ਸਮੱਗਰੀ 'ਤੇ ਜਾਓ

ਸਰਵਣ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪ੍ਰਿੰਸੀਪਲ ਸਰਵਣ ਸਿੰਘ ਤੋਂ ਮੋੜਿਆ ਗਿਆ)
ਪ੍ਰਿੰ. ਸਰਵਣ ਸਿੰਘ
ਜਨਮ8 ਜੁਲਾਈ 1940
ਚਕਰ, ਜ਼ਿਲ੍ਹਾ ਲੁਧਿਆਣਾ, ਪੰਜਾਬ
ਕਿੱਤਾਖੇਡ ਲੇਖਕ, ਵਾਰਤਕਕਾਰ, ਪ੍ਰੋਫੈ਼ਸਰ, ਪ੍ਰਿੰਸੀਪਲ
ਭਾਸ਼ਾਪੰਜਾਬੀ
ਸਿੱਖਿਆਬੀ. ਏ. (ਫਾਜ਼ਿਲਕਾ), ਬੀ. ਐੱਡ. (ਮੁਕਤਸਰ), ਐੱਮ. ਏ. (ਦਿੱਲੀ)
ਸ਼ੈਲੀਸਫ਼ਰਨਾਮੇ, ਕਹਾਣੀਆਂ, ਰੇਖਾ ਚਿੱਤਰ
ਜੀਵਨ ਸਾਥੀਹਰਜੀਤ ਕੌਰ
ਬੱਚੇਜਗਵਿੰਦਰ ਸਿੰਘ, ਗੁਰਵਿੰਦਰ ਸਿੰਘ
ਮਾਪੇਸਵਰਗਵਾਸੀ ਕਰਤਾਰ ਕੌਰ, ਸਵਰਗਵਾਸੀ ਬਾਬੂ ਸਿੰਘ ਸੰਧੂ

ਪ੍ਰਿੰਸੀਪਲ ਸਰਵਣ ਸਿੰਘ (ਜਨਮ 8 ਜੁਲਾਈ 1940) ਇੱਕ ਨਾਮਵਰ ਕੈਨੇਡੀਅਨ ਪੰਜਾਬੀ ਲੇਖਕ ਤੇ ਰਿਟਾਇਰਡ ਪ੍ਰਿੰਸੀਪਲ ਹੈ, ਜਿਸ ਦਾ ਸਾਹਿਤ ਜ਼ਿਆਦਾਤਰ ਖੇਡਾਂ ਤੇ ਕੇਂਦਰਿਤ ਹੈ। ਉਸ ਨੇ ਹੁਣ ਤੱਕ ਸੈਂਕੜੇ ਆਰਟੀਕਲ ਲਿਖੇ ਹਨ ਅਤੇ ਡੇਢ ਦਰਜਨ ਕਿਤਾਬਾਂ ਛਪਵਾਈਆਂ ਹਨ। ਉਸ ਨੇ ਉਲੰਪਿਕ ਖੇਡਾਂ ਬਾਰੇ ਕਿਤਾਬਾਂ ਵੀ ਲਿਖੀਆਂ ਹਨ। ਉਸ ਨੇ ਕਹਾਣੀ, ਨਿਬੰਧ, ਰੇਖਾ-ਚਿੱਤਰ, ਹਾਸ ਵਿਅੰਗ, ਅਤੇ ਸਫ਼ਰਨਾਮਾ ਵੀ ਲਿਖੇ ਹਨ। ਉਹ ਖੇਡ-ਮੇਲਿਆਂ ਤੇ ਬਾਕਇਦਾ ਜਾਂਦਾ ਹੈ ਅਤੇ ਉਨ੍ਹਾਂ ਬਾਰੇ ਲਿਖਦਾ ਵੀ ਹੈ। ਖੇਡਾਂ ਵਿੱਚ ਰੈਫਰੀ ਵੀ ਬਣਿਆ ਅਤੇ ਕੁਮੈਂਟਰੀ ਦਾ ਵੀ ਕੰਮ ਕੀਤਾ। ਉਹ ਦਿੱਲੀ ਯੂਨੀਵਰਸਿਟੀ ਦਾ ਸੈਕਿੰਡ ਬੈੱਸਟ ਅਥਲੀਟ ਸੀ। ਜਦੋਂ ਉਸ ਦਾ ਚੋਟੀ ਦਾ ਖਿਡਾਰੀ ਬਣਨ ਦਾ ਸੁਫਨਾ ਪੂਰਾ ਨਾ ਹੋ ਸਕਿਆ, ਉਹ ਖੇਡ-ਲੇਖਕ ਬਣ ਗਿਆ।

ਜੀਵਨ ਵੇਰਵਾ

[ਸੋਧੋ]

ਪ੍ਰਿੰ: ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਭਾਰਤੀ ਪੰਜਾਬ ਦੇ ਪਿੰਡ ਚਕਰ (ਜ਼ਿਲਾ ਲੁਧਿਆਣਾ) ਵਿਖੇ ਸਰਦਾਰ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਪਿਤਾ ਨੇ ਕੈਰੋਂ ਦੇ ਰਾਜ ਵੇਲੇ ਖੁਸ਼ ਹੈਸੀਅਤੀ ਟੈਕਸ ਮੋਰਚੇ ਵਿੱਚ ਜੇਲ੍ਹ ਕੱਟੀ ਅਤੇ ਬਾਬਾ ਪਾਲਾ ਸਿੰਘ ਜੈਤੋ ਦੇ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ ਜਿਨ੍ਹਾਂ ਨੇ ਨਾਭੇ ਜੇਲ੍ਹ ਕੱਟੀ। ਉਸ ਦੀ ਪਤਨੀ ਹਰਜੀਤ ਕੌਰ ਨੇ ਐਮ. ਏ. ਬੀ. ਐੱਡ. ਕੀਤੀ ਹੈ ਅਤੇ ਉਹ ਰਿਟਾਇਰਡ ਮੁੱਖ ਅਧਿਆਪਕ ਹੈ। ਉਹਨਾਂ ਦੇ ਦੋ ਪੁੱਤਰ ਹਨ। ਵੱਡਾ ਜਗਵਿੰਦਰ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਅਮਰਦੀਪ ਕਾਲਜ ਮੁਕੰਦਪੁਰ ਵਿੱਚ ਲੈਕਚਰਾਰ ਨੇ ਅਤੇ ਛੋਟਾ ਗੁਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਦੀਪ ਕੌਰ ਕੈਨੇਡਾ ਰਹਿੰਦੇ ਹਨ।

ਪ੍ਰਿੰ: ਸਰਵਣ ਸਿੰਘ ਨੇ ਪਿੰਡ ਚਕਰ ਤੋਂ ਚਾਰ, ਮੱਲ੍ਹੇ ਤੋਂ ਦਸ, ਫਾਜ਼ਿਲਕਾ ਤੋਂ ਚੌਦਾਂ ਤੇ ਦਿੱਲੀ ਤੋਂ ਸੋਲ਼ਾਂ ਜਮਾਤਾਂ ਪੜ੍ਹੀਆਂ। ਉਸ ਨੇ ਐੱਮ. ਆਰ. ਕਾਲਜ ਫਾਜ਼ਿਲਕਾ ਤੋਂ ਬੀ. ਏ., ਖਾਲਸਾ ਟ੍ਰੇਨਿੰਗ ਕਾਲਜ ਮੁਕਤਸਰ ਤੋਂ ਬੀ. ਐੱਡ. ਤੇ ਦਿੱਲੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਐੱਮ. ਏ. ਕੀਤੀ। ਫਿਰ ਉੱਥੇ ਹੀ ਲੈਕਚਰਾਰ ਲੱਗ ਗਿਆ। ਜਦੋਂ ਢੁੱਡੀਕੇ ਦੇ ਨਾਵਲਕਾਰ ਜਸਵੰਤ ਸਿੰਘ ਨੇ ਮਿਹਣਾ ਮਾਰਿਆ ਕਿ "ਜੇ ਮੁੰਡਿਆਂ ਨੇ ਪੜ੍ਹ ਲਿਖ ਸ਼ਹਿਰਾਂ ਵਿੱਚ ਪੜ੍ਹਾਉਣ ਲੱਗ ਪੈਣਾ ਤੇ ਸ਼ਹਿਰਾਂ ਦੀ ਅੰਗੂਰੀ ਚਰਨੀ ਐਂ ਤਾਂ ਸਾਨੂੰ ਪੜ੍ਹਾਉਣ ਦਾ ਕੀ ਫਾਇਦਾ ਹੋਇਆ। ਸਾਡੇ ਪੇਂਡੂ ਕਾਲਜਾ ਵਿੱਚ ਫੇਰ ਕੌਣ ਪੜ੍ਹਾਊ" ਤਾਂ ਦਿੱਲੀ ਦੀ ਪੱਕੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ।ਫਿਰ ਤੀਹ ਸਾਲ ਦੇ ਕਰੀਬ ਢੁੱਡੀਕੇ ਦੇ ਕਾਲਜ ਵਿੱਚ ਪੜ੍ਹਾਇਆ ਤੇ ਉਸ ਤੋਂ ਉਪਰੰਤ ਚਾਰ ਸਾਲ ਅਮਰਦੀਪ ਕਾਲਜ ਮੁਕੰਦਪੁਰ ਦੇ ਪ੍ਰਿੰਸੀਪਲ ਵੀ ਰਹੇ।

1990 ਤੋਂ ਪ੍ਰਿੰ ਸਰਵਣ ਸਿੰਘ ਅਮਰੀਕਾ ਤੇ ਕੈਨੇਡਾ ਵਿੱਚ ਬਤੌਰ ਵਿਜ਼ਟਰ ਆਉਣ ਲੱਗ ਪਿਆ ਸੀ। 1998 ਵਿੱਚ ਛੋਟਾ ਪੁੱਤਰ ਕੈਨੇਡੀਅਨ ਲੜਕੀ ਨਾਲ ਵਿਆਹਿਆ ਗਿਆ ਤੇ ਕੈਨੇਡਾ ਆ ਗਿਆ। 2001 ਵਿੱਚ ਰਿਟਾਇਰ ਹੋਣ ਤੋਂ ਉਪਰੰਤ ਸਰਵਣ ਸਿੰਘ ਤੇ ਉਸ ਦੀ ਪਤਨੀ ਬਤੌਰ ਇੰਮੀਗਰਾਂਟ ਕੈਨੇਡਾ ਆ ਗਏ। ਉਦੋਂ ਤੋਂ ਗਰਮੀਆਂ ਕੈਨੇਡਾ ਵਿੱਚ ਕੱਟਦੇ ਹਨ ਤੇ ਸਰਦੀਆਂ ਪੰਜਾਬ ਵਿੱਚ।

ਖੇਡਾਂ 'ਚ ਭਾਗ ਲੈਣਾ

[ਸੋਧੋ]

ਪ੍ਰਿੰ: ਸਰਵਣ ਸਿੰਘ ਖਾਲਸਾ ਕਾਲਜ ਦਾ ਬੈੱਸਟ ਅਥਲੀਟ ਅਤੇ ਦਿੱਲੀ ਯੂਨੀਵਰਸਿਟੀ ਦਾ ਸੈਕੰਡ ਬੈੱਸਟ ਅਥਲੀਟ ਸੀ। ਗੋਲਾ ਸੁੱਟਣ ਵਿੱਚ ਯੂਨੀਵਰਸਿਟੀ ਦਾ ਚੈਂਪੀਅਨ ਸੀ 'ਤੇ ਕਾਲਜ ਦੀ ਹਾਕੀ ਟੀਮ ਦਾ ਕੈਪਟਨ ਵੀ ਰਿਹਾ। ਡਿਸਕਸ, ਜੈਵਲਿਨ ਤੇ ਹੌਪ ਸਟੈੱਪ ਐਂਡ ਜੰਪ ਵਿੱਚ ਯੂਨਿਵਰਸਿਟੀ ਪੱਧਰ 'ਤੇ ਮੈਡਲ ਜਿੱਤੇ। ਇੰਟਰ-ਵਰਸਿਟੀ ਮੀਟ ਵਿੱਚ ਦਿੱਲੀ ਯੂਨਿਵਰਸਿਟੀ ਦੀ ਨੁਮਾਇੰਦਗੀ ਕੀਤੀ। ਉਹ ਕਬੱਡੀ ਵੀ ਖੇਡਿਆ ਤੇ ਫੁੱਟਬਾਲ ਦੀਆਂ ਕਿੱਕਾਂ ਵੀ ਲਾਈਆਂ।

ਸਾਹਿਤਕ ਜੀਵਨ

[ਸੋਧੋ]

ਜਦੋਂ ਸਰਵਣ ਸਿੰਘ ਐੱਮ. ਏ. ਕਰ ਰਿਹਾ ਸੀ, ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦਿੱਲੀ ਸਰਕਲ ਦਾ ਪ੍ਰਧਾਨ ਵੀ ਰਿਹਾ ਤੇ ਦਿੱਲੀ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਵੀ ਸ਼ਾਮਲ ਹੁੰਦਾ ਰਿਹਾ। ਹਰ ਹਫਤੇ ਹੁੰਦੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਹਿੱਸਾ ਲੈਂਦਾ ਤੇ ਕਈ ਵਾਰ ਮੀਟਿੰਗ ਦੀ ਕਾਰਵਾਈ ਵੀ ਰਜਿਸਟਰ ਉੱਤੇ ਨੋਟ ਕਰਦਾ। ਮੀਟਿੰਗਾਂ ਵਿੱਚ ਤੇ ਹੋਰ ਜਗ੍ਹਾਂ ਤੇ ਬਹੁਤ ਸਾਰੇ ਲੇਖਕਾਂ ਨਾਲ ਮੇਲ ਹੁੰਦਾ ਸੀ। ਦਿੱਲੀ ਤੋਂ ਹੀ ਸਰਵਣ ਸਿੰਘ ਨੂੰ ਸਾਹਿਤਕ ਜਾਗ ਲੱਗੀ।

1962 ਵਿੱਚ ਜਦੋਂ ਸਰਵਣ ਸਿੰਘ ਦਿੱਲੀ ਪੜ੍ਹਨ ਹੀ ਲੱਗਾ ਸੀ ਤਾਂ ਟੀਮ ਨਾਲ ਪ੍ਰੈਕਟਿਸ ਕਰਨ ਨੈਸ਼ਨਲ ਸਟੇਡੀਅਮ ਜਾਇਆ ਕਰਦਾ ਸੀ। ਉੱਥੇ ਨਾਮੀ ਅਥਲੀਟਾਂ ਨੂੰ ਮਿਲਣ ਦਾ ਮੌਕਾ ਮਿਲ ਗਿਆ। ਉਦੋਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੌਂਕ ਹੋ ਗਿਆ। ਉਹਨਾਂ ਦਿਨਾਂ ਵਿੱਚ ਬਲਵੰਤ ਗਾਰਗੀ ਨੇ ਲੇਖਕਾਂ ਦੇ ਰੇਖਾ ਚਿੱਤਰ ਲਿਖੇ ਜੋ 'ਨਿੰਮ ਦੇ ਪੱਤੇ' ਤੇ 'ਸੁਰਮੇ ਵਾਲੀ ਅੱਖ' ਨਾਂ ਦੀਆਂ ਕਿਤਾਬਾਂ ਵਿੱਚ ਛਪੇ। ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਰਵਣ ਸਿੰਘ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਲੱਗ ਪਿਆ। ਉਸ ਦਾ ਤੱਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਾ ਹੋ ਸਕੀ। ਉਸੇ ਰੀਝ ਨੂੰ ਪੂਰੀ ਕਰਨ ਲਈ ਉਹ ਖੇਡ ਲੇਖਕ ਬਣ ਗਿਆ।

ਪੁਸਤਕਾਂ

[ਸੋਧੋ]

ਹੁਣ ਤੱਕ ਪ੍ਰਿੰ: ਸਰਵਣ ਸਿੰਘ ਨੇ ਸੈਂਕੜੇ ਆਰਟੀਕਲ ਲਿਖੇ ਹਨ। ਡੇਢ ਦਰਜਨ ਕਿਤਾਬਾਂ ਛਪਵਾਈਆਂ ਹਨ। ਇੱਕ ਕਿਤਾਬ, ਸਪੋਰਟਸਮੈੱਨ ਆਫ਼ ਪੰਜਾਬ, ਅੰਗਰੇਜ਼ੀ ਵਿੱਚ ਹੈ। ਅੱਜ ਕੱਲ੍ਹ ਉਹ ਆਪਣੀ ਸਵੈਜੀਵਨੀ ਲਿਖ ਰਿਹਾ ਹੈ। ਕਹਾਣੀ ਸੰਗ੍ਰਹਿ ਛਪਵਾਉਣ ਤੇ ਨਾਵਲ ਲਿਖਣ ਦਾ ਵੀ ਵਿਚਾਰ ਕਰ ਰਿਹਾ ਹੈ। ਉਸ ਦਾ ਅਮਰੀਕਾ ਤੇ ਕੈਨੇਡਾ ਦਾ ਸਫ਼ਰਨਾਮਾ 'ਅੱਖੀਂ ਵੇਖ ਨਾ ਰੱਜੀਆਂ' ਛੇ ਸਾਲ ਬੀ. ਏ. ਦੀਆਂ ਜਮਾਤਾਂ ਵਿੱਚ ਪੜ੍ਹਾਇਆ ਜਾਂਦਾ ਰਿਹਾ। ਉਸ ਦੀ ਕਿਤਾਬ 'ਪਿੰਡ ਦੀ ਸੱਥ 'ਚੋਂ' ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਲੱਗੀ ਰਹੀ। ਅਨੇਕਾਂ ਆਰਟੀਕਲ ਵੱਖ ਵੱਖ ਪਾਠ ਪੁਸਤਕਾਂ ਵਿੱਚ ਪੜ੍ਹਾਏ ਜਾ ਰਹੇ ਹਨ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਹਨਾਂ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ।

  • ਭਾਰਤ ਵਿੱਚ ਹਾਕੀ (ਅਨੁਵਾਦ), ਨੈਸ਼ਨਲ ਬੁੱਕ ਟ੍ਰੱਸਟ ਦਿੱਲੀ, 1974

  • ਡਾਕ ਟਿਕਟਾਂ ਦਾ ਰੁਮਾਂਸ (ਅਨੁਵਾਦ), ਨੈਸ਼ਨਲ ਬੁੱਕ ਟ੍ਰੱਸਟ ਦਿੱਲੀ, 1975

  • ਪੰਜਾਬ ਦੇ ਉੱਘੇ ਖਿਡਾਰੀ, ਨਵਯੁੱਗ ਪਬਲਿਸ਼ਰਜ਼ ਦਿੱਲੀ, 1978

  • ਖੇਡ ਸੰਸਾਰ, ਆਰਸੀ ਪਬਲਿਸ਼ਰਜ਼ ਦਿੱਲੀ, 1981

  • ਖੇਡ ਜਗਤ ਵਿੱਚ ਭਾਰਤ, ਭਾਰਤ ਸਰਕਾਰ ਪਬਲੀਕੇਸ਼ਨ, 1982

  • ਪੰਜਾਬੀ ਖਿਡਾਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1982, 1989, 2000

  • ਪਿੰਡ ਦੀ ਸੱਥ 'ਚੋਂ, ਲਾਹੌਰ ਬੁੱਕ ਸ਼ਾਪ ਲੁਧਿਆਣਾ, 1985

  • ਖੇਡ ਮੈਦਾਨ 'ਚੋਂ, ਲਾਹੌਰ ਬੁੱਕ ਸ਼ਾਪ ਲੁਧਿਆਣਾ, 1986

  • ਉਲੰਪਿਕ ਖੇਡਾਂ, ਲਾਹੌਰ ਬੁੱਕ ਸ਼ਾਪ ਲੁਧਿਆਣਾ, 1988

  • ਅੱਖੀਂ ਵੇਖ ਨਾ ਰੱਜੀਆਂ (ਮੇਰੀ ਅਮਰੀਕਾ ਫੇਰੀ), ਲਾਹੌਰ ਬੁੱਕ ਸ਼ਾਪ, 1981

  • ਪੰਜਾਬ ਦੀਆਂ ਦੇਸੀ ਖੇਡਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1996

  • ਬਾਤਾਂ ਵਤਨ ਦੀਆਂ, ਲਾਹੌਰ ਬੁੱਕ ਸ਼ਾਪ, 1996

  • ਖੇਡ ਜਗਤ ਦੀਆਂ ਬਾਤਾਂ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2002

  • ਖੇਡ ਪਰਿਕਰਮਾ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2003

  • ਖੇਡ ਦਰਸ਼ਨ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2004

  • ਉਲੰਪਿਕ ਖੇਡਾਂ ਦੀ ਸਦੀ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2005

  • ਫੇਰੀ ਵਤਨਾਂ ਦੀ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2007

  • ਚੋਣਵੇਂ ਪੰਜਾਬੀ ਖਿਡਾਰੀ, ਨੈਸ਼ਨਲ ਬੁੱਕ ਟ੍ਰੱਸਟ ਦਿੱਲੀ, 2007

  • ਕਬੱਡੀ ਕਬੱਡੀ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007, 2008

  • ਅਮਰਦੀਪ ਕਾਲਜ ਦੇ ਦਾਨਵੀਰ, ਅਮਰਦੀਪ ਟ੍ਰੱਸਟ ਮੁਕੰਦਪੁਰ, 2008

  • ਹਸੰਦਿਆਂ ਖੇਲੰਦਿਆਂ (ਸਵੈ ਜੀਵਨੀ), ਚੇਤਨਾ ਪ੍ਰਕਾਸ਼ਨ, 2009

  • ਮੇਲੇ ਕਬੱਡੀ ਦੇ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2010

  • ਅੱਖੀ ਡਿੱਠਾ ਕਬੱਡੀ ਵਰਲਡ ਕੱਪ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2011

  • ਸ਼ਬਦਾਂ ਦੇ ਖਿਡਾਰੀ
  • ਖੇਡ ਸਾਹਿਤ ਦੀਆਂ ਬਾਤਾਂ
  • ਖੇਡ ਸਾਹਿਤ ਦੇ ਮੋਤੀ

ਇਨਾਮ ਤੇ ਮਾਣ ਸਨਮਾਨ

[ਸੋਧੋ]

ਉਹਨਾਂ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ:

  1. ਪੰਜਾਬੀ ਸਾਹਿਤ ਟ੍ਰੱਸਟ ਢੁੱਡੀਕੇ ਦਾ ਵਿਸ਼ੇਸ਼ ਸਨਮਾਨ ਭਾਸ਼ਾ ਵਿਭਾਗ ਪੰਜਾਬੀ ਲੇਖਕ ਪੁਰਸਕਾਰ
  2. ਪੰਜਾਬੀ ਸਾਹਿਤ ਅਕੈਡਮੀ ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ
  3. ਪੰਜਾਬੀ ਸੱਥ ਲਾਂਬੜਾ ਦਾ ਸੱਯਦ ਵਾਰਸ ਸ਼ਾਹ ਅਵਾਰਡ
  4. ਸਪੋਰਟਸ ਅਥਾਰਟੀ ਇੰਡੀਆ ਦਾ ਖੇਡ ਸਾਹਿਤ ਦਾ ਨੈਸ਼ਨਲ ਅਵਾਰਡ
  5. ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ।
  6. ਕਮਲਜੀਤ ਖੇਡਾਂ ਦੌਰਾਨ ਸੁਰਜੀਤ ਯਾਦਗਾਰੀ ਐਵਾਰਡ
  7. ਕਿਲ੍ਹਾ ਰਾਏਪੁਰ ਖੇਡਾਂ ਦੌਰਾਨ ਸਨਮਾਨ,
  8. ਪੁਰੇਵਾਲ ਖੇਡ ਮੇਲੇ ਉਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੰਦਿਆਂ ਗੁਰਜ ਨਾਲ ਸਨਮਾਨਤ ਕੀਤਾ ਗਿਆ।
  9. ਖੇਡ ਰਤਨ ਐਵਾਰਡ

ਉਹਨਾਂ ਦੀਆ ਰਚਨਾਵਾਂ 1965-66 ਵਿੱਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿੱਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪੀਆਂ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉੱਪਰ ਹੋ ਗਈ ਹੈ। [1][2]

ਬਾਹਰਲੇ ਲਿੰਕ

[ਸੋਧੋ]


ਹਵਾਲੇ

[ਸੋਧੋ]
  1. "Kheeda_Di_Duniya". Chetna Parkashan. 2008. Retrieved November 21, 2012.
  2. "Books". Chetna Parkashan. Retrieved November 21, 2012.[permanent dead link]