ਮੱਕੀ ਦਾ ਦਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਟੀ ਦਲੀ ਹੋਈ ਮੱਕੀ ਨੂੰ ਪਾਣੀ ਵਿਚ ਰਿੰਨ੍ਹ ਕੇ, ਵਿਚ ਲੂਣ-ਮਿਰਚ ਪਾ ਕੇ ਬਣਾਏ ਖਾਣ ਪਦਾਰਥ ਨੂੰ ਦਲੀਆ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਮੱਕੀ ਦਾ ਦਲੀਆ ਹੀ ਬਣਾਇਆ ਜਾਂਦਾ ਸੀ। ਕਣਕ ਦੇ ਦਲੀਏ ਬਣਾਉਣ ਦਾ ਰਿਵਾਜ ਤਾਂ ਬਾਅਦ ਵਿਚ ਪਿਆ ਹੈ। ਪਹਿਲੇ ਸਮਿਆਂ ਵਿਚ ਮੱਕੀ ਹੀ ਸਾਉਣੀ ਦੀ ਮੁੱਖ ਫਸਲ ਹੁੰਦੀ ਸੀ।ਮੱਕੀ ਨੂੰ ਪਹਿਲਾਂ ਜਨਾਨੀਆਂ ਘਰ ਦੀ ਚੱਕੀ ਤੇ ਮੋਟਾ ਦਲ ਲੈਂਦੀਆਂ ਸਨ। ਫੇਰ ਪਤੀਲੇ ਵਿਚ ਪਾਣੀ ਪਾ ਕੇ, ਵਿਚ ਦਲਿਆ ਦਲੀਆ ਪਾ ਕੇ, ਵਿਚ ਲੂਣਮਿਰਚ ਪਾ ਕੇ ਚੁੱਲ੍ਹੇ ਉੱਪਰ ਰਿੱਝਣ ਰੱਖ ਦਿੱਤਾ ਜਾਂਦਾ ਸੀ। ਜਦ ਰਿੱਜ ਜਾਂਦਾ ਸੀ ਤਾਂ ਚੁੱਲ੍ਹੇ ਤੋਂ ਹੇਠਾਂ ਲਾਹ ਲੈਂਦੇ ਸਨ। ਦਲੀਏ ਨੂੰ ਕੱਲਾ ਵੀ ਖਾ ਲੈਂਦੇ ਸਨ। ਦਲੀਏ ਵਿਚ ਦਹੀ ਜਾਂ ਲੱਸੀ ਪਾ ਕੇ ਵੀ ਖਾ ਲੈਂਦੇ ਸਨ।

ਹੁਣ ਮੱਕੀ ਦੇ ਦਲੀਏ ਨੂੰ ਖਾਣ ਦਾ ਰਿਵਾਜ ਬਿਲਕੁਲ ਹਟ ਗਿਆ ਹੈ।[1]

ਹੋਰ[ਸੋਧੋ]

ਮੱਕੀ ਦਾ ਦਲੀਆ ਮੱਕੀ ਦੀ ਰੋਟੀ ਨਾਲੋਂ ਪੌਸ਼ਟਿਕ ਤੇ ਸੁਆਦੀ ਵੀ ਹੁੰਦਾ ਹੈ। ਕਿਉਂਕਿ ਰੋਟੀ ਪਕਾਉਂਦਿਆਂ ਮੱਕੀ ਵਿਚਲੇ ਕਈ ਤੱਤ ਨਸ਼ਟ ਹੋ ਜਾਂਦੇ ਹਨ। ਲੇਕਿਨ ਦਲੀਏ ਵਿਚ ਇਹ ਤੱਤ ਬਚ ਜਾਂਦੇ ਹਨ। ਬਲਕਿ ਜ਼ਿਆਦਾ ਹਜ਼ਮਹੋਣਯੋਗ ਹੋ ਜਾਂਦੇ ਹਨ। ਮੱਕੀ ਦਾ ਦਲੀਆ ਧੋਕੇ ਅੱਧੇ ਘੰਟੇ ਲਈ ਪਾਣੀ ਚ ਭਿਉਂਕੇ ਰੱਖਣ ਬਾਅਦ ਹੀ ਉਬਲਣ ਲਈ ਰੱਖਣਾ ਚਾਹੀਦਾ ਹੈ। ਇਹ ਵੀ ਹਮੇਸ਼ਾ ਸਿਰਫ ਉਬਾਲਕੇ ਹੀ ਬਣਾਉਣਾ ਚਾਹੀਦਾ ਹੈ। ਦਲੀਆ ਚਾਹੇ ਕੋਈ ਵੀ ਬਣਾਉਣਾ ਹੋਵੇ, ਹਮੇਸ਼ਾ ਵਧੇਰੇ ਪਾਣੀ ਵਾਲਾ ਹੀ ਬਣਾਉਣਾ ਚਾਹੀਦਾ ਹੈ ਤਾਂ ਕਿ ਕਬਜ਼, ਤੇਜ਼ਾਬੀਪਨ, ਪੇਟ ਗੈਸ, ਪੇਟ ਭਾਰੀਪਨ, ਬਵਾਸੀਰ, ਸੰਗ੍ਰਹਿਣੀ ਆਦਿ ਦੇ ਮਰੀਜ਼ ਨੂੰ ਵੀ ਫਾਇਦਾ ਮਿਲੇ। ਕਿਉਂਕਿ ਖਾਣੇ ਨਾਲ ਪਾਣੀ ਲੈਣਾ ਬੇਹੱਦ ਜ਼ਰੂਰੀ ਹੁੰਦਾ ਹੈ। ਸਾਇੰਸ ਮੁਤਾਬਕ ਵੀ ਪਾਣੀ ਖਾਣੇ ਦਾ ਸਭ ਤੋਂ ਜ਼ਰੂਰੀ ਅੰਗ ਹੈ। ਸਿੱਖ ਧਰਮ ਦੀ ਲੰਗਰ ਰਵਾਇਤ ਵਿਚ ਵੀ ਖਾਣੇ ਦੇ ਨਾਲ ਹੀ ਪਾਣੀ ਹਰ ਇੱਕ ਨੂੰ ਖਾਣੇ ਦੇ ਨਾਲ ਹੀ ਗੁਰੂ ਸਾਹਿਬਾਨ ਵੇਲੇ ਤੋਂ ਹੀ ਪੀਣ ਲਈ ਜ਼ਰੂਰ ਦਿੱਤਾ ਜਾਂਦਾ ਹੈ। ਸ਼ਾਇਦ ਤਾਂ ਹੀ ਸਿੱਖ ਸਿਹਤਵੰਦ ਸੀ। ਲੇਕਿਨ ਕੁੱਝ ਸਮੇਂ ਤੋਂ ਸਿੱਖ ਆਪਣੀਆਂ ਰਵਾਇਤਾਂ ਤੇ ਅਸਲ ਖਾਣ-ਪੀਣ ਛੱਡ ਰਹੇ ਹਨ। ਇਸੇ ਲਈ ਸਿੱਖਾਂ ਵਿੱਚ ਬੇਔਲਾਦ, ਦਿਲ ਰੋਗੀ, ਸ਼ੂਗਰ, ਕਬਜ਼, ਤੇਜ਼ਾਬੀਪਨ ਅਤੇ ਮੋਟਾਪੇ ਦੇ ਸ਼ਿਕਾਰ ਵਧ ਰਹੇ ਹਨ। ਸਾਨੂੰ ਤਾਂ ਡਰ ਹੈ ਕਿ ਕਿਤੇ ਲੰਗਰ ਵਿੱਚ ਵੀ ਖਾਣੇ ਨਾਲ ਪਾਣੀ ਦੇਣਾ ਬੰਦ ਈ ਨਾਂ ਕਰ ਦੇਣ। ਕਿਉਂਕਿ ਬਹੁਤ ਲੋਕ ਇਸ ਗੱਲ 'ਤੇ ਪੱਕੇ ਹੋਏ ਹਨ ਕਿ ਖਾਣੇ ਤੋਂ ਇੱਕ ਘੰਟਾ ਰੁਕਕੇ ਪਾਣੀ ਪੀਣਾ ਹੈ। ਇਸੇ ਤਰ੍ਹਾਂ ਸਵੇਰੇ ਸਵੇਰੇ ਗਰਮ ਪਾਣੀ ਤੇ ਵਧੇਰੇ ਪਾਣੀ ਪੀਣ ਕਾਰਨ ਵੀ ਭੋਲੇ ਭਾਲੇ ਪੰਜਾਬੀਆਂ ਦੇ ਪਾਚਪ੍ਰਣਾਲੀ ਅੰਗਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਦੋਂ ਕਿ ਪੰਜਾਬੀ ਸਦੀਆਂ ਤੋਂ ਹੀ ਘੜੇ ਦਾ ਠੰਢਾ ਪਾਣੀ ਹੀ ਪੀਂਦੇ ਆ ਰਹੇ ਸਨ। ਹੁਣ ਵੀਟ ਅਲੱਰਜੀ, ਸਿਲੀਅਕ ਡਿਸੀਜ਼, ਗਲੂਟਿਨ ਅਲੱਰਜੀ ਆਦਿ ਬੀਮਾਰੀਆਂ ਦੇ ਨਾਮ ਪੰਜਾਬ ਵਿੱਚ ਮਸ਼ਹੂਰ ਹੋ ਰਹੇ ਹਨ ਕਿਉਂਕਿ ਹੁਣ ਬਹੁਤ ਲੋਕਾਂ ਨੂੰ ਕਣਕ ਫਿੱਟ ਨਹੀਂ ਬੈਠਦੀ। ਉਹਨਾਂ ਨੂੰ ਹੋਰ ਗਲੂਟਿਨ ਫਰੀ ਮਹਿੰਗੇ ਆਟੇ ਖਾਣ ਦੀ ਬਜਾਏ ਮੱਕੀ ਦਾ ਦਲੀਆ, ਲਿਟਲ ਮਿਲੱਟਸ ਦਲੀਆ, ਪਰੋਸੋ ਮਿਲੱਟਸ, ਫੌਕਸਟੇਲ ਮਿਲੱਟਸ, ਓਟਸ ਜਾਂ ਜਵੀ, ਛੋਲੇ, ਜੁਆਰ, ਬਾਜਰਾ, ਦਾਲਾਂ ਆਦਿ ਖਾਣੇ ਚਾਹੀਦੇ ਹਨ। ਜਿਸਨੂੰ ਕਣਕ ਫਿੱਟ ਨਹੀਂ ਬੈਠਦੀ ਉਸਨੂੰ ਜੌਂ ਤੇ ਰਾਈ ਵੀ ਬੰਦ ਕਰਨੀ ਪਵੇਗੀ। ਯਾਨਿ ਕਿ ਕਣਕ, ਜੌਂ ਤੇ ਰਾਈ ਨੂੰ ਛੱਡਕੇ ਹੋਰ ਕਿਸੇ ਵੀ ਦਾਲ ਜਾਂ ਅਨਾਜ ਜਾਂ ਬੀਜ ਆਦਿ ਚ ਗਲੂਟਿਨ ਨਹੀਂ ਹੁੰਦਾ। ਪੰਜਾਬ ਵਿੱਚ ਸਦੀਆਂ ਤੋਂ ਹੀ ਮੱਕੀ, ਦਾਲਾਂ ਤੇ ਛੋਲੇ ਹੀ ਜ਼ਿਆਦਾ ਖਾਧੇ ਜਾਂਦੇ ਸੀ। ਇਸੇ ਲਈ ਪੰਜਾਬੀਆਂ ਦੇ ਕੱਦ ਕਾਠ ਲੰਬੇ ਸੀ ਤੇ ਉਹ ਜ਼ਿਆਦਾ ਸਿਹਤਮੰਦ ਵੀ ਸਨ। ਕਣਕ ਤਾਂ ਕਰੀਬ ਸੌ ਕੁ ਸਾਲ ਤੋਂ ਹੀ ਖਾਧੀ ਜਾਂਦੀ ਹੈ। ਕਿਉਂਕਿ ਕਣਕ ਇੱਥੇ ਬੀਜੀ ਹੀ ਨਹੀਂ ਜਾਂਦੀ ਸੀ। ਲੇਕਿਨ ਹੁਣ ਪੰਜਾਬੀ ਕਣਕ ਦੇ ਐਨੇ ਆਦੀ ਹੋ ਗਏ ਹਨ ਕਿ ਉਹ ਕਣਕ ਤੋਂ ਬਗੈਰ ਕਿਸੇ ਵੀ ਅਨਾਜ ਨੂੰ ਰੋਜ਼ਾਨਾ ਖਾਣਾ ਪਸੰਦ ਹੀ ਨਹੀਂ ਕਰਦੇ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀਆਂ ਨੂੰ ਕਣਕ ਖਾਣੀ ਘਟਾਉਣੀ ਚਾਹੀਦੀ ਹੈ ਬਲਕਿ ਹੋਰ ਅਨਾਜ, ਦਾਲਾਂ ਜ਼ਿਆਦਾ ਖਾਣੇ ਚਾਹੀਦੇ ਹਨ। ਅਸੀਂ ਸ਼ੁਰੂ ਤੋਂ ਹੀ ਕਣਕ ਦੀ ਬਜਾਏ ਹੋਰ ਅਲੱਗ ਅਲੱਗ ਅਨਾਜ, ਦਾਲਾਂ ਜ਼ਿਆਦਾ ਵਰਤਦੇ ਹਾਂ। ਸਾਡੇ ਬੇਟੇ ਨਵਤਾਜ ਬੈਂਸ ਨੂੰ ਤਾਂ ਮੱਕੀ ਬੇਹੱਦ ਪਸੰਦ ਹੈ। ਅਸੀਂ ਵੀ ਬੱਚਿਆਂ ਦੀ ਪਸੰਦ ਤੇ ਨਿਉਟਰੀਸ਼ਨ ਦਾ ਬਹੁਤ ਧਿਆਨ ਰਖਦੇ ਹਾਂ। ਸੋ ਅਸੀਂ ਨਵਤਾਜ ਬੈਂਸ ਲਈ ਮੱਕੀ ਦੀ ਤੰਦੂਰੀ ਰੋਟੀ, ਮੱਕੀ ਦਾ ਪਰੌਠਾ, ਮੱਕੀ ਦੇ ਭੱਠ ਤੋਂ ਦੇਸੀ ਘਿਓ ਦੇ ਬਿਸਕੁਟ, ਮੱਕੀ ਦਾ ਪੂੜਾ, ਪੈਨਕੇਕ, ਮੱਕੀ ਦੇ ਪਕੌੜੇ, ਗੁਲਗੁਲੇ, ਮੱਠੀਆਂ, ਮੱਕੀ ਦਾ ਪ੍ਰਸ਼ਾਦ ਤੇ ਮੱਕੀ ਦਾ ਦਲੀਆ ਆਦਿ ਵੀ ਬਣਾਉਂਦੇ ਹੀ ਰਹਿੰਦੇ ਹਾਂ। ਰੋਜ਼ਾਨਾ ਦੀ ਰੋਟੀ ਦੇ ਆਟੇ ਵਿੱਚ ਵੀ ਅਸੀਂ ਕਣਕ ਬਹੁਤ ਘੱਟ ਪਾਉਂਦੇ ਹਾਂ। ਅਸੀਂ ਘਰ ਵਿੱਚ ਹੀ ਮੱਕੀ ਦਾ ਆਟਾ ਤੇ ਦਲੀਆ ਛੋਟੀ ਚੱਕੀ ਤੇ ਪੀਸ ਕੇ ਬਣਾ ਲੈਂਦੇ ਹਾਂ। ਬਹੁਤ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਖਤਰਨਾਕ ਰੋਗਾਂ ਵਿੱਚ ਕਣਕ ਨਾਲੋਂ ਮੱਕੀ ਦਾ ਦਲੀਆ ਜ਼ਿਆਦਾ ਪੌਸ਼ਟਿਕ ਹੁੰਦਾ ਹੈ। ਕਿਉਂਕਿ ਹਰ ਕਮਜ਼ੋਰ ਵਿਅਕਤੀ ਦੇ ਪਾਚਣ ਅੰਗਾਂ ਲਈ ਕਣਕ ਪਚਾਉਣਾ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਲੇਕਿਨ ਕਣਕ ਦੇ ਮੁਕਾਬਲੇ ਮੱਕੀ ਜਾਂ ਜਵੀੰ ਆਦਿ ਅਨੇਕਾਂ ਸਿਹਤਵਰਧਕ ਤੇ ਜਲਦੀ ਹਜ਼ਮਹੋਣਯੋਗ ਅਨਾਜ ਕਿਸੇ ਵੀ ਬੀਮਾਰੀ ਦੌਰਾਨ ਮਰੀਜ਼ ਨੂੰ ਜਲਦੀ ਸਿਹਤਮੰਦ ਕਰਦੇ ਹਨ। ਜਿਵੇਂ ਕਿ ਕਣਕ ਨਾਲੋਂ ਜਵੀਂ ਦੇ ਪੱਤਿਆਂ ਵਿੱਚ ਕੈਂਸਰ, ਰਸੌਲੀ ਆਦਿ ਰੋਗਾਂ ਨੂੰ ਵੀ ਜਲਦੀ ਠੀਕ ਕਰਨ ਦੀ ਸਮਰੱਥਾ ਹੈ। ਇਵੇਂ ਹੀ ਕਣਕ ਦੇ ਮੁਕਾਬਲੇ ਮੱਕੀ ,ਜਵੀੰ, ਵੇਸਣ, ਰਾਗੀ, ਕੋਧਰਾ, ਲਿਟਲ ਮਿਲੱਟਸ, ਫੌਕਸਟੇਲ ਮਿਲੱਟਸ, ਬਰਨਯਾਰਡ ਮਿਲੱਟਸ, ਅਮਰੰਥ, ਚੀਆ ਸੀਡਜ਼, ਕਨੋਅਾ ਸੀਡਜ਼ ਅਤੇ ਦਾਲਾਂ ਆਦਿ ਵਧੇਰੇ ਖਾਣ ਵਾਲਿਆਂ ਚ ਹਰ ਤਰ੍ਹਾਂ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਪੰਜਾਬ ਵਿੱਚ ਵੀ ਜਦੋਂ ਦੀ ਮੱਕੀ ਤੇ ਛੋਲਿਆਂ ਦੇ ਬਨਿਸਬਤ ਕਣਕ ਦੀ ਪੈਦਾਵਾਰ ਅਤੇ ਖਪਤ ਵਧੀ ਹੈ ਉਦੋਂ ਤੋਂ ਹੀ ਲੋਕਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਹੈ। ਮੱਕੀ ਵਿਚ ਵਿਟਾਮਿਨ ਸੀ, ਬੀ ਕੰਪਲੈਕਸ, ਮੈਗਨੇਸ਼ੀਅਮ, ਡਾਇਟਿਕ ਫਾਇਬਰ, ਕੈਰੋਟੈੱਨੋਇਡਜ਼, ਲਿਉਟਿਇਨ ਅਤੇ ਜ਼ੀਜ਼ੈਂਥਿਨ ਆਦਿ ਤੱਤ ਹੁੰਦੇ ਹਨ। ਬਰੀਕ ਦਾਣੇ ਦੀ ਦੇਸੀ ਮੱਕੀ ਦਾ ਘਰ ਚ ਦਲਿਆ ਦਲੀਆ ਤਾਜ਼ਾ ਹੋਣ ਕਾਰਨ ਜ਼ਿਆਦਾ ਸੁਆਦ ਹੁੰਦਾ ਹੈ। ਮੱਕੀ gluten-free grain ਹੋਣ ਕਾਰਨ ਹਰ ਇੱਕ ਲਈ ਲਾਭਦਾਇਕ ਹੈ। ਅਸਲ ਵਿੱਚ ਮੱਕੀ ਵਿਚਲੇ ਗਲੂਟਿਨ ਵਿਚ ਕੋਈ ਵੀ ਐਸੀ ਪ੍ਰੋਟੀਨ ਨਹੀਂ ਹੁੰਦੀ ਜੋ ਸਿਲੀਅਕ ਡਿਸੀਜ਼ ਵਿੱਚ ਕਣਕ ਵਾਂਗ ਨੁਕਸਾਨ ਕਰੇ। ਅਮਰੀਕਾ, ਕਨੇਡਾ ਅਤੇ ਯੂਰਪੀ ਦੇਸ਼ਾਂ ਵਿੱਚ ਮੱਕੀ ਦਾ ਕੌਰਨ ਫਲੋਰ, ਕੌਰਨ ਸਟਾਰਚ, ਗਰਿਟਸ, ਪੋਲੈਂਟਾ, ਕੌਰਨ ਫਲੇਕਸ, ਕੌਰਨ ਪੁਡਿੰਗ ਤੇ ਹੋਮਿਨੀ ਆਦਿ ਖਾਧ ਪਦਾਰਥ ਬਹੁਤ ਖਾਧੇ ਅਤੇ ਪਸੰਦ ਕੀਤੇ ਜਾਂਦੇ ਹਨ। ਲੇਕਿਨ ਮੱਕੀ ਦਾ ਦਲੀਆ ਸਭ ਤੋਂ ਪੌਸ਼ਟਿਕ ਤੇ ਹਾਜ਼ਮੇਦਾਰ ਹੈ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.

ਬਾਹਰੀ ਲਿੰਕ[ਸੋਧੋ]