ਸਮੱਗਰੀ 'ਤੇ ਜਾਓ

ਪੱਛਮੀ ਕਾਵਿ ਸਿਧਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੁਸਤਕ ਸਰਵਰਕ, ਪੰਨੇ 200, ਕੀਮਤ 100ਰੁ.

ਪੱਛਮੀ ਕਾਵਿ-ਸਿਧਾਂਤ ਨਾਮੀ ਇਹ ਪੁਸਤਕ ਡਾ. ਜਸਵਿੰਦਰ ਸਿੰਘ ਅਤੇ ਡਾ. ਹਰਭਜਨ ਸਿੰਘ ਭਾਟੀਆ ਦੁਆਰਾ ਸੰਪਾਦਤ ਪੁਸਤਕ ਹੈ। ਇਸ ਵਿੱਚ ਚਰਚਿਤ ਪੰਜਾਬੀ ਸਾਹਿਤ ਆਲੋਚਕਾਂ ਦੁਆਰਾ ਲਿਖੇ ਗਏ ਕੁੱਲ ਤੇਰਾਂ ਆਲੇਖ, ਜੋ ਪੱਛਮੀ ਕਾਵਿ-ਸਿਧਾਂਤ ਦੇ ਵਿਭਿੰਨ ਸੰਕਲਪਾਂ ਨੂੰ ਕਲੇਵਰ ਵਿੱਚ ਲੈਂਦੇ ਹਨ, ਸ਼ਾਮਿਲ ਕੀਤੇ ਗਏ ਹਨ। ਇਹ ਪੁਸਤਕ ਪੋਸਟ ਗ੍ਰੈਜੂਏਟ ਬੋਰਡ ਆਫ਼ ਸਟੱਡੀਜ਼ ਵੱਲੋਂ ਐਮ. ਏ. ਵਿੱਚ ਪੜ੍ਹਾਏ ਜਾਣ ਵਾਲੀਆਂ ਸਾਰੀਆਂ ਵਿਧਾਵਾਂ ਬਾਰੇ ਪੁਸਤਕਾਂ ਤਿਆਰ ਕਰਵਾਉਣ ਦੇ ਆਛੇ ਦਾ ਸਿੱਟਾ ਹੈ। ਇਸ ਮਕਸਦ ਅਧੀਨ ਤਿਆਰ ਕਰਵਾਈਆਂ ਗਈਆਂ ਪੁਸਤਕਾਂ ਦੀ ਸੂਚੀ ਦੇਣਾ ਇੱਥੇ ਗ਼ੈਰ-ਵਾਜ਼ਿਬ ਨਹੀਂ ਹੋਵੇਗਾ,

ਕਾਵਿ ਸਿਧਾਂਤ

ਨਾਟ ਸਿਧਾਂਤ

ਗਲਪ ਸਿਧਾਂਤ

ਵਾਰਤਕ ਸਿਧਾਂਤ

ਮੱਧਕਾਲੀ ਕਾਵਿ-ਸਿਧਾਂਤ

ਪੱਛਮੀ ਕਾਵਿ-ਸਿਧਾਂਤ

ਗੁਰਮਤਿ ਕਾਵਿ-ਸਿਧਾਂਤ।

ਪੱਛਮੀ ਕਾਵਿ-ਸਿਧਾਂਤ

[ਸੋਧੋ]

ਪੁਸਤਕ ਵਿਚਲੀ ਸਮੱਗਰੀ ਬਾਬਤ ਜਾਣਕਾਰੀ ਤੋਂ ਪਹਿਲਾਂ ਪੁਸਤਕ ਦੇ ਸਿਰਨਾਵੇਂ ਬਾਰੇ ਜਾਣੂ ਹੋਣਾ ਲਾਜ਼ਮੀ ਹੈ। ਪੁਸਤਕ ਸਿਰਨਾਵਾਂ ਤਿੰਨ ਲਫ਼ਜ਼ਾਂ 'ਪੱਛਮੀ', 'ਕਾਵਿ' ਅਤੇ 'ਸਿਧਾਂਤ' ਦੇ ਮੇਲ ਤੋਂ ਬਣਿਆ ਹੈ। ਪੱਛਮੀ ਯਾਨੀ 'ਪੱਛਮ ਦਾ'। ਸਾਡੇ ਸੰਸਾਰ ਦੇ ਪੱਛਮੀ ਹਿੱਸੇ, ਜਿਸ ਵਿੱਚ ਯੂਰਪ ਦਾ ਵੱਡਾ ਹਿੱਸਾ, ਆਸਟਰੇਲੇਸ਼ੀਆ (ਆਸਟਰੇਲੀਆ, ਨਿਊਜੀਲੈਂਡ ਤੇ ਹੋਰ ਗੁਆਂਢੀ ਟਾਪੂ) ਤੇ ਅਮਰੀਕਾਜ਼ (ਉੱਤਰੀ ਤੇ ਦੱਖਣੀ ਅਮਰੀਕਾ) ਸ਼ਾਮਿਲ ਹਨ, ਨੂੰ ਪੱਛਮ ਵਜੋਂ ਜਾਣਿਆ ਜਾਂਦਾ ਹੈ। ਦੂਸਰਾ ਲਫ਼ਜ਼ ਹੈ ਕਾਵਿ, ਇੱਥੇ ਕਾਵਿ ਦੇ ਮਾਅਨੇ ਇਕੱਲੀ ਕਵਿਤਾ ਨਹੀਂ ਬਲਕਿ ਸਮੁੱਚੇ ਸਾਹਿਤ ਤੋਂ ਹਨ। ਤੀਸਰਾ ਲਫ਼ਜ਼ ਹੈ ਸਿਧਾਂਤ, ਕਿਸੇ ਵਾਸਤਵਿਕਤਾ ਦੀ ਵਿਆਖਿਆ ਕਰਨ ਵਾਲਾ ਵਿਚਾਰ ਜਾਂ ਵਿਚਾਰਾਂ ਦਾ ਸਮੂਹ ਸਿਧਾਂਤ ਅਖਵਾਉਂਦਾ ਹੈ। ਇੰਝ ਅਸੀਂ ਕਹਿ ਸਕਦੇ ਹਾਂ ਕਿ ਪੱਛਮ ਵਿੱਚ ਸਾਹਿਤ ਨੂੰ ਸਮਝਣ ਤੇ ਇਸਦੀ ਵਿਆਖਿਆ ਲਈ ਪੈਦਾ ਹੋਏ ਵਿਚਾਰ ਜਾਂ ਵਿਚਾਰਾਂ ਦਾ ਸਮੂਹ 'ਪੱਛਮੀ ਕਾਵਿ ਸਿਧਾਂਤ' ਹੈ।

ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਪੱਛਮੀ ਕਾਵਿ-ਸਿਧਾਂਤ

[ਸੋਧੋ]

19ਵੀਂ ਸਦੀ ਦੇ ਅੱਧ ਵਿੱਚ ਪੰਜਾਬ ਉੱਪਰ ਅੰਗਰੇਜ਼ ਹਕੂਮਤ ਦੇ ਕਾਬਜ਼ ਹੋਣ ਬਾਅਦ ਪੰਜਾਬ ਦੀ ਧਰਤ 'ਤੇ ਵਸਦੇ ਬਾਸ਼ਿੰਦੇ ਵਾਇਆ ਅੰਗਰੇਜ਼ੀ ਸਿੱਖਿਆ ਪ੍ਰਣਾਲੀ ਪੱਛਮ ਦੇ ਸਾਹਿਤ ਸੰਸਾਰ ਨਾਲ ਰੂ ਬ ਰੂ ਹੋਏ। ਇਸ ਵਰਤਾਰੇ ਅਤੇ ਪੰਜਾਬ ਉੱਪਰ ਅੰਗਰੇਜ਼ੀ ਸਾਮਰਾਜੀ ਸ਼ਾਸਨ ਸਦਕਾ ਬਦਲੀਆਂ ਵਸਤੂ ਸਥਿਤੀਆਂ ਦੀ ਲੋਅ ਵਿੱਚ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢ ਬੱਝਦਾ ਹੈ। ਵੀਹਵੀਂ ਸਦੀ ਦੇ ਲਗਭਗ ਦੂਜੇ ਦਹਾਕੇ ਤੋਂ ਪੱਛਮੀ ਤਰਜ਼ ਦੀ ਆਲੋਚਨਾ ਪ੍ਰਣਾਲੀ ਵੀ ਪੰਜਾਬੀ ਸਾਹਿਤਕ ਖੇਤਰ ਵਿੱਚ ਪੈਰ ਪਸਾਰਨਾ ਸ਼ੁਰੂ ਕਰਦੀ ਹੈ। ਪੰਜਾਬੀ ਅਕਾਦਮਿਕ ਤੇ ਸਾਹਿਤਕ ਖੇਤਰਾਂ ਦੇ ਬੁੱਧੀਜੀਵੀ ਆਲੋਚਕਾਂ ਨੇ ਪੱਛਮੀ ਆਲੋਚਨਾਂ ਸਿਧਾਂਤਾਂ ਦੀਆਂ ਲੀਹਾਂ ਉੱਪਰ ਪੰਜਾਬੀ ਸਾਹਿਤ ਨੂੰ ਪਰਖਣਾ ਤੇ ਉਸਦਾ ਵਿਸ਼ਲੇਸ਼ਣ ਕਰਨਾ ਆਰੰਭ ਕੀਤਾ। ਇਸਦੇ ਫਲਸਰੂਪ ਮੋਨੋਵਿਗਿਆਨ, ਸੰਰਚਨਾਵਾਦ, ਅਸਤਿਤ੍ਵਵਾਦ, ਮਾਰਕਸਵਾਦ ਜਿਹੇ ਅਨੇਕ ਸਕੰਲਪ ਪੰਜਾਬੀ ਆਲੋਚਨਾ ਵਿੱਚ ਹੋਂਦਮਾਨ ਹੋਏ। ਸਾਹਿਤ ਦੀ ਪਰਿਭਾਸ਼ਾ, ਪ੍ਰਕਿਰਤੀ ਤੇ ਪ੍ਰਕਾਰਜ ਸੰਬੰਧੀ ਨਜ਼ਰੀਏ ਵਿੱਚ ਵੀ ਤਬਦੀਲੀ ਵਾਪਰੀ। ਪੰਜਾਬੀ ਆਲੋਚਕਾਂ ਨੇ ਅਜਿਹੇ ਪ੍ਰਮੁੱਖ ਸੰਕਲਪਾਂ, ਸਾਹਿਤ ਅਧਿਐਨ ਵਿਧੀਆਂ ਅਤੇ ਵਿਭਿੰਨ ਮਾਡਲਾਂ ਬਾਬਤ ਪੁਸਤਕਾਂ ਰਚੀਆਂ। ਇਹਨਾਂ ਪੱਛਮੀ ਸਿਧਾਂਤਾਂ ਤੀਕ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਰਸਾਈ ਕਰ ਸਕਣ ਦੀ ਇੱਛਾ ਦਾ ਪ੍ਰਤੀਫ਼ਲ ਹੈ ਇਹ ਪੁਸਤਕ 'ਪੱਛਮੀ ਕਾਵਿ ਸਿਧਾਂਤ'। ਪੁਸਤਕ ਦੇ ਸੰਪਾਦਕਾਂ ਅਨੁਸਾਰ 'ਪੁਸਤਕ ਦਾ ਕੇਂਦਰੀ ਮਕਸਦ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸਾਹਿਤ ਸਿਧਾਂਤ, ਵਿਸ਼ੇਸ਼ਕਰ ਪੱਛਮੀ ਕਾਵਿ ਸਿਧਾਂਤ ਸੰਬੰਧੀ ਮਿਆਰੀ ਸਾਮੱਗਰੀ ਮੁਹੱਈਆ ਕਰਵਾਉਣਾ ਹੈ।'[1] ਇਹ ਪੁਸਤਕ ਐੱਮ. ਏ. ਪੰਜਾਬੀ ਭਾਗ ਪਹਿਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਲੇਬਸ ਵਿੱਚ ਪਾਠ ਪੁਸਤਕ ਵਜੋਂ ਸ਼ਾਮਿਲ ਹੈ। ਪੁਸਤਕ ਦੀ ਤਿਆਰੀ ਸਮੇਂ ਸਿਲੇਬਸ ਅਧੀਨ ਥੀਮਾਂ ਜੀਕਣ ਅਨੁਕਰਣ ਸਿਧਾਂਤ, ਅਸਤਿਤ੍ਵਵਾਦ, ਨਾਰੀਵਾਦ, ਸੰਰਚਨਾਵਾਦ, ਉੱਤਰ ਸੰਰਚਨਾਵਾਦ, ਉੱਤਰ ਆਧੁਨਿਕਤਾ, ਪੰਜਾਬੀ ਸਾਹਿਤ ਆਲੋਚਨਾ ਤੇ ਮੈਟਾ ਆਲੋਚਨਾ ਆਦਿ ਸੰਬੰਧੀ ਆਲੇਖਾਂ ਨੂੰ ਪੁਸਤਕ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਆਲੇਖ ਪੰਜਾਬੀ ਸਾਹਿਤ ਅਧਿਐਨ ਦੀ ਪਰੰਪਰਾ ਨੂੰ ਜਾਣਨ, ਪੱਛਮੀ ਕਾਵਿ ਦੇ ਸਿਧਾਤਾਂ ਬਾਰੇ ਪੰਜਾਬੀ ਵਿੱਚ ਮੁੱਢਲੀ ਵਾਕਫ਼ੀ ਕਰਵਾਉਣ ਤੇ ਇਸਦੇ ਸਹਾਰੇ ਪੰਜਾਬੀ ਸਾਹਿਤਕ ਕਿਰਤਾਂ ਨੂੰ ਪੜ੍ਹਨ ਸਮਝਣ ਤੇ ਵਿਵੇਚਨ ਕਰ ਸਕਣ ਦੀ ਸੋਝੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹਨ।

ਆਲੇਖਾਂ ਦੀ ਸੂਚੀ

[ਸੋਧੋ]

ਨੋਟ: ਆਲੇਖ ਦੀ ਪੀਡੀਐੱਫ* ਪ੍ਰਾਪਤੀ ਜਾਂ ਰਚਨਾਕਾਰ ਬਾਬਤ ਜਾਣਕਾਰੀ ਲਈ ਸੰਬੰਧਿਤ ਦੇ ਨਾਮ ਉੱਪਰ ਕਲਿੱਕ ਕਰੋ।

  1. ਕਵਿਤਾ ਤੇ ਸਮਾਜਕ ਆਲੋਚਨਾ (ਸੰਤ ਸਿੰਘ ਸੇਖੋਂ)
  2. ਸਾਹਿੱਤ ਅਤੇ ਮਨੋਵਿਗਿਆਨ (ਡਾ. ਹਰਿਭਜਨ ਸਿੰਘ)
  3. ਸਾਹਿੱਤ:ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ (ਡਾ. ਟੀ. ਆਰ. ਵਿਨੋਦ)
  4. ਅਮਰੀਕਾ ਦੀ ਨਵੀਨ-ਆਲੋਚਨਾ ਪ੍ਰਣਾਲੀ (ਡਾ. ਰਵਿੰਦਰ ਸਿੰਘ ਰਵੀ)
  5. ਅਸਤਿਤੂਵਾਦ (ਡਾ. ਗੁਰਚਰਨ ਸਿੰਘ ਅਰਸ਼ੀ)
  6. ਅਨੁਕਰਣ ਸਿਧਾਂਤ: ਇੱਕ ਪਰਿਪੇਖ  (ਡਾ. ਅਮਰੀਕ ਸਿੰਘ ਪੁੰਨੀ)
  7. ਸੰਰਚਨਾਵਾਦ (ਡਾ. ਜਸਵਿੰਦਰ ਸਿੰਘ)
  8. ਮਾਰਕਸਵਾਦੀ ਸਾਹਿਤ ਅਧਿਐਨ  (ਡਾ. ਸੁਰਜੀਤ ਸਿੰਘ ਭੱਟੀ)
  9. ਆਧੁਨਿਕ ਪੰਜਾਬੀ ਸਾਹਿਤ ਆਲੋਚਨਾ ਦਾ ਮੁਹਾਂਦਰਾ (ਡਾ. ਹਰਿਭਜਨ ਸਿੰਘ ਭਾਟੀਆ)
  10. ਪੰਜਾਬੀ ਮੈਟਾ-ਆਲੋਚਨਾ: ਅਤੀਤ ਤੇ ਵਰਤਮਾਨ (ਡਾ. ਹਰਿਭਜਨ ਸਿੰਘ ਭਾਟੀਆ)
  11. ਨਾਰੀਵਾਦ (ਡਾ. ਧਨਵੰਤ ਕੌਰ)
  12. ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ-ਸੰਰਚਨਾਵਾਦ (ਡਾ. ਸੁਰਜੀਤ ਸਿੰਘ)
  13. ਉੱਤਰ ਆਧੁਨਿਕਤਾ (ਡਾ. ਕੁਲਵੀਰ)

*ਫਿਲਹਾਲ 1, 2 ਅਤੇ 12 ਨੰ.

ਸੰਪਾਦਕ ਅਤੇ ਸੰਪਾਦਕੀ

[ਸੋਧੋ]

ਡਾ. ਜਸਵਿੰਦਰ ਸਿੰਘ ਪੰਜਾਬੀ ਸਾਹਿਤ ਰਚੇਤਾ ਅਤੇ ਸਾਹਿਤ ਅਧਿਐਨ ਨਾਲ ਲੰਮੇ ਸਮੇਂ ਤੋਂ ਵਾਬਸਤਾ ਸਾਹਿਤ ਆਲੋਚਕ ਹਨ। ਨਾਵਲ 'ਮਾਤ ਲੋਕ' ਲਈ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਿਆ ਹੈ। ਉਹਨਾਂ ਨੂੰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 35 ਵਰ੍ਹੇ ਅਧਿਆਪਨ ਦਾ ਤਜ਼ਰਬਾ ਹਾਸਿਲ ਹੈ ਤੇ ਅੱਜਕੱਲ੍ਹ ਉਹ ਸੇਵਾ ਮੁਕਤ ਹੋ ਚੁੱਕੇ ਹਨ।

ਡਾ. ਹਰਭਜਨ ਸਿੰਘ ਭਾਟੀਆ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਸਮਰੱਥ ਨਾਮ ਹੈ। ਉਹ ਇੱਕ ਪ੍ਰਬੁੱਧ ਸਾਹਿਤ ਆਲੋਚਕ ਅਤੇ ਮੈਟਾ ਆਲੋਚਕ ਹਨ। ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ ਲਿਖਣ ਦੇ ਵਡਮੁੱਲੇ ਕਾਰਜ ਦਾ ਸਿਹਰਾ ਉਹਨਾਂ ਸਿਰ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿੱਚ ਬਤੌੌੌਰ ਪ੍ਰੋੋਫੈਸਰ ਸੇਵਾਵਾਂ ਨਿਭਾਉਣ ਉਪਰੰਤ 30 ਜੂੂੂਨ 2015 ਨੂੰ ਸੇਵਾ ਮੁਕਤ ਹੋਏ ਹਨ।

ਪੁਸਤਕ ਦੀ ਸੰਪਾਦਕੀ ਨੂੰ 'ਮੁੱਢਲੀ ਗੱਲ' ਸਿਰਲੇਖ ਦਿੱਤਾ ਗਿਆ ਹੈ। ਇਸ 'ਮੁੱਢਲੀ ਗੱਲ' ਦੀ ਪਹਿਲੀ ਗੱਲ ਇਸ ਪੁਸਤਕ ਦੇ ਕੇਂਦਰੀ ਮਕਸਦ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੁਆਰਾ ਸਥਾਪਤ ਪ੍ਰੈੱਸ ਤੇ ਪ੍ਰਕਾਸ਼ਨ ਵਿਭਾਗਾਂ ਬਾਰੇ ਹੈ। ਜਿਨ੍ਹਾਂ ਸਮੇਂ ਸਮੇਂ ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਪ੍ਰਮਾਣਿਕ ਤੇ ਮਿਆਰੀ ਪਾਠ ਪੁਸਤਕਾਂ ਨੂੰ ਛਾਪਿਆ ਹੈ। ਅਜੋਕੇ ਮੰਡੀ ਤੇ ਮੁਨਾਫੇ ਦੇ ਦੌਰ ਵਿੱਚ ਨਵੀਆਂ, ਮੌਲਿਕ ਤੇ ਭਰੋਸੇਯੋਗ ਪਾਠ ਪੁਸਤਕਾਂ ਨੂੰ ਵਿਦਿਆਰਥੀਆਂ ਤੇ ਖੋਜਾਰਥੀਆਂ ਦੇ ਹੱਥਾਂ ਤੀਕ ਪਹੁੰਚਾਇਆ ਹੈ। ਸੰਪਾਦਕੀ ਵਿੱਚ ਪੰਜਾਬੀ ਪਾਠਕਾਂ, ਵਿਦਿਆਰਥੀਆਂ ਤੇ ਖੋਜਾਰਥੀਆਂ ਦੁਆਰਾ ਪੱਛਮੀ ਸੰਕਲਪਾਂ, ਅਧਿਐਨ ਵਿਧੀਆਂ ਅਤੇ ਵਿਭਿੰਨ ਮਾਡਲਾਂ ਨੂੰ ਜਾਣਨ ਦੀ ਜਰੂਰਤ ਨੂੰ ਪੇਸ਼ ਕੀਤਾ ਗਿਆ ਹੈ। ਇਸ ਸੰਬੰਧੀ ਸੰਪਾਦਕਾਂ ਦਾ ਕਥਨ ਹੈ ਕਿ "ਇਕ ਖੇਤਰ ਵਿੱਚ ਪੈਦਾ ਹੋਏ ਗਿਆਨ ਦੀਆਂ ਅੰਤਰ-ਦ੍ਰਿਸ਼ਟੀਆਂ ਦੂਸਰੇ ਮਨੁੱਖ ਦੂਸਰੇ ਮਨੁੱਖ ਸਿਰਜਤ ਵਰਤਾਰਿਆਂ ਦੀ ਹੋਣੀ ਲਈ ਲੋੜੀਂਦੀਆਂ ਛੋਹਾਂ ਅਤੇ ਦ੍ਰਿਸ਼ਟੀਆਂ ਪ੍ਰਦਾਨ ਕਰ ਜਾਂਦੀਆਂ ਹਨ। ਮਿਸਾਲ ਵਜੋਂ ਸਮਾਜਿਕ ਵਰਤਾਰਿਆਂ ਦੀ ਸਮਝ ਲਈ ਪੈਦਾ ਹੋਏ ਮਾਰਕਸਵਾਦ ਨੇ ਅਤੇ ਮਨੁੱਖ ਨੇ ਮਨੋਵਿਹਾਰ ਦੀ ਹੋਣੀ ਲਈ ਪੈਦਾ ਹੋਏ ਮਨੋਵਿਗਿਆਨ ਆਦਿ ਨੇ ਸਾਹਿਤ ਦੀਆਂ ਘੁੰਡੀਆਂ ਨੂੰ ਖੋਲ੍ਹਣ ਅਤੇ ਉਨ੍ਹਾਂ ਦੇ ਵਿਭਿੰਨ ਪਾਸਾਰਾਂ ਨੂੰ ਸਮਝਣ ਵਿੱਚ ਸਾਡੀ ਚੋਖੀ ਸਹਾਇਤਾ ਕੀਤੀ ਹੈ।"[2] ਸੰਪਾਦਕੀ ਅਧੀਨ ਪੰਜਾਬੀ ਸਾਹਿਤ ਅਧਿਐਨ ਪਰੰਪਰਾ ਦੀ ਨਕਲਚੂ ਬਿਰਤੀ ਨੂੰ ਵੀ ਕਾਂਟੇ ਹੇਠ ਲਿਆ ਗਿਆ ਹੈ। ਬਾਕੌਲ ਸੰਪਾਦਕ "ਸਿਧਾਂਤਕਾਰੀ ਦੇ ਖੇਤਰ ਵਿੱਚ ਪੰਜਾਬੀ ਸਾਹਿਤ ਚਿੰਤਕਾਂ ਦੁਆਰਾ ਮੌਲਿਕ ਸਾਮੱਗਰੀ ਵਜੋਂ ਪੇਸ਼ ਕੀਤੀ ਗਈ ਬਹੁਤੀ ਸਾਮੱਗਰੀ ਅਨੁਵਾਦਾਂ ਵਰਗੀ ਹੈ।"[3] ਇਸਦੇ ਨਾਲ ਹੀ ਭਾਰਤੀ ਕਾਵਿ ਸ਼ਾਸਤਰ ਅਤੇ ਵਿਸ਼ੇਸ਼ ਕਰਕੇ ਅਰਬੀ ਫ਼ਾਰਸੀ ਕਾਵਿ ਸ਼ਾਸਤਰ ਪ੍ਰਤੀ ਸਾਡੀ ਬੇਗਾਨਗੀ ਵਾਲੀ ਪਹੁੰਚ 'ਤੇ ਵੀ ਕਿੰਤੂ ਕੀਤਾ ਹੈ, ਜਿਸਦਾ ਮਕਸਦ ਪੰਜਾਬੀ ਚਿੰਤਨ ਤੇ ਚਿੰਤਕਾਂ ਦਾ ਰੁਖ਼ ਇਸ ਤਰਫ਼ ਮੋੜਨਾ ਕਿਹਾ ਗਿਆ ਹੈ। ਵਿਦਿਆਰਥੀਆਂ ਤਕ ਪੁਸਤਕ ਵਿਚਲੇ ਗਿਆਨ/ਸਮਝ ਦੀ ਰਸਾਈ ਸਮੇਂ ਇਸ ਗਿਆਨ ਦੇ ਜਨਮ ਦੀ ਇਤਿਹਾਸਕ ਸਥਿਤੀ ਤੇ ਸਮਾਜਕ ਸਭਿਆਚਾਰਕ ਪ੍ਰਸੰਗ, ਜਮਾਤੀ ਖਸਲਤ ਅਤੇ ਕਿਸੇ ਸਿਧਾਂਤ ਤੇ ਸੰਕਲਪ ਪਿਛਲੇ ਕਾਰਜਸ਼ੀਲ ਜੀਵਨ ਨਜ਼ਰੀਏ ਨਾਲ ਵਿਦਿਆਰਥੀ ਨੂੰ ਜੋੜਨ ਦੀ ਲੋੜ ਨੂੰ ਵੀ ਉਭਾਰਿਆ ਗਿਆ ਹੈ। ਸੰਪਾਦਕੀ ਦੇ ਅੰਤ 'ਤੇ ਵਿਸ਼ਵੀਕਰਨ ਦੇ ਮਾਇਆ ਅਤੇ ਮੁਨਾਫ਼ੇ ਦੇ ਵਰਤਾਰੇ ਦੇ ਗਿਆਨ ਪ੍ਰਬੰਧ ਉਪਰ ਪਏ ਮਾਰੂ ਅਸਰ ਨੂੰ ਸਵੀਕਾਰਦਿਆਂ ਸਾਹਿਤ ਅਤੇ ਸਾਹਿਤ ਅਧਿਐਨ ਦੇ ਲੋਕ ਪੱਖੀ ਚਰਿੱਤਰ ਨੂੰ ਪਛਾਣਨ ਤੇ ਇਸਨੂੰ ਧੰਦਾ ਜਾਂ ਮੰਡੀ ਦੀ ਵਸਤ ਬਣਨ ਤੋਂ ਬਚਾਉਣ ਦੀ ਇੱਛਾ ਵਿਅਕਤ ਕੀਤੀ ਗਈ ਹੈ।

ਆਲੇਖਾਂ ਦੀ ਟੋਹ

[ਸੋਧੋ]

ਪਹਿਲਾ ਆਲੇਖ ਪ੍ਰਿੰ. ਸੰਤ ਸਿੰਘ ਸੇਖੋਂ ਦੁਆਰਾ ਲਿਖਿਆ 'ਕਵਿਤਾ ਤੇ ਸਮਾਜਕ ਆਲੋਚਨਾ' ਹੈ। ਸੰਤ ਸਿੰਘ ਸੇਖੋਂ ਮੁੱਢਲੇ ਪੰਜਾਬੀ ਮਾਰਕਸਵਾਦੀ ਆਲੋਚਕ ਹਨ। ਆਪਣੇ ਆਲੇਖ ਵਿੱਚ ਉਹਨਾਂ ਕਵਿਤਾ ਤੇ ਸਮਾਜ ਦੇ ਰਿਸ਼ਤੇ ਨੂੰ ਮਾਰਕਸਵਾਦੀ ਨੁਕਤਾ ਨਜ਼ਰ ਤੋਂ ਪੇਸ਼ ਕੀਤਾ ਹੈ। ਉਹਨਾਂ ਅਨੁਸਾਰ ਕਵਿਤਾ ਸੰਸਕ੍ਰਿਤੀ ਦੇ ਨਿਰਮਾਣ ਤੇ ਵਿਕਾਸ ਵਿੱਚ ਨਿਰੰਤਰ ਹਿੱਸਾ ਪਾਉਂਦੀ ਰਹਿੰਦੀ ਹੈ। ਅਜਿਹਾ ਕਰਦਿਆਂ ਕਵਿਤਾ ਪੁਰਾਤਨ ਦਾ ਨਿਖੇਧ ਕਰਦੀ ਹੈ, ਇਸੇ ਕਾਰਨ ਪੁਰਾਤਨਮਤੀਏ ਕਵਿਤਾ ਦੇ ਇਸ ਕਰਮ ਨੂੰ ਪ੍ਰਚਾਰ ਕਹਿ ਕੇ ਨਿੰਦਦੇ ਹਨ। ਉਹ (ਪ੍ਰੋ. ਸੇਖੋਂ) ਸਾਹਿਤ ਤੇ ਪ੍ਰਚਾਰ ਦੇ ਰਿਸ਼ਤੇ ਨੂੰ ਇੱਕ ਦੂਜੇ ਨਾਲ ਜੋੜਕੇ ਦੇਖਦੇ ਹਨ ਤੇ ਸ਼ੁੱਧ ਪ੍ਰਚਾਰ ਨੂੰ ਸਾਹਿਤ ਦਾ ਦਰਜਾ ਕਦੰਤ ਨਹੀਂ ਦਿੰਦੇ ਬਲਕਿ ਸਾਹਿਤ ਦਾ ਪ੍ਰਚਾਰ ਕਲਾ ਵਿੱਚ ਪਰੁਣਿਆ ਹੁੰਦਾ ਹੈ। 'ਸਾਹਿਤ ਅਤੇ ਮਨੋਵਿਗਿਆਨ' ਇਸ ਪੁਸਤਕ ਦਾ ਦੂਜਾ ਆਲੇਖ ਹੈ। ਪੰਜਾਬੀ ਦੇ ਪਹਿਲੇ ਰੂਪਵਾਦੀ ਤੇ ਸੰਰਚਨਾਵਾਦੀ ਆਲੋਚਕ ਡਾ. ਹਰਿਭਜਨ ਸਿੰਘ ਇਸ ਆਲੇਖ ਦੇ ਲੇਖਕ ਹਨ। ਇਸ ਆਲੇਖ ਵਿੱਚ ਉਹਨਾਂ ਨੇ ਸਾਹਿਤ ਅਤੇ ਮਨੋਵਿਗਿਆਨ ਦੇ ਆਪਸੀ ਸੰਬੰਧਾਂ ਨੂੰ ਚਾਰ ਧਰਾਤਲਾਂ ਲੇਖਕ ਦੀ ਸ਼ਖ਼ਸੀਅਤ, ਸਿਰਜਣ-ਪ੍ਰਕਿਰਿਆ, ਪਾਠਕ ’ਤੇ ਪ੍ਰਭਾਵ ਅਤੇ ਸਾਹਿਤ ਸੰਚਾਰ ਉਪਰ ਵਿਚਾਰਿਆ ਹੈ। ਆਲੇਖ ਵਿੱਚ ਲੇਖਕ ਨੇ ਪ੍ਰਸਿੱਧ ਮਨੋਵਿਗਿਆਨੀਆਂ - ਸਿਗਮੰਡ ਫ਼ਰਾਇਡ, ਕਾਰਲ ਜੁੰਗ ਅਤੇ ਅਲਫ਼ਰੈਡ ਐਡਲਰ ਦੇ ਸਿਧਾਂਤਾਂ ਤੋਂ ਅੰਤਰਦ੍ਰਿਸ਼ਟੀਆਂ ਗ੍ਰਹਿਣ ਕਰਦਿਆਂ ਸਾਹਿਤ ਦਾ ਵਿਸ਼ਲੇਸ਼ਣ ਪੇਸ਼ ਕੀਤਾ ਹੈ।

ਆਲੇਖ 'ਸਾਹਿਤ: ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ' ਡਾ. ਟੀ. ਆਰ. ਵਿਨੋਦ ਦੁਆਰਾ ਰਚਿਤ ਹੈ। ਸਾਹਿਤ ਦੇ ਪ੍ਰਕਾਰਜ ਸੰਬੰਧੀ ਡਾ. ਵਿਨੋਦ ਦੀ ਧਾਰਨਾ ਹੈ ਕਿ ਸਾਹਿਤ ਸਥਿਤੀ ਦੇ ਸਥੂਲ ਵਰਣਨ ਸਦਕਾ ਭਾਵਾਂ ਨੂੰ ਮਨੁੱਖੀ ਮਨ ਦੇ ਸਥਾਈ ਅੰਗ ਬਣਾਉਂਦਾ ਹੈ। ਇਹ ਭਾਵ ਵਾਸਤਵ ਦੇ ਕਿਸੇ ਅੰਗ ਨੂੰ ਸਥਿਰ ਰੱਖਣ ਜਾਂ ਤਬਦੀਲ ਕਰਨ ਦੀ ਪ੍ਰੇਰਨਾ ਬਣਦੇ ਹਨ। ਡਾ. ਵਿਨੋਦ ਅਨੁਸਾਰ ਸਾਹਿਤ ਦਾ ਕਰਤੱਵ ਪਾਠਕ ਨੂੰ ਆਪਣੇ ਹੱਕਾਂ ਪ੍ਰਤੀ ਚੇਤੰਨ ਕਰਕੇ ਸੰਘਰਸ਼ ਕਰਨ ਲਈ ਪ੍ਰੇਰਿਤ ਕਰਨ ਵਿੱਚ ਨਿਹਿਤ ਹੈ ਤੇ ਅਜਿਹਾ ਕਰ ਸਕਣ ਦੇ ਸਮਰੱਥ ਸਾਹਿਤ ਹੀ ਮਹਾਨ ਸਾਹਿਤ ਹੈ। ਇੰਝ ਮਾਰਕਸਵਾਦੀ ਪਹੁੰਚ ਇਸ ਆਲੇਖ ਵਿੱਚ ਆਰਪਾਰ ਫੈਲੀ ਹੋਈ ਹੈ। ਡਾ. ਰਵਿੰਦਰ ਰਵੀ ਦੁਆਰਾ ਰਚਿਤ ਆਲੇਖ 'ਨਵੀਨ ਆਲੋਚਨਾ ਪ੍ਰਣਾਲੀ' ਉਸ ਆਲੋਚਨਾ ਪ੍ਰਣਾਲੀ ਬਾਰੇ ਹੈੈ, ਜਿਸਦੀ ਸ਼ੁਰੂਆਤ ਪੱਛਮੀ ਆਲੋਚਕ ਜੇ. ਸੀ. ਰੈਨਸਮ ਦੀ 1941 ਵਿੱਚ ਛਪੀ ਪੁਸਤਕ 'The New Criticism' ਨਾਲ ਹੋਈ ਮੰਨੀ ਜਾਂਦੀ ਹੈ। ਡਾ. ਈਲੀਅਟ ਨੇ ਇਸ ਆਲੋਚਨਾ ਪ੍ਰਣਾਲੀ ਨਾਲ ਜੁੜੇ ਪੱਛਮੀ ਚਿੰਤਕਾਂ, ਉਹਨਾਂ ਦੇ ਸੰਕਲਪਾਂ ਆਦਿ ਨੂੰ ਪੇਸ਼ ਕਰਦਿਆਂ ਪੰਜਾਬੀ ਸਾਹਿਤ ਆਲੋਚਨਾ ਦੇ ਪ੍ਰਸੰਗ ਵਿੱਚ ਇਸ ਆਲੋਚਨਾ ਪ੍ਰਣਾਲੀ ਦੀ ਵਰਤੋਂ ਨੂੰ ਪੇਸ਼ ਕੀਤਾ ਹੈ।

ਅਗਲਾ ਆਲੇਖ 'ਅਸਤਿਤ੍ਵਵਾਦ' ਡਾ. ਗੁਰਚਰਨ ਸਿੰਘ ਅਰਸ਼ੀ ਦੁਆਰਾ ਰਚਿਤ ਇੱਕ ਵਿਸਥਾਰਤ ਆਲੇਖ ਹੈ। ਡਾ. ਅਰਸ਼ੀ ਨੇ ਅਸਤਿਤ੍ਵਵਾਦ ਦੇ ਅਤੀਤ ਵਿੱਚ ਜਾਂਦਿਆਂ ਇਸਦੇ ਜਨਮ ਤੋਂ ਲੈ ਕੇ ਹੁਣ ਤੀਕ ਦੇ ਵਿਕਾਸ ਨੂੰ ਉਲੀਕਿਆ ਹੈ। ਇਸਦੇ ਨਾਲ ਹੀ ਅਜੋਕੇ ਦੌਰ ਦੇ ਵਿਭਿੰਨ ਵਰਤਾਰਿਆਂ ਨੂੰ ਅਸਤਿਤ੍ਵਵਾਦੀ ਨੁਕਤੇ ਤੋਂ ਸਮਝਣ ਤੇ ਮੁਲਾਂਕਣ ਦੀ ਸਮਰੱਥਾ ਨੂੰ ਪੇਸ਼ ਕੀਤਾ ਹੈ। ਅਰਸਤੂ 384-322 ਪੂਰਵ ਈਸਵੀ ਦੌਰਾਨ ਹੋਇਆ ਇੱਕ ਗ੍ਰੀਕ ਫ਼ਿਲਾਸਫਰ ਹੈ ਜਿਸਨੇ ਆਪਣੇ ਚਿੰਤਨ ਸਦਕਾ ਅਨੁਕਰਣ, ਵਿਰੇਚਨ ਆਦਿ ਜਿਹੇ ਮਹੱਤਵਪੂਰਨ ਕਲਾ ਸਿਧਾਂਤਾਂ ਦਾ ਪ੍ਰਤੀਪਾਦਨ ਕੀਤਾ। ਡਾ. ਅਮਰੀਕ ਸਿੰਘ ਪੂਨੀ ਰਚਿਤ ਪੁਸਤਕ ਦਾ ਛੇਵਾਂ ਆਲੇਖ 'ਅਨੁਕਰਣ ਸਿਧਾਂਤ: ਇੱਕ ਪਰਿਪੇਖ' ਅਰਸਤੂ ਦੇ ਅਨੁਕਰਣ ਸਿਧਾਂਤ ਬਾਰੇ ਹੈ। ਡਾ. ਪੂਨੀ ਨੇ ਇਸ ਮਹੱਤਵਪੂਰਨ ਕਲਾ ਸਿਧਾਂਤ ਨੂੰ ਬੜੀ ਹੀ ਸਰਲਤਾ ਤੇ ਸਪਸ਼ਟਤਾ ਨਾਲ ਪੰਜਾਬੀ ਪਾਠਕ ਦੇ ਸਨਮੁੱਖ ਪੇਸ਼ ਕੀਤਾ ਹੈ।

ਅਗਲੇ ਆਲੇਖ 'ਸੰਰਚਨਾਵਾਦ' ਵਿੱਚ ਪ੍ਰਬੁੱਧ ਪੰਜਾਬੀ ਚਿੰਤਕ ਡਾ. ਜਸਵਿੰਦਰ ਸਿੰਘ ਨੇ ਇਸ ਸੰਕਲਪ ਦੇ ਇਤਿਹਾਸਕ ਵਿਕਾਸ, ਪ੍ਰਮੁੱਖ ਚਿੰਤਕਾਂ ਤੇ ਉਹਨਾਂ ਦੀਆਂ ਸਥਾਪਨਾਵਾਂ ਨੂੰ ਪੇਸ਼ ਕਰਦਿਆਂ ਇਸ ਸੰਕਲਪ ਦੀਆਂ ਸੰਭਾਵਨਾਵਾਂ ਤੇ ਸੀਮਾਵਾਂ ਨੂੰ ਉਭਾਰਿਆ ਹੈ। 'ਮਾਰਕਸਵਾਦੀ ਸਾਹਿਤ ਅਧਿਐਨ' ਨਾਮੀ ਆਲੇਖ ਦੂਸਰੀ ਪੀੜ੍ਹੀ ਦੇ ਪੰਜਾਬੀ ਮਾਰਕਸਵਾਦੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਦੁਆਰਾ ਰਚਿਤ ਹੈ। ਉਹਨਾਂ ਨੇ ਮਾਰਕਸਵਾਦੀ ਨੁਕਤਾ ਨਜ਼ਰ ਤੋਂ ਪੰਜਾਬੀ ਸਾਹਿਤ ਦੇ ਵਿਵੇਚਨ ਤੇ ਮੁਲਾਂਕਣ ਦੀ ਲੋੜ ਤੇ ਮਾਰਕਾਸਵਾਦੀ ਸਾਹਿਤ ਅਧਿਐਨ ਵਿਧੀ ਅਤੇ ਇਸਦੇ ਮਹੱਤਵ ਨੂੰ ਉਜਾਗਰ ਕੀਤਾ ਹੈ।

ਡਾ. ਹਰਭਜਨ ਸਿੰਘ ਭਾਟੀਆ ਨੇ ਆਪਣੇ ਆਲੇਖ 'ਆਧੁਨਿਕ ਪੰਜਾਬੀ ਸਾਹਿਤ ਆਲੋਚਨਾ ਦਾ ਮੁਹਾਂਦਰਾ' ਵਿੱਚ ਪੰਜਾਬੀ ਆਲੋਚਨਾ ਦੇ ਮੁੱਢ ਦੀ ਨਿਸ਼ਾਨਦੇਹੀ ਕਰਦਿਆਂ ਇਸ ਵਿੱਚ ਸਮੇਂ ਸਮੇਂ ਵਾਪਰੇ ਪਰਿਵਰਤਨਾਂ ਦੀ ਗੱਲ ਕੀਤੀ ਹੈ। ਲੇਖਕ ਆਲੋਚਨਾ ਨੂੰ ਸਮੇਂ ਤੇ ਸਥਿਤੀਆਂ ਦੇ ਪ੍ਰਸੰਗ ਵਿੱਚ ਸਮਝਦਾ ਹੋਇਆ ਹਰੇਕ ਪੜਾਅ ਦੀ ਪੰਜਾਬੀ ਆਲੋਚਨਾ ਦੀਆਂ ਤਰੁੱਟੀਆਂ ਤੇ ਪ੍ਰਾਪਤੀਆਂ ਦਾ ਪਿਛਲੇਰੇ ਪੜਾਅ ਦੀ ਆਲੋਚਨਾ ਦੇ ਸਮਾਂਤਰ ਮੁਲਾਂਕਣ ਕਰਦਾ ਹੈ। ਅਜਿਹਾ ਕਰਦਿਆਂ ਉਹਨਾਂ ਵਰਤਮਾਨ ਵਿੱਚ ਪੰਜਾਬੀ ਆਲੋਚਨਾ ਦੇ ਨਕਸ਼ਾਂ ਨੂੰ ਵੀ ਉਭਾਰਿਆ ਹੈ। ਡਾ. ਭਾਟੀਆ ਦੁਆਰਾ ਹੀ ਰਚਿਤ ਅਗਲਾ ਆਲੇਖ 'ਪੰਜਾਬੀ ਮੈਟਾ ਆਲੋਚਨਾ: ਅਤੀਤ ਤੇ ਵਰਤਮਾਨ' ਆਲੋਚਨਾ ਦੀ ਆਲੋਚਨਾ ਦੇ ਬਾਰੇ ਹੈ। ਪਹਿਲੇ ਆਲੇਖ ਵਾਂਗ ਉਹਨਾਂ ਇਸ ਆਲੇਖ ਵਿੱਚ ਵੀ ਪੰਜਾਬੀ ਮੈਟਾ ਆਲੋਚਨਾ ਦੇ ਇਤਿਹਾਸ ਨੂੰ ਆਪਣੀ ਪਾਰਖੂ ਅੱਖ ਰਾਹੀਂ ਦੇਖਦਿਆਂ ਕਮੀਆਂ ਤੇ ਪ੍ਰਾਪਤੀਆਂ ਸਮੇਤ ਉਲੀਕਿਆ ਹੈ ਅਤੇ ਵਰਤਮਾਨ ਵਿੱਚ ਇਸਦੇ ਸੁਭਾਅ ਨੂੰ ਉਜਾਗਰ ਕੀਤਾ ਹੈ।

ਡਾ. ਧਨਵੰਤ ਕੌਰ ਦੁਆਰਾ ਰਚਿਤ ਆਲੇਖ 'ਨਾਰੀਵਾਦ' ਵਿੱਚ ਉਹਨਾਂ ਨੇ ਇਸ ਸੰਕਲਪ ਦੇ ਵਿਭਿੰਨ ਪੱਖਾਂ ਜੀਕਣ ਇਤਿਹਾਸ, ਪ੍ਰਮੁੱਖ ਚਿੰਤਕਾਂ ਤੇ ਉਹਨਾਂ ਦੀਆਂ ਧਾਰਨਾਵਾਂ ਨੂੰ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਨਾਰੀਵਾਦ ਦੇ ਮਹੱਤਵ ਤੇ ਲੋੜ ਨੂੰ ਵੀ ਬਿਆਨਿਆ ਹੈ। ਪੁਸਤਕ ਦਾ ਅਗਲਾ ਆਲੇਖ 'ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ- ਸੰਰਚਨਾਵਾਦ' ਡਾ. ਸੁਰਜੀਤ ਸਿੰਘ ਦੁਆਰਾ ਰਚਿਤ ਹੈ। ਉਹਨਾਂ ਨੇ ਪੰਜਾਬੀ ਸਾਹਿਤ ਚਿੰਤਨਧਾਰਾ ਦੀ ਪੱਛਮ ਤੋਂ ਅਨੁਕਰਣ ਦੀ ਬਿਰਤੀ ਤੇ ਵਿਭਿੰਨ ਸੰਕਲਪਾਂ (ਮਾਰਕਸਵਾਦ, ਸੰਰਚਨਾਵਾਦ, ਚਿਹਨ ਵਿਗਿਆਨ ਆਦਿ) ਦੇ ਆਪੋ ਵਿਚਲੇ ਸੰਵਾਦ ਵਿਹੂਣੇ ਰਿਸ਼ਤੇ ਦੀ ਨਿਸ਼ਾਨਦੇਹੀ ਕਰਦਿਆਂ ਇਸਦੇ ਸੰਦਰਭ ਵਿੱਚ ਉੱਤਰ-ਸੰਰਚਨਾਵਾਦ ਦੇ ਸੰਕਲਪ ਨੂੰ ਸਮਝਣ ਦੀ ਗੱਲ ਕਹੀ ਹੈ। ਅਜਿਹਾ ਕਰਦਿਆਂ ਉਹਨਾਂ ਪੱਛਮੀ ਸਾਹਿਤ ਚਿੰਤਕਾਂ ਦੇ ਹਵਾਲੇ ਨਾਲ ਉੱਤਰ-ਸੰਰਚਨਾਵਾਦ ਦੇ ਸੰਕਲਪ ਦੀ ਗੱਲ ਕੀਤੀ ਹੈ। ਪੁਸਤਕ ਦਾ ਆਖਰੀ 'ਉੱਤਰ-ਆਧੁਨਿਕਤਾ' ਨਾਮੀ ਆਲੇਖ ਡਾ. ਕੁਲਵੀਰ ਦੁਆਰਾ ਰਚਿਤ ਹੈ। ਉੱਤਰ-ਆਧੁਨਿਕਤਾ ਤੇ ਆਧੁਨਿਕਤਾ ਦੇ ਨਿਖੇੜੇ ਤੇ ਨਿਰੰਤਰਤਾ ਅਤੇ ਉੱਤਰ-ਆਧੁਨਿਕਤਾ ਦੀ ਸ਼ੁਰੂਆਤ ਨੂੰ ਵਿਭਿੰਨ ਪੱਛਮੀ ਚਿੰਤਕਾਂ ਦੀਆਂ ਧਾਰਨਾਵਾਂ ਦੇ ਹਵਾਲੇ ਨਾਲ ਸਮਝਣ ਦੇ ਨਾਲੋ ਨਾਲ ਹੋਰਨਾਂ ਸੰਕਲਪਾਂ ਜੀਕਣ ਉੱਤਰ-ਸੰਰਚਨਾਵਾਦ ਨਾਲ ਇਸਦੇ ਸੰਵਾਦ ਨੂੰ ਪੜਚੋਲਣ ਦੀ ਚੇਸ਼ਟਾ ਇਸ ਆਲੇਖ ਦੇ ਆਰ ਪਾਰ ਫੈਲੀ ਹੋਈ ਹੈ।

ਹਵਾਲੇ

[ਸੋਧੋ]
  1. ਡਾ. ਜਸਵਿੰਦਰ ਸਿੰਘ, ਡਾ. ਹਰਭਜਨ ਸਿੰਘ ਭਾਟੀਆ (ਸੰਪਾ.) (2018). ਪੱਛਮੀ ਕਾਵਿ-ਸਿਧਾਂਤ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. pp. vii. ISBN 9788130204710.
  2. ਡਾ. ਜਸਵਿੰਦਰ ਸਿੰਘ, ਡਾ. ਹਰਭਜਨ ਸਿੰਘ ਭਾਟੀਆ (ਸੰਪਾ.) (2018). ਪੱਛਮੀ ਕਾਵਿ-ਸਿਧਾਂਤ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. ix. ISBN 9788130204710.
  3. ਡਾ. ਜਸਵਿੰਦਰ ਸਿੰਘ, ਡਾ. ਹਰਭਜਨ ਸਿੰਘ ਭਾਟੀਆ (ਸੰਪਾ.) (2018). ਪੱਛਮੀ ਕਾਵਿ-ਸਿਧਾਂਤ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. x. ISBN 9788130204710.