ਪੁਆਧੀ ਉਪਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬੀ ਦੀਆਂ ਉਪਭਾਸ਼ਾਵਾਂ

ਪੁਆਧੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ,[1] ਜੋ ਪਂਜਾਬ ਦੇ ਪੁਆਧ ਖੇਤਰ ਵਿੱਚ ਬੋਲੀ ਜਾਂਦੀ ਹੈ।

ਭਾਸ਼ਾਈ ਵਿਸ਼ੇਸ਼ਤਾਵਾਂ[ਸੋਧੋ]

ਪੰਜਾਬੀ ਦੀਆਂ ਬਾਕੀ ਉਪ-ਭਾਸ਼ਾਵਾਂ ਵਾਂਗ ਪੁਆਧੀ ਵਿੱਚ ਵੀ ਸੁਰ ਮੌਜੂਦ ਹੈ। ਪੁਆਧੀ ਦੀ ਨੀਵੀਂ ਸੁਰ ਦੀ ਵਰਤੋਂ ਮਾਝੀ ਦੀ ਤਰਾਂ ਹੈ ਅਤੇ ਉੱਚੀ ਸੁਰ ਦੀ ਵਰਤੋਂ ਮਲਵਈ ਦੀ ਤਰ੍ਹਾਂ ਹੈ। ਪੱਧਰੀ ਜਾਂ ਸਾਂਵੀਂ ਸੁਰ ਤਿੰਨਾਂ ਵਿੱਚ ਇੱਕੋ ਜਿਹੀ ਹੈ। ਪੁਆਧੀ ਵਿੱਚ ਅੰਤਲਾ /ਹ/ ਨਹੀਂ ਉੱਚਾਰਿਆ ਜਾਂਦਾ ਹੈ ਅਤੇ ਨਾਸਕੀ ਵਿਅੰਜਨ /ਙ/ ਅਤੇ /ਞ/ ਦੀ ਵਰਤੋਂ ਵੀ ਨਹੀਂ ਹੁੰਦੀ ਹੈ। ਤਾਲਵੀ ਸੰਘਰਸ਼ੀ ਸ਼ਬਦ /ਸ਼/ ਵੀ ਨਹੀਂ ਹੈ, ਕੇਵਲ ਦੰਤੀ /ਸ/ ਹੈ। /ਵ/ ਤੋਂ /ਬ/ ਅਤੇ /ਮ/ ਵਿੱਚ ਰੂਪਾਂਤਰਨ ਮਲਵਈ ਨਾਲੋਂ ਵੱਧ ਹੈ। ਦੋ ਸਵਰਾਂ ਵਿਚਲਾ /ਵ/ ਅਕਸਰ /ਮ/ ਵਿੱਚ ਬਦਲਦਾ ਹੈ। ਜਿਵੇਂ: ਸਬੇਰਾ (ਸਵੇਰਾ), ਸੰਬਾਰ ਕੇ (ਸੰਵਾਰ ਕੇ), ਕਾਮਾ ਰੌਲੀ, ਕੈਮਾਂ (ਕਿੰਨਵਾਂ), ਜਾਮਾਂਗਾ, ਐਮੇ, ਸਮਗਾ (ਸਗਵਾਂ), ਸਿਰਨਾਮਾ, ਜਮਾਈ, ਅਤੇ ਤੀਮੀ ਆਦਿ। ਪੁਆਧੀ ਵਿੱਚ ਬਾਂਗਰੂ (ਹਰਿਆਣਵੀ) ਦੇ ਅਸਰ ਹੇਠ ਕੁਝ ਸ਼ਬਦਾਂ ਦੇ ਮੁੱਢ ਵਿੱਚ ਹਰਸਵ ਸਵਰਾਂ ਦੀ ਦੀਰਘਤਾ ਮਿਲਦੀ ਹੈ। ਜਿਵੇਂ: ਖੂਣੋਂ (ਖੁਣੋ), ਝੂਲ (ਝੁੱਲ), ਊਸਾਰੁ, ਊਹਾਂ, ਈਹਾਂ (ਓਥੇ, ਇੱਥੇ) ਆਦਿ। ਪੁਆਧੀ ਦੇ ਇੱਕ ਪਾਸੇ ਮਲਵਈ ਅਤੇ ਦੂਜੇ ਪਾਸੇ ਬਾਂਗਰੂ ਹਿੰਦੀ ਹੈ। ਪੁਆਧੀ ਵਿੱਚ ਹਮਾਨੂੰ/ਮ੍ਹਾਨੂੰ ਪੜਨਾਂਵ ਹੈ। ਇਸਤਰਾਂ 'ਬਿੱਚਮਾ' ਪੁਆਧੀ ਦਾ ਸਬੰਧਕ ਹੈ। "ਵਿਚ" ਅਤੇ "ਮਾਂ (ਮੇ)" ਤੋਂ ਬਣਿਆ ਹੈ।

ਹਮ/ਹਮੇਂ (ਅਸੀਂ, ਥਮ/ਥਮੇ (ਤੂੰ, ਤੁਸੀਂ), ਮ੍ਹਾਰੇ/ਥਾਰੇ (ਸਾਡੇ, ਤੁਹਾਡੇ), ਥਾਨੂੰ (ਤੈਨੂੰ), ਇਯੋ (ਇਹ), ਸਾਤੋਂ (ਸਾਥੋਂ) ਆਦਿ ਪੜਨਾਂਵ ਸ਼ਾਮਲ ਹਨ। ਪੁਆਧੀ ਦੇ ਸਬੰਧਕ ਵੀ ਖਾਸ ਹਨ, ਜੋ ਕਿ ਹੋਰ ਪੰਜਾਬੀ ਉਪ-ਭਾਸ਼ਾਵਾਂ ਤੋਂ ਵੱਖਰੇ ਹਨ। ਜਿਵੇਂ ਕਿ: ਗੈਲ (ਨਾਲ), ਲਵੇ (ਨੇੜੇ), ਕੰਨੀਓ (ਪਾਸਿਓ), ਓੜੀ (ਤਰਫ਼)। ਕੁਝ ਕਾਰਕੀ ਸਬੰਧਕ ਵੀ ਵੇਖਣਯੋਗ ਹਨ। ਜਿਵੇਂ ਕਿ: ਕਾਸ ਮਾਂ (ਕਿਸ ਵਿੱਚ), ਕਾਤੇ (ਕਿਸ ਕਰ ਕੇ), ਕਿੱਕਾ (ਕਿਸ ਕਾ), ਜਾਸ ਨੂੰ (ਜਿਸ ਨੂੰ), ਪਰ (ਉੱਤੇ), ਕਿਨੂੰ (ਕਿਸ ਨੂੰ), ਕ੍ਹੀਨੂੰ (ਕਿਨ੍ਹਾਂ ਨੂੰ) ਆਦਿ।

  • ਕਿਰਿਆ ਵਿਸ਼ੇਸ਼ਣ: ਇਬ (ਹੁਣ), ਇਬਕੇ (ਐਤਕਾਂ), ਇਕਣ, ਈਕਣ, ਓਗਲ (ਉਦੋਂ) ਕੋਗਲ (ਕਦੋਂ), ਜੋਗਲ (ਜਦੋਂ), ਤੋਗਲ (ਤਦੋਂ) ਆਦਿ। ਭੂਤਕਾਲੀ ਸਹਾਇਕ ਕਿਰਿਆਵਾਂ ਬਿਲਕੁਲ ਵਖਰੇਵੇਂ ਵਾਲੀਆਂ ਹਨ। ਜਿਵੇਂ: ਗਿਆ ਤੀ, ਗਏ ਤੇ, ਗਿਆ ਤਾ, ਗਈਆਂ ਤੀਆਂ ਆਦਿ। ਕਈ ਪੁਆਧੀ ਇਕਾਕਿਆਂ ਵਿੱਚ ਥੀ, ਥਾ, ਥੀਆਂ, ਅਤੇ ਥੇ ਵੀ ਬੋਲਦੇ ਹਨ। ਜਾਹਾ (ਜਾਂਦਾ ਹੈ), ਖਾਹਾ (ਖਾਂਦਾ ਹੈ), ਦੇਹਾ (ਦਿੰਦਾ ਹੈ)।

ਪੁਆਧੀ ਵਿੱਚ ਭਵਿੱਖਕਾਲ ਲਈ ਦੋ ਪਿਛੇਤਰ /-ਗ/ ਅਤੇ /-ਐਂ/ ਵਰਤੇ ਜਾਂਦੇ ਹਨ। "ਜੈਲਾ ਖੇਤ ਬਾਹੇਗਾ" ਜਾਂ "ਜੈਲਾ ਖੇਤ ਨਾ ਬਾਹੈ" ਆਦਿ।

ਵਾਰਤਾਲਾਪ ਵੰਨਗੀ[ਸੋਧੋ]

  • ਰੈ ਬੰਤਾ ਤੌਂ ਕਿਥੇ ਜਾਹਾਂ?
  • ਕਿਤੇ ਬੀ ਨੀ।
  • ਤੌਂ ਝੂਠ ਕਦ ਤੇ ਬੋਲਣ ਲਗ ਗਿਆ?
  • ਕਿਉਂ ਇਸ ਮਾਂ ਝੂਠ ਕੀ ਕੇੜ੍ਹੀ ਬਾਤ ਐ।

ਪੁਆਧੀ ਨਿਵੇਕਲੀ ਸ਼ਬਦਾਵਲੀ[ਸੋਧੋ]

ਗੋਰੂ (ਡੰਗਰ), ਚਤੌਲੀਆਂ (ਨਵਾਂ ਜੰਮਿਆ ਬੱਚਾ), ਸਿੰਘ ਜੀ (ਸਹੁਰਾ), ਗੰਠ/ਗੱਠ (ਗੰਢ), ਛੋਕੜੀ (ਕੁੜੀ), ਮ੍ਹੈਂਸ (ਮੱਝ), ਘਰੜ (ਅਧਰਿੜਕੀ ਲੱਸੀ), ਚਾਸਣੀ (ਕੜਾਹੀ), ਗੈਂ (ਗਾਊ), ਉਗਣ-ਆਥਨ (ਸਵੇਰ-ਸ਼ਾਮ), ਕਚਰਾ (ਖਰਬੂਜ਼ਾ), ਬਾਂਸਣ (ਭਾਂਡਾ), ਭੱਤ (ਚੌਲ), ਬਿਆਈ (ਸੂਈ ਮੱਝ), ਅਤੇ ਥੌੜ (ਸਥਾਨ)

ਹਵਾਲੇ[ਸੋਧੋ]

  1. "Punjabi University, Patiala.". Archived from the original on 2017-07-31. Retrieved 2014-09-03.