ਭੁੱਬਲ
ਭੁੱਬਲ ਸ਼ਾਹਮੁਖੀ ਲਿਪੀ ਵਿੱਚ ਲਿਖਿਆ ਗਿਆ ਪੰਜਾਬੀ ਨਾਵਲ ਹੈ। ਇਸਦੀ ਰਚਨਾ ਫ਼ਰਜ਼ੰਦ ਅਲੀ ਨੇ ਕੀਤੀ ਹੈ।
ਇਹ ਨਾਵਲ ਫ਼ਰਜ਼ੰਦ ਅਲੀ ਦੇ ਉਸਤਾਦ, ਉਸਤਾਦ ਦਾਮਨ ਦਾ ਹੱਡ-ਵਰਤੀ ਜੀਵਨ ਬਿਰਤਾਂਤ ਹੈ। ਨਾਵਲਕਾਰ ਪੰਜਾਬ ਤੇ ਪੰਜਾਬੀ ਦੇ ਉਘੇ ਲੋਕ ਸ਼ਾਇਰ ਉਸਤਾਦ ਦਾਮਨ ਦਾ ਚਹੇਤਾ ਸ਼ਾਗਿਰਦ ਤੇ ਅਜ਼ੀਜ਼ ਸੀ। ਫ਼ਰਜ਼ੰਦ ਅਲੀ ਦੀ ਸ਼ਖ਼ਸੀਅਤ ਉਸਤਾਦ ਦਾਮਨ ਦੇ ਹੱਥੀਂ ਢਲੀ, ਸਜੀ ਤੇ ਸੰਵਰੀ। ਇਹ ਨਾਵਲ ਇਕ ਤਰ੍ਹਾਂ ਨਾਲ ਉਸਤਾਦ ਦਾਮਨ ਦੀ ਜੀਵਣ-ਗਾਥਾ ਹੈ।[1]
ਪ੍ਰਕਾਸ਼ਨ
[ਸੋਧੋ]ਭੁੱਬਲ ਪਹਿਲੀ ਵਾਰ ਸ਼ਾਹਮੁਖੀ ਲਿਪੀ ਵਿਚ 1996 ਵਿਚ ਛਪਿਆ। ਇਸਨੂੰ ਪਾਕਿਸਤਾਨੀ ਪੰਜਾਬੀ ਅਦਬੀ ਬੋਰਡ, ਲਾਹੌਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ।[2] ਗੁਰਮੁਖੀ ਲਿਪੀ ਵਿਚ ‘ਭੁੱਬਲ’ ਦੇ ਦੋ ਰੂਪ ਉਪਲਬਧ ਹਨ। ਇਕ ਨੂੰ ‘ਭੁੱਬਲ਼’ ਸਿਰਲੇਖ ਤਹਿਤ ਦਸਤਕ ਪ੍ਰਕਾਸ਼ਨ, ਲੁਧਿਆਣਾ (ਪੰਜਾਬੀ ਵਿਭਾਗ, ਪਰਿਕਲਪਨਾ ਪ੍ਰਕਾਸ਼ਨ, ਲਖਨਊ) ਵੱਲੋਂ ਛਾਪਿਆ ਗਿਆ ਹੈ। ਇਸਦਾ ਕਵਰ ਆਸਿਫ਼ ਰਜ਼ਾ ਨੇ ਤਿਆਰ ਕੀਤਾ ਹੈ। ਇਸਦਾ ਪਹਿਲਾ ਐਡੀਸ਼ਨ ਸਤੰਬਰ, 2014 ਵਿਚ ਅਤੇ ਦੂਜਾ ਐਡੀਸ਼ਨ 2016 ਵਿਚ ਛਪਿਆ। ਦੂਜਾ ਰੂਪ ਨਵਯੁਗ ਪ੍ਰਕਾਸ਼ਨ, ਨਵੀਂ ਦਿੱਲੀ ਵੱਲੋਂ ਛਾਪਿਆ ਗਿਆ ਹੈ। ਇਸਦਾ ਲਿਪੀਆਂਂਤਰਨ ਪਿਆਰਾ ਸਿੰਘ ਸਹਿਰਾਈ ਨੇ ਕੀਤਾ ਹੈ।
ਨਾਵਲ ਬਾਰੇ
[ਸੋਧੋ]ਭੁੱਬਲ 20ਵੀਂ ਸਦੀ ਦੇ ਮਗਰਲੇ ਅੱਧ ਦੇ ਪਾਕਿਸਤਾਨੀ ਪੰਜਾਬ ਦੀ ਭੋਇੰ ਦੇ ਇਤਿਹਾਸ ਨੂੰ ਸਮੋਈ ਬੈਠਾ ਹੈ। ਲੇਖਕ ਦੀ ਦ੍ਰਿਸ਼ਟੀ ਮਾਰਕਸਵਾਦੀ ਹੈ ਜਿਸ ਸਦਕਾ ਨਾਵਲ ਸਮਾਜਵਾਦੀ ਯਥਾਰਥਵਾਦੀ ਨਾਵਲ ਬਣ ਜਾਂਦਾ ਹੈ। ਨਾਵਲ ‘ਓਧਰਲੇ’ ਪੰਜਾਬੀਆਂ ਦਾ ਚਿੱਤਰ ਖਿੱਚਦਾ ਹੈ। ਚਿੱਤਰ ਵਿਚ ਨਿੱਤ ਦੇ ਜੀਵਨ ਨਾਲ ਸੰਘਰਸ਼ ਕਰਦੇ, ਭੁੱਖ ਤੇ ਲੁੱਟ ਨਾਲ ਘੁਲ਼ਦੇ ਨਜ਼ਰ ਆਉਂਦੇ ਹਨ। ਅਰਧ-ਜਗੀਰੂ ਸਮਾਜ ਵਿਚ ਜਗੀਰਦਾਰਾਂ ਦੇ ਅਧੀਨ ਰਾਹਕਾਂ (ਮੁਜ਼ਾਰਿਆਂ) ਦੀ ਹਯਾਤੀ ਦੀ ਜਿਉਂਦੀ ਤਸਵੀਰ ਨਾਵਲ ਵਿਚ ਪੇਸ਼ ਹੈ। ਨਾਵਲ ਇਕ ਸਵਾਲ ਦੇ ਜਵਾਬ ਤਲਾਸ਼ਣ ਵਿਚ ਫੈਲਿਆ ਹੋਇਆ ਹੈ – “ਮੇਰੇ ਮਨ ਵਿਚ ਸਵਾਲ ਉਠਦਾ ਕਿ ਆਖ਼ਰ ਇੰਜ ਕਿਉਂ ਕਰਨਾ ਪੈਂਦਾ ਏ। ਜ਼ਿਮੀਂਦਾਰ ਸਾਰਾ ਅਨਾਜ ਕਿਉਂ ਲੈ ਜਾਂਦਾ ਏ। ਅਸੀਂ ਰਾਹਕ ਕਰਜ਼ਾ ਕਿਉਂ ਲੈਨੇ ਆਂ ? ਪਰ ਮੈਨੂੰ ਏਸ ਕਿਉਂ ਦੀ ਉੱਕਾ ਸਮਝ ਨਾ ਆਂਵਦੀ। ਇਹ ਨਾ-ਸਮਝੀ ਮੈਨੂੰ ਗੁੱਸਾ ਦਿਵਾਂਦੀ ਤੇ ਸੜੀਅਲ ਬਣਾਂਵਦੀ ਰਹਿੰਦੀ ਸੀ।”[3] ਨਾਵਲ ਵਿਚ ਉਸਤਾਦ ਦਾਮਨ ਦਾ ਕਿਰਦਾਰ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਭੁੱਬਲ ਦਾ ਉਸਤਾਦ ਦਾਮਨ ਇਕ ਲੋਕ ਪੱਖੀ ਕਵੀ ਹੈ ਜੋ ਕਦੇ ਸੱਤਾ ਨਾਲ ਸਮਝੌਤਾ ਨਹੀਂ ਕਰਦਾ। ਸਟੇਜਾਂ ’ਤੇ ਬੈਠੇ ਮੰਤਰੀਆਂ, ਅਫ਼ਸਰਾਂ ਦੀ ਪਰਵਾਹ ਕੀਤੇ ਬਗ਼ੈਰ ਖ਼ਰੀਆਂ ਸੁਣਾ ਦੇਣਾ ਉਸਦੇ ਸੁਭਾਅ ਦਾ ਹਿੱਸਾ ਹੈ। ਮੰਤਰੀਆਂ ਵੱਲੋਂ ਘਰ, ਪੈਸੇ ਆਦਿ ਦੇ ਲਾਲਚ ਨੂੰ ਉੱਕਾ ਹੀ ਮੋੜ ਦਿੰਦਾ ਹੈ। ਇਸ ਕਿਰਿਆ ਵਿਚ ਵਿਅੰਗ ਪ੍ਰਧਾਨ ਹੈ। ਆਪਣੇ ਅਖ਼ੀਰਲੇ ਦਿਨਾਂ ਵਿਚ ਬਿਸਤਰੇ ’ਤੇ ਪਿਆ ਵੀ ਉਹ ਕਿਸੇ ਮੰਤਰੀ ਨੂੰ ਮਿਲਣ ਦੀ ਹਾਮੀ ਨਹੀਂ ਭਰਦਾ। ਇਹ ਖੁਸ਼ਕ ਰਵੱਈਆ ਉਸਦਾ ਸਾਰਿਆਂ ਲਈ ਨਹੀਂ ਹੈ। ਆਪਣੇ ਹੁਜਰੇ ਵਿਚ ਉਹ ਹਰ ਇਕ ਨੂੰ ਸੁਣਦਾ ਹੈ ਤੇ ਤਵੱਜੋ ਦਿੰਦਾ ਹੈ। ਜਿਸ ਦ੍ਰਿਸ਼ ਵਿਚ ਦਾਮਨ ਰੋਂਦਾ ਹੈ, ਕੌੜੇ ਅਨੁਭਵਾਂ ਨੂੰ ਯਾਦ ਕਰਦਾ ਹੈ, ਉਸ ਦ੍ਰਿਸ਼ ਵਿਚ ਬੱਚਿਆਂ ਵਾਲੀ ਮਾਸੂਮੀਅਤ ਨਾਲ ਭਰਪੂਰ ਹੋਇਆ ਦਿਸਦਾ ਹੈ। ਇਕ ਕਮਿਊਨਿਸਟ ਹੋਣ ਦੇ ਨਾਤੇ ਉਸਨੂੰ ਮਹਾਨ ਦਿਖਾਉਣ ਦੀ ਕੋਸ਼ਿਸ਼ ਤੋਂ ਬਚਿਆ ਗਿਆ ਹੈ। ਦਾਮਨ ਆਪਣੀਆਂ ਤਮਾਮ ਕਮਜ਼ੋਰੀਆਂ ਸਮੇਤ ਧੜਕਦਾ ਹੋਇਆ ਪਾਤਰ ਬਣਕੇ ਪੇਸ਼ ਹੁੰਦਾ ਹੈ।
ਵਿਧਾ
[ਸੋਧੋ]ਇਕ ਰੂਪਾਕਾਰ ਦੇ ਲੱਛਣ ਦੂਜਿਆਂ ਵਿਚ ਪ੍ਰਗਟ ਹੋਣਾ ਕੋਈ ਅਲੋਕਾਰੀ ਗੱਲ ਨਹੀਂ। ਭੁੱਬਲ ਦੇ ਮਾਮਲੇ ਵਿਚ ਵੀ ਇਸੇ ਤਰ੍ਹਾਂ ਹੈ। ਭੁੱਬਲ ਨੂੰ ਇਕ ਨਾਵਲ ਦੇ ਤੌਰ ’ਤੇ ਪ੍ਰਕਾਸ਼ਿਤ ਹੋਇਆ ਹੈ ਪਰ ਇਸ ਵਿਚ ਜੀਵਨੀ ਅਤੇ ਸਵੈਜੀਵਨੀ ਦੇ ਅੰਸ਼ ਪ੍ਰਮੁੱਖ ਰੂਪ ਵਿਚ ਹਾਜ਼ਿਰ ਹਨ। ਇਹ ਜੀਵਨੀ ਪੱਖੋਂ ਉਸਤਾਦ ਦਾਮਨ ਅਤੇ ਸਵੈਜੀਵਨੀ ਪੱਖੋਂ ਫ਼ਰਜ਼ੰਦ ਅਲੀ ਦਾ ਜੀਵਨ ਬਿਰਤਾਂਤ ਹੈ। ਨਾਵਲ ਦੀ ਕਥਾ ਮੁੱਖ ਪਾਤਰ ਦੇ ਬਚਪਨ ਤੋਂ ਸ਼ੁਰੂ ਹੁੰਦੀ ਹੈ ਤੇ ਜੀਵਨ ਦੇ ਇਕ ਪੜਾਅ ਤੱਕ ਫੈਲਦੀ ਹੈ। ਇਸ ਫੈਲਾਅ ਵਿਚ ਕਥਾ ਵਰਣਨ ਸਿਲਸਿਲੇਵਾਰ ਹੈ। ਇਹ ਸਿਲਸਿਲਾ ਹੀ ਭੁੱਬਲ ਨੂੰ ਜੀਵਨ ਬਿਰਤਾਂਤ ਬਣਾਉਂਦਾ ਹੈ, ਜੀਵਨੀ/ਸਵੈਜੀਵਨੀ ਹੋਣ ਦਾ ਭੁਲੇਖਾ ਪਾਉਂਦਾ ਹੈ। ਇਸ ਭੁਲੇਖੇ ਨੂੰ ਪਾਉਣ ਲਈ ਵਰਤੀ ਗਈ ਗਲਪੀ ਭਾਸ਼ਾ ਜ਼ਿੰਮੇਵਾਰ ਹੈ। ਭੁੱਬਲ ਨੂੰ ਗਾਲਪਨਿਕ ਸ਼ੈਲੀ ਜਾਂ ਨਾਵਲੀ ਚੌਖਟੇ ਵਿਚ ਲਿਖਿਆ ਜੀਵਨ ਬਿਰਤਾਂਤ ਕਿਹਾ ਜਾ ਸਕਦਾ ਹੈ।
ਰੂਪਕ ਪੱਖ
[ਸੋਧੋ]ਨਾਵਲ ਦੇ 40 ਕਾਂਡ ਹਨ ਤੇ ਹਰ ਕਾਂਡ ਦਾ ਆਕਾਰ ਔਸਤਨ 10 ਪੰਨਿਆਂ ਤੋਂ ਵੀ ਘੱਟ ਹੈ। ਨਾਵਲ ਦਾ ਬਿਰਤਾਂਤ ਉੱਤਮ-ਪੁਰਖੀ ਹੈ ਜਿਸ ਕਰਕੇ ਇਹ ਨਿੱਜਤਾ ਦਾ ਅਹਿਸਾਸ ਕਰਾਉਂਦਾ ਹੈ। ਬਿਰਤਾਂਤ ਅਤੀਤ ਤੋਂ ਵਰਤਮਾਨ ਤੱਕ ਯਾਤਰਾ ਕਰਦਾ ਹੈ। ਕਥਾ ਵਰਣਨ ਵਿਚ ਕਾਲਕ੍ਰਮ ਭੰਜਨ ਨਹੀਂ ਹੈ, ਬਿਰਤਾਂਤ ਲਕੀਰੀ ਹੈ। ਨਾਵਲ ਦੀ ਮੁੱਖ ਕਥਾ ਦੇ ਨਾਲ ਨਾਲ ਕਈ ਉਪ-ਕਹਾਣੀਆਂ ਵੀ ਨਾਲੋ ਨਾਲ ਚੱਲਦੀਆਂ ਹਨ ਜੋ ਬਿਰਤਾਂਤ ਨੂੰ ਸੰਘਣਾ ਤੇ ਬਹੁਪਾਸਾਰੀ ਬਣਾਉਂਦੀਆਂ ਹਨ। ਗ਼ੈਰ ਬਿਰਤਾਂਤਕ ਵੇਰਵੇ ਵੀ ਕਾਫ਼ੀ ਮਾਤਰਾ ਵਿਚ ਹਾਜ਼ਰ ਹਨ। ਨਾਵਲ ਜਾਣਕਾਰੀ ਪ੍ਰਧਾਨ ਹੈ ਤੇ ਤਾਸੀਰ ਇਤਿਹਾਸਕ ਦਸਤਾਵੇਜ਼ ਵਾਲੀ ਹੈ। ਗਲਪੀ ਭਾਸ਼ਾ ਦਾ ਮੁਹਾਵਰਾ ਲੋਕਧਾਰਾਈ ਹੈ। ਆਮ ਲੋਕਾਈ ਦੀ ਤੇ ਮੁਹਾਵਰੇਦਾਰ ਭਾਸ਼ਾ ਹੋਣ ਕਰਕੇ ਨਾਵਲ ਬੋਝਲ ਪ੍ਰਤੀਤ ਨਹੀਂ ਹੁੰਦਾ। ਬਿਰਤਾਂਤ ਦੀ ਗਤੀ ਤੇਜ਼ ਹੈ। ਕਥਾ ਨੂੰ ਮਠਾਰਿਆ ਨਹੀਂ ਗਿਆ। ਸੁਆਲੀਆ ਵਾਕਾਂ ਤੇ ਸਮਾਸੀ ਸ਼ਬਦਾਂ ਦਾ ਪ੍ਰਯੋਗ ਕੀਤਾ ਮਿਲਦਾ ਹੈ। ਬਿਰਤਾਂਤ ਵਿਚਲਾ ਯਥਾਰਥ ਪਾਤਰ, ਘਟਨਾਵਾਂ ’ਚੋਂ ਘੱਟ ਤੇ ‘ਮੈਂ’ ਪਾਤਰ ਦੀਆਂ ਟਿੱਪਣੀਆਂ, ਸੰਵਾਦਾਂ ਰਾਹੀਂ ਵਧੇਰੇ ਉਭਰਦਾ ਹੈ।
ਹਵਾਲੇ
[ਸੋਧੋ]- ↑ ਅਲੀ, ਫ਼ਰਜ਼ੰਦ (2019). ਭੁੱਬਲ. ਨਵੀਂ ਦਿੱਲੀ: ਨਵਯੁਗ ਪਬਲਿਸ਼ਰਜ਼. p. 8. ISBN 978-81-86216-71-5.
{{cite book}}
: Check|isbn=
value: checksum (help) - ↑ "Literate, NOS, The News International". jang.com.pk. Retrieved 2020-12-15.
- ↑ ਅਲੀ, ਫ਼ਰਜ਼ੰਦ (2016 (ਦੂਜਾ ਐਡੀਸ਼ਨ)). ਭੁੱਬਲ਼. ਲੁਧਿਆਣਾ: ਦਸਤਕ ਪ੍ਰਕਾਸ਼ਨ. p. 18.
{{cite book}}
: Check date values in:|year=
(help)CS1 maint: year (link)