ਸਮੱਗਰੀ 'ਤੇ ਜਾਓ

ਭੁਚਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭੂਚਾਲ ਤੋਂ ਮੋੜਿਆ ਗਿਆ)
ਭੂਚਾਲ ਦੇ ਕੇਂਦਰ, 1963–1998
ਪਲੇਟਾ ਦੀ ਹਰਕਤ

ਭੂਚਾਲ ਇੱਕ ਐਸੀ ਕੁਦਰਤ ਦੀ ਆਫਤ ਹੈ ਜਿਸ ਬਾਰੇ ਪਹਿਲਾਂ ਪਤਾ ਨਹੀਂ ਲੱਗਦਾ। ਖੋਜਾਂ ਤੋਂ ਬਾਅਦ ਭੂਚਾਲ ਆਉਣ ਦਾ ਕਾਰਨ ਇਹ ਮੰਨਿਆ ਗਿਆ ਕਿ ਜ਼ਮੀਨ ਦੀ ਤਹਿ ਜੋ ਹੇਠਾਂ ਹੈ, ਉਹ ਸਖਤ ਸਲੈਬਾਂ ਦੀ ਬਣੀ ਹੋਈ ਹੈ। ਇਨ੍ਹਾਂ ਹੇਠਲੀਆਂ ਸਲੈਬਾਂ ਨੂੰ ਟੈਕਟੋਨਿਕ ਪਲੇਟਾਂ ਵੀ ਕਹਿੰਦੇ ਹਨ, ਇਹ ਪਲੇਟਾਂ ਆਪਸ 'ਚ ਜੁੜੀਆਂ ਹੋਈਆਂ ਹਨ ਜੋ ਉਪਰ ਥੱਲੇ ਹਰਕਤ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਅੰਦਰ ਆਪਸੀ ਦਬਾਅ ਇੱਕ ਜਗ੍ਹਾ ਤੋਂ ਹਿੱਲ ਜਾਣ ਨਾਲ ਜਾਂ ਟੁੱਟ ਜਾਣ ਕਾਰਨ ਵਧ ਜਾਂਦਾ ਹੈ ਅਤੇ ਉਹ ਪਲੇਟਾਂ ਆਪਣੀ ਜਗ੍ਹਾ ਤੋਂ ਖਿਸਕ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੀ ਜਗ੍ਹਾ 'ਚ ਬਦਲਾਅ ਆਉਣ ਕਾਰਨ ਆਪਸੀ ਟਕਰਾਅ ਵੀ ਹੁੰਦਾ ਹੈ ਜਾਂ ਆਪਸ ਵਿੱਚ ਖਹਿੰਦੀਆਂ ਹਨ ਜਿਸ ਕਾਰਨ ਧਰਤੀ ਅੰਦਰ ਝਟਕੇ ਲੱਗਦੇ ਹਨ ਜਿਸ ਨੂੰ ਭੂਚਾਲ ਕਹਿੰਦੇ ਹਨ ਜਿਸ ਨਾਲ ਧਰਤੀ ਕੰਬਦੀ ਹੈ।

ਕਿਸਮਾਂ

ਧਰਤੀ ਦੀਆਂ ਪਲੇਟਾਂ[ਸੋਧੋ]

ਧਰਤੀ ਦੀ ਜੋ ਬਣਤਰ ਹੈ, ਉਹ ਸੱਤ ਵੱਡੀਆਂ ਪਲੇਟਾਂ 'ਤੇ ਆਧਾਰਿਤ ਹੈ, ਅਫਰੀਕਨ ਪਲੇਟ, ਅਨਟਾਰਕਟਿਕਾ ਪਲੇਟ, ਆਸਟ੍ਰੇਲੀਅਨ ਪਲੇਟ, ਇਰਾਸੀਅਨ ਪਲੇਟ, ਉੱਤਰੀ ਅਮਰੀਕਾ ਪਲੇਟ, ਦੱਖਣੀ ਅਮਰੀਕਾ ਪਲੇਟ, ਪ੍ਰਸ਼ਾਂਤ ਪਲੇਟ ਆਦਿ। ਇਨ੍ਹਾਂ ਵੱਡੀਆਂ ਪਲੇਟਾਂ ਤੋਂ ਇਲਾਵਾ ਹੋਰ ਬਹੁਤ ਛੋਟੀਆਂ ਪਲੇਟਾਂ ਵੀ ਧਰਤੀ ਦੇ ਅੰਦਰ ਹਨ। ਇਹ ਸਾਰੀਆਂ ਪਲੇਟਾਂ ਆਪਸ ਵਿੱਚ ਇੱਕ ਬਹੁਤ ਵੱਡੇ ਆਕਾਰ ਵਾਲੇ ਮਿੱਟੀ ਦੇ ਬਰਤਨ ਵਾਂਗ ਆਪਸ 'ਚ ਜੁੜੀਆਂ ਰਹਿੰਦੀਆਂ ਹਨ ਅਤੇ ਜ਼ਮੀਨ ਹੇਠਲੀ ਗਰਮੀ ਕਾਰਨ ਹਮੇਸ਼ਾ ਅੱਗੇ, ਪਿੱਛੇ, ਉਪਰ, ਥੱਲੇ ਲਗਾਤਾਰ ਹਰਕਤ ਕਰਦੀਆਂ ਰਹਿੰਦੀਆਂ ਹਨ।

ਭੂਚਾਲ ਜੋਨ[ਸੋਧੋ]

ਦੁਨੀਆ ਦੇ ਦੋ ਵੱਡੇ ਜ਼ੋਨ ਹਨ ਜਿਨ੍ਹਾਂ 'ਚ ਭੂਚਾਲ ਪੱਕੇ ਤੌਰ 'ਤੇ ਕੁਝ ਸਮੇਂ ਦੇ ਵਕਫੇ ਤੋਂ ਬਾਅਦ ਆਉਂਦੇ ਹੀ ਰਹਿੰਦੇ ਹਨ। ਉਹ ਜ਼ੋਨ ਹਨ:

 • ਪੈਸੀਫਿਕ ਕਿੰਗ ਆਫ ਫਾਇਰ
 • ਅਲਪੀਡੇ ਬਿਲਟ (ਜੋ ਦੱਖਣੀ ਇਰਾਸੀਅਨ ਪਲੇਟ ਦੇ ਨਾਲ ਦੇ ਇਲਾਕੇ ਹਨ।)

ਕਾਰਨ ਤਬਾਹੀ[ਸੋਧੋ]

ਜੋ ਭੂਚਾਲ ਪੱਛਮੀ ਦੇਸ਼ਾਂ ਅੰਦਰ ਆਉਂਦੇ ਹਨ, ਉਸ ਦਾ ਵੱਡਾ ਕਾਰਨ ਸਾਨ ਅਨਰੇਅਜ਼ ਫਾਲਟ ਹੈ, ਜੋ ਕੈਲੀਫੋਰਨੀਆ ਵਿੱਚ ਦਿ ਪੈਸੇਫਿਕ ਅਤੇ ਉੱਤਰੀ ਅਮਰੀਕਾ ਦੀਆਂ ਪਲੇਟਾਂ ਦੀ ਸੀਮਾ ਦੇ ਨਾਲ-ਨਾਲ ਦੀ ਹੁੰਦਾ ਹੋਇਆ ਜਾਂਦਾ ਹੈ ਜਿਸ ਨੇ ਇੱਕ ਬਹੁਤ ਵੱਡਾ ਤਬਾਹੀ ਵਾਲਾ ਭੂਚਾਲ ਸੰਨ 1906 ਵਿੱਚ ਸਾਨਫਰਾਂਸਿਸਕੋ ਵਿੱਚ ਪੈਦਾ ਕੀਤਾ ਸੀ। ਇਸੇ ਤਰ੍ਹਾਂ ਸੰਨ 1989 ਵਿੱਚ ਭੂਚਾਲ ਨੇ ਲੋਮਾ ਪਰੀਮਾਟਾ ਵਿੱਚ ਜ਼ਬਰਦਸਤ ਤਬਾਹੀ ਕੀਤੀ ਸੀ। ਇਸ ਲਈ ਇਹ ਜੋ ਸਾਨ ਅਨਰੇਅਜ਼ ਫਾਲਟ ਹੈ ਉਹ ਕੈਲੀਫੋਰਨੀਆ ਦੇ ਇਲਾਕੇ ਲਈ ਬਹੁਤ ਘਾਤਕ ਹੈ ਜਿਸ ਦੀ ਸ਼ਕਤੀ ਕਾਫੀ ਖਤਰਨਾਕ ਨੁਕਸਾਨ ਕਰ ਸਕਦੀ ਹੈ। ਇਹ ਸਾਨ ਅਨਰੇਅਜ਼ ਫਾਲਟ ਪੈਸੇਫਿਕ ਸਮੁੰਦਰ ਵਿੱਚ ਹੈ ਜਿਸ ਦੀ ਸ਼ਕਲ ਘੋੜੇ ਦੇ ਖੁਰ ਵਾਂਗ ਹੈ ਉੁਸ ਨੂੰ ਪੈਸੇਫਿਕ ਕਿੰਗ ਆਫ ਫਾਇਰ ਦਾ ਇਲਾਕਾ ਕਹਿੰਦੇ ਹਨ, ਜਿਥੇ ਪੈਸੇਫਿਕ ਫਿਲਪਾਈਨ, ਅਨਟਾਰਕਟਿਕ ਅਤੇ ਨਾਜਕਾਂ ਇਨ੍ਹਾਂ ਸਾਰਿਆਂ ਦੀਆਂ ਪਲੇਟਾਂ ਇਥੇ ਮਿਲਦੀਆਂ ਹਨ। ਇਸ ਕਰਕੇ ਇਹ ਪੈਸੇਫਿਕ ਸਮੁੰਦਰ ਵਾਲੀ ਜਗ੍ਹਾ ਸਭ ਤੋਂ ਖਤਰਨਾਕ ਹੈ, ਜਿਸ ਅੰਦਰ ਪੂਰੇ ਸੰਸਾਰ ਦੇ 90% ਭੂਚਾਲ ਇਸ ਰਿੰਗ ਫਾਇਰ ਵਿੱਚ ਆਉਂਦੇ ਹਨ। ਸਭ ਤੋਂ ਵੱਡਾ ਭੂਚਾਲ ਇਸ ਇਲਾਕੇ ਵਿੱਚ ਸੰਨ 1960 ਦਾ ਸੀ, ਜਿਸ ਦੇ ਝਟਕੇ ਦੀ ਤਾਕਤ 9.5 ਸੀ ਜੋ ਚਿਲੀ ਵਿੱਚ ਆਇਆ ਸੀ।

ਪੰਜਾਬ ਅਤੇ ਭਾਰਤ[ਸੋਧੋ]

ਪੰਜਾਬ ਅਤੇ ਹੋਰ ਉੱਤਰੀ ਭਾਰਤ ਦੇ ਇਲਾਕਿਆਂ 'ਤੇ ਜੋ ਭੂਚਾਲ ਪੈਦਾ ਕਰਕੇ ਅਸਰ ਪਾਉਂਦਾ ਹੈ, ਉਹ ਇਲਾਕਾ ਦੁਨੀਆ ਦਾ ਦੂਸਰਾ ਖਤਰਨਾਕ ਇਲਾਕਾ ਮੰਨਿਆ ਜਾਂਦਾ ਹੈ। ਉਸ ਨੂੰ ਇਰਾਸੀਅਨ ਪਲੇਟ ਕਹਿੰਦੇ ਹਨ। ਇਸ ਪਲੇਟ ਦੇ ਦੱਖਣ ਦਾ ਜੋ ਇਲਾਕਾ ਹੈ ਉਥੇ ਸਭ ਤੋਂ ਵੱਧ ਭੂਚਾਲ ਆਉਂਦੇ ਹਨ।

ਇਹ ਇਲਾਕੇ ਅਫਰੀਕਾ ਪਲੇਟ, ਅਰਬ ਦੇਸ਼ਾਂ ਦੀ ਪਲੇਟ ਅਤੇ ਭਾਰਤੀ ਪਲੇਟ ਹਨ, ਜੋ ਉੱਤਰ ਵੱਲ ਨੂੰ ਵਧ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਅੰਦਰ ਚੀਨ, ਰੂਸ ਆਦਿ ਦੇ ਏਰੀਏ ਵੀ ਆਉਂਦੇ ਹਨ ਪਰ ਉਹ ਪੱਛਮ ਵੱਲ ਹਨ। ਇਨ੍ਹਾਂ ਇਲਾਕਿਆਂ ਦੀ ਪੱਟੀ ਜੋ ਹੈ ਉਹ ਐਟਲਾਂਟਿਕ ਦੇ ਨਾਲ-ਨਾਲ ਮੈਡੀਟੇਰੀਅਨ ਅਤੇ ਪੱਛਮੀ ਏਸ਼ੀਆ 'ਚੋਂ ਦੀ ਹੁੰਦੀ ਹੋਈ ਹਿਮਾਲਿਆ ਪਰਬਤ ਰੇਂਜ ਅਤੇ ਇੰਡੋਨੇਸ਼ੀਆ ਤਕ ਹੈ। ਅਕਤੂਬਰ 2005 ਵਿੱਚ ਕਸ਼ਮੀਰ ਦਾ ਭੂਚਾਲ, ਸੰਨ 2004 ਵਿੱਚ ਸਮੁੰਦਰ ਅੰਦਰ ਸੁਨਾਮੀ ਦਾ ਭੂਚਾਲ ਅਤੇ ਸੰਨ 2003 ਵਿੱਚ ਬਾਮ ਈਰਾਨ ਦਾ ਭੂਚਾਲ ਆਉਣ ਦਾ ਕਾਰਨ ਹੀ ਇਰਾਸੀਅਨ ਪਲੇਟਾਂ ਦਾ ਫਾਲਟ ਸੀ। ਅੱਜ ਸੰਸਾਰ ਅੰਦਰ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੋ ਦੇਸ਼ ਹਾਲੇ ਪੂਰੇ ਵਿਕਸਿਤ ਨਹੀਂ ਹੋਏ, ਉਨ੍ਹਾਂ ਦੇਸ਼ਾਂ ਦੇ ਜ਼ਿਆਦਾ ਆਬਾਦੀ ਵਾਲੇ ਵੱਡੇ ਸ਼ਹਿਰ ਇਸ ਖਤਰਨਾਕ ਜ਼ੋਨ ਵਿੱਚ ਸਥਿਤ ਹਨ, ਜਿਵੇਂ ਟੋਕੀਓ, ਜਾਪਾਨ, ਮਨੀਲਾ, ਫਿਲਪਾਈਨ, ਤਹਿਰਾਨ, ਈਰਾਨ ਅਤੇ ਮੈਕਸੀਕੋ ਸ਼ਹਿਰ ਆਦਿ ਪਰ ਟੋਕੀਓ ਵਿੱਚ ਜਾਪਾਨ ਸਰਕਾਰ ਨੇ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਲਈ ਵਧੀਆ ਇਮਾਰਤਾਂ ਦੀ ਉਸਾਰੀ ਕਰ ਲਈ ਹੈ। ਦੂਸਰੇ ਸ਼ਹਿਰਾਂ ਵਿੱਚ ਜੇਕਰ ਭੂਚਾਲ ਜ਼ਿਆਦਾ ਸ਼ਕਤੀ ਦੇ ਆਉਂਦੇ ਹਨ ਤਾਂ ਭਾਰੀ ਜਾਨੀ ਨੁਕਸਾਨ ਹੋਣ ਦਾ ਖਤਰਾ ਪੱਕਾ ਹੈ।

ਭਵਿੱਖਬਾਣੀ[ਸੋਧੋ]

ਭੂਚਾਲ ਆਉਣ ਬਾਰੇ ਭਵਿੱਖਬਾਣੀ ਪੱਕੇ ਤੌਰ 'ਤੇ ਕਰਨ ਦੇ ਅਜੇ ਕੋਈ ਸਾਧਨ ਨਹੀਂ ਹਨ ਪਰ ਕੁਝ ਸੰਕੇਤ ਪਿਛਲੇ ਸਮੇਂ ਅੰਦਰ ਭੂਚਾਲ ਆਉਣ ਤੋਂ ਪਹਿਲਾਂ ਸਥਾਨਕ ਲੋਕਾਂ ਦੁਆਰਾ ਦੇਖੇ ਗਏ ਹਨ। ਇਸ ਤਰ੍ਹਾਂ ਆਉਣ ਵਾਲੇ ਸਮੇਂ ਅੰਦਰ ਵੀ ਇਹੋ ਜਿਹੇ ਭੂਚਾਲ ਆਉਣ ਦੇ ਸੰਕੇਤ ਦਿਖਾਈ ਦੇ ਸਕਦੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਚੌਕੰਨੇ ਕੀਤਾ ਜਾ ਸਕਦਾ ਹੈ। ਸੰਨ 1976 ਵਿੱਚ ਚੀਨ ਦੇ ਤਾਨਗਛਾਨ ਇਲਾਕੇ ਵਿੱਚ ਭੂਚਾਲ ਆਇਆ ਸੀ, ਜਿਸ ਵਿੱਚ 6,50,000 ਲੋਕ ਮਾਰੇ ਗਏ ਸਨ। ਉਸ ਭੂਚਾਲ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਜ਼ਮੀਨ ਅੰਦਰ ਕੁਝ ਅਸਾਧਾਰਨ ਹਰਕਤਾਂ ਦੇਖੀਆਂ, ਜਿਵੇਂਕਿ

 • ਉਸ ਇਲਾਕੇ ਦੇ ਸਾਰੇ ਖੂਹਾਂ ਦਾ ਪਾਣੀ ਉੱਪਰ ਅਤੇ ਥੱਲੇ ਨੂੰ ਚੜ੍ਹਦਾ-ਉਤਰਦਾ, ਬਿਨਾਂ ਰੁਕਾਵਟ, ਦਿਨ ਵਿੱਚ ਕਈ ਵਾਰੀ ਹੁੰਦਾ ਦੇਖਿਆ ਗਿਆ ਸੀ। ਉਥੇ ਦੀ ਜ਼ਮੀਨ ਦੇ ਉੱਪਰ ਵਾਲੀ ਪਪੜੀ ਉੱਪਰ ਕਈ ਤਰ੍ਹਾਂ ਦੀ ਹਿਲ-ਜੁਲ ਨਜ਼ਰ ਆ ਰਹੀ ਸੀ। ਜੇਕਰ ਇਸ ਅਸਾਧਾਰਨ ਹਰਕਤ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਕਾਫੀ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਇਸੇ ਤਰ੍ਹਾਂ ਤਾਨਗਛਾਨ ਇਲਾਕੇ ਦੇ ਭੂਚਾਲ ਤੋਂ ਇੱਕ ਸਾਲ ਪਹਿਲਾਂ ਚੀਨ ਦੇ ਦੂਸਰੇ ਸ਼ਹਿਰ ਹਰਮੀਚੇਨਗ ਵਿੱਚ ਭੂਚਾਲ ਆਇਆ ਸੀ, ਜਿਸ ਦੀ ਚਿਤਾਵਨੀ ਸੀਅਸਮਿਕ ਵਾਰਨਿੰਗ ਨੇ ਦੇ ਦਿੱਤੀ ਸੀ ਅਤੇ ਸਾਰਾ ਸ਼ਹਿਰ ਖਾਲੀ ਕਰ ਦਿੱਤਾ ਗਿਆ ਸੀ ਅਤੇ ਭੂਚਾਲ ਆਉਣ ਨਾਲ ਨੁਕਸਾਨ ਮਾਮੂਲੀ ਜਿਹਾ ਹੀ ਹੋਇਆ ਸੀ।
  1900 ਤੋਂ 8.0 ਦੀ ਮਾਤਰਾ ਦਾ ਭੂਚਾਲ, ਬੱਬਲ ਦਾ 3D ਅਕਾਰ ਇਸ ਦਾ ਵਿਨਾਸ਼ਕਾਰੀ ਨੂੰ ਦਰਸਾਉਂਦਾ ਹੈ।[1]

ਰਿਕਟਰ ਸਕੇਲ[ਸੋਧੋ]

ਸੰਨ 1935 ਵਿੱਚ ਕੈਲੀਫੋਰਨੀਆ ਦੇ ਸੀਸਮੋਲੋਜਿਸਟ ਚਾਰਲਸ ਰਿਚਟੇਰ ਅਤੇ ਬੇਨੋ ਗੁਟੇਨਬੇਰਮ ਨੇ ਰਿਕਟਰ ਸਕੇਲ ਬਣਾਈ ਸੀ, ਜਿਹੜੀ ਇਹ ਮਿਣਦੀ ਅਤੇ ਦੱਸਦੀ ਹੈ ਕਿ ਭੂਚਾਲ ਦੇ ਝਟਕੇ ਦੀ ਤੀਬਰਤਾ ਕਿੰਨੀ ਸੀ ਅਤੇ ਇਸ ਦਾ ਕੇਂਦਰ ਕਿੱਥੇ ਹੈ। ਜੋ ਭੂਚਾਲ ਨਾਲ ਮਹਿਕਮਾ ਸੰਬੰਧ ਰੱਖਦਾ ਹੈ, ਉਸ ਨੂੰ ਸੀਸਮਲੋਗ੍ਰਾਫ ਕਹਿੰਦੇ ਹਨ। ਇਸ ਯੰਤਰ ਰਾਹੀਂ ਇਹ ਪਤਾ ਲੱਗਦਾ ਹੈ ਕਿ ਭੂਚਾਲ ਦੀ ਗਤੀ ਕੀ ਸੀ ਜੋ ਇਸ ਤਰ੍ਹਾਂ ਪੜ੍ਹੀ ਜਾ ਸਕਦੀ ਹੈ।

ਚਾਰਲਸ ਰਿਚਟੇਕ[ਸੋਧੋ]

ਚਾਰਲਸ ਰਿਚਟੇਰ ਜਿਸ ਨੇ ਭੂਚਾਲ ਮਾਪਣ ਵਾਲੀ ਸਕੇਲ ਰਿਕਟੇਰ ਸਕੇਲ ਬਣਾਈ ਹੈ, ਉਨ੍ਹਾਂ ਨੇ ਕਿਹਾ ਹੈ ਕਿ ਸਿਰਫ ਭੂਚਾਲ ਬਾਰੇ ਭਵਿੱਖਬਾਣੀ ਕਰਨਾ ਇੱਕ ਬਹੁਤ ਵੱਡੀ ਗਲਤੀ ਹੋਵੇਗੀ।

ਪੰਛੀ ਅਤੇ ਭੁਚਾਲ[ਸੋਧੋ]

ਪੰਛੀਆਂ ਦਾ ਭੁਚਾਲ ਬਾਰੇ ਗਿਆਨ ਬਹੁਤ ਜਿਆਦਾ ਹੈ।

ਉਦਾਹਰਣ[ਸੋਧੋ]

 • ਸ੍ਰੀਲੰਕਾ ਦਾ ਯਾਲਾ ਨੈਸ਼ਨਲ ਪਾਰਕ ਸਮੁੰਦਰੀ ਕੰਢੇ 'ਤੇ ਸਥਿਤ ਹੈ, 26 ਦਸੰਬਰ ਦੇ 9.3 ਦੀ ਤੀਬਰਤਾ ਵਾਲੇ ਸਮੁੰਦਰੀ ਭੁਚਾਲ ਨਾਲ ਪਾਰਕ ਵਿਚਲੇ ਜਾਨਵਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
 • ਅੰਡੇਮਨ ਤੇ ਨਿਕੋਬਾਰ ਟਾਪੂਆਂ ਦੇ ਨਿਵਾਸੀ ਆਦਿਵਾਸੀ ਕਬੀਲਿਆਂ¸ਦਾ ਇੱਕ ਵੀ ਵਿਅਕਤੀ 26 ਦਸੰਬਰ ਦੀਆਂ ਸੁਨਾਮੀ ਲਹਿਰਾਂ ਦੇ ਕਹਿਰ ਦਾ ਸ਼ਿਕਾਰ ਨਹੀਂ ਬਣਿਆ ਕਿਉਂਕੇ ਇਹ ਜਾਨਵਰਾਂ ਤੇ ਨਿਰਭਰ ਕਰਦੇ ਹਨ।
 • ਭੁਚਾਲ ਖੋਜ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਦੇ ਡਾਇਰੈਕਟਰ ਡਾ: ਹਰਦੇਵ ਸਿੰਘ ਵਿਰਕ ਦਾ ਕਹਿਣਾ ਹੈ ਕਿ ਭੁਚਾਲ ਆਉਣ ਬਾਰੇ ਸਹੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ | ਸੋ, ਭੁਚਾਲ ਅਤੇ ਸੁਨਾਮੀ ਜਿਹੇ ਵਰਤਾਰਿਆਂ ਦੀ ਤਬਾਹੀ ਤੋਂ ਬਚਣ ਲਈ ਸਾਡੇ ਕੋਲ ਇਕੋ ਰਾਹ ਬਚਦਾ ਹੈ, ਤੇ ਉਹ ਹੈ¸ਜਾਨਵਰਾਂ ਦੀ ਕੁਦਰਤੀ ਸੂਝ-ਬੂਝ ਦਾ ਲਾਹਾ ਲਿਆ ਜਾਵੇ | ਚੀਨੀ ਵਿਗਿਆਨੀ ਜੀਵਾਂ ਦੀ ਅਜਿਹੀ ਸੂਝ ਪ੍ਰਣਾਲੀ ਦਾ ਲੰਬੇ ਅਰਸੇ ਤੋਂ ਲਾਭ ਉਠਾਉਂਦੇ ਆ ਰਹੇ ਹਨ |
 • ਚੀਨ ਵਿੱਚ ਭੁਚਾਲ ਦੀ ਭਵਿੱਖਬਾਣੀ ਕਰਨ ਦੇ ਪ੍ਰੋਗਰਾਮ ਅਧੀਨ 700 ਸਿੱਖਿਆ ਪ੍ਰਾਪਤ ਵਿਅਕਤੀ ਪਸ਼ੂ-ਪੰਛੀਆਂ ਦੀਆਂ ਹਰਕਤਾਂ 'ਤੇ ਘੋਖਵੀਆਂ ਨਜ਼ਰਾਂ ਰੱਖ ਰਹੇ ਹਨ।
 • ਸ੍ਰੀਲੰਕਾ ਦੇ ਅਧਿਕਾਰੀ ਵੀ ਅਜਿਹੀਆਂ ਕੁਦਰਤੀ ਆਫ਼ਤਾਂ ਸਬੰਧੀ ਅਗਾਊ ਜਾਣਕਾਰੀ ਲੈਣ ਲਈ ਜਾਨਵਰਾਂ ਵੱਲ ਧਿਆਨ ਦੇਣ ਲਈ ਵਿਚਾਰ ਕਰਨ ਲੱਗੇ ਹਨ।

ਭਾਰਤੀ ਵਿਗਿਆਨੀ ਡਾ: ਬੀ. ਜੀ. ਦੇਸ਼ਪਾਂਡੇ ਨੇ ਨੇ ਸੁਝਾਅ ਦਿਤਾ ਹੈ ਕਿ ਭੁਚਾਲ ਦੀ ਅਗਾਊ ਜਾਣਕਾਰੀ ਹਾਸਲ ਕਰਨ ਲਈ, ਚੀਨ ਵਾਂਗੂੰ ਸਿੱਖਿਆ ਪ੍ਰਾਪਤ ਬੰਦਿਆਂ ਦਾ ਜਾਲ ਵਿਛਾਇਆ ਜਾਣਾ ਚਾਹੀਦਾ ਹੈ।

ਭਵਿੱਖਬਾਣੀ[ਸੋਧੋ]

 • ਕੀੜੀਆਂ, ਸੱਪ ਅਤੇ ਚੂਹੇ, ਭੁਚਾਲ ਆਉਣ ਤੋਂ ਕਈ ਘੰਟੇ ਪਹਿਲਾਂ ਆਪਣੀਆਂ ਖੁੱਡਾਂ ਤੋਂ ਬਾਹਰ ਆ ਜਾਂਦੇ ਹਨ |
 • ਸੱਪ ਜਿੱਥੇ ਭੁਚਾਲ ਤੋਂ ਪਹਿਲਾਂ ਦੀ ਬਲਹੀਣ ਕੰਬਣੀ ਨੂੰ ਮਹਿਸੂਸ ਕਰ ਲੈਂਦੇ ਹਨ, ਉਥੇ ਭੁਚਾਲ ਤੋਂ ਪਹਿਲਾਂ ਖ਼ਾਰਜ ਹੋਣ ਵਾਲੀਆਂ ਹਾਈਡ੍ਰੋਕਾਬਰਨ ਗੈਸਾਂ ਨੂੰ ਸੂੰਘ ਲੈਣ ਦੀ ਸ਼ਕਤੀ ਵੀ ਰੱਖਦੇ ਹਨ।
 • ਭੁਚਾਲ ਆਉਣ ਤੋਂ ਪਹਿਲਾਂ ਕੁੱਤੇ ਭੌਕਣ ਲਗਦੇ ਹਨ ਅਤੇ ਕਈ ਵਾਰ ਉਹ ਏਨੇ ਭੌਕਦੇ ਹਨ ਕਿ ਉਨ੍ਹਾਂ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਉਹ ਭੁਚਾਲ ਤੋਂ ਪਹਿਲਾਂ ਧਰਤੀ 'ਚੋਂ ਨਿਕਲਣ ਵਾਲੀਆਂ ਅਲਟ੍ਰਾਸਾਨਿਕ ਵੇਵਜ਼ ਨੂੰ ਸੁਣ ਕੇ ਉਤੇਜਿਤ ਹੋ ਜਾਂਦੇ ਹਨ | ਭੁਚਾਲ ਆਉਣ ਤੋਂ ਕਈ ਘੰਟੇ ਪਹਿਲਾਂ ਕੁੱਤੇ ਬੇਚੈਨੀ ਅਨੁਭਵ ਕਰਦੇ ਹਨ |
 • ਸੂਰ, ਉਨ੍ਹਾਂ ਕੁਝ ਇੱਕ ਜੀਵਾਂ ਵਿਚੋਂ ਇੱਕ ਹੈ ਜੋ ਇਸ ਸਬੰਧ ਵਿੱਚ ਬਹੁਤ ਸੰਵੇਦਨਸ਼ੀਲ ਹੈ। ਸੂਰ, ਆਮ ਤੌਰ 'ਤੇ ਮਸਤੀ ਨਾਲ ਘੁੰਮਣ-ਫਿਰਨ ਦੇ ਆਦੀ ਹੁੰਦੇ ਹਨ, ਪਰ ਭੁਚਾਲ ਦਾ ਖ਼ਤਰਾ ਅਨੁਭਵ ਕਰਦਿਆਂ ਹੀ ਗੁੱਸੇ ਨਾਲ ਅੱਗ-ਵਗੋਲਾ ਹੋ ਜਾਂਦੇ ਹਨ ਅਤੇ ਲੜਨ ਲਗਦੇ ਹਨ। ਕਈ ਵਾਰ ਇੱਕ ਦੂਜੇ ਨੂੰ ਇਉਂ ਵੱਢਦੇ ਹਨ ਜਿਵੇਂ ਪਾਗਲ ਹੋ ਗਏ ਹੋਣ।
 • ਭੁਚਾਲ ਦਾ ਖ਼ਤਰਾ ਭਾਂਪਦਿਆਂ ਹੀ ਗਾਵਾਂ, ਮੱਝਾਂ ਅਤੇ ਦੂਸਰੇ ਪਸ਼ੂ ਰੱਸੇ ਤੁੜਵਾ ਕੇ ਦੌੜ ਜਾਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰ ਉਹ ਅੜਾਉਣ ਤੇ ਖੌਰੂ ਮਚਾਉਣ ਲੱਗਦੇ ਹਨ|
 • ਘੋੜਾ, ਬੇਚੈਨੀ ਦੀ ਹਾਲਤ ਵਿੱਚ ਤਬੇਲਿਉ ਬਾਹਰ ਨਿਕਲ ਜਾਣ ਦਾ ਯਤਨ ਕਰਦਾ ਹੈ ਅਤੇ ਜੇਕਰ ਘੋੜਾ ਬਾਹਰ ਹੋਵੇ ਤਾਂ ਉਹ ਤਬੇਲੇ ਅੰਦਰ ਦਾਖਲ ਹੋਣ ਤੋਂ ਹਿਚਕਾਉਂਦਾ ਹੈ ਤੇ ਅਕਸਰ ਅੜ ਖਲੋਂਦਾ ਹੈ |
 • ਪੰਛੀਆਂ ਜਿਵੇਂ ਕਿ ਚਿੜੀਆਂ, ਕਾਂ ਆਦਿ ਆਪਣੇ ਆਲ੍ਹਣਿਆਂ ਤੋਂ ਬਾਹਰ ਆ ਜਾਂਦੇ ਹਨ ਅਤੇ ਇੱਧਰ-ਉੱਧਰ ਉੱਡਣ ਲੱਗਦੇ ਹਨ। ਉਹ, ਆਪੋ-ਆਪਣੇ ਢੰਗ ਨਾਲ ਆਵਾਜ਼ਾਂ ਕੱਢਦੇ ਹੋਏ 'ਕਾਵਾਂਰੌਲੀ' ਪਾਉਂਦੇ ਹਨ | ਕਬੂਤਰ, ਜਿਹੜੇ ਧਰਤੀ ਦੇ ਚੁੰਬਕੀ ਖੇਤਰ ਦੀ ਮਦਦ ਨਾਲ ਉੱਡਦੇ ਹਨ, ਭੁਚਾਲ ਆਉਣ ਤੋਂ ਪਹਿਲਾਂ ਉਸ ਖੇਤਰ ਵਿੱਚ ਆਈ ਤਬਦੀਲੀ ਕਾਰਨ ਬੌਦਲਾ ਜਾਂਦੇ ਹਨ ਅਤੇ ਉਨ੍ਹਾਂ ਦੇ ਉੱਡਣ ਦਾ ਰਵਾਇਤੀ ਪੈਟਰਨ ਬਦਲ ਜਾਂਦਾ ਹੈ।
 • ਮੱਛੀਆਂ ਵੀ ਭੁਚਾਲ ਦੀ ਆਮਦ ਦੀ ਸੂਹ ਦਿੰਦੀਆਂ ਹਨ। ਇਨ੍ਹਾਂ ਦੇ ਨਥਣੇ 'ਤੇ ਸੂਚਨਾ ਪ੍ਰਾਪਤ ਕਰਨ ਲਈ ਛੋਟੇ-ਛੋਟੇ ਗਿਆਨ-ਸਥਾਨ ਸਥਿਤ ਹੁੰਦੇ ਹਨ, ਜਿਹੜੇ ਬਿਜਲਈ ਖੇਤਰ ਵਿੱਚ ਪਰਿਵਰਤਨ ਦਾ ਪਤਾ ਲਗਾ ਕੇ ਭੁਚਾਲ ਦੀ ਭਵਿੱਖਬਾਣੀ ਕਰਦੇ ਹਨ। ਗੋਲਡਫਿਸ਼ ਨਾਮਕ ਮੱਛੀ, ਭੁਚਾਲ ਆਉਣ ਤੋਂ ਪਹਿਲਾਂ ਦੇ ਝਟਕਿਆਂ ਤੋਂ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਭੁਚਾਲ ਤੋਂ ਪਹਿਲਾਂ ਇਹ ਮੱਛੀ ਬਹੁਤ ਉਤੇਜਿਤ ਹੋ ਜਾਂਦੀ ਹੈ ਅਤੇ ਬਦਹਵਾਸੀ ਦੀ ਹਾਲਤ ਵਿੱਚ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰਦੀ ਹੈ।

ਹਵਾਲੇ[ਸੋਧੋ]

 1. "USGS: Magnitude 8 and Greater Earthquakes Since 1900". Archived from the original on 2016-04-14. Retrieved 2014-02-14. {{cite web}}: Unknown parameter |dead-url= ignored (|url-status= suggested) (help)