ਸਮੱਗਰੀ 'ਤੇ ਜਾਓ

ਸਫ਼ਰਨਾਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਫਰਨਾਮਾ ਤੋਂ ਮੋੜਿਆ ਗਿਆ)

ਸਫ਼ਰਨਾਮਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਟਰੈਵਲੌਗ(travelogue) ਦਾ ਸਮਾਨਾਰਥੀ ਹੈ, ਜਿਸਦੇ ਅਰਥ ਹਨ-ਯਾਤਰਾ-ਅਨੁਭਵਾਂ ਨੂੰ ਬਿਆਨ ਕਰਨ ਵਾਲੀ ਪੁਸਤਕ।[1] ਸਾਹਿਤ ਕੋਸ਼ ਅਨੁਸਾਰ ਜਿਸ ਸਾਹਿਤ ਵਿਧਾ ਵਿੱਚ ਸਫ਼ਰ ਬਾਰੇ ਵਿਵਰਣ ਦਿੱਤਾ ਗਿਆ ਹੋਵੇ, ਉਸ ਨੂੰ ਸਫ਼ਰਨਾਮਾ ਕਹਿੰਦੇ ਹਨ।[2] ਪੰਜਾਬੀ ਕੋਸ਼ ਅਨੁਸਾਰ ਸਫ਼ਰਨਾਮਾ ਉਹ ਡਾਇਰੀ ਹੈ, ਜਿਸ ਵਿੱਚ ਸਫ਼ਰ ਦੇ ਹਾਲ-ਹਵਾਲ ਲਿਖੇ ਹੋਣ।[3] ਜੀਤ ਸਿੰਘ ਸੀਤਲ ਸਫ਼ਰਨਾਮੇ ਬਾਰੇ ਲਿਖਦੇ ਹਨ ਕਿ ਇਸ ਵਿੱਚ ਕਿਸੇ ਵਿਅਕਤੀ ਦੇ ਯਾਤਰਾ ਸਮਾਚਾਰ ਵਰਣਨ ਕੀਤੇ ਜਾਂਦੇ ਹਨ। ਭਾਵੇਂ ਇਸ ਸਾਹਿਤਕ ਰੂਪ ਦਾ ਸਮਾਚਾਰ ਘਟਨਾਕ੍ਰਮ ਅਨੁਸਾਰ ਚੱਲਦਾ ਹੈ ਪਰ ਵਿਸ਼ੇਸ਼ ਉਤਸੁਕਤਾ ਉਸ ਵਿਅਕਤੀ ਬਾਰੇ ਨਹੀਂ ਹੁੰਦੀ ਸਗੋਂ ਉਸ ਵਿਸ਼ੇਸ਼ ਭੂਮੀ ਜਾਂ ਸਭਿਅਤਾ ਦੀ ਹੁੰਦੀ ਹੈ ਜੋ ਯਾਤਰਾ ਦਾ ਕੇਂਦਰ ਬਣਦੀ ਹੈ।[4]

ਇਸ ਤਰਾਂ ਸਫ਼ਰਨਾਮਾ ਕਿਸੇ ਲੇਖਕ ਦਾ ਉਸ ਦੇ ਕਿਸੇ ਸਫ਼ਰ ਬਾਰੇ ਤਜਰਬਿਆਂ ਦਾ ਰਿਕਾਰਡ ਹੁੰਦਾ ਹੈ। ਕਵਿਤਾ, ਨਾਵਲ ਆਦਿ ਵਾਂਗ ਇਹ ਵੀ ਸਾਹਿਤ ਦਾ ਇੱਕ ਰੂਪ ਅਤੇ ਕਿਸਮ ਹੈ। ਸਫ਼ਰਨਾਮੇ ਵਿੱਚ ਜਾਣਕਾਰੀ ਦਾ ਘੇਰਾ ਵਿਸ਼ਾਲ ਹੁੰਦਾ ਹੈ। ਪੰਜਾਬੀ ਦੇ ਸਫ਼ਰਨਾਮਿਆਂ ਵਿੱਚ ਬਲਰਾਜ ਸਾਹਨੀ ਦਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਅਤੇ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਜ਼ਿਕਰਯੋਗ ਹਨ।

ਸ਼ਬਦ ਨਿਰੁਕਤੀ

[ਸੋਧੋ]

ਸਫ਼ਰਨਾਮੇ ਦਾ ਸ਼ਾਬਦਿਕ ਅਰਥ ਦੱਸਣ ਲਈ ਇਸਨੂੰ ਵਿਚਕਾਰੋ ਤੋੜਿਆ ਜਾਣਾ ਜਰੂਰੀ ਹੈ। ਭਾਵ ਸਫ਼ਰਨਾਮਾ ਸ਼ਬਦ ਦੀ ਵਿਉਤਪਤੀ ਦੋ ਸ਼ਬਦਾ ਦੋ ਮੇਲ `ਸਫਰ+ਨਾਮਾ` ਤੋ ਹੋਈ ਹੈ।ਸਫਰ ਸ਼ਬਦ ਅਰਬੀ ਭਾਸ਼ਾ ਦਾ ਹੈ। ਜਿਸਦਾ ਅਰਥ ਹੈ `ਯਾਤਰਾ`ਅਤੇ ਮੁਸਾਫ਼ਰੀ`। `ਨਾਮਾ` ਫਾਰਸੀ ਦੇ 'ਨਾਮਹ' ਸ਼ਬਦ ਦਾ ਵਿਕਰਿਤ ਰੂਪ ਹੈ ਜਿਸਦਾ ਅਰਥ ਹੈੈ 'ਚਿੱਠੀ' `ਖਤ`, ਜਾਂ `ਪੱਤਰ`। ਇਸ ਤਰਾਂ ਸਧਾਰਨ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਫ਼ਰਨਾਮਾ ਕਿਸੇ ਯਾਤਰੀ ਦਾ ਆਪਣੀ ਯਾਤਰਾ ਸੰਬੰਧੀ ਲਿਖਿਆ ਪੱਤਰ ਹੈ। ਜਿਸ ਨੂੰ ਯਾਤਰਾ ਸਾਹਿਤ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ।

ਪੰਜਾਬੀ ਵਿੱਚ ਸਫ਼ਰਨਾਮਾ

[ਸੋਧੋ]

ਪੰਜਾਬੀ ਵਿੱਚ ਅਪਣਾਏ ਜਾਣ ਤੋ ਪਹਿਲਾਂ ਇਹ ਸ਼ਬਦ ਇਸੇ ਰੂਪ ਵਿੱਚ ਫਾਰਸੀ ਅਤੇ ਉਰਦੂ ਵਿੱਚ ਕਾਫੀ ਪ੍ਰਚੱਲਿਤ ਅਤੇ ਮਕਬੂਲ ਹੋ ਚੁੱਕਾ ਸੀ, ਸਫ਼ਰਨਾਮਾ ਪੰਜਾਬੀ ਸਾਹਿਤ ਦਾ ਇੱਕ ਸਾਹਿਤ ਰੂਪ ਹੈ ਜੋ ਛੋਟੀਆਂ ਘਟਨਾਵਾਂ ਦੇ ਵੱਡੇ ਅਰਥ ਕੱਢਦਾ ਉਹਨਾਂ ਦੇ ਅਮਰ ਚਿੱਤਰ ਪੇਸ਼ ਕਰਦਾ,ਸਾਹਿਤਕ ਦਸਤਾਵੇਜ ਸਿਰਜਦਾ ਹੈ। ਸਤਿੰਦਰ ਸਿੰਘ ਪੰਜਾਬੀ ਸਫ਼ਰਨਾਮੇ ਦੇ ਇਤਿਹਾਸ ਨੂੰ ਚਾਰ ਭਾਗਾਂ ਵਿੱਚ ਵੰਡਦਾ ਹੈ। (ੳ) 1898 ਤੋਂ 1930 ਈ. ਤੱਕ ਪਹਿਲਾ ਪੜਾਅ (ਅ) 1931 ਤੋਂ 1947 ਈ. ਤੱਕ ਦੂਸਰਾ ਪੜਾਅ (ੲ) 1948 ਤੋਂ 1975 ਈ. ਤੱਕ ਤੂਸਰਾ ਪੜਾਅ ਅਤੇ (ਸ) 1976 ਤੋਂ ਹੁਣ ਤੱਕ ਚੌਥਾ ਪੜਾਅ[5]

ਪਹਿਲਾ ਪੜਾਅ

[ਸੋਧੋ]

ਆਮਤੌਰ ਤੇ ਪੰਜਾਬੀ ਸਫ਼ਰਨਾਮੇ ਦਾ ਆਰੰਭ ਲਾਲ ਸਿੰਘ ਕਮਲਾ ਅਕਾਲੀ ਦੇ ਮੇਰਾ ਵਲਾਇਤੀ ਸਫ਼ਰਨਾਮਾ ਤੋਂ ਮੰਨਿਆ ਜਾਂਦਾ ਹੈ। ਪਰ ਵਿਚਾਰ ਅਧੀਨ ਕਾਲ ਵਿੱਚ ਡਾ. ਰਛਪਾਲ ਕੌਰ(13.3.1993 ਤੋਂ 30.6.1997) ਦੀ ਖੋਜ ਨੇ ਭਾਈ ਕਾਨ੍ਹ ਸਿੰਘ ਦੇ ਦੋ ਅਪ੍ਰਕਾਸ਼ਿਤ ਸਫ਼ਰਨਾਮਿਆਂ ਨੂੰ ਸਾਹਮਣੇ ਲਿਆਂਦਾ ਹੈ।[6] ੧. ਪਹਾੜੀ ਰਿਆਸਤਾਂ ਦਾ ਸਫ਼ਰ(1906) ੨. ਵਲਾਇਤ ਦਾ ਸਫ਼ਰਨਾਮਾ (1907) ਪਰ ਫਿਰ ਵੀ ਬਹੁਤ ਸਾਰੇ ਵਿਦਵਾਨ ਐਸੇ ਹਨ ਜੋ ਇਨ੍ਹਾਂ ਸਫ਼ਰਨਾਮਿਆਂ ਤੋਂ ਪੰਜਾਬੀ ਸਫ਼ਰਨਾਮੇ ਦਾ ਮੁੱਢ ਬੱਝਾ ਨਹੀਂ ਮੰਨਦੇ। ਇਸਦਾ ਵੱਡਾ ਕਾਰਨ ਇਹ ਹੈ ਕਿ ਭਾਈ ਕਾਨ੍ਹ ਸਿੰਘ ਦੇ ਸਫ਼ਰਨਾਮੇ ਲਿਖੇ ਭਾਵੇਂ ੨੦ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਹਨ ਪਰ ਇਹ ਪ੍ਰਕਾਸ਼ਿਤ ਨੌਵੇਂ ਦਹਾਕੇ ਵਿੱਚ ਹੋਏ ਹਨ। ਦੂਜਾ ਇਹ ਕੇਵਲ ਸੂਚਨਾ ਪ੍ਰਧਾਨ ਸਫ਼ਰਨਾਮੇ ਹੀ ਅਖਵਾ ਸਕਦੇ ਹਨ।

ਦੂਜਾ ਪੜਾਅ

[ਸੋਧੋ]

ਪੰਜਾਬੀ ਸਫ਼ਰਨਾਮੇ ਦਾ ਵਾਸਤਵਿਕ ਵਿਕਾਸ 1931 ਵਿੱਚ ਪ੍ਰਕਾਸ਼ਿਤ ਲਾਲ ਸਿੰਘ ਕਮਲਾ ਅਕਾਲੀ ਦੇ ਮੇਰਾ ਵਲਾਇਤੀ ਸਫ਼ਰਨਾਮਾ ਤੋਂ ਮੰਨਿਆ ਜਾਂਦਾ ਹੈ। ਉਸਨੇ ਵੀ ਭਾਈ ਕਾਨ੍ਹ ਸਿੰਘ ਨਾਭਾ ਵਾਂਗ ਕਈ ਲੇਖ ਲਿਖੇ ਹਨ। ਪਰ ਸਹੀ ਅਰਥਾਂ ਵਿੱਚ ਪੰਜਾਬੀ ਸਫ਼ਰਨਾਮੇ ਦਾ ਮੁੱਢ ਇਸ ਸਫ਼ਰਨਾਮੇ ਨਾਲ ਹੀ ਬੱਝਦਾ ਹੈ।[7] ਇਸ ਦੀ ਸ਼ੈਲੀ ਰੌਚਕ ਹੈ। ਇਸ ਤੋਂ ਇਲਾਵਾ ਇਸ ਪੜਾਅ ਵਿੱਚ ਪ੍ਰਦੁਮਨ ਸਿੰਘ ਗਰੇਵਾਲ ਦਾ ਕਰਮ ਸਿੰਘ ਦਾ ਅਮਰੀਕਾ ਦਾ ਸਫ਼ਰਨਾਮਾ(1936) ਅਤਰ ਚੰਦ ਕਪੂਰ ਦਾ ਪੰਜਾਬ ਯਾਤਰਾ (1931), ਹੁਕਮ ਸਿੰਘ ਰਈਸ ਦਾ ਰੋਜ਼ਨਾਮਚਾ(1931) ਆਦਿ ਵਰਣਨਯੋਗ ਹਨ। ਇਸ ਪੜਾਅ ਤੇ ਕੁਝ ਧਾਰਮਿਕ ਸਫ਼ਰਨਾਮੇ ਵੀ ਪ੍ਰਾਪਤ ਹੁੰਦੇ ਹਨ। ਇਹਨਾਂ ਵਿੱਚ ਅਕਾਲੀ ਕੌਰ ਸਿੰਘ ਦਾ ਹਜ਼ੂਰੀ ਸਾਖੀ (1933), ਸਵਾਇਆ ਸਿੰਘ ਦਾ ਸ਼੍ਰੀ ਅੰਮ੍ਰਿਤਸਰ ਜੀ ਦੀ ਯਾਤਰਾ(1940) ਵਰਣਨਯੋਗ ਹੈ।

ਤੀਜਾ ਪੜਾਅ

[ਸੋਧੋ]

ਇਸ ਪੜਾਅ ਤੇ ਜਾ ਕੇ ਪੰਜਾਬੀ ਸਫ਼ਰਨਾਮਾ ਹੋਰ ਵਿਕਾਸ ਕਰਦਾ ਹੈ। ਇਸ ਪੜਾਅ ਵਿੱਚ ਲਗਭਗ 45 ਦੇ ਕਰੀਬ ਲਿਖੇ ਗਏ। ਇਸ ਪੜਾਅ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕੁੱਝ ਇਸਤਰੀ ਲੇਖਿਕਾਵਾਂ ਨੇ ਵੀ ਸਫ਼ਰਨਾਮੇ ਰਚੇ। ਲਾਲ ਸਿੰਘ ਕਮਲਾ ਅਕਾਲੀ ਦੇ ਇਸ ਕਾਲ ਵਿੱਚ ਦੋ ਹੋਰ ਸਫ਼ਰਨਾਮੇ ਸੈਲਾਨੀ ਦੇਸ਼ ਭਗਤ(1955) ਅਤੇ ਕਮਾਲਾਂ ਦੇ ਕੋਟ(1970) ਲਿਖੇ। ਇਸ ਪੜਾਅ ਵਿੱਚ ਪੰਜਾਬੀ ਸਫ਼ਰਨਾਮਾ ਗਿਣਾਤਮਕ ਤੇ ਗੁਣਾਤਮਕ ਦੋਹਾਂ ਪੱਖਾਂ ਤੋਂ ਵਧਦਾ ਹੈ। ਗਿਣਾਤਮਕ ਪੱਖੋਂ ਵਾਧਾ ਕਰਨ ਵਾਲੇ ਲੇਖਕ ਇਸ ਅਨੁਸਾਰ ਹਨ:- ਨਰਿੰਦਰ ਪਾਲ ਸਿੰਘ- ਦੇਸ਼ਾਂ ਪਰਦੇਸ਼ਾਂ ਵਿਚੋਂ(1949), ਮੇਰਾ ਰੂਸੀ ਸਫ਼ਰਨਾਮਾ(1960), ਆਰਿਆਨਾ(1961), ਪੈਰਿਸ ਦੇ ਪੋਰਟਰੇਟ ਡਾ. ਗੰਡਾ ਸਿੰਘ (ਅਫ਼ਗ਼ਾਨਿਸਤਾਨ ਵਿੱਚ ਇੱਕ ਮਹੀਨਾ ਅਤੇ ਅਫ਼ਗ਼ਾਨਿਸਤਾਨ ਦਾ ਸਫ਼ਰ) ਅੰਮ੍ਰਿਤਾ ਪ੍ਰੀਤਮ ਬਾਰੀਆਂ ਝਰੋਖੇ(1961), ਅੱਗ ਦੀਆਂ ਲੀਕਾਂ(1969) ਅਤੇ ਇੱਕੀ ਪੱਤੀਆਂ ਦਾ ਗੁਲਾਬ) ਫੂਲਾਂ ਰਾਣੀ (ਯੂਰਪ ਦੀ ਯਾਤਰਾ(1971) ਅਤੇ ਚਿੜੀਆਂ ਘਰ ਦੀ ਸੈਰ(1972) ਐਸ. ਐਸ. ਅਮੋਲਅਮੋਲ ਯਾਤਰਾ, ਪੈਰਿਸ ਵਿੱਚ ਇੱਕ ਭਾਰਤੀ ਅਤੇ ਯਾਤਰੀ ਦੀ ਡਾਇਰੀ ਸੋਹਣ ਸਿੰਘ ਜੋਸ਼(ਮੇਰੀ ਯਾਤਰਾ 1961)

ਗੁਣਾਤਮਕ ਤੌਰ ਤੇ ਵਾਧਾ ਕਰਨ ਵਾਲੇ ਲੇਖਕਾਂ ਵਿੱਚ ਰਾਮ ਸਿੰਘ - ਕਸ਼ਮੀਰ ਤੇ ਕੁੱਲੂ(1962) ਲਾਲ ਸਿੰਘ ਕਮਲਾ ਅਕਾਲੀ ਬਲਵੰਤ ਗਾਰਗੀ ਪਤਾਲ ਦੀ ਧਰਤੀ(1967) ਗੁਰਬਖਸ਼ ਸਿੰਘ ਪ੍ਰੀਤਲੜੀ - ਦੁਨੀਆ ਇੱਕ ਮਹੱਲ(1961) ਅਤੇ ਇੱਕ ਝਾਤ ਪੂਰਬ ਪੱਛਮ 'ਤੇ ਨਵਤੇਜ ਸਿੰਘ ਦੋਸਤੀ ਦੇ ਪੰਧ(1966) ਬਲਰਾਜ ਸਾਹਨੀ ਦਾ ਮੇਰਾ ਪਾਕਿਸਤਾਨੀ ਸਫ਼ਰਨਾਮਾ(1969) ਅਤੇ ਮੇਰਾ ਰੂਸੀ ਸਫ਼ਰਨਾਮਾ(1967) ਦੇ ਨਾਮ ਜ਼ਿਕਰਯੋਗ ਹਨ।

ਚੌਥਾ ਪੜਾਅ

[ਸੋਧੋ]

ਇਸ ਪੜਾਅ ਵਿੱਚ ਲਾਲ ਸਿੰਘ ਕਮਲਾ ਅਕਾਲੀ ਦਾ ਮੇਰਾ ਆਖਰੀ ਸਫ਼ਰਨਾਮਾ(1980) ਉਸਦੀ ਮੌਤ ਉਪਰੰਤ ਛਪਦਾ ਹੈ। ਪਿਆਰਾ ਸਿੰਘ ਦਾਤਾ ਦੇ ਸੈਲਾਨੀ ਦੀ ਪ੍ਰਦੇਸ਼ ਯਾਤਰਾ(1978) ਦੇਸ਼ ਪ੍ਰਦੇਸ਼ ਯਾਤਰਾ(1982) ਵਰਣਨਯੋਗ ਹਨ। ਸ. ਸ. ਅਮੋਲ ਦਾ ਇੰਗਲੈਂਡ ਦੀ ਯਾਦ (1981) ਇਸ ਪੜਾਅ ਵਿੱਚ ਛਪਿਆ। ਤ੍ਰਿਲੋਚਨ ਸਿੰਘ ਨੇ ਪੰਜ ਸਫ਼ਰਨਾਮੇ ਜ਼ਿੰਦਗੀ ਹੁਸੀਨ ਹੈ(1981), ਦੁਨੀਆ ਦੁਆਲੇ(1984), ਮੇਰੀ ਪ੍ਰਦੇਸ਼ ਯਾਤਰਾ(1985), ਸੁਹਜ (1988), ਅਮਰੀਕਾ, ਕੈਨੇਡਾ ਤੇ ਪੰਜਾਬ(1988) ਰਚੇ।

ਗੁਣਾਤਮਕ ਪੱਖੋਂ ਸਫ਼ਰਨਾਮਾ ਲਿਖਣ ਵਿੱਚ ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਸਫ਼ਰਨਾਮੇ ਮੇਰੀ ਇੰਗਲੈਂਡ ਯਾਤਰਾ(1978, ਹਰਿਭਜਨ ਸਿੰਘ ਦੇ ਨਿਰਭਉ ਨਿਰਵੈਰ(1986), ਹਰਭਜਨ ਹਲਵਾਰਵੀ ਦੇ ਚੀਨ ਵਿੱਚ ਕੁਝ ਦਿਨ(1986), ਯਾਦਾਂ ਮਿੱਤਰ ਦੇਸ਼ ਦੀਆਂ(1991) ਅਤੇ ਮਹਾਂਸਾਗਰ ਤੋਂ ਪਾਰ(1995), ਨਰਿੰਦਰ ਸਿੰਘ ਕਪੂਰ ਦੇ ਸੱਚ ਸੱਚ(1990), ਜਸਵੰਤ ਸਿੰਘ ਕੰਵਲ ਦੇ ਅੱਖੀਂ ਵੇਖ ਨਾ ਰੱਜੀਆਂ(1992), ਰਾਮ ਸਰੂਪ ਅਣਖੀ ਦੇ ਕਿਵੇਂ ਲੱਗਿਆ ਇੰਗਲੈਂਡ(1996) ਅਤੇ ਵਰਿਆਮ ਸਿੰਘ ਸੰਧੂ ਦਾ ਪਰਦੇਸੀ ਪੰਜਾਬ (2002) ਆਦਿ ਦਾ ਨਾਮ ਲਿਆ ਜਾ ਸਕਦਾ ਹੈ।

ਬੱਚਿਆਂ ਲਈ ਲਿਖੇ ਗਏ ਸਫ਼ਰਨਾਮੇ ਪਿਆਰਾ ਸਿੰਘ ਦਾਤਾ ਦਾ ਦੇਸ਼ ਪ੍ਰਦੇਸ਼ ਯਾਤਰਾ(1982) ਅਤੇ ਬਿਖੜੇ ਪੈਂਡੇ(1988), ਹਰਚਰਨ ਸਿੰਘ ਦਾ ਨਿਊਯਾਰਕ ਦੀ ਸੈਰ(1979), ਬਲਦੇਵ ਸਿੰਘ ਦਾ ਕਲਕੱਤੇ ਦੀ ਸੈਰ(1980), ਮਨਮੋਹਨ ਸਿੰਘ ਬਾਵਾ ਦੇ ਆਉ ਚੱਲੀਏ ਬਰਫ਼ਾਂ ਦੇ ਪਾਰ(1984), ਅਣਡਿੱਠੇ ਰਸਤੇ ਉੱਚੇ ਪਰਬਤ ਅਤੇ ਅਨੰਤ ਸਿੰਘ ਕਾਬਲੀ ਦਾ ਚੰਡੀਗੜ੍ਹ ਦੀ ਸੈਰ(1983) ਸ਼ਾਮਿਲ ਹੈ। ਧਾਰਮਿਕ ਕਿਸਮ ਦੇ ਸਫ਼ਰਨਾਮੇ ਕੁਲਵੰਤ ਸਿੰਘ ਖੋਖਰ ਦਾ ਦਰਸ਼ਨ ਸੱਚਖੰਡ ਸ਼੍ਰੀ ਹੇਮਕੁੰਟ(1981), ਸਰਵਨ ਸਿੰਘ ਦਾ ਨਾਵਣ ਚਲੇ ਤੀਰਥੀ(1990), ਸ਼ਿਰੋਮਣੀ ਗੁਰਦੁਆਰਿਆਂ ਦੇ ਦਰਸ਼ਣ: ਯਾਤਰਾ ਸ਼੍ਰੀ ਆਨੰਦਪੁਰ ਸਾਹਿਬ(1992) ਕਰਤਾ ਮਨਜੀਤ ਇੰਦਰ ਸਿੰਘ ਧੁੰਨਾ, ਸੁਰਿੰਦਰ ਬਸਰੀ ਦਾ ਨਨਕਾਣਾ ਸਾਹਿਬ ਦੀ ਆਤਮਿਕ ਯਾਤਰਾ(1995) ਹਨ। ਇਕ ਸਫ਼ਰਨਾਮਾ ਹਿੰਦੂ ਧਰਮ ਸਥਾਨ ਨਾਲ ਸੰਬੰਧਿਤ ਅਵਤਾਰ ਸਿੰਘ ਬਰਾੜ ਨੇ ਕੈਲਾਸ਼ ਮਾਨ ਸਰੋਵਰ ਦੀ ਧਰਮ ਯਾਤਰਾ(1999) ਸਿਰਲੇਖ ਹੇਠਾਂ ਲਿਖਿਆ। ਇਸੇ ਸਿਰਲੇਖ ਹੇਠ ਹੀ ਇੱਕ ਸਫ਼ਰਨਾਮਾ (1998) ਵਿੱਚ ਸੁਦੇਸ਼ ਬਿਆਲਾ ਨੇ ਵੀ ਲਿਖਿਆ ਸੀ।

ਇੱਥੇ ਪਹੁੰਚ ਕੇ ਪੰਜਾਬੀ ਸਫ਼ਰਨਾਮੇ ਵਿੱਚ ਅਸਲੋਂ ਹੀ ਵੱਖਰੇ ਸਫ਼ਰਨਾਮੇ ਵੀ ਪ੍ਰਾਪਤ ਹੋਏ। ਜਿਨ੍ਹਾਂ ਵਿੱਚ ਵਰਣਨ ਥਾਵਾਂ ਬਿਲਕੁਲ ਅਣਛੋਹ ਪਈਆਂ ਹਨ। ਬਰਜਿੰਦਰ ਸਿੰਘ ਹਮਦਰਦ ਦਾ ਧਰਤੀਆਂ ਦੇ ਗੀਤ(1982) ਸਫ਼ਰਨਾਮਾ ਅੰਡੇਮਾਨ ਨਿਕੋਬਾਰ ਦੇ ਦੀਪ ਸਮੂਹ ਦੇ ਆਦਿਵਾਸੀ ਕਬੀਲਿਆਂ ਬਾਰੇ ਹੈ। ਇਵੇਂ ਹੀ ਬਲਬੀਰ ਮਾਧੋਪੁਰੀ ਨੇ ਆਪਣੇ ਸਫ਼ਰਨਾਮੇ ਸਮੁੰਦਰ ਦੇ ਅੰਗ ਸੰਗ(1997) ਵਿੱਚ ਦੱਖਣੀ ਭਾਰਤ ਦੇ ਲੋਕਾਂ ਤੇ ਅਣਛੋਹ ਧਰਤੀ ਨੂੰ ਪੇਸ਼ ਕੀਤਾ ਹੈ। ਇਸ ਖੇਤਰ ਵਿੱਚ ਉੱਘਾ ਨਾਂ ਸੁਰਜੀਤ ਸਿੰਘ ਢਿੱਲੋਂ ਦਾ ਹੈ। ਉਸ ਨੇ ਅਨੋਖੇ ਰਾਹਾਂ ਦਾ ਸਫ਼ਰ: ਐਂਟਾਰਕਟਿਕਾ(1995) ਲਿਖਿਆ ਹੈ ਜੋ ਠੰਡਾ-ਯੱਖ ਹੈ ਕਿ ਉੱਥੇ ਪਹੁੰਚਣਾ ਹੀ ਲਗਭਗ ਅਸੰਭਵ ਹੈ।

ਇਸ ਪੜਾਅ ਦੀ ਇੱਕ ਤਬਦੀਲੀ ਇਹ ਹੈ ਕਿ ਪਹਿਲਾਂ ਪੰਜਾਬੀ ਲੇਖਕ ਲੇਖਕ ਦੂਜੇ ਅਤੇ ਬਿਗਾਨੇ ਮੁਲਕਾਂ ਸੰਬੰਧੀ ਲਿਖਦੇ ਸਨ ਪਰ ਇਸ ਪੜਾਅ ਤੇ ਆਕੇ ਜੋ ਪੰਜਾਬੀ ਲੇਖਕ ਪਰਵਾਸ ਵਿੱਚ ਰਹਿਣ ਲੱਗੇ ਉਹ ਭਾਰਤ ਜਾਂ ਪੰਜਾਬ ਫੇਰੀ ਨੂੰ ਆਪਣੇ ਸਫ਼ਰਨਾਮੇ ਵਿੱਚ ਬਿਆਨਦੇ ਹਨ। ਸਵਰਨ ਚੰਦਨ ਦਾ ਸਫ਼ਰਨਾਮਾ ਆਪਣੀ ਧਰਤੀ(1979) ਫਸ ਦੀ ਪੰਜਾਬ ਫੇਰੀ ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ ਪ੍ਰੀਤਮ ਸਿੱਧੂ ਆਪਣੇ ਸਫ਼ਰਨਾਮੇ ਮੇਰੀ ਪੰਜਾਬ ਫੇਰੀ(1993) ਵਿੱਚ ਪੰਜਾਬ ਖਾੜਕੂਵਾਦ ਸਮੇਂ ਦਾ ਵਰਣਨ ਕਰਦਾ ਹੈ।

ਸਿੱਟਾ

[ਸੋਧੋ]

ਸਮੁੱਚੇ ਤੋਰ ਤੇ ਕਿਹਾ ਜਾ ਸਕਦਾ ਹੈ ਕਿ ਆਧੁਨਿਕ ਪੰਜਾਬੀ ਸਾਹਿਤ ਦਾ ਵਾਰਤਕ ਰੂਪ `ਸਫ਼ਰਨਾਮਾ` ਅੰਤਰਰਾਸ਼ਟਰੀ ਸਦਭਾਵਨਾ ਨੂੰ ਬਣਾਈ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਇਸ ਨਾਲ ਜਿੱਥੇ ਪੰਜਾਬੀ ਸਾਹਿਤ ਦਾ ਘੇਰਾ ਵਧਿਆ ਹੈ ਉੱਥੇ ਮਨੁੱਖੀ ਸੋਚ ਦਾ ਦਾਇਰਾ ਵੀ ਵਿਸਾਲ ਹੋਇਆ ਹੈ। ਇਹਨਾਂ ਸੌ ਸਾਲਾਂ ਵਿੱਚ ਕਰੀਬ ਸੱਠ ਮੁਲਕਾਂ ਦੀਆਂ ਧਰਤੀਆਂ ਨਾਲ ਡੂੰਆਂ ਰਿਸਤਾ ਕਾਇਮ ਕਰਦੇ ਸਫ਼ਰਨਾਮੇ ਹਾਜ਼ਰ ਹਨ।

ਹਵਾਲੇ

[ਸੋਧੋ]
  1. Pioneer Twentieth Century Dictionary Page. 501
  2. ਸਾਹਿਤ ਕੋਸ਼ (ਪਰਿਭਾਸ਼ਕ ਸ਼ਬਦਾਵਲੀ), ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 214
  3. ਪੰਜਾਬੀ ਕੋਸ਼, ਜਿਲਦ ਪਹਿਲੀ, ਪੰਨਾ 131
  4. ਜੀਤ ਸਿੰਘ ਸੀਤਲ, ਆਧੁਨਿਕ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੰਨਾ 154-155
  5. ਸਤਿੰਦਰ ਸਿੰਘ, ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ, 2006, ਪੰਨਾ. 65
  6. ਕਿਰਪਾਲ ਸਿੰਘ ਕਸੇਲ ਡਾ. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਪੰਨਾ 678
  7. ਮਹਿੰਦਰ ਸਿੰਘ ਡਡਵਾਲ, ਪੰਜਾਬੀ ਸਫ਼ਰਨਾਮਾ: ਬਦਲਦੇ ਸਰੂਪ, ਖੋਜ ਦਰਪਣ, ਜਨਵਰੀ 1998, ਪੰਨਾ-55