ਸਮੱਗਰੀ 'ਤੇ ਜਾਓ

ਮੋਇਆਂ ਦੀ ਜਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਇਆਂ ਦੀ ਜਾਗ
ਇੱਕ 1911 ਦੇ ਕਰੋਵੈੱਲ ਅੰਗਰੇਜ਼ੀ ਅਡੀਸ਼ਨ ਦਾ ਟਾਈਟਲ ਪੰਨਾ
ਲੇਖਕਲਿਉ ਤਾਲਸਤਾਏ
ਮੂਲ ਸਿਰਲੇਖВоскресение, Voskreseniye
ਦੇਸ਼ਰੂਸ
ਭਾਸ਼ਾਰੂਸੀ
ਵਿਧਾਰਾਜਨੀਤਕ
ਪ੍ਰਕਾਸ਼ਨ ਦੀ ਮਿਤੀ
1899
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
1900
ਮੀਡੀਆ ਕਿਸਮਪ੍ਰਿੰਟ (ਹਾਰਡਕਵਰ, ਪੇਪਰਬੈਕ) ਅਤੇ ਅੰਗਰੇਜ਼ੀ ਵਿੱਚ ਆਡੀਓ ਬੁੱਕ

ਮੋਇਆਂ ਦੀ ਜਾਗ (ਰੂਸੀ ਮੂਲ: Воскресение, ਵਸਕਰੇਸੀਨੀਆ) ਪਹਿਲੀ ਵਾਰ 1899 ਵਿੱਚ ਪ੍ਰਕਾਸ਼ਿਤ ਹੋਇਆ ਅਤੇ ਮਹਾਨ ਰੂਸੀ ਲੇਖਕ ਲਿਉ ਤਾਲਸਤਾਏ ਦਾ ਸ਼ਾਹਕਾਰ ਅਤੇ ਆਖ਼ਰੀ ਨਾਵਲ ਹੈ। ਇਸ ਨਾਵਲ ਵਿੱਚ ਤਾਲਸਤਾਏ ਨੇ ਸਮਾਜ ਵਿੱਚ ਪ੍ਰਚਲਿਤ ਬੇਇਨਸਾਫ਼ੀ ਅਤੇ ਘੋਰ ਦੰਭ ਨੂੰ ਕਠੋਰ ਆਲੋਚਨਾ ਦਾ ਵਿਸ਼ਾ ਬਣਾਇਆ ਹੈ ਅਤੇ ਮਨੁੱਖ ਦੇ ਬਣਾਏ ਕਾਨੂੰਨਾਂ ਦਾ ਅਤੇ ਧਾਰਮਕ ਸੰਸਥਾਵਾਂ ਹਕੀਕੀ ਮੁੱਖੜਾ ਦਿਖਾਇਆ ਹੈ। ਇਹ ਨਾਵਲ ਉਨ੍ਹਾਂ ਵਿਸ਼ਵ ਪ੍ਰਸਿਧ ਨਾਵਲਾਂ ਦੀ ਸੂਚੀ ਵਿੱਚ ਆਉਂਦਾ ਹੈ ਜਿਨ੍ਹਾਂ ਦਾ ਅਨੁਵਾਦ ਦੁਨੀਆਂ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਹੋਇਆ ਹੈ।

ਕਹਾਣੀ ਦੀ ਰੂਪਰੇਖਾ

[ਸੋਧੋ]
ਚਿੱਤਰ: ਲਿਉਨਿਦ ਪਾਸਤਰਨਾਕ
ਚਿੱਤਰ: ਲਿਉਨਿਦ ਪਾਸਤਰਨਾਕ

ਕਹਾਣੀ ਸਾਲਾਂ ਪਹਿਲਾਂ ਕੀਤੇ ਇੱਕ ਪਾਪ ਲਈ ਪ੍ਰਾਸਚਿਤ ਰਾਹੀਂ ਛੁਟਕਾਰਾ ਚਾਹੁੰਦੇ ਦਮਿਤਰੀ ਇਵਾਨੋਵਿਚ ਨੇਖਲਿਊਦੋਵ ਨਾਮ ਦੇ ਇੱਕ ਰਈਸ ਦੇ ਬਾਰੇ ਹੈ। ਉਸਦਾ ਆਪਣੀ ਮਾਸੀ ਦੀ ਜਾਗੀਰ ਤੇ ਇੱਕ ਅੱਲੜ ਨੌਕਰਾਨੀ ਮਾਸਲੋਵਾ ਦੇ ਨਾਲ ਆਪਣੇ ਸੰਖਿਪਤ ਪ੍ਰੇਮ ਚੱਕਰ ਚਲਦਾ ਹੈ। ਉਹਦੀ ਮਾਸੀ ਉਸ ਨੌਕਰਾਨੀ ਨੂੰ ਕੱਢ ਦਿੰਦੀ ਹੈ ਅਤੇ ਅਣਵਿਆਹੀ ਮਾਂ ਬਣੀ ਉਹ ਕੁੜੀ ਵੇਸ਼ਿਆ ਬਣ ਜਾਂਦੀ ਹੈ।

ਕਿਸੇ ਹੱਤਿਆ ਦੇ ਮਾਮਲੇ ਵਿੱਚ ਫਸੀ, ਬੇਕਸੂਰ ਕਾਤਯੂਸ਼ਾ ਮਾਸਲੋਵਾ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ। ਮੁਕੱਦਮੇ ਵਿਚ ਨੇਖਲਿਊਦੋਵ ਜਿਉਰੀ ਦਾ ਮੈਂਬਰ ਹੈ। ਉਹ ਕਾਤਯੂਸ਼ਾ ਨੂੰ ਅਚਾਨਕ ਪਛਾਣ ਲੈਂਦਾ ਹੈ। ਕਾਤਯੂਸ਼ਾ ਦੀ ਜਿੰਦਗੀ ਨੂੰ ਪਤਨ ਦੀ ਰਾਹ ਤੇ ਧੱਕਣ ਦੇ ਲਈ ਖੁਦ ਨੂੰ ਜਿੰਮੇਵਾਰ ਮਹਿਸੂਸ ਕਰਦਾ ਹੈ ਅਤੇ ਉਸਦੀ ਆਤਮਾ ਉਸਨੂੰ ਫਿੱਟਕਾਰਨ ਲਗਦੀ ਹੈ। ਕਾਤਯੂਸ਼ਾ ਨੂੰ ਜਦ ਸਾਈਬ੍ਰੇਰੀਆ ਭੇਜਣ ਦੀ ਸਜ਼ਾ ਮਿਲ ਜਾਂਦੀ ਹੈ ਅਤੇ ਉਸਨੂੰ ਸਾਇਬੇਰੀਆ ਭੇਜਿਆ ਜਾ ਰਿਹਾ ਹੈ। ਨੇਖਲਿਊਦੋਵ ਜੇਲ੍ਹ ਵਿੱਚ ਉਸ ਨੂੰ ਮਿਲਣ ਲਈ ਚਲਾ ਜਾਂਦਾ ਹੈ ਅਤੇ ਉਥੇ ਹੋਰ ਕੈਦੀਆਂ ਨੂੰ ਮਿਲਦਾ ਹੈ, ਉਨ੍ਹਾਂ ਦੀਆਂ ਕਹਾਣੀਆਂ ਸੁਣਦਾ ਹੈ, ਅਤੇ ਹੌਲੀ ਹੌਲੀ ਉਸਨੂੰ ਅਹਿਸਾਸ ਹੁੰਦਾ ਹੈ ਕਿ ਉਸਦੇ ਲੁਭਾਉਣੇ ਅਤੇ ਸ਼ਾਨਦਾਰ ਕੁਲੀਨ ਸੰਸਾਰ ਦੇ ਚੁਫੇਰੇ ਅਦਿੱਖ ਹੀ ਸਹੀ ਪਰ ਕਿਤੇ ਵੱਡਾ ਪੀੜਾਂ, ਦੁੱਖਾਂ ਅਤੇ ਵਹਿਸ਼ੀਪੁਣੇ ਦਾ ਸੰਸਾਰ ਹੈ। ਕਹਾਣੀ ਦਰ ਕਹਾਣੀ ਉਹ ਸੁਣਦਾ ਜਾਂਦਾ ਹੈ ਅਤੇ ਦੇਖਦਾ ਹੈ ਕਿ ਕਈ ਬੇਗੁਨਾਹਾਂ ਨੂੰ ਬੇੜੀਆਂ ਲਗੀਆਂ ਹੋਈਆਂ ਹਨ, ਕਈ ਹੋਰ ਕਿਸੇ ਕਾਰਨ ਦੇ ਬਿਨਾਂ ਜੀਵਨ ਭਰ ਲਈ ਕਾਲ ਕੋਠੜੀਆਂ ਵਿੱਚ ਕੈਦ ਹਨ ਅਤੇ ਕਿੰਨੇ ਅਕਾਰਨ ਹੀ ਕੁੱਟੇ ਮਾਰੇ ਲੋਕ, ਅਤੇ ਇੱਕ ਬਾਰਾਂ ਸਾਲ ਦਾ ਮੁੰਡਾ ਸ਼ੌਚਾਲਿਆ ਵਿੱਚੋਂ ਵਗ ਰਹੇ ਮਨੁੱਖੀ ਪਖਾਨੇ ਦੀ ਇੱਕ ਝੀਲ ਵਿੱਚ ਸੁੱਤਾ ਪਿਆ ਹੈ ਕਿਉਂਕਿ ਹੋਰ ਕੋਈ ਸੁੱਕੀ ਜਗ੍ਹਾ ਉਥੇ ਹੈ ਨਹੀਂ। ਉਸਨੇ ਪਿਆਰ ਦੀ ਭਾਲ ਦੇ ਭਰਮ ਵਿੱਚ ਬਗਲ ਵਾਲੇ ਆਦਮੀ ਦੀ ਲੱਤ ਨੂੰ ਘੁੱਟ ਕੇ ਫੜ ਰੱਖਿਆ ਹੈ।

ਪੰਜਾਬੀ ਅਨੁਵਾਦ

[ਸੋਧੋ]

"ਮੋਇਆਂ ਦੀ ਜਾਗ" ਨਾਮ ਤੇ ਸਭ ਤੋਂ ਪਹਿਲਾਂ ਇਹਦਾ ਅਨੁਵਾਦ ਪ੍ਰੋ. ਪੂਰਨ ਸਿੰਘ ਨੇ ਕੀਤਾ ਸੀ। ਫਿਰ 1969 ਵਿੱਚ ਭਾਸ਼ਾ ਵਿਭਾਗ, ਪਟਿਆਲਾ ਨੇ ਇਸੇ ਨਾਮ ਤੇ ਇਹ ਨਾਵਲ ਸੰਤ ਸਿੰਘ ਸੇਖੋਂ ਤੋਂ ਅਨੁਵਾਦ ਕਰਵਾ ਕੇ ਛਪਵਾਇਆ।[1] ਬਾਅਦ ਵਿੱਚ ਪ੍ਰਗਤੀ ਪ੍ਰਕਾਸ਼ਨ, ਮਾਸਕੋ ਨੇ ਵੀ ਇਸੇ ਨਾਮ ਤੇ ਇੱਕ ਹੋਰ ਅਨੁਵਾਦ ਪ੍ਰਕਾਸ਼ਿਤ ਕੀਤਾ।

ਫ਼ਿਲਮਾਂ ਦਾ ਅਧਾਰ

[ਸੋਧੋ]

ਰੂਸੀ ਨਿਰਦੇਸ਼ਕ ਪਿਉਤਰ ਚਾਰਦੀਨਿਨ ਦੀ ਫਿਲਮ ਕਾਤੀਊਸ਼ਾ ਮਾਸਲੋਵਾ (1915, ਨਾਤਾਲੀਆ ਲਿਸੈਨਕੋ ਦੀ ਪਹਿਲੀ ਫਿਲਮ ਭੂਮਿਕਾ) ਸਹਿਤ ਅਨੇਕ ਫਿਲਮ ਰੂਪਾਂਤਰ ਹੋਏ ਹਨ - ਇੱਕ ਰੂਸੀ ਫਿਲਮ 1960 ਵਿੱਚ ਯੇਵਗੇਨੀ ਮਾਤਵੀਏਵ, ਤਮਾਰਾ ਸੇਮੀਨਾ ਅਤੇ ਪਾਵੇਲ ਮਸਾਲਸਕੀ ਨਾਲ, ਮਿਖੇਲ ਸ਼ਵੀਤਸੇਰ ਦੁਆਰਾ ਨਿਰਦੇਸ਼ਤ ਬਣਾਈ ਗਈ ਸੀ। ਫਿਲਮ ਦਾ ਸਭ ਤੋਂ ਪ੍ਰਸਿੱਧ ਰੂਪਾਂਤਰਣ, ਫਰੈਡਰਿਕ ਮਾਰਚ ਅਤੇ ਅੰਨਾ ਸਟੇਨ ਦੇ ਨਾਲ 1934 ਵਿੱਚ ਰੂਬੇਨ ਮਾਮੋਲੀਅਨ ਦੁਆਰਾ ਨਿਰਦੇਸ਼ਤ ਸੈਮੂਅਲ ਗੋਲਡਵਿਨ ਦਾ ਅੰਗਰੇਜ਼ੀ ਭਾਸ਼ਾ ਵਿੱਚ ‘ਵੀ ਲਾਈਵ ਅਗੇਨ’ ਹੈ। ਇਤਾਲਵੀ ਨਿਰਦੇਸ਼ਕਾਂ ਪਾਓਲੋ ਅਤੇ ਵਿਟੋਰਯੋ ਤਾਵਿਆਨੀ ਨੇ 2001 ਵਿੱਚ ਆਪਣਾ ਟੀਵੀ ਫਿਲਮ 'ਰੀਜ਼ਾਰਕਸ਼ਨ' ਰਿਲੀਜ਼ ਕੀਤੀ ਸੀ।

ਇਸ ਨਾਵਲ ਨੂੰ ਅਧਾਰ ਬਣਾ ਕੇ ਕ੍ਰਿਸ਼ਨ ਦੇਵ ਮਹਿਰਾ ਨੇ ਕਲਕੱਤੇ (1935) ਵਿੱਚ ਪਹਿਲੀ ਪੰਜਾਬੀ ਫ਼ਿਲਮ ‘ਸ਼ੀਲਾ' ਬਣਾਈ, ਜਿਸ ਨੂੰ ‘ਪਿੰਡ ਦੀ ਕੁੜੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਫ਼ਿਲਮ ਵਿੱਚ ਰਾਜਪਾਲ, ਨਵਾਬ ਬੇਗਮ ਅਤੇ ਨੂਰ ਜਹਾਂ ਨੂੰ ਬਾਲ ਕਲਾਕਾਰ ਵਜੋਂ ਪੇਸ਼ ਕੀਤਾ ਗਿਆ ਸੀ, ਪਰ ਇਹ ਫਿਲਮ ਸਫ਼ਲ ਨਹੀਂ ਹੋ ਸਕੀ।

ਹਵਾਲੇ

[ਸੋਧੋ]