ਭੋਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੋਲੇ, ਮੂੰਗੀ, ਮੋਠ, ਮਾਂਹ, ਮੂੰਗਫਲੀ ਆਦਿ ਫਸਲਾਂ ਦੇ ਪੱਤਿਆਂ ਦੀ ਤੂੜੀ ਨੂੰ ਭੋਹ ਕਹਿੰਦੇ ਹਨ। ਭੋਹ ਪਸ਼ੂਆਂ ਦਾ ਵਿਸ਼ੇਸ਼ ਤੌਰ 'ਤੇ ਊਠਾਂ ਦਾ ਮਨਪਸੰਦ ਸੁੱਕਾ ਚਾਰਾ ਹੁੰਦਾ ਸੀ। ਛੋਹ ਦੇ ਵਿਚ ਕਣਕ ਦੀ ਤੂੜੀ ਮਿਲਾ ਕੇ ਵੀ ਪਸ਼ੂਆਂ ਨੂੰ ਪਾਈ ਜਾਂਦੀ ਸੀ। ਪਹਿਲਾਂ ਜਦ ਸਾਰੀ ਖੇਤੀ ਮੀਹਾਂ 'ਤੇ ਨਿਰਭਰ ਸੀ ਉਸ ਸਮੇਂ ਛੋਲੇ, ਮੂੰਗੀ, ਮੋਠ, ਮਾਂਹ ਆਦਿ ਫ਼ਸਲਾਂ ਬੀਜੀਆਂ ਜਾਂਦੀਆਂ ਸਨ। ਖੇਤੀ ਉਸ ਸਮੇਂ ਬਲਦਾਂ ਅਤੇ ਊਠਾਂ ਨਾਲ ਕੀਤੀ ਜਾਂਦੀ ਸੀ। ਛੋਲੇ, ਮੂੰਗੀ, ਮੋਠ, ਮਾਂਹ, ਮੂੰਗਫਲੀ ਦੀਆਂ ਫ਼ਸਲਾਂ ਨੂੰ ਵੱਢ ਕੇ ਪਹਿਲਾਂ ਮੰਡਲੀਆਂ ਲਾਈਆਂ ਜਾਂਦੀਆਂ ਸਨ। ਜਦ ਮੰਡਲੀਆਂ ਸੁੱਕ ਜਾਂਦੀਆਂ ਸਨ ਤਾਂ ਇਨ੍ਹਾਂ ਨੂੰ ਪਿੜਾਂ ਵਿਚ ਢੋਇਆ ਜਾਂਦਾ ਸੀ। ਫੇਰ ਸਲੰਘ, ਤੰਗਲੀ ਦੇ ਪੁੱਠੇ ਪਾਸਿਆਂ ਨਾਲ ਇਨ੍ਹਾਂ ਫਸਲਾਂ ਨੂੰ ਕੁੱਟ ਕੇ ਟਾਂਗਰ ਇਕ ਪਾਸੇ ਕਰ ਦਿੰਦੇ ਸਨ। ਸੈਂਡ ਨੂੰ ਛਜਲੀਆਂ ਨਾਲ ਉਡਾ ਕੇ ਭੋਹ ਇਕ ਪਾਸੇ ਕੱਢ ਲੈਂਦੇ ਸਨ। ਦਾਣੇ ਇਕ ਪਾਸੇ ਕਰ ਕੇ ਬੋਹਲ ਬਣਾ ਲੈਂਦੇ ਸਨ।

ਹੁਣ ਛੋਲੇ, ਮੂੰਗੀ, ਮੋਠ, ਮਾਂਹ, ਮੂੰਗਫਲੀ ਦੀਆਂ ਫਸਲਾਂ ਪਹਿਲਾਂ ਦੇ ਮੁਕਾਬਲੇ ਨਾ ਮਾਤਰ ਹੀ ਬੀਜੀਆਂ ਜਾਂਦੀਆਂ ਹਨ। ਸਾਰੀ ਖੇਤੀ ਦਾ ਹੁਣ ਮਸ਼ੀਨੀਕਰਨ ਹੋ ਗਿਆ ਹੈ। ਇਸ ਲਈ ਅੱਜ ਦੀ ਬਹੁਤੀ ਪੀੜ੍ਹੀ ਨੂੰ ਤਾਂ ਭੋਹ ਕਿਸ ਨੂੰ ਕਹਿੰਦੇ ਹਨ, ਇਹ ਵੀ ਪਤਾ ਨਹੀਂ ਹੋਵੇਗਾ ?[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.