ਮੱਧਕਾਲੀਨ ਪੰਜਾਬੀ ਵਾਰਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਮੱਧਕਾਲੀ ਪੰਜਾਬੀ ਵਾਰਤਕ' ਦਾ ਪੰਜਾਬੀ ਸਾਹਿਤ ਦੇ ਇਤਿਹਾਸ 'ਚ ਬਹੁਤਮਹੱਤਵ ਹੈ। ਜੇ ਵਾਰਤਕ ਨੂੰ ਦੇਖਿਅਾ ਜਾਏ ਤਾਂ ਕਵਿਤਾ ਤੇ ਵਾਰਤਕ ਸਾਹਿਤ ਦੇ ਦੋ ਮੁੱਖ ਰੂਪ ਹਨ ਜਿੱਥੇ ਕਵਿਤਾ ਲਈ ਛੰਦ ਤੇ ਤੁਕਾਂਤ ਆਵੱਸ਼ਕ ਹਨ; ਉੱਥੇ ਵਾਰਤਕ ਲਈ ਲੈਅ, ਤਾਲ ਤੇ ਵਾਕ-ਰਚਨਾ ਜਰੂਰੀ ਅੰਸ਼ ਹਨ। ਜਦੋਂ ਸਾਹਿਤਕਾਰ ਆਪਣੇ ਵਿਚਾਰ ਭਰੇ ਅਨੁਭਵ ਨੂੰ ਕਲਾਤਮਕ ਰੂਪ ਦੇ ਕੇ ਇੱਕ ਐਸੀ ਸ਼ਾਬਦਿਕ ਰਚਨਾ ਸਿਰਜਦਾ ਹੈ ਜੋ ਵਾਕ ਬਣਤਰ ਵਿੱਚ ਨਿਤਾਪ੍ਰਤੀ ਦੀ ਬੋਲਚਾਲ ਵਰਗੀ ਪਰੰਤੂ ਭਾਸ਼ਾ ਦੇ ਪੱਖੋਂ ਵਧੇਰੇ ਨਿੱਖਰੀ, ਮੰਤਵੀ ਹੋਈ ਤੇ ਵਿਆਕਰਨ ਦੇ ਨਿਯਮਾਂ ਅਨੁਕੂਲ ਹੁੰਦੀ ਹੈ, ਉਹ ਵਾਰਤਕ ਦਾ ਰੂਪ ਧਾਰ ਲੈਂਦੀ ਹੈ। ਇਸ ਵਿੱਚ ਵਾਰਤਕ-ਕਾਰ ਕਿਸੇ ਸਿੱਧਾਂਤ ਜਾਂ ਵਿਸ਼ੇ ਨੂੰ ਸੋਚ-ਵਿਚਾਰ ਕੇ, ਬੁੱਧੀ ਦੀ ਕਸੌਟੀ ਤੇ ਪਰਖ ਕੇ, ਤਰਕ ਤੇ ਦਲੀਲ ਦੀ ਵਰਤੋਂ ਕਰ ਕੇ ਐਸਾ ਰੂਪ ਸਿਰਜਦਾ ਹੈ, ਜੋ ਵਾਕਾਂ ਤੇ ਪੈਰਿਆਂ ਵਿੱਚ ਵੰਡਿਆ ਹੁੰਦਾ ਹੈ।

ਪਰਿਭਾਸ਼ਾ[ਸੋਧੋ]

‘ਵਾਰਤਕ’ ਸ਼ਬਦ ਲਾਤੀਨੀ ਸ਼ਬਦ ਦੇ 'Prose' ਜਾਂ 'Prosus' ਦਾ ਪਰਿਆਵਾਚੀ ਹੈ, ਜਿਸ ਦੇ ਅਰਥ ਹਨ, 'ਸਿੱਧੀ ਗੱਲ ਜਾਂ ਸ਼ਬਦਾਂ ਦੀ ਸਿੱਧੀ-ਸਾਦੀ ਬਣਤਰ ਜਿਹੜੀ ਛੰਦਾਬੰਦੀ ਤੋਂ ਮੁਕਤ ਹੋਵੇ।' ‘ਵਾਰਤਕ ਸਾਹਿਤਕ ਪ੍ਰਗਟਾਅ ਦੇ ਉਹਨਾਂ ਸਾਰੇ ਰੂਪਾਂ ਨੂੰ ਕਰਾਂਗੇ, ਜਿਹੜੇ ਛੰਦਾਬੰਦੀ ਦੀ ਕੈਦ ਵਿੱਚ ਨਾ ਆਉਣ ਤੇ ਸਿੱਧੇ ਬਚਨ ਹੋਣ, ਅਰਥਾਤ ਉਹ ਗੱਲਬਾਤ ਜਿਹੜੀ ਦਲੀਲ ਜਾਂ ਤੱਥ ਕਰ ਕੇ ਸੱਚੀ ਤੇ ਸਾਫ ਹੋਵੇ।’ ਭਾਰਤੀ ਪ੍ਰੰਪਰਾ ਅਨੁਸਾਰ ‘ਵਾਰਤਕ’ ਸੰਸਕ੍ਰਿਤ ਦੀ ‘ਵ੍ਰਿਤਿ’ ਧਾਤੂ ਤੋਂ ਬਣਿਆ ਸ਼ਬਦ ਹੈ, ਜਿਸ ਦੇ ਅਰਥ ‘ਟੀਕਾ’ ਦੇ ਹਨ, ਭਾਵ ਸੂਤ੍ਰਾਂ ਦੀ ਵਿਆਖਿਆ ਕਰਨ ਵਾਲਾ ‘ਗ੍ਰੰਥ’। ਇਸ ਨੂੰ ‘ਗਦਯ-ਕਾਵਯ’ ਵੀ ਆਖਿਆ ਗਿਆ ਹੈ। ਅਰਬੀ, ਫ਼ਾਰਸੀ ਵਿੱਚ ਵਾਰਤਕ ਨੂੰ ‘ਨਸਰ’ ਕਹਿੰਦੇ ਹਨ। ਜਿਸਦੇ ਅਰਥ ਹਨ, ਖਿਲੇਰਨਾ, ਬਿਖੇਰਨਾ ਜਾਂ ਸਿਰ ਤੋਂ ਵਾਰ ਕੇ ਸੁੱਟਣਾ। ਸੋ ਵਾਰਤਕ ਵਿੱਚ ਉਹ ਵਿਅਕਤੀਗਤ ਲੇਖ ਸ਼ਾਮਿਲ ਜਿੰਨ੍ਹਾਂ ਵਿੱਚ ਮਨੁੱਖੀ ਕਦਰਾਂ-ਕੀਮਤਾਂ ਦਾ ਮੁਲਾਂਕਣ ਹੋਵੇ, ਮਨੁੱਖੀ ਹਿਰਦੇ ਦੇ ਹਾਵਾ-ਭਾਵਾਂ ਦਾ ਸਮੁੱਚਾ ਪ੍ਰਗਟਾਅ ਹੋਵੇ, ਛਣਕਦੇ ਹਾਸੇ ਹੋਣ ਤੇ ਰੌਂਦੇ ਦਿਲਾਂ ਦੀ ਵਿਧਿਆ ਹੋਵੇ, ਵਿਸ਼ੇਸ਼ ਦ੍ਰਿਸ਼ਟੀਕੋਣ ਦਰਸਾਏ ਗਏ ਹੋਣ ਜਾਂ ਅਜਿਹੇ ਵਿਚਾਰ ਹੋਣ ਜਿਹੜੇ ਸੂਚਕ, ਬੌਧਿਕ ਤੇ ਭਾਵਕ ਵਿਅਕਤੀ ਨੂੰ ਸਾਕਾਰ ਕਰਦੇ ਹੋਣ ਤੇ ਜਿੰਨ੍ਹਾਂ ਦੀ ਕਲਪਨਾ ਲਈ ਵਿਸ਼ੇਸ਼ ਲਿਖਣ-ਢੰਗ ਦੀ ਲੋੜ ਪਵੇ, ਵਾਰਤਕ ਦਾ ਰੂਪ ਧਾਰ ਸਕਦੇ ਹਨ। ਵਾਰਤਕ ਵਿੱਚ ਜ਼ਿਆਦਾ ਅਭਿਆਸ, ਸੰਜਮ ਤੇ ਸਾਧਨਾ ਦੀ ਲੋੜ ਹੁੰਦੀ ਹੈ।

ਮੱਧਕਾਲੀਨ ਵਾਰਤਕ ਦੀਆਂ ਵੰਨਗੀਆ[ਸੋਧੋ]

ਮੁੱਢਲੀ ਵਾਰਤਕ ਲਿਖਤੀ ਰੂਪ ਵਿੱਚ ਸਤਾਰ੍ਹਵੀਂ, ਅਠਾਰ੍ਹਵੀ ਸਦੀਂ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਇਸ ਵਾਰਤਕ ਵਿੱਚ ਹਰਠ ਲਿਖੇ ਰੂਪ ਹਨ,
 -ਜਨਮ ਸਾਖੀਆਂ। 
 -ਪਰਚੀਆਂ। 
 -ਆਦਿ ਸਾਖੀਆਂ। 
 -ਮਸਲੇ। 
 -ਟੀਕੇ। 
 -ਪਰਮਾਰਥ। 
 -ਗੋਸ਼ਟਾਂ। 
 -ਨਸੀਹਤ ਨਾਮੇ। 
 -ਸੁਖ਼ਨ। 
 -ਵਚਨ। 
 -ਰਹਿਤਨਾਮੇ। 
 -ਹੁਕਮਨਾਮੇ 

ਪੁਰਾਤਣ ਗੱਦ ਦੇ ਵਿਕਾਸ ਨਾਲ ਹੀ ਅਸੀਂ ਪੰਜਾਬੀ ਗੱਦ ਦੇ ਸੋਨ-ਸੁਨਹਿਰੀ ਕਾਲ ਵਿੱਚ ਪ੍ਰਵੇਸ਼ ਕਰਦੇ ਹਾਂ। ਇਹ ਅਠਾਰ੍ਹਵੀ-ਸਦੀਂ ਦਾ ਵਾਰਤਕ ਹੈ। ਮੱਧਕਾਲ ਦੀ ਵਾਰਤਕ ਵਿੱਚ ਰਾਜਸੀ, ਰੋਮਾਂਟਿਕ ਤੇ ਅਧਿਆਤਮਿਕ ਵਿਸ਼ੇ ਛੁਹੇ ਗਏ। ਜੀਵਨੀਆਂ ਤੇ ਜਨਮਸਾਖੀਆਂ ਦੀਆਂ ਕਈ ਪ੍ਰਤੀਆਂ ਲਿਖੀਆਂ ਗਈਆਂ। ਹਿੰਦੂ ਤੇ ਮੁਸਲਮਾਨੀ ਧਾਰਮਿਕ ਸਾਹਿਤ ਦੀ ਵੀ ਕਾਫੀ ਰਚਨਾ ਹੋਈ। ਭਗਵਤ ਪੁਰਾਣ, ਭਗਵਤ ਗੀਤਾ, ਉਪਨਿਸ਼ਦਾਂ, ਵਿਸ਼ਨੂੰ ਪੁਰਾਣ ਆਦਿ ਦੇ ਉੱਲੇਖ ਕੀਤੇ ਗਏ ਤੇ ਲੋਕ-ਕਹਾਣੀਆਂ ਰਚੀਆਂ ਗਈਆਂ। ਹਜ਼ਰਤ ਮਹੁੰਦਮ ਸਾਹਿਬ ਤੇ ਭਗਤ ਰਵਿਦਾਸ ਦੀਆਂ ਜੀਵਨੀਆਂ ਰਚੀਆਂ ਗਈਆ, ਭਾਈ ਮਨੀ ਸਿੰਘ ਨੇ ‘ਗਿਆਨ ਰਤਨਾਵਲੀ’ ਤੇ ਸਿੱਖਾਂ ਦੀ ਭਗਤ ਮਾਲਾਂ ਲਿਖੀਆਂ ਗਈਆਂ ਹਨ। ਮੱਧਕਾਲੀਨ ਵਾਰਤਕ ਦੀਆਂ ਮੁੱਖ ਰੂਪ ਵਿੱਚ ਸਾਖੀਆਂ ਜਾਂ ਜਨਮ-ਸਾਖੀਆਂ, ਗੋਸ਼ਟਾਂ, ਬਚਨ, ਟੀਕੇ ਜਾਂ ਨਾਮਾ ਆਦਿ, ਫੁਟਕਲ ਜਿਹਨਾਂ ਵਿੱਚ ਭਿੰਨ-ਭਿੰਨ ਵਿਸ਼ਿਆ ਉੱਤੇ ਬਹੁਤ ਕੁਝ ਲਿਖਿਆ ਮਿਲਦਾ ਹੈ ਅਤੇ ਅਨੁਵਾਦ ਪ੍ਰਸਿੱਧ ਵੰਨਗੀਆਂ ਤੇ ਰੂਪ ਹਨ।

ਵੰਨਗੀ ਰੂਪ[ਸੋਧੋ]

ਮੱਧਕਾਲ 'ਚ ਹੇਠ ਲਿਖੇ ਵੰਨਗੀ ਰੂਪ ਹਨ, ਜਿਵੇਂ:-

'1)ਸਾਖੀ ਅਤੇ ਜਨਮਸਾਖੀਆਂ:-' ਸਾਖੀ ਸ਼ਬਦ ਨੂੰ ਸਿੱਖ ਵਿਦਵਾਨ ਰਤਨ ਸਿੰਘ ਜੱਗੀ ‘ਸਾਕਸੀ’ ਸ਼ਬਦ ਦਾ ਰੂਪਾਤਰਣ ਮੰਨਦਾ ਹੈ। ਭਾਰਤੀ ਸੰਸਕ੍ਰਿਤੀ ਵਿੱਚ ਇਸ ਦੇ ਅਰਥ ਉਸ ਪੁਰਸ਼ ਦੇ ‘ਪ੍ਰਤਖ ਗਿਆਨ ਤੋਂ ਹਨ। ਜਿਹੜਾ ਕਿਸੇ ਘਟਨਾ ਜਾਂ ਵਸਤੂ ਦਾ ਸਾਖਸ਼ਾਤ ਗਵਾਹ ਹੋਵੇ। ਜਨਮਸਾਖੀ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ ਜਨਮ ਸਾਖੀ ਪੰਜਾਬੀ ਸਾਹਿਤ ਵਿੱਚ ਜਨਮਸਾਖੀ ਦਾ ਪ੍ਰਵਾਨਿਤ ਅਰਥ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀ ਸੰਗ੍ਰਹਿ ਤੋਂ ਹੈ। ਸਾਖੀ ਦਾ ਰੂਪ ਬਿਰਤਾਂਤਕ ਹੈ। ਸਾਖੀ ਦਾ ਪ੍ਰਕਾਰਜ ਨੈਤਿਕ ਹੁੰਦਾ ਹੈ ਤੇ ਵਿਸ਼ਵਾਸ ਇਸ ਦਾ ਮੂਲ ਆਧਾਰ ਹੈ। ਦੇਵੀ ਚਰਿਤਰ, ਕਰਾਮਾਤੀ ਅਲੌਕਿਕ ਵਾਤਾਵਰਨ ਸਾਖੀ ਦਾ ਮਾਹੌਲ ਹੁੰਦਾ ਹੈ। ਮੱਧਕਾਲ ਵਿੱਚ ਸਿੱਖ ਗੁਰੂਆਂ ਤੋਂ ਇਲਾਵਾ ਬਹੁਤ ਸਾਰੇ ਪ੍ਰਸਿੱਧ ਸਿੱਖ ਸਾਧਨਾਂ ਨੇ ਵੀ ਸਾਖੀਆਂ ਜਨਮਸਾਖੀਆਂ ਲਿਖੀਆਂ। ਇਹਨਾਂ ਵਿੱਚ ਸਮਾਜਿਕ ਤੇ ਅਧਿਆਤਮਕ ਕਾਰਜਾਂ ਦੀ ਸਿਫਤ ਸਲਾਹ ਮਿਲਦੀ ਹੈ। ਪ੍ਰਸਿੱਧ ਸਾਖੀਆਂ ਦੇ ਸੰਗ੍ਰਹਿਆਂ ਵਿੱਚ ‘ਸਿੱਖਾਂ ਦੀ ਭਗਤਮਾਨਾ’ ਸ਼੍ਰੀ ਸਤਿਗੁਰੂ ਜੀ ਦੇ ਮੂੰਹ, ਸੌਂ ਸਾਖੀ ਸਾਖੀਆਂ ਅੱਡਣ ਸ਼ਾਹ ਪ੍ਰਸਿੱਧ ਪੁਸਤਕਾਂ ਹਨ।

'2)ਪਰਚੀ:-' ਪਰਚੀ ਸ਼ਬਦ ਦਾ ਤਦਭਵ ਰੂਪ ‘ਪਰਿਚਯ’ ਹੈ। ਜਿਸ ਦਾ ਅਰਥ ਹੈ- ਜਾਣ-ਪਛਾਣ ਪਰਚੀ ਕਿਸੇ ਮਹਾਪੁਰਸ਼ ਬਾਰੇ ਪਰਿਚੈ ਕਰਵਾਉਂਦੀ ਹੈ। ਨਾਇਕ ਦੇ ਜੀਵਨ ਨੂੰ ਬਿਰਤਾਂਤ ਘਟਨਾਵਲੀ ਦੁਆਰਾ ਦਰਸਾਉਣ ਦੀ ਥਾਂ ਉਸ ਦੇ ਉਪਦੇਸ਼ਾਂ ਤੇ ਵਿਚਾਰਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ‘ਪਰਚੀਆਂ ਭਾਈ ਕਨ੍ਹਈਆਂ, ‘ਪਰਚੀਆਂ ਸੇਵਾ ਦਾਸ’ ਤੇ ਪਰਚੀਆਂ ਗੁਰੂ ਗੋਬਿੰਦ ਸਿੰਘ ਇਸ ਵੰਨਗੀ ਦੀਆਂ ਸਰੇਸ਼ਟ ਪੁਸਤਕਾਂ ਹਨ। ਪਰਚੀਆਂ ਦੀ ਵਾਰਤਕ ਦੀ ਉਦਾਹਰਨ:-

 ‘ਕਿਸੀ ਸਿਖ ਰਬਾਬੀਆਂ ਨੂੰ ਝਿੜਕਿਆ, ਹੁਕਮ ਹੋਆ,
 ਸੁਣਿ ਸਿੱਖਾ, ਹਿਕ ਹਿਕ ਹੰਨ ਕਾਣੀ ਪਿੱਲੀ
 ਘਰੀ ਛਡਿ ਆਏ ਹੋ ਸੋ ਤਿਸ ਹੰਨ ਦੀ ਖਿੱਚ 
 ਕਰਿ ਕੈ ਗੁਰੂ ਪਾਸਿ ਤੁਹਾਡਾ ਮਨ ਨਹੀਂ ਲੱਗਦਾ।
 ਗੁਰੂ ਤੁਹਾਨੂੰ ਕਲਾਵੇ ਪਾਇ ਕਰ ਰਖਦਾ ਹੈ।
 ਅਤੇ ਤੁਸੀਂ ਫਿਰ ਫਿਰ ਰੰਨਾਂ ਕੀ ੳਰਿ ਦੋੜਦੇ ਹੋ

'3)ਕਥਾ:-' ਡਾ. ਗੁਰਚਰਨ ਸਿੰਘ ਅਨੁਸਾਰ ‘ਕਥਾਂ’ ਦਾ ਅਰਥ ‘ਕਥਨ’ ਤੋਂ ਹੈ ਕਿਸੇ ‘ਸਿਧਾਂਤ’ ਅਥਵਾ ‘ਗਿਆਨ’ ਦਾ ਕਥਨ ਕਰਨਾ। ਡਾ. ਵਣਜਾਰਾ ਬੰਦੀ ਅਨੁਸਾਰ ਕਥਾ ਦਾ ਅਰਥ ਕਹਾਣੀ, ਵਾਰਤਾ ਜਾਂ ਧਾਰਮਿਕ ਵਿਖਿਆਨ ਹੈ। ਪੰਜਾਬੀ ਸਾਹਿਤ ਵਿੱਚ ਇਸ ਦੇ ਤਿੰਨ ਪੱਖਾਂ ਵਿੱਚ ਅਰਥ ਲਏ ਜਾਂਦੇ ਹਨ, ਪਹਿਲਾਂ ਕੋਈ ਵੀ ਬਿਰਤਾਂਤਕ ਰਚਨਾ, ਦੂਜਾ ਵਿਸ਼ੇਸ਼ ਧਾਰਮਿਕ ਬਿਰਤਾਂਤ ਤੇ ਤੀਜਾ ਬਿਰਤਾਂਤ ਤੋਂ ਮੁਕਤ ਵਿਆਖਿਆ। ਪ੍ਰਸਿੱਧ ਕਥਾਵਾਂ ਵਿਚੋਂ ਕਥਾ ਰਾਜਾ ਜਨਕ, ਨਾਸਕੰਤ ਦੀ ਕਥਾ, ਕਥਾ ਰਾਜਾ ਭਰਥਰੀ ਕੀ, ਸਿੰਘ ਗਊ ਕੀ ਕਥਾ ਆਦਿ ਵਰਣਨਯੋਗ ਕਿਰਤਾਂ ਹਨ।

'4)ਗੋਸ਼ਟਿ:-' ‘ਗੋਸ਼ਟਿ’ ਸ਼ਬਦ ਦਾ ਮੂਲ ਧਾਤੂ ਸੰਸਕ੍ਰਿਤ ਦਾ ਸ਼ਬਦ ‘ਗੋਸ਼ਠ’ ਹੈ। ਵਿਉਹਾਰਕ ਧਾਰਣਾ ਵਿੱਚ ਇਸ ਦੇ ਅਰਥ ਕਿਸੇ ਬਹਿਸ ਜਾਂ ਚਰਚਾ ਆਦਿ ਤੋਂ ਲਏ ਜਾਂਦੇ ਹਨ, ਇਹ ਦੋਂ ਜਾਂ ਦੋਂ ਤੋਂ ਵਧੀਕ ਪੁਰਸ਼ਾਂ ਦਰਮਿਆਨ ਸੰਵਾਦਕ ਚਰਚਾ ਹੈ। ਗੋਸ਼ਟਿ ਦਾ ਵਿਸ਼ਾ ਰਹੱਸਮਈ ਤੇ ਦਾਰਸ਼ਨਿਕ ਹੁੰਦਾ ਹੈ। ਪੰਜਾਬੀ ਵਾਰਤਕ ਵਿੱਚ ਗੁਰੂ ਨਾਨਕ ਦੇਵ ਤੋਂ ਇਲਾਵਾ ਹੋਰ ਸੰਤਾਂ, ਭਗਤਾ ਨਾਲ ਵੀ ਗੋਸ਼ਟਾਂ ਲਿਖੀਆਂ ਮਿਲਦੀਆਂ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਮੱਕੇ ਮਦੀਨੇ ਦੀ ਗੋਸ਼ਟਿ, ਅਜਿਹੇ ਰੰਧਾਵੇ ਦੀ ਗੋਸ਼ਟਿ ਪ੍ਰਸਿੱਧ ਹਨ। ਇਸ ਤੋਂ ਇਲਾਵਾ ਗੋਸ਼ਟਿ ਬਾਬਾ ਨਾਲ, ਕਹਰੂੰ ਨਾਲ ਗੋਸ਼ਟਿ ਪ੍ਰਸਿੱਧ ਹਨ। ਇਸ ਤੋਂ ਇਲਾਵਾ ਗੋਸ਼ਟਿ ਰਾਜਾ ਜਨਮ ਕੀ ਤੇ ਹੋਰ ਅਨੇਕਾਂ ਗੋਸ਼ਟਾਂ ਪ੍ਰਾਣ ਸੰਗਨੀ ਵਿੱਚ ਲਿਖੀਆਂ ਮਿਲਦੀਆਂ ਹਨ।

'5)ਪਰਮਾਰਥ, ਟੀਕਾ ਪਰੰਪਰਾ:-' ਟੀਕੇ ਤੋਂ ਹੀ ਟਿੱਕਾ ਲਗਾਉਣ ਦੀ ਪ੍ਰਥਾ ਚਾਲੂ ਹੋਈ, ਡਾ. ਰਤਨ ਸਿੰਘ ਜੱਸੀ ਅਨੁਸਾਰ ‘ਟੀਕਾ’ ਸ਼ਬਦ ਸੰਸਕ੍ਰਿਤ ਦਾ ਹੈ ਤੇ ਇਸ ਦਾ ਵਿਉਤਪੱਤੀ ਅਰਥ ਹੈ ਕਿਸੇ ਵਸਤੂ ਜਾਂ ਰੱਬ ਦਾ ਬੋਧ ਅਥਵਾ ਪ੍ਰਕਾਸ਼ਨ ਕਰਵਾਉਣ ਵਾਲਾ ਵਾਕ-ਸਾਧਨ। ਇਸ ਸਮੇਂ ਅਨੰਦ ਸਾਹਿਬ ਦੇ ਟੀਕੇ ਵੀ ਮਿਲਦੇ ਹਨ। ਪਰੰਤੂ ਇਸ ਟੀਕੇ ਵਿੱਚ ਪਹਿਲੇ ਟੀਕਿਆਂ ਵਰਗੀ ਸਰਲਤਾ ਤੇ ਸੰਜਮ ਨਹੀਂ, ਤਰਕਸ਼ੀਲ ਵਿਆਖਿਆ ਤੇ ਬੋਲੀ ਸਧੂਕੜੀ ਹੈ। ‘ਸਤਿਨਾਮ ਹੈ ਸੋ ਕਰਤਾ ਪੁਰਖ ਪਰਮੇਸ਼ਾ ਦਾ ਹੀ ਹੈ ਔਰ ਸਤੀ ਨਾਮ ਝੂਠੇ ਹੈ, ਕਾ ਹੈ ਤੇ ਨਾਮ ਸਤਿ ਹੈ ਤਬੀ ਤੋਂ ਜਾਪਕ ਸਤਿ ਪਦਵੀਂ ਕਰਤਾ ਹੈ। ‘ਪਰਮਾਰਥ’ ਦੇ ਸ਼ਬਦੀ ਅਰਥ ਪਰਮਾ ਅਰਥ ਅਰਥਾਤ ਸ਼ਰੇਸ਼ਟ ਅਰਥ ਮੰਨੇ ਜਾਂਦੇ ਹਨ। ਮਿਹਰਬਾਨ ਸੰਪਰਦਾਇ ਨੇ ਵਧੇਰੇ ਪਰਮਾਰਥ ਹੀ ਲਿਖੇ।

'6)ਸੁਖਨ/ਬਚਨ/ਮਸਲ:-' ਸੁਖਨ ਅਤੇ ਬਚਨ ਦੇ ਸ਼ਬਦੀ ਅਰਥ ਬੋਲ ਜਾਂ ਕਥਨ ਹਨ। ਸੁਖ਼ਨ ਵਿੱਚ ਇਸਲਾਮਕ ਪੀਰਾਂ ਫਕੀਰਾਂ ਦੇ ਬਚਨ ਤੇ ਧਾਰਮਿਕ ਕ੍ਰਿਆ ਕਰਮ ਦਾ ਵਰਣਨ ਮਿਲਦਾ ਹੈ। ਬਚਨ ਹਿੰਦੂ ਸਾਧੂ ਮਹਾਤਮਾ ਤੇ ਸੰਤਾਂ ਭਗਤਾ ਦੇ ਨਾਲ ਸੰਬੰਧਿਤ ਹਨ। ਬਚਨ ਗੋਬਿੰਦ ਲੋਕਾਂ ਕੇ, ਆਸਾ ਵਰੀਆ, ਸੂਖਮ ਫ਼ਕੀਰਾਂ ਕੇ, ਸੂਖਮ ਸਾਈਂ ਲੋਕਾਂ ਦੇ ਵਰਣਨਯੋਗ ਪੁਸਤਕਾ ਹਨ। ਮਸਲਿਆਂ ਦਾ ਸੰਬੰਧ ਪੀਰਾਂ ਫ਼ਕੀਰਾਂ ਤੇ ਪੈਗੰਬਰਾਂ ਦੇ ਅਧਿਆਤਮਕ ਜੀਵਨ ਨਾਲ ਸੰਬੰਧਿਤ ਵਾਰਤਾਵਾਂ ਨਾਲ ਹੈ। ਪ੍ਰਸਿੱਧ ਮਸਲੇ- ਮਸਲੇ ਸ਼ੇਖ ਫਰੀਦ ਕੇ, ਮਸਲਾ ਹਜ਼ਰਤ ਰਸੂਲ ਕਾ, ਮਸਲਾ ਮੂਸੇ ਪੈਗਬਰਾ ਆਦਿ।

'7)ਨਾਮਾ ਸਾਹਿਤ:-' ਰਹਿਤਨਾਮੇ, ਹੁਕਮਨਾਮਾ:- ਨਾਮਾ ਫ਼ਾਰਸੀ ਦਾ ਪਿਛੇਤਰ ਹੈ। ਪੰਜਾਬੀ ਸਾਹਿਤ ਵਿੱਚ ਇਸ ਦੇ ਦੋ ਰੂਪ ਪ੍ਰਚਲਿਤ ਹੋਏ ਪਹਿਲਾ ਰਹਿਤਨਾਮਾ ਤੇ ਦੂਜਾ ਹੁਕਮਨਾਮਾ ਰਹਿਤਨਾਮੇ ਦਾ ਸੰਬੰਧ ਵਧੇਰੇ ਕਰ ਕੇ ਸਿੱਖ ਸੰਸਥਾ ਦੇ ਆਚਾਰ ਮੰਹਿਤਾ ਨਾਲ ਹੈ। ਪੰਜਾਬੀ ਵਾਰਤਕ ਵਿੱਚ ਰਹਿਤਨਾਮਾ ਚੌਧਾ ਸਿੰਘ ਤੇ ਪ੍ਰੇਮ-ਸੁਮਾਰਗ ਗ੍ਰੰਥ ਵਿੱਚ ਪੱਧਰ ਦੀਆਂ ਰਚਨਾਵਾਂ ਮੰਨੀਆਂ ਜਾਂਦੀਆਂ ਹਨ। ਹੁਕਮਨਾਮੇ ਦਾ ਅਰਥ ‘ਆਦੇਸ਼ ਵਾਲੀ ਚਿੱਠੀ ਹੈ, ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ, ਮਾਤਾ ਮੁੰਦਰੀ ਤੇ ਮਾਤਾ ਸਾਹਿਬ ਦੇਵਾਂ ਵੱਲੋਂ ਲਿਖੇ ਪੱਤਰ ਤੇ ਬਹੁਤ ਸਾਰੇ ਹੁਕਮਨਾਮੇ ਪ੍ਰਸਿੱਧ ਹਨ।

'8)ਅਨੁਵਾਦ ਤੇ ਫੁਟਕਲ:-' ਅਨੁਵਾਦ ਇੱਕ ਅਜਿਹੀ ਪਰੰਪਰਾ ਹੈ ਜਿਸ ਦੁਆਰਾ ਅਸੀਂ ਪਰਾਏ ਸਾਹਿਤ ਵਿੱਚੋਂ ਵਸ਼ਿਸ਼ਟ ਸਾਹਿਤ ਤੇ ਰੂਪਾਕਾਰ ਲੈ ਕੇ ਆਪਣੇ ਸਾਹਿਤ ਨੂੰ ਅਮੀਰ ਬਣਾ ਸਕਦੇ ਹਾਂ। ਇਸ ਤੋਂ ਇਲਵਾਵਾ ਉਥਾਨਿਕਾਵਾਂ, ਮਹਾਤਮ ਤੇ ਹੋਰ ਅਨੇਕ ਰਚਨਾਵਾਂ ਹਨ, ਜਿਹੜੀਆਂ ਮੱਧਕਾਲੀਨ ਪੰਜਾਬੀ ਵਾਰਤਕ ਦਾ ਸਰਮਾਇਆ ਹਨ।

ਸੋ, ਮੱਧਕਾਲੀਨ ਵਾਰਤਕ ਵੰਨਗੀਆਂ ਵਿੱਚ ਸਮੁੱਚੀ ਵਾਰਤਕ ਦੀਆਂ ਵੰਨਗੀਆਂ ਸ਼ਾਮਲ ਹਨ, ਇਸੇ ਕਰ ਕੇ ਹੀ ਇਸ ਯੁੱਗ ਨੂੰ ਸੋਨ-ਸੁਨਹਿਰੀ ਕਾਲ ਕਿਹਾ ਜਾਂਦਾ ਹੈ।

ਸਹਾਇਕ ਪੁਸਤਕ-ਸੂਚੀ[ਸੋਧੋ]

  1. ਪੰਜਾਬੀ ਵਾਰਤਕ ਵੰਨਗੀਆਂ, ਡਾ. ਹਰਚਰਨ ਸਿੰਘ, ਡਾ. ਉਜਾਗਰ ਸਿੰਘ
  2. ਪੰਜਾਬੀ ਵਾਰਤਕ ਸੰਚਾਰ ਤੇ ਵਿਉਹਾਰ, ਕੁਲਵੰਤ ਸਿੰਘ (ਡਾ.)
  3. ਵਾਰਤਕ ਤੇ ਵਾਰਤਕ ਸ਼ੈਲੀ, ਜੀਤ ਸਿੰਘ ਸ਼ੀਤਲ
  4. ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ , ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ,ਡਾ. ਗੋਬਿੰਦ ਸਿੰਘ ਲਾਂਬਾ।