ਹੀ ਕਾਲੇ ਮਹਿਰ ਦੀ ਜਗ੍ਹਾਂ ਉੱਪਰ ਮੱਥਾ ਟੇਕਿਆ ਜਾਂਦਾ ਹੈ।

ਪੂਜਾ ਦਾ ਵਿਧੀ ਵਿਧਾਨ[ਸੋਧੋ]

ਇਹ ਪੂਜਾ ਸਾਲ ਵਿੱਚ ਦੋ ਵਾਰ ਕੀਤੀ ਜਾਂਦੀ ਹੈਭਾਵ ਭਾਦਰੋਂ ਦੀ ਮੱਸਿਆ ਦੀ ਏਕਮ ਤੇ ਫੱਗਣ ਦੀ ਮੱਸਿਆ ਦੀ ਏਕਮ ਨੂੰ, ਪਰ ਕਈ ਸੰਧੂ ਸਾਲ ਵਿੱਚ ਇੱਕ ਵਾਰ ਕਰਦੇ ਹਨ। ਖੇਤਾਂ ਵਿੱਚ ਜਿੱਥੇ ਕਾਲੇ ਮਹਿਰ ਦੀ ਜਗ੍ਹਾਂ ਬਣੀ ਹੁੰਦੀ ਹੈ ਸੰਧੂ ਪਰਿਵਾਰ ਦੀ ਨੂੰਹ ਮਿੱਟੀ ਕੱਢਦੀ ਹੈ ਤੇ ਸੱਤ ਵਾਰ ਮਿੱਟੀ ਕੱਢ ਕੇ ਉਸੇ ਜਗ੍ਹਾਂ ਉੱਪਰ ਰੱਖ ਦਿੱਤੀ ਜਾਂਦੀ ਹੈ। ਫਿਰ ਹੋਰ ਮਿੱਟੀ ਕੱਢ ਕੇ ਪੱਲੇ ਵਿੱਚ ਪਾ ਕੇ ਕਾਲੇ ਮਹਿਰ ਦੀ ਜਗ੍ਹਾਂ ਉੱਪਰ ਵਾਪਿਸ ਪਾ ਦਿੱਤੀ ਜਾਂਦੀ ਹੈ। ਇਸੇ ਦਿਨ ਮਿੱਟੀ ਕੱਢਣ ਤੋਂ ਬਾਅਦ ਮਰਾਸੀ ਨੂੰ ਦਹੀਂ ਅਤੇ ਦੁੱਧ ਵਿੱਚ ਘਿਓ ਪਾ ਕੇ ਦਿੱਤਾ ਜਾਂਦਾ ਹੈ। ਭਾਦਰੋਂ ਦੀ ਮੱਸਿਆ ਦੀ ਏਕਮ ਨੂੰ ਮੱਥਾ ਟੇਕਣ ਤੋਂ ਬਾਅਦ ਸੰਧੂ ਲੋਕ ਆਪਣੇ ਘਰਾਂ ਵਿੱਚ ਖੀਰ ਬਣਾਉਂਦੇ ਹਨ ਜੋ ਬਾਅਦ ਵਿੱਚ ਮਰਸਾਈਆਂ ਨੂੰ ਖਵਾਈ ਜਾਂਦੀ ਹੈ। ਮੱਥਾ ਟੇਕਣ ਤੋਂ ਅਗਲੇ ਦਿਨ ਸੰਧੂ ਘਰਾਂ ਵਿੱਚ ਦੁੱਧ ਨਹੀਂ ਰਿੜਕਿਆ ਜਾਂਦਾ। ਜੇਕਰ ਸੰਧੂ ਲੋਕ ਸੁੱਖ ਸੁਖਦੇ ਹਨ ਤਾਂ ਉਹ ਭਾਦਰੋਂ ਜਾਂ ਫੱਗਣ ਦੀ ਮੱਸਿਆ ਦੀ ਏਕਮ ਨੂੰ ਹੀ ਸੁੱਖ ਉਤਾਰਦੇ ਹਨ। ਭਾਦਰੋਂ ਨੂੰ "ਮਿੱਠੀਆਂ ਰੋਟੀਆਂ" ਅਤੇ ਫੱਗਣ ਨੂੰ "ਭੇਲੀਆਂ" ਦਾ ਚੜ੍ਹਾਵਾ ਚੜਾਇਆ ਜਾਂਦਾ ਹੈ। ਕਿਸੇ ਵੀ ਤਿੱਥ ਤਿਉਹਾਰ ਤੇ ਕਾਲੇ ਮਹਿਰ ਦੀ ਜਗ੍ਹਾਂ ਉੱਪਰ ਦੀਵੇ ਜਲਾਏ ਜਾਂਦੇ ਹਨ ਅਤੇ ਘਰ ਵਿੱਚ ਬਣੇ ਕਿਸੇ ਵੀ ਪਕਵਾਨ ਵਿਚੋਂ ਪਹਿਲਾਂ ਕਾਲੇ ਮਹਿਰ ਦੇ ਨਾਂ ਦਾ ਪ੍ਰਸ਼ਾਦ ਕਢਿਆ ਜਾਂਦਾ ਹੈ।

ਰਸਮਾਂ[ਸੋਧੋ]

ਸੰਧੂ ਲੋਕਾਂ ਵਿੱਚ ਇਹ ਵਿਸ਼ਵਾਸ ਹੈ ਕਿ ਘਰ ਵਿੱਚ ਪੈਦਾ ਹੋਏ ਮੁੰਡੇ ਦਾ ਕਾਲੇ ਮਹਿਰ ਦੀ ਜਗ੍ਹਾਂ ਉੱਪਰ ਮੱਥਾ ਟਿਕਵਾਉਨਾ ਜ਼ਰੂਰੀ ਹੁੰਦਾ ਹੈ ਜੇਕਰ ਅਜਿਹਾ ਨਾ ਕੀਤਾ ਜਾਵੇ ਤੇ ਬੱਚਾ ਠੀਕ ਨਹੀਂ ਰਹਿੰਦਾ। ਵਿਆਹ ਸਮੇਂ ਮੁੰਡੇ ਵਾਲਾ ਸੰਧੂ ਪਰਿਵਾਰ, ਕੁੜੀ ਵਾਲੇ ਪਰਿਵਾਰ ਨੂੰ ਕਾਲੇ ਮਹਿਰ ਦੇ ਕਪੜੇ ਦੀ ਮੰਗ ਕਰਦੇ ਹਨ। ਨਵ-ਵਿਆਹੀ ਜੋੜੀ ਨੂੰ ਕਾਲੇ ਮਹਿਰ ਦੀ ਜਗ੍ਹਾਂ ਉੱਪਰ ਮੱਥਾ ਟਿਕਾਉਣਾ ਜ਼ਰੂਰੀ ਹੁੰਦਾ ਹੈ ਅਤੇ ਮੱਥਾ ਟੇਕਣ ਤੋਂ ਬਾਅਦ ਹੀ ਜੋੜੀ ਜੰਡੀ ਦੁਆਲੇ ਗੇੜਾ ਮਾਰਦੀ ਹੈ ਤੇ ਮੁੰਡੇ ਦੁਆਰਾ ਜੰਡੀ ਤੇ ਤੱਕ ਲਗਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਘਰ ਵਿੱਚ ਸੂਣ ਵਾਲੀ ਗਾਂ ਜਾਂ ਮੱਝ ਦੀ ਬਾਉਲੀ ਵਾਲਾ ਦੁੱਧ ਕਿਸੇ ਪੰਡਿਤ ਜਾਂ ਮੁਸਲਮਾਨ ਨੂੰ ਨਹੀਂ ਦੇਣਾ ਹੁੰਦਾ ਤੇ ਨਾ ਹੀ ਆਪਣੀ ਗੋਤ ਤੋਂ ਬਾਹਰ ਕਿਸੇ ਨੂੰ ਦੇਣਾ ਹੁੰਦਾ ਹੈ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਡੰਗਰ ਦਾ ਜਾਨੀ ਨੁਕਸਾਨ ਹੁੰਦਾ ਹੈ।

ਵਰਜਨਾਵਾਂ[ਸੋਧੋ]

ਕਾਲੇ ਮਹਿਰ ਨੂੰ ਮੰਨਣ ਵਾਲੇ ਸੰਧੂ ਲੋਕ, ਖ਼ਾਸ ਕਰਕੇ, ਘਰ ਦੀ ਨੂੰਹ ਕਾਲੇ ਕਪੜਿਆਂ ਤੋਂ ਪਰਹੇਜ਼ ਕਰਦੀ ਹੈ। ਕਿਹਾ ਜਾਂਦਾ ਹੈ ਕਿ ਜੋ ਸੰਧੂ ਲੋਕ ਇਹਨਾਂ ਵਰਜਣਾਵਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਭਾਰੀ ਨੁਕਸਾਨ ਭੁਗਤਣਾ ਪੈਂਦਾ ਹੈ।

ਹਵਾਲੇ[ਸੋਧੋ]